February 24, 2020, 06:54:45 PM

Show Posts

This section allows you to view all posts made by this member. Note that you can only see posts made in areas you currently have access to.


Messages - ਰੂਪ ਢਿੱਲੋਂ

Pages: [1] 2 3 4 5 6 ... 13
1
ਹੀਰ ਨੇ ਆਪਣੇ ਪੁੱਤ, ਜਿਸ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ, ਦੀ ਤਸਵੀਰ ਚੁੱਕੀ; ਤੇ ਸੋਚਾਂ ਵਿੱਚ ਲਹਿ ਗਈ। ਉਸਨੇ ਆਪਣੇ ਪੁੱਤਰ ਚੂੱਚਕ ਦੀ ਤਸਵੀਰ ਦੇ ਮੁਖ ਉੱਤੇ ਪਿਆਰ ਨਾਲ ਉਂਗਲੀਆਂ ਫੇਰੀਆਂ।ਫਿਰ ਚਿਹਰੇ ਦੇ ਹਰੇਕ ਨੁਹਾਰ ਉੱਤੇ, ਮੁਸਕਾਨ ਉੱਤੇ, ਚਮਕਦੇ ਨੈਣਾਂ ਉੱਤੇ। ਫਿਰ ਉਸਨੇ ਚੂਚਕ ਦੀ ਤਸਵੀਰ ਘੁੱਟਕੇ ਅਪਣੇ ਸੀਨੇ ਨਾਲ ਲਾ ਲਈ। ਹੀਰ ਨੇ ਅਪਣੀਆਂ ਅੱਖਾਂ ਮੀਚੀਆਂ। ਬੰਦ ਲੋਇਣਾਂ ’ਚ ਯਾਦਾਂ ਨੂੰ ਕੈਦ ਰੱਖਿਆ। ਡਰ ਸੀ, ਜੇ ਅੱਖਾਂ ਖੋਲ੍ਹੀਆਂ, ਚੂੱਚਕ ਦਾ ਕੀਮਤੀ ਚੇਤਾ ਬਾਹਰ ਆਕੇ ਗੁੰਮ ਜਾਵੇਗਾ। ਹੁਣ ਪਿਆਰਾ ਪੁੱਤ ਰਿਹਾ ਨਹੀਂ। ਉਸਦੇ ਪਿਤਾ ਵਾਂਗ, ਉਸਨੂੰ ਵੀ ਰੱਬ ਨੇ ਖੋਹ ਲਿਆ। ਹੀਰ ਨੂੰ ਫੈਸਲਾ ਲੈਣਾ ਪੈਣਾ ਸੀ। ਪਰ ਮੁੰਡੇ ਦੇ ਅਚਾਨਕ ਦਿਹਾਂਤ ਨੇ ਫੈਸਲਾ ਕਰਨਾ ਔਖਾ ਕਰ ਦਿੱਤਾ ਸੀ।
ਹੀਰ ਰਣਜੀਪੁਰ ਵਿੱਚ ਰਹਿੰਦੀ ਸੀ।ਇਕ ਗੁਪਤਚਰ ਸੀ। ਉਸ ਨੂੰ ਇੱਕ ਮੌਤ ਦੀ ਤਫ਼ੀਤਸ਼ ਕਰਨ ਨੂੰ ਆਖਿਆ ਗਿਆ ਸੀ। ਸਮੁੰਦਰ ਦੇ ਹੇਠ ਇੱਕ ਬੇਸ ਸੀ, ਜਿਸ ਵਿੱਚ ਇੱਕ ਸਾਇੰਸਦਾਨ ਮਰ ਗਿਆ ਸੀ। ਸਾਇੰਸਦਾਨ ਦਾ ਨਾਂ ਕੈਦੋ ਸੀ। ਕੈਦੋ ਦਾ ਕੰਮ ਸੀ, ਭਾਰਤ ਲਈ ਨਵਾਂ ਬਾਲਣ ਟੋਲਣਾ। ਕਹਿਣ ਦਾ ਮਤਲਬ ਤੇਲ ਦੇ ਥਾਂ ਕੋਈ ਨਵਾਂ ਸਰੋਤ- ਸਾਧਨ ਲੱਭਣਾ। ਦੁਨੀਆ ਨੂੰ ਊਰਜਾ ਚਾਹੀਦੀ ਸੀ। ਕੈਦੋ ਦੀ ਮੌਤ ਨੇ ਸਰਕਾਰ ਦੇ ਪ੍ਰੋਗ੍ਰਾਮ ਉੱਤੇ ਪਾਣੀ ਫੇਰ ਦਿੱਤਾ ਸੀ। ਹੁਣ ਹੀਰ ਨੂੰ ਹੇਠਾਂ ਪਾਣੀ ਵਿੱਚ ਭੇਜਣ ਲੱਗੇ ਸਨ।

ਹੀਰ ਪਾਣੀ ਵਿੱਚ ਜਾਣ ਤੋਂ ਡਰਦੀ ਸੀ। ਪਰ ਪੜਤਾਲ ਕਰਨੀ ਸੀ। ਭਾਵੇਂ ਮਨ ਨਹੀਂ ਸੀ ਕਰਦਾ, ਨੌਕਰੀ ਸੀ।ਹੀਰ ਕਿਉਂ ਪਾਣੀ ਤੋਂ ਡਰਦੀ ਸੀ? ਚੂੱਚਕ ਕਰਕੇ। ਚੂੱਚਕ ਸਤਲੁਜ ਵਿੱਚ ਤੈਰ ਰਿਹਾ ਸੀ। ਮਾਂ ਕਿਨਾਰੇ ਉੱਤੇ ਬੈਠ ਕੇ ਕਿਸੇ ਸਹੇਲੀ ਨਾਲ ਗੱਪਸ਼ੱਪ ਮਾਰ ਰਹੀ ਸੀ। ਬੱਸ, ਇੱਕ ਪਲ ਵਿੱਚ ਸਤਲੁਜ ਦੇ ਪਾਣੀ ਵਿੱਚ ਮੁੰਡਾ ਡੁੱਬ ਗਿਆ। ਮਾਂ ਕੁਝ ਵੀ ਨਹੀਂ ਸੀ ਕਰ ਸਕੀ। ਉਸ ਦਿਨ ਤੋਂ ਬਾਅਦ ਹੀਰ ਪਾਣੀ ਦੇ ਕਦੀ ਨੇੜੇ ਨਹੀਂ ਗਈ। ਇਸ ਕਰਕੇ ਪਰੇਸ਼ਾਨ ਸੀ, ਜਦ ਸਰਕਾਰ ਨੇ ਉਸਨੂੰ ਕੈਦੋ ਦੀ ਮੌਤ ਤਫਤੀਸ਼ ਕਰਨ ਲਈ ਚੁਣਿਆ, ਮਨ ਕਹਿੰਦਾ ਸੀ ਨਾ ਜਾ, ਕਿਉਂਕਿ ਚੂੱਚਕ ਡੁੱਬਕੇ ਮਰਿਆ ਸੀ। ਪਾਣੀ ਤੋਂ ਡਰਨ ਕਰਕੇ ਉਹ ਸੌਖੀ ਤਰ੍ਹਾਂ ਫੈਸਲਾ ਨਹੀਂ ਲੈ ਸਕਦੀ ਸੀ। ਇਸ ਕਰਕੇ, ਹੀਰ ਨੇ ਅਪਣੀ ਮਾਂ, ਮਲਖੀ, ਤੋਂ ਸਲਾਹ ਲਈ |- ਕੀ ਕਰਾਂ, ਮਾਂ ?

ਮਲਖੀ ਦੀ ਸਲਾਹ ਸਿੱਧੀ ਸੀ। -ਪੁੱਤ ਕਿੰਨ੍ਹੀ ਦੇਰ ਪਾਣੀ ਤੋਂ ਡਰਦੀ ਰਹੇਂਗੀ ? ਜਾਣਾ ਚਾਹੀਦਾ। ਕੀ ਪਤਾ ਉਸ ਬੇਸ 'ਤੇ ਜਾਕੇ ਤੇਰੇ ਸਾਰੇ ਡਰ ਮੁੱਕ ਜਾਣ ? ਚੂੱਚਕ ਨੂੰ ਤਾਂ ਤੂੰ ਵਾਪਸ ਨਹੀਂ ਲਿਆ ਸਕਦੀ । ਇਸ ਲਈ ਕੈਦੋ ਬਾਰੇ ਪਤਾ ਕਰ। ਤੇਰਾ ਧਿਆਨ ਫਿਰ ਜਾਵੇਗਾ। -ਮੈਂ ਚੂੱਚਕ ਨੂੰ ਕਿਵੇਂ ਭੁਲ ਸਕਦੀ ਹਾਂ ? ਕੁੱਖ ਵਿੱਚ ਨੌਂ ਮਹੀਨੇ ਰੱਖਿਆ, ਪਾਲਿਆ। -ਪੁੱਤ ਮੈਂ ਕਿੱਥੇ ਕਿਹਾ ਸਾਡੇ ਲਾਲ ਦਾ ਚੇਤਾ ਭੁਲਾ ਦੇ ? ਇਸ ਜ਼ਿੰਮੇਵਾਰੀ’ ਚ ਆਪੇ ਨੂੰ ਗੁਆ।ਪਾਣੀ ਤੋਂ ਡਰਣਾ ਛੱਡ ਦੇ । ਅਪਣਾ ਦਰਦ ਥੋੜੇ ਚਿਰ ਲਈ ਡੂੰਘੇ ਪਾਣੀ ਵਿੱਚ ਸੁੱਟ ਦੇ।

ਹੀਰ ਨੇ ਫਿਰ ਫੈਸਲਾ ਕਰ ਲਿਆ। ਕੈਦੋ ਦੇ ਕੇਸ ਵਿੱਚ ਅਪਣੇ ਆਪ ਨੂੰ ਡਬੋ ਲਿਆ, ਆਪਣੇ ਆਪ ਨੂੰ ਆਪਣੇ ਦੁੱਖਾਂ ਤੋਂ ਦੂਰ ਕਰਨ ਲਈ। ਫਿਰ ਓਹ ਦਿਨ ਆ ਗਿਆ, ਜਦ ਹੀਰ ਨੂੰ ਡੂੰਘੇ ਪਾਣੀ ਵਿੱਚ ਜਾਣਾ ਪਿਆ। ਬੇਸ ਬਹੁਤ ਡੂੰਘੀ ਥਾਂ ਵਿੱਚ ਸੀ। ਜਿੰਨ੍ਹਾ ਸਮੁੰਦਰ ਦੇ ਥੱਲੇ ਜਾਈਦਾ, ਓਨਾ ਠੰਢਾ ਠਾਰ ਹੁੰਦਾ ਹੈ। ਇਨਸਾਨਾਂ ਦਾ ਸਰੀਰ, ਇਸ ਠਾਰੀ ਨੂੰ ਝੱਲ ਨਹੀਂ ਸਕਦਾ। ਇਸ ਕਰਕੇ ਡੂੰਘੇ ਸਾਗਰ ਵਿੱਚ ਜਾਣ ਲਈ ਇਨਸਾਨਾਂ ਨੂੰ ਉਚੇਚਾ ਸੂਟ ਪਾਉਣਾ ਪੈਂਦਾ ਹੈ ਜੋ ਪਿੰਡੇ ਨੂੰ ਨਿੱਘਾ ਰੱਖਦਾ ਹੈ। ਬੇਸ ਤਾਂ ਬਹੁਤ ਹੀ ਡੂੰਘਾ ਸੀ, ਦੋ ਮੀਲ ਧਰਤੀ ਦੇ ਹੇਠਾਂ। ਇੱਕ ਲਿਫਟ ਥੱਲੇ ਤਕ ਲੈ ਕੇ ਜਾਂਦੀ ਸੀ।

ਹੀਰ ਇਕੱਲੀ ਲਿਫਟ ਰਾਹੀਂ ਨਹੀਂ ਗਈ, ਸਮੁੰਦਰ ਦੇ ਭਾਰ ਹੇਠ ਬੇਸ ਵਿਚ । ਨਾਲ ਇੱਕ ਤੰਦੂਆ ਗਿਆ। ਆਮ ਤੰਦੂਆ ਨਹੀ ਸੀ। ਸਿਰ ਉੱਤੇ ਇੱਕ ਖਾਸ ਖੋਦ ਰੱਖਿਆ ਸੀ; ਜਿਸ ਤੋਂ ਤਾਰਾਂ ਤੰਦੂਏ ਦੀ ਖੋਪਰੀ ਨਾਲ ਜੁੜੀਆਂ ਸਨ। ਇਸ ਤਰੀਕੇ ਨਾਲ ਤੰਦੂਏ ਦੀਆਂ ਸੋਚਾਂ, ਉਸਦੀ ਮਨੋ ਦਸ਼ਾ ਪੜ੍ਹ ਕੇ, ਪੰਜਾਬੀ ਵਿੱਚ ਤਰਜਮਾ, ਛਾਤੀ ਉੱਤੇ ਬੰਨ੍ਹੀ ਹੋਈ ਸਕਰੀਨ ਉੱਤੇ ਅੱਖਰਾਂ ਦੇ ਰੂਪ 'ਚ ਲਿਖਿਆ ਜਾਂਦਾ ਸੀ। ਬੰਦਾ ਫਿਰ ਮੱਛ ਦੀਆਂ ਸੋਚਾਂ ਨੂੰ ਪੜ੍ਹ ਕੇ ਹਜ਼ਮ ਕਰ ਸੱਕਦਾ ਸੀ। ਇਨਸਾਨਾਂ ਦੀ ਆਵਾਜ਼ ਨੂੰ ਵੀ ਇਸ ਤਰ੍ਹਾਂ ਤੰਦੂਏ ਦੀ, ਪੱਲੇ ਪਾਉਣ ਵਾਲੀ ਬੋਲੀ ਵਿੱਚ, ਉਸਨੂੰ ਸਮਝਾ ਦੇਂਦੀ ਸੀ। ਇਸ ਕਰਕੇ ਤੰਦੂਆ ਅਤੇ ਇਨਸਾਨਾਂ ਦਾ ਆਦਾਨ ਪ੍ਰਦਾਨ ਹੋ ਜਾਂਦਾ ਸੀ। ਤੰਦੂਏ ਕੋਲ ਸਮੁੰਦਰ ਦੀ ਜਾਣਕਾਰੀ ਸੀ। ਲਿਫਟ ਮੱਛ ਲਈ ਨੀਰ ਨਾਲ ਭਰਿਆ ਸੀ। ਹੀਰ ਨੂੰ ਸੂਟ ਰਾਹੀ ਸਾਹ ਲੈਣ ਲਈ ਗੈਸ ਮਿਲਦਾ ਸੀ। ਤੰਦੂਆ ਅਪਣੇ ਅੱਠ ਪਦੇ ਨਾਲ ਜਟਿਲ ਮਸ਼ੀਨਰੀ ਨੂੰ ਚੱਲਾ ਕੇ ਲਿਫਟ ਨੂੰ ਬੇਸ ਤਕ ਲੈ ਜਾਂਦਾ ਸੀ। ਤੰਦੂਏ ਦਾ ਨਾਂ ਜ਼ੀ-ਪੰਜ ਸੀ। ਇੱਦਾਂ ਹੀ ਹੁਣ ਹੀਰ ਨੂੰ ਲੈ ਜਾ ਰਿਹਾ ਸੀ।ਕਿਉਂਕਿ ਹੀਰ ਨੂੰ ਜ਼ੀ-ਪੰਜ ਅਜੀਬ ਜਾਪਿਆ, ਬਹੁਤਾ ਉਸ ਨਾਲ ਬੋਲੀ ਨਹੀਂ। ਨਾਲੇ ਪੁੱਛਣਾ ਵੀ ਕੀ ਸੀ? ਫਾਇਲ ਤਾਂ ਸਾਰੀ ਪੜ੍ਹੀ ਹੀ ਸੀ।

ਹੀਰ ਨੂੰ ਫਾਇਲ ਤੋਂ ਪਤਾ ਲੱਗਾ ਕਿ ਸੰਸਾਰ ਦਾ ਹਰ ਖਜ਼ਾਨਾ ਆਦਮੀ ਨੇ ਆਪਣੇ ਉੱਤੇ ਖਰਚ ਦਿੱਤਾ ਸੀ। ਦੁਨੀਆ’ਚੋਂ ਹਰੇਕ ਕਿਸਮ ਦਾ ਬਾਲਣ ਵਰਤ ਲਿਆ। ਜੱਗ ਦੇ ਰੁੱਖ, ਕੋਲੇ, ਤੇਲ, ਜਾਨਵਰ ਸਭ ਬੰਦੇ ਦੇ ਸ਼ਿਕਾਰ ਸਨ। ਜਿੱਦਾਂ ਮੱਛਰ ਇਨਸਾਨਾਂ ਦੀਆਂ ਨਾੜਾਂ’ਚੋਂ ਲਹੂ ਚੂਸਦਾ, ਉਸ ਤਰ੍ਹਾਂ ਧਰਤੀ’ਚੋਂ ਸਭ ਕੁੱਝ ਇਨਸਾਨਾਂ ਨੇ ਚੂਸ ਲਿਆ। ਬੰਦਾ ਤਾਂ ਜਗ ਲਈ ਇੱਕ ਕਿਸਮ ਦਾ ਪਰਜੀਵ ਸੀ। ਪਰ ਆਦਮੀ ਕੀ ਕਰੇ? ਜੀਉਣ ਦੀ ਲੋੜ ਸੀ। ਇਸ ਕਰਕੇ ਨਵੇਂ ਗੁਪਤ ਖਜਾਨਿਆਂ, ਕਹਿਣ ਦਾ ਮਤਲਬ ਸਾਧਨਾਂ ਦੇ ਭਾਲ ਵਿੱਚ, ਸਮੁੰਦਰ ਦੇ ਡੂੰਘੇ ਡੂੰਘੇ ਪਾਣੀ ਵਿੱਚ ਖੋਜ ਕੱਢਦਾ ਸੀ। ਇਸ ਲਈ ਭਾਰਤ ਨੇ ਪੰਜ ਸਾਇੰਸਦਾਨ ਪਾਣੀ ਦੇ ਹੇਠਾਂ ਭੇਜੇ ਸਨ।

ਪੰਜ ਸਾਇੰਸਦਾਨ ਸਨ, ਪੰਜ ਹੀ ਅਪਣੇ ਥਾਂ ’ਚ ਵਿਸ਼ੇਸ਼ੱਗ। ਕੈਦੋ ਤੇਲ ਨੂੰ ਭਾਲਣ’ਚ ਮਾਹਰ ਸੀ। ਰਾਂਝਾ ਇੰਜੀਨੀਅਰ ਸੀ। ਧਰਤੀ ਦੇ ਔਖੇ ਔਖੇ ਥਾਵਾਂ, ਪਥਰਾਂ’ਚੋਂ ਤੇਲ ਦੀ ਖੁਦਾਈ ਕਰਨੀ ਜਾਣਦਾ ਸੀ। ਮਿਰਜ਼ਾ ਕੀਮੀਆ-ਰਸਾਇਣ ਪ੍ਰਬੀਨ ਸੀ। ਸਾਹਿਬਾਂ ਡਾਕਟਰ ਸੀ ਅਤੇ ਲੂਣਾ ਜੀਵ ਵਿਗਿਆਨੀ। ਬਹੁਤ ਦੇਰ ਦੀ ਮਿਹਨਤ ਬਾਅਦ ਕੈਦੋ ਨੂੰ ਨਵਾਂ ਰੀਜ਼ੋਰਸ ਲੱਭ ਗਿਆ ਸੀ, ਜਿਸ ਨੂੰ ਬੰਦਾ ਵਰਤ ਸੱਕਦਾ ਸੀ। ਇਸ ਨੂੰ ਕੈਦੋ ਨੇ ਕਾਲਾ ਪਾਣੀ ਨਾਂ ਦਿੱਤਾ ਸੀ। ਅਧਿਐਨ ਕਰਨਾ ਬਹੁਤ ਔਖਾ ਸੀ, ਪਰ ਕੈਦੋ ਨੇ ਕੋਈ ਰਾਹ ਲੱਭ ਲਿਆ। ਇਸ ਲਈ ਇਨਸਾਨਾਂ ਲਈ ਨਵਾਂ ਮੌਕਾ ਮਿਲਣ ਲੱਗਾ ਸੀ। ਭਾਰਤ ਦੀ ਸਰਕਾਰ ਨੂੰ ਦੁਨੀਆ ਵਿੱਚ ਤਾਕਤ ਮਿਲਣ ਲੱਗੀ ਸੀ। ਸੰਸਾਰ ਲਈ ਬੇ-ਵਸੀਲਾ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਰਮੂਲਾ ਹੱਥ ਵਿੱਚ ਆ ਗਿਆ ਸੀ। ਇਸ ਦਸ਼ਾ ਵਿੱਚ ਕੈਦੋ ਮਰ ਗਿਆ। ਸਰਕਾਰ ਸ਼ੱਕੀ ਹੋ ਗਈ। ਇਸ ਲਈ ਹੀਰ ਨੂੰ ਬੇਸ ਵਿੱਚ ਭੇਜਿਆ ਸੀ।

ਬੇਸ ਪਾਣੀ ਦੇ ਥੱਲੇ ਕਰਕੇ, ਸਾਰੇ ਸਮੁੰਦਰ ਦਾ ਭਾਰ ਉੱਪਰ ਪੈਂਦਾ ਸੀ। ਇਸ ਕਰਕੇ ਸਮੁੰਦਰੀ ਸੂਟ ਬਣਾਇਆ ਸੀ ਪਾਣੀ ਦੀ ਦਾਬ ਨੂੰ ਝੱਲਣ ਲਈ। ਹੀਰ ਲਈ ਇੱਕ ਹੋਰ ਜਬਰਦਸਤ ਤਕਲੀਫ ਸੀ। ਡੂੰਘਾ ਡੂੰਘਾ ਪਾਣੀ ਬਹੁਤ ਠੰਢਾ ਸੀ। ਜਿਸਮ ਜਮ ਕੇ ਸਖ਼ਤ ਹੋ ਸੱਕਦਾ ਸੀ। ਲਹੂ ਯਖ ਬਣ ਸੱਕਦਾ ਸੀ। ਇਨਸਾਨ ਡੁੱਬਣ ਤੋਂ ਪਹਿਲਾ ਹੀ ਕੰਬਕੇ ਮਰ ਜਾਂਦਾ। ਇਸ ਕਰਕੇ ਸੂਟ ਮੋਟੇ ਕੱਪੜੇ ਦਾ ਸਿਊਆ ਸੀ। ਬਦਨ ਨੂੰ ਨਿੱਘਾ ਰੱਖਦਾ ਸੀ। ਜ਼ੀ-ਪੰਜ ਨੂੰ ਤਾਂ ਫਰਕ ਨਹੀਂ ਸੀ। ਸਮੁੰਦਰ ਤਾਂ ਉਸਦਾ ਸੰਸਾਰ ਸੀ।

ਜ਼ੀ-ਪੰਜ ਨੇ ਲਿਫਟ ਰੋਕ ਦਿੱਤੀ। ਹੀਰ ਇੱਕ ਤਲਾਊ ਵਿੱਚ ਲਹਿਰਾਉਂਦੀ ਸੀ। ਜਦ ਲਿਫਟ ਬੰਦ ਹੋ ਗਈ, ਤੰਦੂਆ ਗਾਇਬ ਹੋਗਿਆ। ਹੁਣ ਹੀਰ ਦੇ ਪਿੰਡੇ ਨੂੰ ਦਾਬ ਨਾਲ ਅਨੂਕੂਲ ਕਰਨ, ਤਲਾਅ ਖ਼ਾਲੀ ਹੋ ਗਿਆ। ਜਦ ਸਾਰਾ ਜਲ ਨਿਚੜ ਗਿਆ, ਹੀਰ ਨੇ ਅਪਣਾ ਖੋਦ ਲਾਹ ਲਿਆ। ਹੁਣ ਤਲਾਅ ਖ਼ਾਲੀ ਸੀ। ਦੂਜੇ ਪਾਸੇ ਕਿਸੇ ਨੇ ਭਾਰੀ ਦਰ ਨੂੰ ਖੋਲ੍ਹਿਆ।

- ਹੇੱਲੋ-

* * * * * * * *

ਹੀਰ ਨੇ ਫਾਇਲ ਫਿਰ ਖੋਲ੍ਹ ਲਈ। ਕੰਪੂਟਰ ਦੀ ਸਕਰੀਨ ਉੱਤੇ ਸਭ ਦੀਆਂ ਤਸਵੀਰਾਂ ਸਨ। ਕੈਦੋ ਦੀ ਮੌਤ ਵਾਰੇ ਤਫਤੀਸ਼ ਕੀਤੀ ਸੀ। ਹਰੇਕ ਬੇਸ ਦੇ ਮੇਂਬਰ ਨੂੰ ਇੰਟਰਵਿਊ ਕੀਤਾ ਸੀ। ਹਰੇਕ ਇੰਟਰਵਿਊ ਦਾ ਵਿਡੀਓ ਭਰਿਆ। ਸਾਰਾ ਦਿਨ ਬੀਤ ਗਿਆ ਸੀ। ਹੁਣ ਬੇਸ ਵਿੱਚ ਆਪਣੇ ਸੌਣ ਵਾਲੇ ਕਮਰੇ ਵਿੱਚ ਬਹਿਕੇ ਤਫਤੀਸ਼ ਨੂੰ ਰਿਵਿਊ ਕਰਦੀ ਸੀ। ਸਕਰੀਨ ਦੇ ਇੱਕ ਪਾਸੇ, ਚੂੱਚਕ ਮਾਂ ਵੱਲ ਵਾਪਸ ਮੁਸਕਾਣ ਦਿੰਦਾ ਸੀ। ਤਸਵੀਰ ਉੱਤੇ ਉਂਗਲੀ ਫੇਰਕੇ, ਉਂਗਲੀ ਨਾਲ ਸਕਰੀਨ ਉੱਤੇ ਸਾਹਿਬਾਂ ਦੀ ਤਸਵੀਰ ਚੁਣੀ। ਵਿਡਿਓ ਚਾਲੂ ਹੋਗਿਆ। ਸਾਹਿਬਾਂ ਬੋਲਣ ਲੱਗ ਪਈ।

- ਦਸ ਮਹੀਨੇ ਪਹਿਲਾਂ ਕੈਦੋ ਨੂੰ ਕਾਲਾ ਪਾਣੀ ਲੱਭ ਗਿਆ ਸੀ। ਉਸ ਦੀਆਂ ਸੰਪਤੀਆਂ ਨੂੰ ਸਮਝਣ ਕਈ ਨਮੂਨੇ ਲੈਬ ਵਿੱਚ ਪਰਖ ਕੀਤੇ। ਤੇਲ ਵਰਗਾ ਨਹੀਂ ਸੀ। ਪਾਣੀ ਵਰਗਾ ਵੀ ਨਹੀਂ। ਗੂੜ੍ਹਾ ਤੱਤ ਸੀ। ਇੱਥੇ ਸਾਨੂੰ ਸੂਰਜ ਤਾਂ ਦਿਸਦਾ ਵੀ ਨਹੀਂ। ਇਸ ਕਰਕੇ ਅਸੀਂ ਕੰਮ’ਚ ਰੁੱਝੇ ਰਹਿੰਦੇ। ਸਮੇਂ ਦਾ ਪਤਾ ਵੀ ਨਈ ਲੱਗਦਾ। ਹਾਰਕੇ ਕੈਦੋ ਸਾਡਾ ਟੀਚਾ ਪੂਰਾ ਕਰਨ ਨੇੜੇ ਆਉਣ ਲੱਗਾ ਸੀ। ਕਹਿਣ ਦਾ ਮਤਲਬ ਕਿਵੇਂ ਕਾਲੇ ਪਾਣੀ ਨਾਲ ਲਾਹੇਵੰਦ ਬਾਲਣ ਬਣਾ ਸੱਕਦੇ। ਫਿਰ ਇੱਕ ਦਮ ਕੈਦੋ ਪਾਗਲ ਹੋਗਿਆ-।

ਸਾਹਿਬਾਂ ਦਾ ਮੁਖੜਾ ਬਹੁਤ ਸੁੰਦਰ ਸੀ। ਬਿੱਲੀਆਂ ਨੈਣਾਂ ਵਾਲੀ ਸੀ ਠੋਡੀ ਤਿੱਖੀ ਸੀ ਰੰਬੀ ਵਾਂਗ। ਨੱਕ ਫੀਨਾ ਸੀ ਤੇ ਮੱਥਾ ਚੌੜਾ।

ਹੀਰ ਨੇ ਵਿਡੀਓ ਬੰਦ ਕਰ ਦਿੱਤਾ। ਹੁਣ ਹੀਰ ਨੇ ਰਾਂਝੇ ਦਾ ਮੂੰਹ ਛੋਹਿਆ। ਰਾਂਝਾ ਬੋਲਣ ਲੱਗ ਗਿਆ।

- ਮੈਨੂੰ ਤਾਂ ਕੈਦੋ ਮਾੜਾ ਬੰਦਾ ਲੱਗਦਾ ਸੀ। ਹਮੇਸ਼ਾ ਬਿੰਨਾ ਮਤਲਬ ਤੋਂ ਸਾਨੂੰ ਟੋਕਦਾ ਸੀ। ਅਪਣੇ ਕੰਮ ਨਾਲ ਵਿਆਹਿਆ ਸੀ। ਸੱਚ ਮੁੱਚ ਤਾਂ ਕੁਆਰਾ ਸੀ। ਇਸ ਲਈ ਪਿਆਰ ਨੂੰ ਨਹੀਂ ਸਮਝਦਾ ਸੀ…-।

- ਰਾਂਝਾ ਜੀ ਮੈਂ ਕੈਦੋ ਦੇ ਪ੍ਰੇਮ ਦੇ ਖਿਆਲ ਵਾਰੇ ਨਹੀਂ ਪੁੱਛਿਆ। ਮਰਿਆ ਕਿਵੇਂ? ਮੈਂ ਸੁਣਿਆ ਤੁਸੀਂ ਉਸਦੀ ਲਾਸ਼ ਲੱਭੀ ਸੀ?- ਹੀਰ ਗੱਲ ਰੋਕਦੀ ਦੀ ਆਵਾਜ਼ ਵਿਡੀਓ’ਚੋਂ ਆਈ।

- ਸੋਰੀ ਜੀ। ਹਾਂ ਮੈਂ ਲੈਬ’ਚ ਰਾਤ ਦੇ ਗਿਆਰਾਂ ਵਜੇ ਕੁਝ ਲੈਣ ਗਿਆ। ਫ਼ਰਸ਼ ਉੱਤੇ ਪਿਆ ਸੀ। ਉਸਦੇ ਸਰੀਰ ਉੱਪਰ ਕਾਲਾ ਪਾਣੀ ਚੁੰਬੜਿਆ ਸੀ-

- ਰਾਂਝਾ ਜੀ ਪਾਣੀ ਕਿਵੇਂ ਜਿਸਮ ਨੂੰ ਚੁੰਬੜ ਸਕਦਾ?-

- ਹੀਰ ਜੀ, ਕਾਲਾ ਪਾਣੀ ਆਮ ਜਲ ਨਹੀਂ ਹੈ। ਤੇਲ ਵਰਗਾ ਵੀ ਨਹੀਂ। ਜਦ ਖ਼ੁਰਦਬੀਨ ਹੇਠ ਦੇਖੀਏ, ਉਸਦੀ ਫਿਤਰਤ ਕੀੜਿਆਂ ਵਰਗੀ ਹੈ-।

- ਫਿਰ ਤੁਸੀਂ ਕਹਿੰਦੇ ਕਿ ਪਾਣੀ ਜੀਉਂਦਾ ਹੈ?-

- ਨਹੀਂ। ਸਿਰਫ ਵਿਸ਼ੇਸ਼ਤਾਈ ਪਾਣੀ ਤੋਂ ਵਖਰੀ ਹੈ-।

- ਜਦ ਲਭਿਆ, ਤੂੰ ਕੀ ਕੀਤਾ?-

- ਬੱਸ ਅਲਾਰਮ ਚੱਲਾ ਦਿੱਤਾ-।

ਰਾਂਝੇ ਦਾ ਰੰਗ ਗੋਰਾ ਸੀ। ਨੱਕ ਤਿੱਖਾ ਸੀ। ਅੱਖਾਂ ਕਾਲੀਆਂ ਕਾਲੀਆਂ ਸਨ। ਕਾਂ ਵਾਂਗ। ਹੋਠ ਮੋਟੇ ਸੀ। ਹੀਰ ਨੂੰ ਬਹੁਤ ਸੋਹਣਾ ਲੱਗਦਾ ਸੀ, ਪਰ ਘਬਰਾਉਣ ਵਾਲਾ ਆਦਮੀ ਜਾਪਦਾ ਸੀ। ਹੁਣ ਹੀਰ ਨੇ ਲੂਣਾ ਦਾ ਚਿਹਰਾ ਦੱਬ ਦਿੱਤਾ।

ਲੂਣਾ ਲੰਬੀ ਲੜਕੀ ਸੀ। ਮੂੰਹ ਗੋਲ ਗੋਲ ਸੀ। ਅੱਖਾਂ ਮੋਟੀਆਂ ਅਤੇ ਰੰਗ ਪੱਕਾ।

- ਜਦ ਮੈਂ ਲੈਬ ਵਿੱਚ ਆਈ, ਰਾਂਝਾ ਕਾਲੇ ਕਾਲੇ ਪਾਣੀ ਨਾਲ ਲਿਬੜਿਆ ਸੀ। ਭੁੰਝੇ ਕੈਦੋ ਪਿਆ ਸੀ; ਕਾਲੇ ਪਾਣੀ ਵਿੱਚ ਡੁੱਬਿਆ। ਮੈਂ’ਤੇ ਮਿਰਜ਼ਾ ਜੀ ਨਾਲੇ ਨਾਲ ਹੀ ਅੰਦਰ ਪਾਉਂਚੇ। ਪਤਾ ਨਹੀਂ ਕਿਵੇਂ, ਮੇਜ਼ ਤੋਂ ਬੰਸਣ ਬਰਨਰ ਡਿੱਗਿਆ ਸੀ, ਤੇ ਕੈਦੋ ਉੱਪਰ ਅੱਗ ਦੇ ਛਿੱਟੇ ਪਏ। ਬੱਸ ਸਾਰਾ ਸਰੀਰ ਮੱਚ ਗਿਆ ਸੀ। ਮਿਰਜ਼ੇ ਨੇ ਰਾਂਝੇ ਨੂੰ ਪਰੇ ਧੱਕ ਦਿੱਤਾ ਸੀ। ਮੈਂ ਕੈਦੋ ਉੱਪਰ ਅੱਗ ਨੂੰ ਬੁਝਾਉਣ ਵਾਲਾ ਸਪਰੇਅ ਛਿੜਕ ਦਿੱਤਾ। ਪਰ ਕੋਈ ਫੈਦਾ ਨਹੀਂ ਸੀ-। ਲੂਣਾ ਰੋਣ ਲੱਗ ਪਈ। ਜਦ ਅਪਣੇ ਆਪ ਨੂੰ ਸੰਭਾਲ ਲਿਆ, ਹੀਰ ਨੇ ਇੱਕ ਹੋਰ ਸੁਆਲ ਪੁੱਛਿਆ।

- ਤੈਨੂੰ ਕਿਵੇਂ ਲੱਗਦਾ ਕਿਦਾਂ ਮਰਿਆ?-

- ਮੇਰਾ ਤਾਂ ਮਨ ਮੈਨੂੰ ਕਹਿੰਦਾ ਕਿ ਰਾਂਝੇ ਨੇ ਹੀ ਮਾਰਿਆ-

- ਕਿਉ?-

- ਕਿਉਂਕਿ ਰਾਂਝਾ ਈਰਖਾ ਨਾਲ ਭਰਿਆ ਸੀ। ਕਾਲੇ ਪਾਣੀ ਉੱਤੇ ਅਧਿਐਨ ਕਰਨਾ ਔਖਾ ਸੀ। ਕੈਦੋ ਖੋਜ ਤੇ ਸਫਲਤਾ ਹਾਸਲ ਕਰਨ ਵਾਲਾ ਸੀ। ਇਨਾਮ ਤਾਂ ਫਿਰ ਕੈਦੋ ਨੂੰ ਮਿਲਣਾ ਸੀ, ਹੈ ਨਾ? ਆਪ ਮਸ਼ਹੂਰ ਹੋਣਾ ਚਾਹੁੰਦਾ ਹੈ-।

- ਪਰ ਇਸ ਗੱਲ ਦਾ ਮਤਲਬ ਨਹੀਂ ਬਣਦਾ। ਰਾਂਝਾਂ ਤਾਂ ਇੰਜੀਨੀਅਰ ਹੈ। ਸ਼ਾਇਦ ਪਹਿਲਾ ਪਹੁੰਚਿਆ ਕਰਕੇ ਤੈਨੂੰ ਸ਼ੱਕ ਹੈ?-

- ਤੁਹਾਡੀ ਮਰਜ਼ੀ ਹੈ ਹੀਰ ਜੀ। ਮੈਂ ਤਾਂ ਅਪਣਾ ਬਿਆਨ ਦੇ ਦਿੱਤਾ ਤੁਹਾਨੂੰ-।

ਹਾਰ ਕੇ ਹੀਰ ਨੇ ਮਿਰਜ਼ੇ ਦੀ ਤਸਵੀਰ ਨੂੰ ਹੱਥ ਲਾਕੇ ਵਿਡੀਓ ਚਾਲੂ ਕੀਤਾ। ਮਿਰਜ਼ਾ ਇੱਕ ਨਿਕਾ ਜਿਹਾ ਬੰਦਾ ਸੀ। ਉਕਾਬੀ ਅੱਖਾਂ ਸਨ। ਗੰਜਾ ਸਿਰ। ਭਾਰਾ ਸੀਸ ਸੀ। ਦੇਖਣ’ਚੋਂ ਲੱਗਦਾ ਸੀ ਕਿ ਰੱਬ ਨੇ ਗਲਤੀ ਵਿੱਚ ਕੋਈ ਵੱਡੇ ਪਿੰਡੇ ਵਾਲੇ ਦਾ ਸਿਰ ਇਸ ਬਦਨ ਉੱਪਰ ਰੱਖ ਦਿੱਤਾ। ਜਦ ਮਿਰਜ਼ਾ ਬੋਲਦਾ ਸੀ, ਹੀਰ ਨੂੰ ਇੱਦਾਂ ਲੱਗੇ, ਜਿਵੇਂ ਕੋਈ ਲੱਕੜ ਨੂੰ ਆਰੀ ਨਾਲ ਕੱਟਦਾ ਸੀ।

- ਭੈਣ ਜੀ, ਰਾਂਝੇ ਨੇ ਤਾਂ ਕੁਝ ਨਹੀਂ ਕੀਤਾ। ਓਹ ਵਿਚਾਰਾ ਤਾਂ ਹਮੇਸ਼ਾ ਅਪਣੀ ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ। ਓਹਨੂੰ ਕੀ ਐ, ਕਿਸ ਦਾ ਨਾਂ ਨੋਬਲ ਪ੍ਰਾਇਜ਼ ਉੱਤੇ ਲਿੱਖਿਆ ਜਾਵੇਂ। ਲੂਣਾ ਐਮੀ ਅਪਣੀ ਮਾਰਦੀ ਰਹਿੰਦੀ ਹੈ-।

- ਫਿਰ ਤੇਰੇ ਖਿਆਲ ਵਿੱਚ ਕੀ ਹੋਇਆ?-

- ਮੈਂ ਤਾਂ ਹੁਣ ਕੋਈ ਮਹੀਨਿਆਂ ਲਈ ਕਾਲੇ ਪਾਣੀ ਨੂੰ ਮੁਤਾਲਿਆ। ਕੈਦੋ ਮੇਰੀ ਗੱਲ ਮਨਦਾ ਨਹੀਂ ਸੀ। ‘ਤੇ ਤੂੰ ਕਿੱਥੇ ਮੰਨਣਾ ਹੈ? ਤੈਨੂੰ ਤਾਂ ਸਰਕਾਰ ਨੇ ਭੇਜਿਆ। ਸਰਕਾਰ ਤਾਂ ਆਵਦੇ ਬਾਲਣ ਮਗਰ ਹੈ। ਮੈਨੂੰ ਲੱਗਦਾ ਇਸ ਤਫੀਤਸ਼ ਦਾ ਕੰਮ ਹੈ ਸੱਚ ਨੂੰ ਲੁਕਾਉਣ-।

- ਮਿਰਜ਼ਾ ਜੀ, ਤੁਸੀਂ ਇਸ ਗੱਲ’ਚ ਗਲਤ ਹੋ। ਕੈਦੋ ਵਰਗੇ ਆਦਮੀ ਸੌਖੇ ਨਹੀਂ ਲਭਦੇ। ਉਸਦਾ ਥਾਂ ਮੱਲਣਾ ਔਖਾ ਹੈ। ਬੱਸ ਤੁਸੀਂ ਅਪਣੇ ਬਿਆਨ ਦਿਓ-।

- ਮੇਰੇ ਖਿਆਲ ਵਿੱਚ- ਮਿਰਜ਼ਾ ਨੇ ਨਾਟਕੀ ਅਸਰ ਲਈ ਗੱਲ ਰੋਕ ਦਿੱਤੀ, ਫਿਰ ਅੱਗੇ ਤੋਰੀ – ਕਾਲਾ ਪਾਣੀ ਨਾਕੇ ਪਾਣੀ ਹੈ, ਨਾਕੇ ਕੋਈ ਤੇਲ। ਕੋਈ ਕਿਸਮ ਦਾ ਜੀਵਨ ਹੈ। ਜੀਵ ਹੈ। ਮੈਂ ਤਾਂ ਸੋੱਚਦਾ ਲੋਕ-ਦੇਵ ਤੋਂ ਹੈ। ਅਸੀਂ ਹੱਥ ਲਾਇਆ ਕਰਕੇ ਗੁੱਸੇ ਵਿੱਚ ਆਪਨੂੰ ਬਚਾਉਣ ਕੈਦੋ ਨੂੰ ਕਤਲ ਕਰ ਦਿੱਤਾ। ਸਾਨੂੰ ਇੱਥੋਂ ਜਾਣਾ ਚਾਹੀਦਾ। ਮੈਂ ਕਹਿੰਦਾ ਕਿਸੇ ਹੋਰ ਨੂੰ ਮਾਰ ਦੇਣਾ, ਇਸ “ਕਾਲੇ ਪਾਣੀ” ਨੇ। ਮੈਂ ਪਾਗਲ ਨਹੀਂ ਹੈ, ਭੈਣ ਜੀ। ਆਪ ਖ਼ਰਦਬੀਨ ਦੇ ਥੱਲੇ ਰੱਖ ਕੇ ਦੇੱਖੋਂ। ਪਾਣੀ ਜੀਉਂਦਾ ਹੈ। ਅਸੀਂ ਇਸ ਜੀਵ ਨੂੰ ਟੇਸਟ ਟੇਸੇ ਕਰਕੇ ਪੀੜ ਦਿੱਤੀ। ਹੁਣ ਬਦਲਾ ਲੈਣ ਲੱਗਾ॥ ਆਪਾ ਨੂੰ ਬੇਸ’ਚੋਂ ਦੌੜਣਾ ਚਾਹੀਦਾ। ਪ੍ਰੋਜੇਕਟ ਬੰਦ ਕਰਨਾ ਚਾਹੀਦਾ ਭੈਣ ਜੀ-।

ਹੀਰ ਨੇ ਵਿਡੀਓ ਬੰਦ ਕਰ ਦਿੱਤੇ। ਹੱਥ ਨਾਲ ਅੱਖਾਂ ਮਲੀਆਂ। ਕਿਸ ਥਾਂ’ਤੇ ਪਾਉਂਚ ਗਈ!! ਸਾਰੇ ਪਾਗਲ ਹੋ! ਮੈਂ ਸਵੇਰੇ ਫਿਰ ਇੱਕ ਬਾਰ ਇੰਨ੍ਹਾਂ ਨਾਲ ਗੱਲ ਕਰੂਗੀ। ਨਾਲੇ ਬੇਸ ਦੇ ਮੁਰਦਾਘਰ‘ਚ ਲਾਸ਼ ਦੀ ਜਾਂਚ ਕਰੂਗੀ। ਹੁਣ ਤਾਂ ਨੀਂਦ ਆਉਂਦੀ ਹੈ।

* * * * *

ਹੀਰ ਨੂੰ ਆਵਾਜ਼ ਸੁਣੀ। ਚੂੱਚਕ ਦੀ ਆਵਾਜ਼। ਸੁਪਨੇ ਲੈਂਦੀ ਹੋਵੇਗੀ। ਪਰ ਆਵਾਜ਼ ਬਹੁਤ ਸਾਫ਼ ਆਉਂਦੀ ਸੀ। ਹੀਰ ਨੇ ਅੱਖਾਂ ਖੋਲ੍ਹੀਆਂ। ਕਮਰੇ ਵਿੱਚ ਹਨੇਰਾ ਸੀ। ਆਵਾਜ਼ ਫਿਰ ਆਈ। ਹੀਰ ਨੇ ਇੱਕ ਬੱਤੀ ਜੱਗਾ ਦਿੱਤੀ। ਇੱਕ ਦਮ ਡਰ ਗਈ। ਡਰ ਗਈ, ਕਿਉਂਕਿ ਸਾਹਮਣੇ ਚੂੱਚਕ ਖੜ੍ਹਾ ਸੀ। ਸੁਪਨੇ ਵਿੱਚ ਨਹੀਂ। ਐਪਰ ਸਾਹਮਣੇ, ਜੀਉਂਦਾ, ਖਲੋਇਆ ਸੀ। ਇਹ ਤਾਂ ਅਣਹੋਣੀ ਗੱਲ ਹੈ। ਹੀਰ ਨੇ ਨੈਣ ਖੋਲ੍ਹ ਕੇ ਬੰਦ ਕੀਤੇ। ਫਿਰ ਖੋਲ੍ਹੇ। ਹਾਂ, ਚੂੱਚਕ ਅੱਗੇ ਖੜ੍ਹਾ ਸੀ।

- ਮਾਂ- ਪੁੱਤ ਨੇ ਹੀਰ ਨੂੰ ਬੁਲਾਇਆ।

- ਚੂੱਚਕ ਤੂੰ? ਸੱਚਮੁੱਚ?- ਮਾਂ ਨੇ ਪੁੱਤ ਨੂੰ ਪੁੱਛਿਆ।

- ਹਾਂ ਮਾਂ। ਮੈਂ ਹੀ ਹਾਂ- ਚੂੱਚਕ ਨੇ ਉੱਤਰ ਦਿੱਤਾ।

- ਹੋ ਨਹੀਂ ਸੱਕਦਾ। ਮੈਨੂੰ ਸੁਪਨਾ ਆਉਂਦਾ ਹੋਵੇਗਾ-।

- ਮਾਂ ਤੁਸੀਂ ਤਾਂ ਬੈਡ ਵਿੱਚ ਪਏ ਹੋ; ਉੱਠੇ ਹੋ-

- ਪੁੱਤ ਆਪਾ ਕਿੱਥੇ ਹਾਂ?-

- ਤੁਹਾਡੇ ਬੇਡਰੂਮ ਵਿੱਚ ਮੰਮੀ ਜੀ-

- ਨਹੀਂ ਪੁੱਤ, ਹੋ ਨਹੀਂ ਸੱਕਦਾ। ਅਪਣਾ ਘਰ ਨਹੀਂ ਹੈ। ਆਪਾਂ ਤਾਂ ਸਮੁੰਦਰ ਦੇ ਹੇਠਾ ਇੱਕ ਬੇਸ ਵਿੱਚ ਹਾਂ-

- ਸੱਚੀ ਮਾਂ?-

- ਹਾਂ। ਤੈਨੂੰ ਪਤਾ ਆਪਾਂ ਕਿਵੇਂ ਇੱਥੇ ਪਾਉਂਚੇ?-

- ਨਹੀਂ ਮਾਂ-

- ਤੂੰ ਕਿਵੇਂ ਪਹੁੰਚਿਆ?-

- ਪਤਾ ਨਹੀਂ ਮਾਂ ਜੀ-

ਹੀਰ ਦੀ ਨੀਂਦ ਉੱਡ ਗਈ ਸੀ। ਹੁਣ ਉੱਠ ਕੇ ਬਹਿ ਗਈ। ਚੂੱਚਕ ਸੱਚ ਮੁੱਚ ਅੱਗੇ ਖੜ੍ਹਾ ਸੀ। ਫਿਰ ਤਾਂ ਇਹ ਸੁਪਨਾ ਹੀ ਹੋ ਸੱਕਦਾ। ਸਚਾਈ ਕਿਵੇਂ ਹੋ ਸੱਕਦੀ? ਭਾਵੇਂ ਸੱਚ ਹੈ, ਜਾਂ ਮਨ ਦੀ ਇੱਛਾ ਹੈ, ਹੀਰ ਦਾ ਜੀ ਕਰਦਾ ਸੀ ਪੁੱਤਰ ਨੂੰ ਜੱਫੀ ਪਾਉਣ। ਜੱਫੀ ਪਾਈ। ਸੱਚ ਮੁੱਚ ਮੁੰਡਾ ਹੀ ਸੀ। ਹੀਰ ਦਾ ਮੁੰਡਾ, ਚੂੱਚਕ। ਹੀਰ ਨੂੰ ਰੋਣਾ ਆਗਿਆ। ਜੋਰ ਦੇਣੀ ਅਪਣੇ ਮੁੰਡੇ ਨੂੰ ਘੁੱਟਿਆ। ਰੱਜ ਰੱਜ ਕੇ ਰੋਈ। ਚੂੱਚਕ ਵੀ ਰੋਣ ਲੱਗ ਪਿਆ।

- ਮੈਨੂੰ ਕਦੀ ਫੇਰ ਨਹੀਂ ਛੱਡਣਾ-। ਹੀਰ ਨੇ ਦੋ ਘੰਟਿਆਂ ਲਈ ਪੁੱਤਰ ਨਾਲ ਗੱਲਾਂ ਬਾਤਾਂ ਕੀਤੀਆਂ। ਫਿਰ ਪੁੱਤ ਮਾਂ ਨਾਲ ਬੈਡ’ਚ ਪੈ ਗਿਆ। ਦੋਨੋਂ ਸੌਣ ਗਏ। ਜਦ ਸਵੇਰਾ ਚੜ੍ਹਿਆ, ਹੀਰ ਨੇ ਨੈਣ ਖੋਲ੍ਹੇ। ਸੁਪਨਾ ਤਾਂ ਰਾਤ ਵਿੱਚ ਗੁੰਮ ਗਿਆ ਸੀ। ਹੀਰ ਨੇ ਆਸ ਪਾਸ ਤੱਕਿਆ। ਹੈਰਾਨ ਹੋ ਗਈ, ਹੀਰ। ਚੂੱਚਕ ਹਾਲੇ ਵੀ ਨਾਲ ਪਿਆ ਸੀ! ਐਪਰ ਇਹ ਤਾਂ ਅਣਹੋਣੀ ਗੱਲ ਹੈ। ਮੁੰਡੇ ਨੂੰ ਹਿੱਲਾਇਆ। ਹੌਲੀ ਹੌਲੀ ਉੱਠ ਗਿਆ।

-ਹਾਂ ਮਾਂ?-। ਪੂਰੀ ਅਣਹੋਣੀ ਗੱਲ ਸੀ। ਹੀਰ ਦੀ ਸੋਚ ਲਈ ਅਸਾਧ ਸੀ; ਤਰਕਹੀਣ ਵੀ ਸੀ। ਜੇ ਸੁਪਣੇ ਵਿੱਚ ਨਹੀਂ ਸੀ, ਫਿਰ ਕੁਝ ਅਜੀਬ ਹੋ ਰਿਹਾ ਸੀ। ਦੂਜਿਆ ਨੂੰ ਆਖਣਾ ਪਾਊਗਾ। ਹੀਰ ਤਿਆਰ ਹੋ ਗਈ। ਮੁੰਡਾ ਚੁੱਪ ਚਾਪ ਬੈਠਾ ਸੀ। ਹੀਰ ਨੇ ਉਹਨੂੰ ਇੱਕ ਗੁਟਕਾ ਫੜਾਇਆ।- ਐ ਪੜ੍ਹ। ਪੁੱਤ ਤੈਨੂੰ ਕੋਈ ਯਾਦ ਹੈ, ਤੂੰ ਪਹਿਲਾ ਕਿੱਥੇ ਸੀ?- ਮੁੰਡੇ ਨੂੰ ਪਤਾ ਨਹੀਂ ਸੀ। ਸਿਰਫ਼ ਇਨ੍ਹਾ ਪਤਾ ਸੀ, ਕਿ “ ਮੈਂ ਮਾਂ ਨੂੰ ਪਿਆਰ ਕਰਦਾਂ”।- ਅੱਛਾ ਪੁੱਤ, ਤੂੰ ਇੱਥੇ ਹੀ ਰਹਿ। ਮੈਂ ਮੁਰਦਾਘਰ ਜਾਣਾ ਕਿਸੇ ਦੀ ਲਾਸ਼ ਵੇੱਖਣ। ਤੂੰ ਇਸ ਕਮਰੇ’ਚੋਂ ਬਾਹਰ ਨਹੀਂ ਜਾਣਾ। ਅੱਛਾ?-

- ਅੱਛਾ-। ਹੀਰ ਬੇਟੇ ਨੂੰ ਕਮਰੇ ਵਿੱਚ ਛੱਡਕੇ ਬਾਹਰ ਖਲੋਈ।ਉਸਨੂੰ ਹਾਲੇ ਵੀ ਲੱਗਦਾ ਸੀ ਕਿ ਸੁਪਨਾ ਸੀ। ਭਾਵਨਾ ਦਾ ਟੁਕੜਾ ਸੀ। ਕਲਪਨਾ ਦੀ ਚਾਲ। ਚੂੱਚਕ ਤਾਂ ਹੋ ਨਹੀਂ ਸੱਕਦਾ।

ਹੀਰ ਨੇ ਸਾਹਿਬਾਂ ਨਾਲ ਗੱਲ ਕਰਨੀ ਸੀ ਪੜਤਾਲ ਦੇ ਬਾਰੇ। ਪਰ ਹੁਣ ਝਿਜਕ ਦੀ ਸੀ ਉਸਨੂੰ ਕੈਦੋ ਬਾਰੇ ਆਖਣ 'ਤੇ। ਹੀਰ ਨੇ ਸੋਚਿਆ ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਕੀ ਪਤਾ ਮਨ ਵਿੱਚ ਚੂੱਚਕ ਨੂੰ ਇੰਨ੍ਹਾਂ ਡੂੰਘੀ ਥਾਂ ਰੱਖਿਆ ਸੀ, ਕਿ ਹੋਰ ਕੁਝ ਬਾਰੇ ਸੋੱਚ ਨਹੀਂ ਸੱਕਦੀ। ਹੀਰ ਵਿਚਾਰਵਾਨ ਸੀ। ਚੂੱਚਕ ਉਸਦੇ ਕਮਰੇ ਵਿੱਚ ਨਹੀਂ ਹੋ ਸੱਕਦਾ ਹੈ। ਹੀਰ ਜਾਦੂ ਜੁੱਦੂ’ਚ ਵੀ ਨਹੀਂ ਮੰਨਦੀ ਸੀ। ਕੋਈ ਤਰਕ ਵਿਆਖਿਆ ਹੋਵੇਗੀ। ਹੀਰ ਨੇ ਕਮਰੇ ਦਾ ਤਾਲਾ ਲਾ ਦਿੱਤਾ। ਜੇ ਸੱਚ ਮੁੱਚ ਪੁੱਤਰ ਜੀਉਂਦਾ ਸੀ, ਜਾਂ ਉਸਦਾ ਡਿਟੋ ਕਾਪੀ ਸੀ, ਦੂਜਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਸੀ। ਹੀਰ ਨੇ ਆਪਣਾ ਪਾਗਲਪਣ ਕਮਰੇ ਵਿੱਚ ਛੱਪਾ ਕੇ ਰਹਿਣ ਦਿੱਤਾ। ਜੇ ਸੱਚ ਮੁੱਚ ਸੋਚ ਹੀ ਸੀ, ਕੀ ਪਤਾ ਹੁਣ ਵੀ ਰਸਤੇ ’ਚ ਮਿਲ ਜਾਣਾ ਸੀ?

ਹੀਰ ਕੇਸ ਵਾਰੇ ਸੋੱਚਣ ਲੱਗ ਪਈ। ਆਹੋ! ਕੇਸ ਬਾਰੇ ਸੋੱਚ ਕੁੜੀਏ! ਤੂੰ ਆਈ ਹੀ ਇੱਥੇ ਤਫੀਤਸ਼ ਕਰਨ, ‘ਤੇ ਚੂੱਚਕ ਨੂੰ ਕੋਈ ਮਨ ਦੇ ਡੂੰਘੇ ਖੁੰਜੇ’ਚ ਲੁਕਾ।ਕੰਮ ਵਿੱਚ ਰੁੱਝ। ਅੱਛਾ ਹੁਣ ਤਕ ਕੀ ਪਤਾ ਕੀਤਾ? ਹਾਂ, ਰਾਂਝਾ ਅਪਣੇ ਵਹੁਟੀ ਨੂੰ ਬਹੁਤ ਮਿਸ ਕਰਦਾ ਹੈ। ਜਿੱਦਾਂ ਚੂੱਚਕ ਰੱਬ ਕੋਲ ਚੱਲੇ ਗਿਆ ( ਕਿਥੇ! ਓਹ ਤਾਂ ਮੇਰੇ ਕਮਰੇ’ਚ ਹੈ! ਬੱਸ ਹਟ ਜਾ ਇਸ ਬਾਰੇ ਸੋੱਚਣ!), ਇੱਦਾਂ ਹੀ ਵਿਚਾਰੇ ਦੀ ਪਤਨੀ ਨਾਲ ਕੁਝ ਹੋਇਆ ਹੋਵੇਗਾ। ਮਿਰਜ਼ੇ ਨੇ ਇਹ ਹੀ ਕਿਹਾ ਸੀ ਨਾ? “ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ”। ਨਹੀਂ ਤਾਂ ਉਸਦੀ ਤੀਵੀਂ ਘਰ ਛੱਡ ਗਈ ਸੀ? ਮਿਰਜ਼ੇ ਨੂੰ ਲੱਗਦਾ ਕਿ ਕਾਲਾ ਪਾਣੀ ਸਜੀਵ ਹੋ ਸਕਦਾ। ਇਸਦਾ ਕੀ ਮਤਲਬ ਹੈ? ਕਿ ਬਦਲੇ ਵਿੱਚ ਪਾਣੀ ਨੇ ਕੈਦੋ ਨੂੰ ਮਾਰਿਆ? ਕਿ ਸਰਕਾਰ ਨੇ ਕਿਸੇ ਜੀਉਂਦੀ ਚੀਜ਼ ਨੂੰ ਬਾਲਣ ਬਣਾਉਣ ਦੀ ਕੋਸ਼ਸ਼ ਕੀਤੀ? ਸਭ ਤੋਂ ਤਰਕਸ਼ੀਲ ਬਿਆਨ ਲੂਣਾ ਦਾ ਸੀ। ਸਾਇੰਸਦਾਨ ਅਤੇ ਇੰਜੀਨੀਅਰ ਨੇ ਲਭਤ ਉੱਪਰ ਝਗੜਾ ਕੀਤਾ; ਕੈਦੋ ਮਰ ਗਿਆ। ਸਭ ਤੋਂ ਤਰਕ ਵਾਲਾ ਵਿਚਾਰ ਇਹ ਹੀ ਸੀ। ਪਰ ਸਬੂਤ ਚਾਹੀਦਾ ਸੀ। ਮੈਂ ਇਨ੍ਹਾਂ ਨੂੰ ਪਾਗਲ ਸਮਝ ਦੀ ਸੀ। ਪਰ ਮੈਨੂੰ ਹੁਣ ਚੂੱਚਕ ਜੀਉਂਦਾ ਦਿੱਸਦਾ! ਮੈਂ ਵੀ ਫਿਰ ਕਮਲੀ ਹਾਂ! ਕੇਸ’ਤੇ ਵਾਪਸ ਆ! ਰਾਂਝਾ ਘਟਨਾ ਸਥੱਲ ਤੇ ਸਭ ਤੋਂ ਪਹਿਲਾ ਪਹੁੰਚਿਆ ਸੀ।

ਸਾਹਿਬਾਂ ਨੂੰ ਹੀਰ ਮੁਰਦਾਘਰ ਵਿੱਚ ਮਿੱਲੀ। ਕਮਰਾ ਲੋਹੇ ਦਾ ਬਣਾਇਆ ਸੀ। ਇੱਕ ਪਾਸੇ ਨਿਕੇ ਨਿਕੇ ਚੌਰਸ ਰੂਪ ਵਿੱਚ ਬੂਹੇ ਸਨ। ਇੱਕ ਨੂੰ ਸਾਹਿਬਾਂ ਨੇ ਖਿੱਚਿਆ। ਬੇਕਪੜੇ ਲਾਸ਼ ਨੀਲੀ ਹੋਈ ਸੀ।ਬੂਹਿਆਂ ਪਿੱਛੇ ਫਰਿਜ ਸੀ। ਠੰਢ ਨੇ ਕੈਦੋ ਨੂੰ ਖਰਾਬ ਹੋਣ ਤੋਂ ਬਚਾਕੇ ਰੁੱਖਿਆ ਸੀ। ਇਸ ਲਈ ਲੋਥ ਮੁਸ਼ਕ ਨਹੀਂ ਮਾਰਦੀ ਸੀ। ਜਿੱਥੇ ਕਾਲਾ ਪਾਣੀ ਲੱਗਿਆ ਸੀ, ਦਾਗ਼ ਸਨ। ਦੋਨਾਂ ਜਨਾਨੀਆਂ ਨੇ ਹਰੇਕ ਇੰਚ ਨੂੰ ਧਿਆਨ ਨਾਲ ਹੌਲੀ ਹੌਲੀ ਪੜਤਾਲਿਆ।

- ਤੇਰਾ ਕੀ ਖਿਆਲ ਏ?- ਸਾਹਿਬਾਂ ਨੇ ਹੀਰ ਨੂੰ ਆਖਿਆ।

- ਮੈਂ ਚਮੜੀ ਦਾ ਇੱਕ ਟੁਕੜਾ ਛਿਲਣ ਲੱਗੀ ਹਾਂ। ਖ਼ੁਰਦਬੀਨ ਦੀ ਅੱਖ ਥੱਲੇ ਪੜਤਾਲ ਕਰੀਏ। ਕਤਲ ਦੀ ਹਾਲੇ ਸਬੂਤ ਨਹੀਂ। ਹਾਲੇ ਤਾਂ ਹਾਦਸਾ ਹੀ ਲੱਗਦਾ। ਇਹ ਲੈ। ਨਾਲੇ ਤੁਹਾਡੇ ਸਲਾਮਤੀ ਕੈਮਰਿਆਂ ਨੇ ਜਰੂਰ ਲੈਬ ਦੀ ਰਿਕਾਰਡਿੰਗ ਕੀਤੀ ਹੋਵੇਗੀ? ਸਾਰੀਆਂ ਡਿਸਕਾਂ ਜਿਸ ਉਸ ਰਾਤ ਭਰੀਆਂ, ਮੈਂ ਵੇੱਖਣੀਆਂ-

- ਅੱਛਾ-

- ਸਾਹਿਬਾਂ ਮੇਰੀ ਗੱਲ ਗਲਤ ਪਾਸੇ ਨਾ ਲਈ, ਪਰ ਇਸ ਥਾਂ’ਚ ਰਹਿਕੇ ਬੰਦਾ ਪਾਗਲ ਹੋ ਸੱਕਦਾ, ਹੈ ਨਾ?-

- ਹਾਂ। ਸਾਡੇ ਬਿਆਨ ਤੈਨੂੰ ਅਜੀਬ ਲੱਗਦੇ ਹੋਣਗੇ? ਮੇਰਾ ਖਿਆਲ ਹੈ ਕਿ ਜਦ ਇਨਸਾਨ ਇਸ ਤਰ੍ਹਾਂ ਸਮੁੰਦਰ ਦੇ ਥੱਲੇ ਬੇਸ’ਚ ਰਹਿੰਦਾ, (ਓਹ ਵੀ ਬਹੁਤ ਘੱਟ ਜਨਤਾ ਨਾਲ) ਬੰਦਾ ਉਈਂ ਪਾਗਲ ਹੋ ਜਾਂਦਾ। ਨਾਲੇ ਸਾਡੇ ਸੀਸਾਂ ਉੱਪਰ ਸਾਰੇ ਸਮੁੰਦਰ ਦਾ ਭਾਰ ਵੀ ਹੈ। ਲੋਕ ਨੂੰ ਛਾਇਆ ਪੈ ਜਾਂਦੀ ਹੈ। ਕਹਿਣ ਦਾ ਮਤਲਬ ਚਿੱਤ ਵਿੱਚ ਗਲਤ ਵਿਚਾਰ ਬਹਿ ਜਾਂਦਾ। ਕਈਆਂ ਨੂੰ ਇੱਕ ਦਮ। ਕਈਆਂ ਨੂੰ ਚਿਰ ਬਾਅਦ-।

- ਅੱਖਾਂ ਦਾ ਧੋਖਾ, ਵਹਿਮ? ਇੱਕ ਦਮ?- ਹੀਰ ਨੂੰ ਚੈਨ ਆਗਿਆ, ਕਿ ਕੀ ਪਤਾ ਇਸ ਕਰਕੇ ਉਸਨੂੰ ਚੂੱਚਕ ਜੀਉਂਦਾ ਜਾਪਦਾ ਹੈ।

- ਆਹੋ। ਇੱਥੇ ਅਸੀਂ ਕੱਲੇ ਹਾਂ। ਤਾਂ ਹੀ ਰਾਂਝੇ ਨੂੰ ਉਸਦੀ ਵਹੁਟੀ ਚੇਤੇ ਆਈ ਜਾਂਦੀ ਹੈ। ਤਾਂ ਹੀ ਮਿਰਜ਼ਾ ਕਾਲੇ ਪਾਣੀ ਨੂੰ ਜੀਉਂਦਾ ਜੀਵ ਸਮਝਦਾ-।

-‘ਤੇ ਤਾਂ ਹੀ ਲੂਣਾ ਨੂੰ ਲੱਗਦਾ ਕਿ ਰਾਂਝੇ ਨੇ ਮਾਰਿਆ? ਡਿਸਕਾਂ ਨੇ ਸਭ ਦੇਖਾ ਦੇਣਾ। ਰਾਂਝਾ ਹਮੇਸ਼ਾ ਅਪਣੀ ਵਹੁਟੀ ਬਾਰੇ ਸੋੱਚਦਾ; ਕੀ ਤਲਾਕ ਹੋਗਿਆ? ਮਿਰਜ਼ਾ ਦੱਸਦਾ ਸੀ ਕਿ ਜੁਦਾ ਹੋ ਗਏ-।

-ਹਾਂ ਤਲਾਕ। ਰਾਂਝੇ ਦੇ ਦੋ ਮੁੰਡੇ ਹਨ। ਮਾਂ ਨਾਲ ਗਏ-।

- ਪਰ ਰਾਂਝਾ ਤਾਂ ਜਿੱਦਾਂ ਪਤਨੀ ਬਾਰੇ ਬੋਲਦਾ, ਮੈਂ ਸੋਚਿਆ ਬਹੁਤ ਪ੍ਰੇਮ ਕਰਦਾ?-

- ਆਹੋ। ਕਿਹਾ ਨਾ ਕਿ ਬੇਸ’ਚ ਆਦਮੀ ਇਕੱਲਾ ਹੋ ਜਾਂਦਾ? ਬੱਸ। ਪਰ ਸੱਚ ਹੈ ਕਿ ਘਰਵਾਲੀ ਦਾ ਹੋਰ ਕਿਸੇ ਨਾਲ ਸਿਲਸਲਾ ਹੋਇਆ-।

- ਅੱਛਾ! ਫੜ ਹੋ ਗਈ-

- ਹੋਰ! ਤਾਂ ਤਾ ਤਲਾਕ ਹੋਇਆ। ਵਿਚਾਰਾ ਤਾਂ ਹਾਲੇ ਵੀ ਤੀਵੀ ਨੂੰ ਪਿਆਰ ਕਰਦਾ-।

- ਫਿਰ ਲੂਣਾ ਦੀ ਸ਼ੱਕ ਗਲਤ ਹੈ-।

- ਸ਼ਾਇਦ-।

- ਅੱਛਾ, ਤੂੰ ਹੁਣ ਕਾਲੇ ਪਾਣੀ ਦਾ ਪਤਾ ਕਰ। ਮੈਂ ਵਿਡੀਓ ਵੇੱਖ ਦੀ ਹੈ-

- ਤੇਰੇ ਕਮਰੇ ਭੇਜ ਦੇਵਾਗੀ-

- ਨਹੀਂ। ਮੈਨੂੰ ਕੋਂਟਰੋਲ-ਰੂਮ’ਚ ਭੇਜ ਦੀ। ਉੱਥੇ ਮੈਂ ਦੇੱਖ ਲਾਵਾਗੀ-।

- ਠੀਕ ਏ-।

* * * * *

ਹੀਰ ਦਾ ਚਿਤ ਨਹੀਂ ਕਰਦਾ ਸੀ ਅਪਣੇ ਕਮਰੇ ਵਾਪਸ ਜਾਣ ਨੂੰ। ਕੀ ਪਤਾ ਚੂੱਚਕ ਸਿਰਫ਼ ਮਨ ਵਿੱਚ ਹੀ ਸੀ? ਕੀ ਪਤਾ ਹੀਰ ਉਲਟੇ ਰਾਹ ਪੈ ਗਈ? ਕੀ ਪਤਾ। ਇਸ ਲਈ ਕੋਨਟਰੋਲ-ਰੂਮ’ਚ ਟੀ ਵੀ ਸਾਹਮਣੇ ਬਹਿ ਗਈ ਸੀ। ਡੂੰਘੇ ਸਮੁੰਦਰ ਦੇ ਹੇਠਾ ਕੋਈ ਸਿਗਨਲ ਨਹੀਂ ਸੀ ਸਾਫ਼ ਆ ਸੱਕਦਾ। ਉੱਪਰ ਵਾਪਸ ਜਾਕੇ ਸਰਕਾਰ ਨਾਲ ਗੱਲ ਕਰਨੀ ਪਵੇਗੀ। ਉੱਪਰ ਜਾਕੇ ਆਮ ਟੀ ਵੀ ਚੈਂਨਲ ਦੇੱਖਣੇ ਪੈਣੇ ਸੀ। ਦਰ ਖੁਲ੍ਹਿਆ।

ਇੱਕ ਕਲਦਾਰ ਅੰਦਰ ਆਇਆ। ਲੰਬਾ ਕੱਦ ਦਾ ਸੀ। ਚਾਂਦੀ ਰੰਗ ਦਾ ਸੀ। ਪਹਿਲਾ ਤਾਂ ਹੀਰ ਵੇੱਖ ਕੇ ਹੈਰਾਨ ਹੋ ਗਈ। ਫਿਰ ਸੋੱਚਿਆ – ਇਸ ਵਿੱਚ ਕੀ ਅਜੀਬ ਹੈ? ਰਣਜੀਤਪੁਰ ਤਾਂ ਕਲਦਾਰਾਂ ਨਾਲ ਭਰਿਆ ਪਿਆ ਸੀ-। ਕਲਦਾਰ ਨੇ ਹੀਰ ਨੂੰ ਡਿਸਕ ਦੇ ਦਿੱਤੇ। ਕਲਦਾਰ ਦੀ ਛਾਤੀ ਉੱਤੇ ਕੋਈ ਨੰਬਰ ਵਾਲਾ ਬਿੱਲਾ ਲਾਇਆ ਨਹੀਂ ਸੀ। ਇਸ ਤੋਂ ਹੀਰ ਨੇ ਸਿੱਟਾ ਕੱਢਿਆ, ਕਿ ਕਲਦਾਰ ਸਰਕਾਰ ਦਾ ਨਹੀਂ ਸੀ।

- ਕਿਸ ਦਾ ਏ?- ਹੀਰ ਨੇ ਗਿੱਟਿਆਂ ਵਿੱਚ ਮਾਰਿਆ।

- ਜੀ, ਮੈਂ ਮਿਰਜ਼ਾ ਸਾਹਿਬ ਦਾ ਹਾਂ-।

- ਅੱਛਾ। ਤੂੰ ਜਾ ਸੱਕਦਾ-। ਮਸ਼ੀਨੀ ਮਾਨਵ ਚੱਲੇ ਗਿਆ।

ਹੀਰ ਨੇ ਡਿਸਕ ਵਿਡੀਓ’ਚ ਪਾ ਦਿੱਤਾ। ਰਾਂਝੇ ਦੇ ਲੈਬ ਵਿੱਚ ਅੰਦਰ ਆਉਣ ਤੋਂ ਪਹਿਲੀ ਸੀਨ ਚੁਣੀ। ਫਿਰ ਚੱਲਾ ਦਿੱਤੀ। ਜੋ ਹੀਰ ਨੇ ਵੇੱਖਿਆ, ਦੇੱਖ ਕੇ ਹੈਰਾਨ ਹੋ ਗਈ। ਕਿਸੇ ਨੇ ਡਿਸਕ ਦੇੱਖਿਆ ਹੋਵੇਗਾ? ਲੱਗਦਾ ਕਿਸੇ ਨੇ ਡੈਟੇ ਨਾਲ ਛੇੜਖਾਨੀ ਕੀਤੀ ਸੀ। ਕਿਉਂ? ਕਿਉਂਕਿ ਫਿਲਮ ਦੇ ਹਿਸਾਬ ਨਾਲ ਕੈਦੋ ਖ਼ੁਰਦਬੀਨ ਨਾਲ ਕਾਲਾ ਪਾਣੀ ਦਾ ਨਮੂਨਾ ਨੂੰ ਘੋਖ ਕਰ ਰਿਹਾ ਸੀ, ਜਦ ਇੱਕ ਹੋਰ ਕੈਦੋ ਅੰਦਰ ਆਗਿਆ। ਦੋਨੋਂ ਝਗੜਾ ਕਰਨ ਲੱਗ ਪਏ। ਫਿਰ ਇੱਕ ਨੇ ਖਿੱਝ ਵਿੱਚ ਦੂਜੇ ਦੇ ਸਿਰ’ਤੇ ਖ਼ੁਦਰਬੀਨ ਮਾਰਿਆ। ਓਹ ਉਸ ਹੀ ਵਕਤ ਭੁੰਜੇ ਡਿੱਗ ਪਿਆ। ਕਾਲਾ ਪਾਣੀ ਉਹਦੇ ਉੱਪਰ ਡੁਲ੍ਹ ਗਿਆ। ਫਿਰ ਖਲੋਇਆ ਹੋਇਆ ਕੈਦੋ ਬਾਹਰ ਤੁਰ ਪਿਆ। ਇਸ ਤੋਂ ਬਾਅਦ ਕਾਲਾ ਪਾਣੀ ਕੋਈ ਨਾਗ ਵਾਂਗ ਕੈਦੋ ਦੇ ਉੱਪਰ ਇਧਰ ਉਧਰ ਹਿੱਲੇ। ਹਾਰਕੇ ਲਾਸ਼ ਉੱਤੇ ਚੁੰਬੜ ਕੇ ਜੰਮ ਗਿਆ। ਫਿਰ ਰਾਂਝਾ ਅੰਦਰ ਆਇਆ।

ਹੀਰ ਨੂੰ ਤਾਂ ਇਹ ਗੱਲ ਚੂੱਚਕ ਤੋਂ ਵੀ ਅਜੀਬ ਲੱਗੀ। ਫਿਲਮ ਨੂੰ ਮੁੜ ਲਪੇਟ ਕੇ ਬਾਰ ਬਾਰ ਦੇੱਖਿਆ। ਫਿਰ ਅੰਤ’ਤੇ ਜ਼ੰਜੀਰ, ਕਹਿਣ ਦਾ ਮਤਲਬ ਹੋਰਾਂ ਨਾਲ ਬੋਲਣ ਵਾਲੀ ਚੀਜ਼ ਨੂੰ ਦਬ ਕੇ ਸਾਹਿਬਾਂ ਨੂੰ ਬਲਾਇਆ।

- ਹਾਂ। ਮੈਂ ਆਉਂਦੀ ਆਂ। ਹਾਲੇ ਮੈਂ ਕਾਲੇ ਪਾਣੀ ਵਾਰੇ ਪੂਰੀ ਗੱਲ ਨਹੀਂ ਸਮਝਦੀ। ਮੈਂ ਕੈਦੋ ਦੋ ਨੋਟਾਂ ਨੂੰ ਪੜ੍ਹ ਰਹੀ ਹਾਂ। ਨਾਲੇ ਮਿਰਜ਼ੇ ਦਾ ਸਿਧਾਂਤ-।

- ਅੱਛਾ। ਪਰ ਤੂੰ ਇੱਕ ਦਮ ਆ। ਸੱਚ ਕਿੰਨ੍ਹਾਂ ਨੇ ਇਸ ਡਿਸਕ ਨੂੰ ਦੇੱਖਿਆ?-

- ਸਿਰਫ਼ ਮਿਰਜਾ ਨੇ-

- ਮੈਨੂੰ ਤਾਂ ਇਸ ਵਾਰੇ ਉਨ੍ਹੇ ਕੁਝ ਨਹੀਂ ਕਿਹਾ। ਓਹਨੂੰ ਵੀ ਨਾਲ ਲੈ ਕੇ ਆਂਈਂ-

- ਠੀਕ ਏ-।

* * * * *

ਰਾਂਝੇ ਨੇ ਮੀਚੀਆਂ ਅੱਖਾਂ ਖੋਲੀਆਂ।ਧੜਕਣ ਨੇ ਛਾਲ ਮਾਰੀ। ਕਿਉਂ? ਕਿਉਂਕਿ ਉਸਦੇ ਸਾਹਮਣੇ ਅਣਹੋਣੀ ਗੱਲ ਸੀ। ਓਹ ਭੱਦਰ ਪੁਰਸ਼ ਜੋ ਬਾਥਰੂਮ’ਚ ਖੜ੍ਹਾ ਸੀ, ਸ਼ੀਸ਼ੇ ਦੇ ਅੱਗੇ। ਅਪਣੇ ਰੂਪ ਦਾ ਪਰਛਾਵਾਂ ਸ਼ੀਸ਼ੇ ਵਿੱਚ ਦੇਖਦਾ ਸੀ। ਇੱਕ ਹੋਰ ਰੂਪ ਸੀ, ਲੈਲਾ ਦਾ। ਹੁਣ ਤਾਂ ਜੁਦਾ ਹੋ ਗਏ; ਤਲਾਕ ਵੀ ਹੋਗਿਆ ਸੀ।ਘਰ ਵਾਲੀ ਨੇ ਤਾਂ ਰਾਂਝੇ ਨੂੰ ਛੱਡ ਦਿੱਤਾ ਸੀ। ਪਰ ਉਸਦੀ ਵਹੁਟੀ ਦਾ ਚਿਹਰਾ, ਓਹਦੇ ਵੱਲ ਸ਼ੀਸ਼ੇ’ਚੋਂ ਵਾਪਸ ਝਾਕਦਾ ਸੀ! ਹੋ ਨਹੀਂ ਸੱਕਦਾ! ਓਹ ਤਾਂ ਧਰਤੀ’ਤੇ ਹੈ, ਮੇਰੇ ਲਾਲਾਂ, ਮੇਰੇ ਮੁੰਡਿਆਂ ਨਾਲ! ਰਾਂਝੇ ਨੇ ਫਿਰ ਅੱਖਾਂ ਮੀਚ ਲਈਆਂ। ਹੁਣ ਜਦ ਖੋਲ੍ਹੇਗਾ, ਸਿਰਫ਼ ਰਾਂਝਾ ਹੀ ਵਾਪਸ ਝਾਕਦਾ ਹੋਵੇਗਾ। ਫਿਰ ਵੀ ਨੈਣ ਤਾਂ ਹੋਰ ਹੀ ਗੱਲ ਕਹਿੰਦੇ ਸਨ। ਲੈਲਾ ਹਾਲੇ ਵੀ ਸ਼ੀਸ਼ੇ ਵਿਚ ਖਲੋਤੀ ਸੀ! ਕੀ ਮੈਂ ਪਾਗਲ ਹੋ ਗਿਆ ਹਾਂ?

* * * * *

- ਸਾਨੂੰ ਕਿਉਂ ਨਹੀਂ ਦੱਸਿਆ?- ਸਾਹਿਬਾਂ ਨੇ ਮਿਰਜ਼ੇ ਨੂੰ ਆਖਿਆ। ਹੀਰ, ਮਿਰਜ਼ਾ ਅਤੇ ਸਾਹਿਬਾਂ ਕਲਦਾਰ ਨਾਲ ਕੰਟਰੋਲ -ਰੂਮ’ਚ ਖੜ੍ਹੇ ਸਨ। ਹੀਰ ਨੇ ਵਿਡੀਓ ਦੂਜਿਆਂ ਨੂੰ ਚੱਲਾ ਕੇ ਦਿੱਖਾ ਦਿੱਤਾ ਸੀ। ਸਾਹਿਬਾਂ ਤਾਂ ਹੈਰਾਨ ਹੋ ਗਈ ਸੀ। ਹੈਰਾਨ ਅਤੇ ਲਾਜੁਆਬ। ਪਰ ਮਿਰਜ਼ਾ ਨਹੀਂ, ਉਹ ਅਵਾਕ ਸੀ।

- ਕਿਉਂ ਕਿ ਤੁਸੀਂ ਸਭ ਨੇ ਇਸ ਤਰ੍ਹਾਂ ਹੀ ਕਰਨਾ ਸੀ।ਜਵਾਬੀ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਸਭ ਨੇ ਡਰ ਜਾਣਾ ਸੀ। ਇੱਕ ਪਾਸੇ ਜੇ ਮੈਂ ਦਿੱਖਾ ਵੀ ਦਿੱਤਾ ਸੀ, ਲੂਣਾ ਨੇ ਰਾਂਝੇ ਦਾ ਪਿੱਛਾ ਛੱਡ ਦੇਣਾ ਸੀ, ਦੂਜੇ ਪਾਸੇ ਇਸ ਓਪਰੀ ਗੱਲ ਕਿਸਦੇ ਪੱਲੇ ਪੈਣੀ ਸੀ?- ਮਿਰਜ਼ੇ ਨੇ ੳਤੱਰ ਦਿੱਤਾ।

- ਸਾਨੂੰ ਸਮਝਾ- ਹੀਰ ਨੇ ਤਲਬ ਕੀਤੀ।

- ਮੇਰਾ ਖਿਆਲ ਹਾਲੇ ਵੀ ਹੈ ਕਿ ਕਾਲਾ ਪਾਣੀ ਜੀਉਂਦਾ ਚੇਤਨ ਹੈ। ਤੂੰ ਆਪ ਹੀ ਦੇੱਖਿਆ ਕਿਵੇਂ ਕੈਦੋ ਦੇ ਉਪਰ ਹਿਲਦਾ ਸੀ-।

- ਮੈਂ ਦੋ ਕੈਦੋ ਵੇੱਖੇ। ਇਹ ਸਮਝਾ-

- ਕੈਦੋ ਦਾ ਇਕ ਭਰਾ ਹੈ। ਐਣ ਡਿਟੋ ਕੋਪੀ – ਮਿਰਜ਼ੇ ਨੇ ਦੋਨੋਂ ਨੂੰ ਖ਼ਬਰ ਦਿੱਤੀ।

- ਆਹੋ। ਪਰ ਓਹ ਤਾਂ ਉਪਰ ਭਾਰਤ’ਚ ਹੈ। ਸਾਡੇ ਬੇਸ ਨਹੀਂ। ਕੋਈ ਨਹੀਂ ਅੰਦਰ ਆ ਸੱਕਦਾ ਜ਼ੀ-ਪੰਜ ਤੋਂ ਬਿੰਨਾ। ਓਨ੍ਹੇ ਸਾਨੂੰ ਦੱਸ ਦੇਣਾ ਸੀ- ਸਾਹਿਬਾਂ ਨੇ ਖਿੱਝ ਕੇ ਕਿਹਾ।

- ਤੁਹਾਨੂੰ ਇੱਕ ਵੇਰਵਾ ਨਹੀਂ ਦਿੱਸਿਆ ਹੋਣਾ? ਜਿਹੜਾ ਕੈਦੋ ਖ਼ਰਦਬੀਨ’ਚ ਕਾਲੇ ਪਾਣੀ ਦੀ ਜਾਂਚ ਕਰ ਰਿਹਾ, ਉਸਨੇ ਚਿੱਟਾ ਲੈਬ ਕੌਟ ਨਹੀਂ ਪਾਇਆ ਹੋਇਆ। ਪਰ ਜਿਹੜਾ ਅੰਦਰ ਆਇਆ, ਉਸਨੇ ਚਿੱਟਾ ਲੈਬ ਕੌਟ ਪਾਇਆ ਸੀ – ਮਿਰਜ਼ੇ ਨੇ ਮੁਸਕਾਨ ਨਾਲ ਉਚਾਰਿਆ।

- ਹਾਂ! ਲਾਸ਼ ਵਾਲੇ ਕੈਦੋ ਕੋਲ ਲੈਬ ਕੌਟ ਨਹੀਂ ਹੈ!- ਹੀਰ ਨੇ ਜੋਸ਼ ਨਾਲ ਕਿਹਾ, - ਫਿਰ ਅਸਲੀ ਕੈਦੋ ਮਰਿਆ, ਕਿ ਨਕਲੀ? ਅਸਲੀ ਕੈਦੋ ਇਸ ਵੇਲੇ ਕਿੱਥੇ ਹੈ? ਦੋ ਕਿਵੇਂ ਹੋ ਸੱਕਦੇ? ਕੀ ਪਤਾ ਭਰਾ ਇੱਥੇ ਆਇਆ ਸੀ, ਜਾਂ ਇੱਥੇ ਹੋਵੇ?- ਹੀਰ ਨੂੰ ਪਤਾ ਸੀ ਕਿ ਚੂੱਚਕ ਦੀ ਡਿਟੋ ਕਾਪੀ ਉਸਦੇ ਕਮਰੇ’ਚ ਸੀ; ਜਿਸ ਕ੍ਰਿਸ਼ਮੇ ਨੇ ਚੂੱਚਕ ਦੀ ਹਕੀਕਤ ਬਣਾਈ, ਉਸ ਚੀਜ਼ ਨੇ ਕੈਦੋ ਦੀ ਵੀ ਕਾਪੀ ਬਣਾਈ ਹੋਵੇਗੀ? ਇਹ ਗੱਲ ਦੂਜਿਆਂ ਦੇ ਸਾਹਮਣੇ ਨਹੀਂ ਖੋਲ੍ਹਣੀ ਚਾਹੀਦੀ। ਹਾਲੇ ਨਹੀਂ, ਪਹਿਲਾ ਦੇੱਖੀਏ ਸਭ ਕਿਉਂ ਹੁੰਦਾ ਹੈ।

- ਇਹ ਸਭ ਤਰਕਹੀਣ ਹੈ- ਸਾਹਿਬਾਂ ਤਾਂ ਅੱਕ ਗਈ ਸੀ, - ਮੈਂ ਪਾਣੀ ਦੀ ਪਰਖ ਕੀਤੀ ਸੀ। ਉਸਦਾ ਨਤੀਜਾ ਚੈਕ ਕਰਨ ਲੱਗੀ ਏ-। ਇਹ ਕਹਿ ਕੇ ਚੱਲੀ ਗਈ। ਮਿਰਜ਼ੇ ਨੇ ਅਪਣੇ ਕਲਦਾਰ ਤੋਂ ਸਾਰਾ ਬੇਸ ਸੱਕੈਨ ਕਰਾਇਆ। ਇਨਸਾਨਾਂ ਲਈ। ਹੀਰ ਸਣੇ ਪੰਜ ਹੀ ਹੋਣੇ ਚਾਹੀਦੇ ਸੀ। ਪਰ ਸੱਕੈਨ ਨੇ ਪਹਿਲਾ ਅੱਠਾਂ ਦੀ ਤਸਦੀਕ ਕੀਤੀ। ਫਿਰ ਦਸ ਹੋਰਾਂ ਦੀ । ਦੋਨੋਂ ਹੀਰ ਅਤੇ ਮਿਰਜ਼ਾ ਹੈਰਾਨ ਹੋ ਗਏ।

* * * * *

ਲੂਣਾ ਆਪਣੇ ਕਮਰੇ ਵਿੱਚ ਕੰਮ ਕਰਦੀ ਸੀ। ਓਹਦਾ ਚਿੱਤ ਨਹੀਂ ਕੀਤਾ ਬਾਹਰ ਜਾਣ ਨੂੰ, ਕਿਉਂਕਿ ਉਸਨੂੰ ਪਤਾ ਸੀ ਕਿ ਰਾਂਝੇ ਨੂੰ ਸੂਹ ਲਗ ਗਈ ਸੀ ਕਿ ਓਹਨੇ ਪੁਲੀਸ ਵਾਲੀ ਕੋਲ ਰਾਂਝੇ ਉੱਤੇ ਇਲਜ਼ਾਮ ਲਾਇਆ ਸੀ। ਇੰਨ੍ਹੀ ਪੱਕੀ ਸੀ ਕਿ ਰਾਂਝਾ ਹੀ ਦੋਸ਼ੀ ਹੈ, ਕਿ ਕਾਤਲ ਦੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ। ਮਿਰਜ਼ੇ ਨੇ ਚੋਰੀ ਚੋਰੀ ਲੂਣਾ ਨੂੰ ਦੱਸਿਆ ਸੀ, ਕਿ ਵਿਡੀਓ ਉੱਤੇ ਕੁਝ ਅਜੀਬ ਭਰਿਆ ਸੀ। ਮਿਰਜ਼ੇ ਨੇ ਲੂਣਾ ਨੂੰ ਫਿਲਮ ਨਹੀਂ ਦੇੱਖਾਈ। ਇਸ ਵਜ੍ਹਾ ਕਰਕੇ ਲੂਣਾ ਮੰਨ ਗਈ ਸੀ, ਕਿ ਮਿਰਜ਼ੇ ਦੇ ਦੋਸਤ, ਰਾਂਝੇ ਨੂੰ ਕੈਦੋ ਦਾ ਕਤਲ ਕਰਦਾ ਡਿਸਕ ਵੇੱਖਾਉਂਦਾ ਸੀ।

ਹੀਰ ਨੂੰ ਕੈਦੋ ਦੀ ਲਾਸ਼ ਦੀ ਜਾਂਚ ਕਰਨ ਦੇਹ। ਵਿਡੀਓ ਦੇੱਖਣ ਦੇਹ। ਫਿਰ ਲੂਣਾ ਦੀ ਸ਼ੱਕ ਪੱਕੀ ਹੋਜੂਗੀ। ਹੀਰ ਨੇ ਰਾਂਝੇ ਨੂੰ ਗ੍ਰਿਫ਼ਤਾਰ ਕਰਕੇ ਧਰਤੀ’ਤੇ ਲੈ ਜਾਣਾ। ਫਿਰ ਲੂਣਾ ਦੂਜਿਆਂ ਨਾਲ ਸ਼ਾਮਲ ਹੋਜੂਗੀ। ਇਸ ਔਕੜ ਵਿੱਚ ਲੂਣਾ ਕਮਰੇ ਵਿੱਚ ਹੀ ਰਹੀ।

- ਪੁੱਤਰ ਮੈਤੋਂ ਕਰਜ਼ਾ ਨਹੀਂ ਚੁੱਕ ਹੁੰਦਾ-। ਇਸ ਆਵਾਜ਼ ਨੂੰ ਸੁਣਕੇ, ਲੂਣਾ, ਜਿੱਥੇ ਖੜ੍ਹੀ ਖਲੋਈ, ਥਾਂ ਜੰਮ ਗਈ। ਹੋ ਨਹੀਂ ਸੱਕਦਾ! – ਪੁੱਤਰ ਗੱਲ ਤਾਂ ਕਰ-।

ਲੂਣਾ ਹੌਲੀ ਹੌਲੀ ਘੁੰਮੀ। ਸਾਹਮਣੇ ਅਣਹੋਣੀ ਦਸ਼ਾ ਸੀ। ਹੋ ਨੱਹੀ ਸੱਕਦਾ! ਅੱਖਾਂ ਝੂੱਠ ਦੇਖਾਉਂਦੀਆਂ, ਅਤੇ ਕੰਨ ਝੂੱਠ ਸੁਣਦੇ ਸਨ। ਲੂਣਾ ਦੇ ਮੂਹਰੇ ਉਸਦਾ ਪਿਤਾ ਖੜੋਤਾ ਸੀ। ਸਿਰ ਉੱਤੇ ਪੱਗੜੀ ਲਪੇਟੀ ਸੀ। ਖੇਤ ਮਜਦੂਰ ਵਾਲੇ ਕਪੜੇ ਪਾਏ ਸੀ।

- ਸਲਾਹ ਤਾਂ ਦੇਹ-

- ਨਈ! ਤੁਸੀਂ ਤਾਂ ਮਰ ਗਏ! ਹੋ ਨਹੀਂ ਸੱਕਦਾ। ਇੱਥੇ ਕਿਵੇਂ ਹੋ?-

- ਕਿੱਥੇ ਪੁੱਤ? ਮੈਂ ਤਾਂ ਹਾਲੇ ਜੀਉਂਦਾ ਹਾਂ। ਪਰ ਇਸ ਕਰਜ਼ੇ ਨੇ ਤਾਂ ਸਾਨੂੰ ਮਾਰ ਦੇਣਾ!-

- ਤੁਹਾਨੂੰ ਕੀ ਲਗਦਾ ਅਸੀਂ ਕਿੱਥੇ ਹਾਂ?-

- ਘਰ ਪੁੱਤਰ। ਹੋਰ ਕਿੱਥੇ? ਉਂਝ ਮੈਨੂੰ ਇਸ ਕਮਰੇ ਦੀ ਪਛਾਣ ਨਹੀਂ ਹੈ-

- ਆਪਾਂ ਤਾਂ ਪੰਜਾਬ ਨਹੀਂ ਹਾਂ! ਅਸੀਂ ਤਾਂ ਸੁਮੰਦਰ ਦੇ ਹੇਠ ਇੱਕ ਸਰਕਾਰੀ ਬੇਸ’ਚ ਐ!- ਲੂਣਾ ਦੀਆਂ ਅੱਖਾਂ ਭਰ ਗਈਆਂ। ਪਿਤਾ ਜੀ ਹੋ ਨਹੀਂ ਸੱਕਦਾ। ਪਿਤਾ ਜੀ ਨੇ ਤਾਂ ਬਾਰਾਂ ਸਾਲ ਪਹਿਲਾ ਆਤਮ ਹੱਤਿਆ ਕਰ ਲਈ ਸੀ। ਆਪਣੇ ਆਪ ਝੋਨੇ ਦੇ ਗੁਦਾਮ ਵਿਚ ਸ਼ਤੀਰੀ ਨਾਲ ਰੱਸੀ ਬੰਨ ਕੇ ਫਾਹਾ ਲੈ ਲਿਆ ਸੀ। ਬਾਲਵਾੜੀ ਚਲੀ ਨਹੀਂ। ਕਰਜ਼ਾ ਬਹੁਤ ਚੁੱਕ ਲਿਆ ਸੀ। ਸਿਰਫ਼ ਧੀ ਸੀ, ਓਹ ਵੀ ਵਿਆਹੁਣ ਵਾਲੀ। ਜਿੱਥੇ ਪਿਤਾ ਜੀ ਦਾ ਖੇਤ ਹੁੰਦਾ ਸੀ, ਹੁਣ ਤਾਂ ਮਾਲ ਬਣਾ ਦਿੱਤਾ ਸੀ। ਸਾਰੀ ਜਗ੍ਹਾ ਛੱਤ ਦਿੱਤੀ ਸੀ। ਜੋ ਹੁਣ ਲੂਣਾ ਦੀ ਨਜ਼ਰ ਸਾਹਮਣੇ ਸੀ, ਇਕ ਝੂਠ ਸੀ।ਨਜ਼ਰ ਦਾ ਧੋਖਾ ਸੀ। ਕਲਪਨਾ ਦਾ ਜਾਦੂ ਸੀ। ਲੂਣਾ ਨੇ ਇੱਕ ਦੰਮ ਆਵਾਜਾਈ-ਜੰਤਰ ਨੂੰ ਦਬ ਦਿੱਤਾ। ਦੂਜੇ ਪਾਸੋ ਸਾਹਿਬਾਂ ਦੀ ਆਵਾਜ਼ ਆਈ।

- ਹਾਂ ਵੀ ਲੂਣਾ। ਅੱਜ ਤੂੰ ਕਮਰੇ’ਚੋਂ ਨਿਕਲ ਕੇ ਸਾਡੇ ਨਾਲ ਕੰਮ ਵੀ ਕਰਨਾ ਹੈ?-

- ਸਾਹਿਬਾਂ! ਜਲਦੀ ਆਓ! ਕਮਰੇ’ਚ ਭੂਤ ਹੈ! ਕੋਈ ਰਾਖਸ਼ ਹੈ!-

- ਸ਼ਾਂਤ ਹੋ! ਸੋਹਣੀਏ! ਭੂਤ ਤਾਂ ਹੁੰਦੇ ਨ੍ਹੀਂ-

- ਫਿਰ ਮੇਰੇ ਬਾਪੂ ਦੇ ਰੂਪ’ਚ ਕੋਣ ਮੇਰੇ ਅੱਗੇ ਖੜ੍ਹਾ?- ਆਵਾਜਾਈ-ਜੰਤਰ ਇੱਕ ਪਲ ਲਈ ਚੁੱਪ ਚਾਪ ਹੋਗਿਆ। ਫਿਰ ਸਾਹਿਬਾਂ ਨੇ ਕਿਹਾ – ਅੱਛਾ ਤੂੰ ਇੱਥੇ ਹੀ ਰਹਿ। ਅਸੀਂ ਆਉਂਦੇ ਹਾਂ-।

- ਤੂੰ ਕੀ ਕਰਦੀ ਏ ਧੀਏ?- ਘਬਰਾਉਂਦੇ ਬਾਪ ਨੇ ਸਭ ਸੁਣਕੇ ਆਖਿਆ।

- ਮੈਤੋਂ ਪਰੇ ਰਹਿ ਦੈਂਤ! ਤੂੰ ਮੇਰਾ ਪਿਉ ਨਹੀਂ ਹੋ ਸਕਦਾ ਹੈ!- ਮੈਂ ਆਪਣੇ ਬਾਬਲ ਨੂੰ ਬਹੁਤ ਪਿਆਰ ਕਰਦੀ ਹਾਂ।

* * * * *

ਮਿਰਜ਼ੇ ਦੇ ਕਲਦਾਰ ਕੋਲ ਛਾਤੀ’ਚ ਇੱਕ ਸੱਕੈਂਰ ਸੀ। ਉਸਦੀ ਮਦਦ ਨਾਲ ਅੱਠਾਰਾਂ ਜੀਉਂਦੇ ਜਿਸਮਾਂ ਨੂੰ ਟੋਲ ਸੱਕਦਾ ਸੀ। ਹੀਰ ਅਤੇ ਮਿਰਜ਼ੇ ਨੂੰ ਪਤਾ ਸੀ ਕਿ ਸਿਰਫ਼ ਪੰਜ ਹੋਣੇ ਚਾਹੀਦੇ ਸੀ। ਹੀਰ, ਰਾਂਝਾ, ਮਿਰਜ਼ਾ, ਸਾਹਿਬਾਂ ਅਤੇ ਲੂਣਾ। ਮਨ ਵਿੱਚ ਹੀਰ ਨੂੰ ਸ਼ੱਕ ਸੀ ਕਿ ਸੱਕੈਂਰ ਨੇ ਚੂੱਚਕ ਦਾ ਸਿਗਨਲ ਵੀ ਚੱਕ ਲਿਆ ਸੀ। ਹੋ ਸੱਕਦਾ ਇੱਕ ਦੂਜਾ ਕੈਦੋ ਸੀ। ਪਰ ਅਸੀਂ ਤਾਂ ਸੱਤ ਹੀ ਹਾਂ। ਹੋਰ ਸਾਰੇ ਕੌਣ ਹਨ? ਹੀਰ ਅਤੇ ਮਿਰਜ਼ਾ ਕਲਦਾਰ ਦੇ ਮਗਰ ਗਏ।

ਕਲਦਾਰ ਨੂੰ ਮਿਰਜ਼ਾ “ ਬੁੱਲ੍ਹਾ” ਸਦੀ ਗਿਆ। ਇਨਸਾਨਾਂ ਵਾਂਗ ਨਾ ਦਿੱਤਾ ਸੀ। ਸਿਰ ਦਾ ਮੂਹਰਲਾ ਪਾਸਾ ਕੱਚ ਦਾ ਬਣਾਇਆ ਸੀ। ਇਸ ਲਈ ਅੰਦਰ ਦਿਮਾਗ਼ ਵਰਗਾ ਕੰਪਿਊਟਰ ਦਿੱਸਦਾ ਸੀ। ਮੁਖ ਦੇ ਗੱਭੇ ਇੱਕ ਕੈਮਰਾ ਲੇਂਜ਼ ਸੀ। ਇਹ ਬੁੱਲ੍ਹਾ ਦਾ ਨੈਣ ਸੀ। ਕੰਧਾਂ ਦੇ ਵਿੱਚੋਂ ਵੀ ਦੇੱਖ ਸੱਕਦਾ ਸੀ। ਇੱਦਾਂ ਲਾਂਘਾ’ਚੋਂ ਲੰਘਕੇ ਉਸ ਥਾਂ ਪਾਉਂਚੇ, ਜਿੱਥੇ ਦਸ ਗਰਮ ਬਦਨਾਂ ਦਾ ਸਿਗਨਲ ਆ ਰਿਹਾ ਸੀ।

- ਇੱਕ ਹੋਰ ਜਿਸਮ ਹੁਣ ਹੈ!- ਮਿਰਜ਼ਾ ਨੇ ਸੱਕੈਂਰ’ਤੇ ਲੂਣਾ ਦੇ ਕਮਰੇ ਵਿੱਚ ਇੱਕ ਦਮ ਨਵਾਂ ਸਿਗਨਲ ਤਾੜ ਲਿਆ।

ਬੁੱਲ੍ਹਾ ਰੁਕ ਗਿਆ। ਇੱਕ ਫੱਟੀ ਵੱਲ ਉਂਗਲੀ ਵੱਧਾਈ। ਮਿਰਜ਼ੇ ਨੇ ਫੱਟੀ ਪੈਰਾਂ ਨਾਲ ਮਾਰ ਮਾਰਕੇ ਤੋੜ ਦਿੱਤੀ। ਜਦ ਦੂਜਾ ਪਾਸਾ ਵੇੱਖਿਆ, ਹੀਰ ਦਾ ਸਾਹ ਸਾਹ ਵਿੱਚ ਆਗਿਆ। ਨਿੱਕੀ ਜਹੀ ਕੋਠੜੀ ਸੀ। ਵਿੱਚ ਦਸ ਜੀਉਂਦੇ ਬੰਦੇ ਸਨ। ਪਰ ਅਜੀਬ ਜਿਹੇ ਬੰਦੇ ਸਨ। ਬਹੁਤ ਅਜੀਬ। ਕਿਉਂਕਿ ਦਸ ਮਰਦ ਕੈਦੋ ਸਨ। ਐਨ ਡਿਟੋ ਕਾਪੀ! ਮਿਰਜ਼ਾ ਤਾਂ ਚੀਕਣ ਲੱਗ ਪਿਆ। ਸਪੀਕਰ’ਚੋਂ ਸਾਹਿਬਾਂ ਦੀ ਆਵਾਜ਼ ਆਈ।

- ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-।

* * * * *

ਰਾਂਝੇ ਨੇ ਲੈਲਾ ਦੀਆਂ ਗੱਲ੍ਹਾਂ ਛੋਹੀਆਂ। ਉਸਦਾ ਨੱਕ। ਅੱਖਾਂ, ਬੁੱਲ੍ਹਾਂ ਅਤੇ ਠੋਡੀ। ਸੱਚ ਮੁੱਚ ਉਸਦੀ ਪਿਆਰੀ ਸਜਣੀ ਸੀ। ਉਸਦੀ ਹੀਰ। ਇੱਸ ਆਖਰੀ ਸੋਚ ਨੇ ਉਸਦਾ ਧਿਆਨ ਗੁਪਤਚਰ ਹੀਰ ਵੱਲ ਲੈ ਗਈ। ਮਨ ਕਹਿੰਦਾ ਸੀ ਕਿ ਇਸ ਹੀਰ ਲਈ ਕੁਝ ਜਜ਼ਬਾਤ ਸਨ। ਕੁਝ ਹਮਦਰਦੀ ਵੀ। ਇਸ ਸੋਚ ਦਾ ਨਤੀਜੇ ਨੇ ਸੁਆਲ ਪੈਦਾ ਕੀਤਾ। ਹੀਰ ਤਾਂ ਬੇਸ’ਚ ਸੀਗੀ। ਪਰ ਲੈਲਾ ਹੋ ਨਹੀਂ ਸੱਕਦੀ। ਕਲਪਨਾ ਹੋਵੇਗੀ। ਪਰ ਲੈਲਾ ਨੂੰ ਬਹੁਤ ਚਾਹੁੰਦਾ ਸੀ। ਉਸ ਨੋ ਨਾਲ ਲਾ ਲਿਆ। ਘੁੱਟਕੇ ਫੜ ਲਿਆ।

- ਤੁਸੀਂ ਗੁੱਸੇ ਤਾਂ ਨਹੀਂ ਹੋ?- ਲੈਲਾ ਨੇ ਸਵਾਲ ਆਖਿਆ।

- ਨਾ। ਕਿਉਂ? ਤੂੰ ਮਸਾ ਮੇਰੇ ਕੋਲ ਵਾਪਸ ਆਈ। ਹੁਣ ਨਹੀਂ ਤੈਨੂੰ ਛੱਡਣਾ। ਹੁਣ ਨਹੀਂ ਤੈਨੂੰ ਜਾਣ ਦੇਣਾ-

- ਕੀ ਮੈਂ ਕਿੱਥੇ ਗਈ ਸੀ?-

- ਆਹੋ। ਪਰ ਇਹ ਗੱਲਾਂ ਛੱਡ ਰਾਣੀਏ-। ਉੱਤਰ ਦੇਣ ਵਿੱਚ ਲੈਲਾ ਪਰੇ ਹੋ ਗਈ। ਉਸਨੂੰ ਕੁਝ ਯਾਦ ਆਗਿਆ ਸੀ। ਉਸ ਹੀ ਵਕਤ ਫਿਕਰ ਵਿੱਚ ਰਾਂਝਾ ਤਲਾਕ ਵਾਰੇ ਸੋੱਚਦਾ ਸੀ। ਕਿਉਂ ਸੰਬੰਧ ਖਤਮ ਕੀਤਾ? ਸਿਲਸਲਾ ਵਾਰੇ ਵੀ ਸੋੱਚਦਾ ਸੀ। ਲੈਲਾ ਨੇ ਅਰੁਚੀ ਲਾਈ; ਜਿੱਦਾਂ ਰਾਂਝੇ ਦੀਆਂ ਸੋਚਾਂ ਪੜ੍ਹ ਸੱਕਦੀ ਸੀ। ਜਿੱਦਾਂ ਰਾਂਝੇ ਦੀ ਯਾਦਾਸ਼ਤ ਨੇ ਉਸਨੂੰ ਡਰਾ ਦਿੱਤਾ ਸੀ। ਨਹੀਂ, ਸਮਾ ਯਾਦਾਸ਼ਤ ਨੇ ਪਹਿਲੀ ਵਾਰੀ ਲੈਲਾ ਨੂੰ ਦਿੱਖਾਇਆ ਕਿ ਕੀ ਹੋਇਆ ਸੀ। ਕਿ ਜਿੰਨਾ ਮਰਜ਼ੀ ਰਾਂਝਾ ਉਸਨੂੰ ਪਿਆਰ ਕਰਦਾ ਸੀ, ਦਿੱਲ ਵਿੱਚ ਕੋਈ ਡੂੰਘੇ ਥਾਂ ਸਿਲਸਲਾ ਕਰਕੇ ਨਫ਼ਰਤ ਵੀ ਕਰਦਾ ਸੀ। ਕਿ ਲੈਲਾ ਦੋਸ਼ੀ ਸੀ। ਇਹ ਸਭ ਰਾਂਝੇ ਨੂੰ ਵੀ ਮਹਿਸੂਸ ਹੋਇਆ। ਪਰ ਅਸਲੀ ਪਤਨੀ ਨੂੰ ਤਾਂ ਸਭ ਪਤਾ ਸੀ। ਇਹ ਕੀ ਚੱਕਰ ਸੀ?

- ਤੂੰ ਭੂਤ ਹੈ। ਸੱਚ ਨਹੀਂ ਹੈ। ਪਰ ਮੈਂ ਬਹੁਤ ਚਾਹੁੰਦਾ ਹੈ ਤੂੰ ਸੱਚ ਹੋਵੇ। ਮੇਰੇ ਮਨ ਦੇ ਕੋਈ ਖੂੰਜੇ ਤੋਂ ਤੂੰ ਆਈ ਹੈ। ਚਾਹਤ ਦਾ ਪ੍ਰਛਾਵਾਂ ਹੋ-।

ਪਿਆਰ ਦੇ ਥਾਂ ਲੈਲਾ ਹੋਰ ਹੀ ਪਾਸੇ ਚੱਲੀ ਗਈ। ਇੱਕ ਦਮ ਰਾਂਝੇ ਦੇ ਮਨ ਵਿੱਚ ਉਸਦੇ ਵੱਡੇ ਤੋਂ ਵੱਡੇ ਫਿਕਰ ਖੁਲੇ। ਹੁਣ ਜਹਿਰ ਨਾਲ ਵਾਪਸ ਮਾਰਦੀ ਸੀ। ਰਾਂਝੇ ਦੀ ਜਾਨ ਨਹੀਂ ਸੀ, ਪਰ ਕੋਈ ਨਾਗਣ।

- ਤੂੰ ਕਿੱਥੇ ਸੱਚਾ ਪਿਆਰ ਮੈਨੂੰ ਕਰਦਾ ਸੀ? ਕਿੱਥੋਂ? ਆਪਣਾ ਹੀ ਸੋੱਚਿਆ ਹੈ। ਮੇਰੀਆਂ ਲੋੜਾਂ ਦਾ ਸੋਚਿਆ? ਨਹੀਂ! ਕਦੇ ਵੀ ਨਹੀਂ! ਸਭ ਕੁਝ ਮੈਂ ਹੀ ਕਰਦੀ ਸੀ! ਮੈਨੂੰ ਤਾਂ ਘਰ ਦਾ ਘੋਰਾ ਬਣਾਕੇ ਰੱਖਿਆ ਸੀ! ਨਿਕੰਮਾ ਵਰ ਹੈ! ਤਾਂ ਹੀ ਨਿਆਣਿਆਂ ਨੂੰ ਲੈ ਗਈ ਸੀ। ਹਾਂ, ਮੈਂ ਹੋਰ ਕਿਸੇ ਨਾਲ ਹਮਬਿਸਤਰਾ ਕੀਤਾ। ਕਿਉਂ ਨਹੀਂ? ਤੂੰ ਤਾਂ ਹਮੇਸ਼ਾ ਆਪਣੇ ਕੰਮ’ਚ ਬਿੱਜ਼ੀ ਸੀ। ਤੇਰਾ ਤਾਂ ਪਿਆਰ ਬੇਕਾਰ ਹੈ। ਤੂੰ ਕਿੱਥੇ ਸੱਚਾ ਸੁੱਚਾ ਹੈਂ! ਸਾਫ਼ ਮੈਨੂੰ ਪਤਾ ਤੇਰੀ ਅੱਖ ਤਾਂ ਉਸ ਹੀਰ ਉੱਤੇ ਹੈ। ਮੈਂ ਤਾਂ ਕਦੀ ਨਹੀਂ ਵਾਪਸ ਤੇਰੇ ਕੋਲੇ ਆਉਣਾ!-।

ਰਾਂਝੇ ਨੂੰ ਇਨ੍ਹਾਂ ਗੁੱਸਾ ਚੜ ਗਿਆ ਕਿ ਬਿਨਾ ਸੋੱਚੇ ਉਨ੍ਹੇ ਲੈਲਾ ਦੇ ਚਪੇੜ ਮਾਰ ਦਿੱਤੀ। ਕੰਧ’ਚੋਂ ਸਾਹਿਬਾਂ ਦੀ ਆਵਾਜ਼ ਆਈ। ਕਹਿਣ ਦਾ ਮਤਲਬ ਸਪੀਕਰ ਵਿੱਚੋਂ। - ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-। ਲੈਲਾ ਬਾਥਰੂਮ’ਚੋਂ ਬਾਹਰ ਨੱਸ ਪਈ। ਰਾਂਝਾ ਸੋੱਚਣ ਲੱਗ ਪਿਆ। ਕੀ ਮੈਂ ਐਮੀ ਲੈਲਾ ਦੀਆਂ ਸੋਚਾਂ’ਚ ਗੁਮਿਆ ਫਿਰਦਾਂ? ਓਹ ਤਾਂ ਮੈਨੂੰ ਛੱਡ ਗਈ। ਹੁਣ ਪਿਆਰ ਕਿੱਥੇ ਰਿਹਾ। ਇੱਕ ਪਹੀਏ ਨਾਲ ਗੱਡੀ ਨਹੀਂ ਚੱਲਦੀ। ਨਾਲੇ ਮੇਰੀ ਅੱਖ ਸੱਚ ਮੁੱਚ ਹੀਰ’ਤੇ ਹੁਣ ਲੜ ਗਈ? ਸਾਹਿਬਾਂ ਨੇ ਇੱਕ ਹੋਰ ਵਾਰੀ ਮਦਦ ਲਈ ਆਖਿਆ। ਰਾਂਝੇ ਨੂੰ ਪਤਾ ਸੀ ਕਿ ਲੂਣਾ ਉਸਨੂੰ ਦੋਸ਼ੀ ਸਮਝ ਦੀ ਸੀ। ਫਿਰ ਵੀ ਉਸਦਾ ਕੰਮ ਸੀ ਮਦਦ ਕਰਨਾ। ਲੂਣਾ ਦੇ ਕਮਰੇ ਜਾਣ ਵਾਲਾ ਰਾਹ ਫੜ ਲਿਆ।

* * * * *

ਹੀਰ ਅਤੇ ਮਿਰਜ਼ੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਕਰਨ। ਦਸ ਕੈਦੋ ਸਨ। ਇਸ ਦਾ ਕੀ ਕਰਨ? ਮਿਰਜ਼ਾ ਗੋਡੇ ਭਾਰ ਡਿੱਗ ਕੇ ਬਾਰ ਬਾਰ ਕਹਿ ਰਿਹਾ ਸੀ – ਰੱਬਾ ਕੀ ਹੋ ਰਿਹਾ? ਖੁਦਾ ਇਹ ਕੀ ਹੋ ਰਿਹਾ?-। ਹੀਰ ਕੱਟੜ ਨਹੀਂ ਸੀ, ਪਰ ਵਿਵੇਕੀ ਸੀ।

- ਕਿਹੜਾ ਅਸਲੀ ਕੈਦੋ ਹੈ?- ਹੱਥ ਕਿਸੇ ਨੇ ਉਪਰ ਨਹੀਂ ਕੀਤਾ। ਹੀਰ ਨੇ ਹੋਰ ਚਾਲ ਵਰਤੀ – ਕੌਣ ਕੈਦੋ ਦਾ ਵੀਰ ਹੈ?- ਸਾਰਿਆਂ ਨੇ ਹੱਥ ਉਪਰ ਕਰ ਲਏ । - ਅੱਛਾ, ਕੈਦੋ ਨੂੰ ਕਿਹਨੇ ਮਾਰਿਆ? ਤੇ ਕਿਉਂ?- ਕੋਈ ਹੱਥ ਉਪਰ ਨਹੀਂ ਗਿਆ। - ਕਿਹਨ੍ਹੇ ਕੈਦੋ ਦੇ ਭਰਾ ਨੂੰ ਮਾਰਿਆ?- ਸਾਰੇ ਹੱਥ ਉਪਰ ਗਏ। ਫਿਰ ਹੀਰ ਨੂੰ ਚੂੱਚਕ ਦਾ ਦਿੱਟੋ ਯਾਦ ਆਇਆ। ਓਹ ਕਿੱਥੇ ਮੇਰਾ ਸੱਚ ਮੁੱਚ ਦਾ ਪੁੱਤਰ ਹੈ। ਮੈਂ ਤਾਂ ਰਾਤੀ ਕਿਸੇ ਭੂਤ ਨਾਲ ਗੱਲ ਕਰਦੀ ਸੀ। ਇਹ ਵੀ ਇੱਦਾਂ ਦੇ ਹਨ। ਕੀ ਪਤਾ ਕਾਲੇ ਪਾਣੀ ਵਾਰੇ ਮਿਰਜ਼ਾ ਸਹੀ ਹੈ? ਕੀ ਪਤਾ ਹੋਰ ਕੁਝ ਇਸ ਡੂੰਘੇ ਥਾਂ ਵਿੱਚ ਸਾਡੇ ਖਿਆਲਾਂ’ਚੋਂ, ਸਾਡੇ ਪਿਆਰਿਆਂ ਦੇ ਸਾਰ ਨੂੰ ਕਢਕੇ ਅਸਲੀਅਤ ਬਣਾਉਂਦਾ ਹੈ? ਇਹ ਸੰਭਵ ਹੋ ਸੱਕਦਾ?- ਕਿਉਂ ਭਰਾ ਮਾਰਿਆ?-।

ਦਸ ਆਵਾਜ਼ਾਂ ਇੱਕ ਹੀ ਵਾਰੀ, ਇੱਕ ਹੀ ਸੁਰ ਵਿੱਚ, ਬੋਲੀਆਂ। ਦਸਾਂ ਨੇ ਇੱਕ ਹੀ ਗੱਲ ਕਹੀ ਸੀ।

- ਕਿਉਂਕਿ ਉਸਨੂੰ ਨਸੀਹਤ ਦਿੱਤੀ ਸੀ ਕਿ ਡੁਪਲੀਕੇਟ ਬਣਕੇ ਰੋਜ ਨਾ ਆ। ਆਈ ਗਿਆ-।

- ਕਿਉਂ ਆਈ ਗਿਆ?-

- ਸਨੇਹਾ ਦੇਣ। ਸਮਝਣ। ਕਿਉਂ ਸਾਡੇ ਬਦਨ ਉੱਤੇ ਡੱਬ ਪਾਉਂਦੇ ਹੋ? ਕਿਉਂ ਸਾਡੇ ਸਰੀਰ’ਤੇ ਤਜਰਬਾ ਕਰਦੇ ਹੋ?-।

ਮਿਰਜ਼ੇ ਤੋਂ ਤਾਂ ਜੋ ਸਾਹਮਣੇ ਸੀ, ਝੱਲ ਨਹੀਂ ਹੋਇਆ। ਅਪਣੇ ਮਨ ਵਿੱਚ ਕਹਿਣ ਲੱਗ ਗਿਆ – ਸਭ ਗਾਇਬ ਹੋ ਜੋ!- ਫਿਰ ਉੱਚੀ ਦੇਣੇ ਇਸ ਇੱਛਾ ਨੂੰ ਆਵਾਜ਼ ਦੇ ਦਿੱਤੀ। ਹੀਰ ਇੱਕ ਹੋਰ ਸਵਾਲ ਆਖਣ ਹੀ ਲੱਗੀ ਸੀ, ਜਦ ਸੱਚ ਮੁੱਚ ਸਭ ਗਾਇਬ ਹੀ ਹੋ ਗਏ। ਹੀਰ ਨੇ ਇਸ ਜਾਦੂ ਨੂੰ ਵੇੱਖਕੇ ਸੋਚਿਆ – ਸਾਡੀਆਂ ਸੋਚਾਂ ਨੂੰ ਕੁਝ ਚੀਜ਼ ਸਚਾਈ ਬਣਾਉਂਦੀ ਹੈ-। ਹੀਰ ਨੂੰ ਭਾਵ ਆਗਿਆ, ਬਸ ਆ ਹੀ ਗੱਲ ਕੈਦੋ ਨੂੰ ਵੀ ਹੋਈ ਹੋਵੇਗੀ। ਹੁਣ ਦੂਜਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਮਿਰਜ਼ੇ ਵੱਲ ਤੱਕਿਆ। ਓਹ ਤਾਂ ਥੱਲੇ ਫਰਸ਼ ਉੱਤੇ ਕੰਬ ਕੇ ਲਗਾਤਾਰ ਅੱਲਾ ਦਾ ਨਾ ਲੈਂਦਾ ਸੀ। ਅੱਖਾਂ ਮੀਚੀਆਂ ਸਨ। ਬੁੱਲ੍ਹੇ ਨੂੰ ਹੀਰ ਨੇ ਹੁਕਮ ਦਿੱਤਾ ਮਿਰਜ਼ੇ ਦੀ ਰਾਖੀ ਕਰੇ। ਆਪ ਲੂਣਾ ਦੇ ਕਮਰੇ ਵੱਲ ਤੁਰ ਪਈ।

ਬੁੱਲ੍ਹਾ ਚੁੱਪ ਚਾਪ ਹੋਕੇ ਅਪਣੇ ਮਾਲਿਕ ਵੱਲ ਦੇੱਖੀ ਗਿਆ। ਕੋਰਾਨ ਦੇ ਲਫਜ਼ ਹੁਣ ਮਿਰਜ਼ਾ ਬੋਲਦਾ ਸੀ। ਅਪਣੇ ਗੋਡੇ ਛਾਤੀ ਨਾਲ ਲਾ ਕੇ ਅੰਗੂਠਾ ਮੂੰਹ ਵਿੱਚ ਪਾ ਲਿਆ। ਇਹ ਸਭ ਬੁੱਲ੍ਹੇ ਨੂੰ ਦਿਸਦਾ ਸੀ। ਪਰ ਜੋ ਸੋਚਾਂ ਮਿਰਜ਼ਾ ਦੇ ਦਿਮਾਗ ਦੇ ਅੰਦਰ ਚੱਲ ਦੀਆਂ ਸਨ, ਬੁੱਲ੍ਹਾ ਨਹੀਂ ਦੇੱਖ ਸੱਕਦਾ ਸੀ। ਕਲਦਾਰ ਲਈ ਮਿਰਜ਼ੇ ਦਾ ਸੀਸ ਬੰਦ ਕਮਰਾ ਸੀ। ਮਿਰਜ਼ੇ ਦੀ ਰੂਹ’ਚ ਕਿਸ ਚੀਜ਼ ਨੇ ਹਮਲਾ ਕੀਤਾ ਸੀ? ਕਿਸ ਚੀਜ਼ ਨੇ ਸੋਚਾਂ ਵਿੱਚ ਚੜ੍ਹਾਈ ਕਰ ਲਈ ਸੀ?

ਮਿਰਜ਼ੇ ਦੇ ਮਨ ਦੀਆਂ ਅੱਖਾਂ ਨੂੰ ਸਿਰਫ਼ ਸਾਗਰ ਨਜ਼ਰ ਆਉਂਦਾ ਸੀ। ਕੇਵਲ ਸਮੁੰਦਰ। ਪਰ ਡੂੰਘਾ ਸਮੁੰਦਰ ਨਹੀਂ ਸੀ, ਕਿਉਂਕਿ ਪਾਣੀ ਫਿਕਾ ਸੀ। ਜੇ ਡੂੰਘਾ ਸਮੁੰਦਰ ਸੀ ਫਿਰ ਇਹ ਫਿਕਾ ਰੰਗ ਕੋਈ ਰੋਸਨੀ ਦੇ ਵਜ੍ਹਾ ਹੋ ਸੱਕਦਾ ਹੈ। ਪਰ ਚਾਨਣ ਕਿਥੌਂ ਆਉਂਦਾ ਸੀ? ਫਿਰ ਮਿਰਜ਼ੇ ਨੂੰ ਦੋ ਲੰਮੀਆਂ ਸਫ਼ੈਦ ਲਾਠਾਂ ਦਿੱਸੀਆਂ। ਉਨ੍ਹਾਂ ਦੇ ਉਪਰ ਚਾਰ ਬੁੱਤ ਸਨ ਉੱਤਰ ਵੱਲ, ਪੂਰਬ ਵੱਲ, ਪੱਛਮ ਵੱਲ, ਦੱਖਣ ਵੱਲ। ਬੁੱਤ ਗਡਾਲਫਿਨਾਂ ਦੇ ਸਨ। ਕੋਈ ਸ਼ਹਿਰ ਦਾ; ਸੁਮੰਦਰੀ ਸ਼ਹਿਰ ਦਾ ਦਰ ਸੀ। ਪਿੱਛੇ ਮੱਛੀਆਂ ਦਾ ਝੁੰਡ ਤਰੇ। ਪਰ ਥੰਮ੍ਹ ਦੇ ਸਾਹਮਣੇ ਬਹੁਤ ਦੇੱਖਣ ’ਚ ਡਰਾਉਣੀ ਚੀਜ਼ ਸੀ। ਹਰੇ ਰੰਗ ਦਾ ਬੰਦਾ ਸੀ। ਪਰ ਆਦਮੀ ਨਹੀਂ ਸੀ। ਸਿਰ ਉੱਤੇ ਲੋਹੇ ਦਾ ਟੋਪ ਪਾਇਆ ਸੀ, ਜਿਸ ਦੇ ਪਾਸੇ ਖੰਭਾਂ ਵਾਂਗ ਕੰਨ ਸਨ। ਖੰਭਾ ਵਾਂਗ ਨਹੀਂ ਪਰ ਮੱਛੀ ਦੀ ਖੰਭੜੀ ਵਰਗੇ। ਅੱਖਾਂ ਵਿੱਚ ਪੁਤਲੀਆਂ ਨਹੀਂ ਸਨ। ਸਿਰਫ਼ ਪੀਲੇ ਪੀਲੇ ਲੋਇਣ। ਮੁਖ ਇਨਸਾਨਾਂ ਦੇ ਰੂਪ ਵਰਗਾ ਸੀ। ਸੂਰਮੇ ਵਾਂਗ ਤਕੜਾ ਸੀ। ਛਾਤੀ ਚੌੜੀ, ਢਿੱਡ ਦੇ ਪੱਠੇ ਇੱਟਾਂ ਵਾਂਗ। ਪਰ ਲਕ ਦੇ ਹੇਠ ਇਨਸਾਨਾਂ ਵਰਗਾ ਨਹੀਂ ਸੀ। ਲੱਤਾਂ ਦੇ ਥਾਂ ਚਾਰ ਟੋਹ ਸਿੰਗੀਆਂ ਸਨ। ਐਣ ਤੰਦੂਆ ਵਾਂਗ। ਪਰ ਦੇੱਖਣ’ਚ ਤਾਂ ਕੋਈ ਨਾਗ ਦੀਆਂ ਪੂਛਾਂ ਸਨ। ਸੱਜੇ ਹੱਥ ਵਿੱਚ ਤ੍ਰਿਸ਼ੂਲ ਸੀ। ਮਿਰਜ਼ੇ ਨਾਲ ਬੋਲਿਆ ਨਹੀਂ। ਪੀਲ਼ੇ ਨੈਣ ਮਿਰਜ਼ੇ ਦੀ ਜਾਨ ਵਿੱਚ ਗਡ ਕੇ ਤੱਕ ਦੇ ਸਨ। ਫਿਰ ਸਮੁੰਦਰੀ-ਮਾਨਵ ਦਾ ਮੂੰਹ ਖੁਲ੍ਹਾ। ਆਵਾਜ਼ ਨਹੀਂ ਬਾਹਰ ਆਈ। ਸਿਰਫ਼ ਲੰਬੀ ਲਕੀਰ- ਕਾਲੇ ਪਾਣੀ ਦੀ। ਮਿਰਜ਼ੇ ਦੇ ਮੂੰਹ’ਚੋਂ ਲੰਬੀ ਚੀਕ ਨਿਕਲੀ, ਜੋ ਸਾਰੇ ਬੇਸ ਵਿੱਚ ਗੂੰਜੀ। ਮਿਰਜ਼ੇ ਨੂੰ ਲੱਗੇ ਕਿ ਰੱਬ ਤੋਂ ਇਸ਼ਾਰਾ ਸੀ। ਬੇਸ ਛੱਡਣ ਦਾ।

* * * * *

ਲੂਣਾ ਨੇ ਬੂਹਾ ਖੋਲ੍ਹ ਦਿੱਤਾ। ਪਹਿਲਾ ਰਾਂਝਾ ਪਾਉਂਚਿਆ, ਫਿਰ ਹੀਰ। ਹਾਰਕੇ ਸਾਹਿਬਾਂ ਅੰਦਰ ਆ ਗਈ ਸੀ। ਤਿੰਨੋਂ ਹੀ ਖਾਮੋਸ਼ੀ’ਚ ਖਲੋਏ। ਓਨ੍ਹਾਂ ਦੀਆਂ ਅੱਖਾਂ ਅੱਗੇ ਜ਼ੰਜੀਰ ਤੋਂ ਲਟਕਦਾ, ਲੂਣਾ ਦਾ ਬਾਪ। ਅਲੋਪ ਹੋਗਿਆ ਸੀ।

- ਤਾਂ ਹੀ ਸੱਕੈਂਰ’ਤੇ 18 ਜਿਸਮ ਸਨ-। ਹੀਰ ਨੇ ਖਾਮੋਸ਼ੀ ਤੋੜੀ।

- ਕੀ? ਮੈਂ ਸਮਝੀ ਨਹੀਂ?- ਸਾਹਿਬਾਂ ਨੇ ਉਲਝੀ ਆਵਾਜ਼ ਵਿੱਚ ਕਿਹਾ।

- ਦਸ ਜੌੜੇ ਕੈਦੋ ਦੇ, ਜਾਂ ਉਸਦੇ ਭਰਾ ਲੱਭੇ ਕੰਧ ਪਿੱਛੇ। ਹੁਣ ਏ ਕੌਣ ਹੈ?- ਹੀਰ ਨੇ ਉੱਤਰ ਵਿੱਚ ਪੁੱਛਿਆ।

- ਮੇਰੇ ਪਿਤਾ ਜੀ- ਕੰਬਦੀ, ਲੂਣਾ ਨੇ ਹੀਰ ਨੁੰ ਉੱਤਰ ਦਿੱਤਾ।

- ਮੇਰੀ ਵਹੁਟੀ ਹੁਣੇ ਮੇਰੇ ਕੋਲ ਸੀ- ਰਾਂਝੇ ਨੇ ਪ੍ਰਗਟ ਕੀਤਾ।

- ਇਹ ਸਭ ਤਰਕਹੀਣ ਹੈ। ਹੋ ਨਹੀਂ ਸੱਕਦਾ- ਸਾਹਿਬਾਂ ਅੱਕ ਗਈ ਸੀ

- ਸੱਚ ਹੈ ਸਾਹਿਬਾਂ! ਸੱਚ!- ਗੁਸੇ’ਚ ਰਾਂਝਾ ਬੋਲਿਆ।

ਪਹਿਲਾ ਤਾਂ ਹੀਰ ਚੁੱਪ ਰਹੀ। ਲੂਣਾ ਨੂੰ ਸਹਾਰਾ ਦੇਣ ਲਈ ਜੱਫੀ ਪਾਈ। ਫਿਰ ਫੈਸਲਾ ਕਰ ਲਿਆ ਅਪਣੇ ਰਾਜ਼ ਨੂੰ ਸਭ ਦੇ ਸਾਹਮਣੇ ਖੌਲਣ ਦਾ। - ਮੇਰੇ ਕਮਰੇ ਵਿੱਚ ਵੀ ਇੱਕ ਅਣਹੋਣੀ ਹੈ। ਮੇਰਾ ਪੁੱਤ। ਓਹ ਪੁੱਤ, ਜਿਸਨੂੰ ਰੱਬ ਨੇ ਮੈਤੋਂ ਖੋਹ ਲਿਆ ਸੀ-।

- ਸਾਨੁੰ ਕਿਉਂ ਨਹੀਂ ਦੱਸਿਆ? – ਸਾਹਿਬਾਂ ਨੇ ਆਖਿਆ।

- ਕਿਉਂ ਤਰਕਸ਼ੀਲ ਚੀਜ਼ ਨਈ ਹੇ। ਤੂੰ ਤਾਂ ਮੈਨੂੰ ਪਾਗਲ ਆਖਣਾ ਸੀ। ਪਾਣੀ ਦੇ ਥੱਲੇ ਦਾਬ ਨਹੀਂ ਸਹਾਰ ਸੱਕਦੀ। ਇਹ ਗੱਲ ਹੋਣੀ ਸੀ ਨਾ? ਤੂੰ ਕਾਲੇ ਪਾਣੀ ਨਾਲ ਕਿੱਥੇ ਪਾਉਂਚੀ ਹੈ, ਪੁੱਛਣਾ ਸੀ-।

- ਆਹੋ-।

- ਮੇਰੇ ਸਾਹਮਣੇ ਮਿਰਜ਼ੇ ਨੇ ਕੈਦੋ ਦੇ ਡੂਪਲੀਕੈਟਾਂ ਨੂੰ ਸੋਚ ਨਾਲ ਮਿਟਾ ਦਿੱਤਾ। ਲੂਣਾ, ਤੇਰਾ ਡੈਡ ਨਹੀਂ ਹੈ। ਜੇ ਆਪਾਂ ਸੋਚੀਏ ਗਾਇਬ ਹੋ, ਮੈਨੂੰ ਲੱਗਦਾ ਸੱਚ ਮੁੱਚ ਗਾਇਬ ਹੋ ਜਾਵੇਗੇ-। ਸਾਰਿਆਂ ਨੇ ਇੱਦਾਂ ਹੀ ਸੋਚਿਆ। ਇੱਕ ਪਲ ਵਿੱਚ ਲੂਣਾ ਦਾ ਪਿਤਾ ਗਾਇਬ ਹੋਗਿਆ। ਜਿੱਥੇ ਲਮਕਦਾ ਸੀ, ਉਸ ਥਾਂ ਹੇਠ ਥੋੜ੍ਹਾ ਜਿਹਾ ਕਾਲਾ ਪਾਣੀ ਡੁਲ੍ਹਿਆ ਸੀ। ਹੀਰ ਨੇ ਲੂਣਾ ਨੂੰ ਕਿਹਾ – ਭੈਣੇ, ਰਾਂਝਾ ਬੇਕਸੂਰ ਹੈ। ਲੱਗਦਾ ਮਿਰਜ਼ੇ ਦਾ ਸਿਧਾਂਤ ਸੱਚ ਹੀ ਸੀ। ਹੈ ਨਾ ਸਾਹਿਬਾਂ?-

- ਹਾਂਜੀ-।

- ਅੱਛਾ, ਤੇਰੀ ਤਫੀਤਸ਼ ਨੇ ਕੀ ਫਰੋਲਿਆ? ਸਾਨੂੰ ਕੀ ਦੱਸ ਸੱਕਦੀ ਹੈ?-

- ਪਹਿਲਾ ਤਾਂ ਮੈਂ ਵੀ ਨਹੀਂ ਮੰਨਦੀ ਸੀ, ਪਰ ਸਾਬੂਤ ਦੱਸਦਾ ਕਿ ਕਾਲਾ ਪਾਣੀ, ਪਾਣੀ ਨਹੀਂ ਹੈ। ਜੀਉਂਦਾ ਹੈ। ਕੋਈ ਸਜੀਵ ਹੈ। ਪਰ ਮੈਨੂੰ ਸਮਝ ਨਹੀਂ ਲੱਗਦੀ ਕੈਦੋ ਨੂੰ ਇਹ ਗੱਲ ਸਪਸ਼ਟ ਕਿਉਂ ਨਹੀਂ ਸੀ-।

- ਕਿਉਂਕਿ ਮੇਰਾ ਖਿਆਲ ਹੈ, ਕਿ ਅਸਲੀ ਕੈਦੋ ਨੇ ਅਪਣੇ ਭਰਾ ਦੇ ਡਿਟੋ ਨੂੰ ਮਾਰਿਆ। ਪਰ ਫਿਰ ਹਰੇਕ ਰਾਤ ਹੋਰ ਆਇਆ। ਹਾਰਕੇ ਡਿਟੋ ਨੇ ਕੈਦੋ ਮਾਰ ਦਿੱਤਾ। ਪਰ ਕੀ ਪਤਾ ਦੋਨੋਂ ਜੌੜੇ ਕਰਕੇ, ਕਾਲਾ ਪਾਣੀ ਖੁਦ ਗੱਡ ਮੱਡ ਹੋਗਿਆ? ਇਸ ਲਈ ਰੋਜ ਡਿਟੋ ਬਣਾਇਆ ਗਿਆ। ਕਿਸੇ ਹੋਰ ਡਿਟੋਆਂ ਨੇ ਮਾਰ ਦਿੱਤੇ, ਕਿਸੇ ਨੂੰ ਉਸ ਫੱਟੀ ਪਿੱਛੇ ਲੁਕੋ ਦਿੱਤਾ। ਤੁਹਾਨੂੰ ਧੋਖਾ ਦੇਣ ਲਈ, ਇੱਕ ਦੋਆਂ ਨੇ ਦਿਖਾਵਾ ਕੀਤਾ ਕਿ ਓਹ ਕੈਦੋ ਹਨ, ਤਾਕਿ ਹਰੇਕ ਰਾਤ ਤਜਰਬਾ ਕਰਦੇ ਗਏ। ਪਰ ਸੱਚ ਮੁੱਚ ਪਾਣੀ ਨੂੰ ਕੁੱਝ ਨਹੀਂ ਸੀ ਕਰਦੇ-।

- ਬਿਲਕੁਲ ਬਕਵਾਸ। ਪੂਰੀ ਮੂਰਖਤਾਈ - ਲੂਣਾ ਨੇ ਕਿਹਾ।

- ਭਾਵੇਂ।ਪਰ ਮੈਨੂੰ ਹੋਰ ਕੋਈ ਵਿਆਖਿਆ ਨਹੀਂ ਸੁੱਝਦੀ-

- ਜੇ ਤੇਰਾ ਸਿਧਾਂਤ ਸਹੀ ਹੈ, ਫਿਰ ਤਾਂ ਹਰੇਕ ਰਾਤ ਵਿਡੀਓ ਵਿੱਚ ਕੁਝ ਨਾ ਕੁਝ ਭਰਿਆ ਹੋਵੇਗਾ। ਸਿਰਫ਼ ਉਸ ਰਾਤ ਰਾਂਝਾ ਪਹੁੰਚ ਗਿਆ ਕਰਕੇ ਸਭ ਨੂੰ ਪਤਾ ਲੱਗ ਗਿਆ – ਸਾਹਿਬਾਂ ਨੇ ਆਪਣਾ ਖਿਆਲ ਦੱਸਿਆ।

- ਸਭ ਬਕਵਾਸ ਹੈ। ਹੋਰ ਕੋਈ ਭਾਵਨੀ ਨਹੀਂ ਹੈ?- ਲੂਣਾ ਨੂੰ ਹਾਲੇ ਵੀ ਪਿਤਾ ਜੀ ਦੇੱਖਣ ਬਾਅਦ ਘਰਬਾਹਟ ਆਉਂਦੀ ਸੀ।

- ਇੱਕ ਹੋਰ ਸਿਧਾਂਤ ਹੈ। ਹੋ ਸੱਕਦਾ ਕਿ ਕਾਲਾ ਪਾਣੀ ਸਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਗਲਤੀ ਨਾਲ ਜੀਉਂਦੀ ਚੀਜ਼ ਨੂੰ ਖਰਾਬ ਕਰ ਰਹੇ ਹਾਂ। ਸਾਡੇ ਨਾਲ ਬੋਲ ਨਹੀਂ ਸੱਕਦਾ। ਖ਼ਬਰ ਦੇਣ ਲਈ ਹੋਰ ਰਾਹ ਲੱਭਿਆ। ਸਾਡੀਆਂ ਸੋਚਾਂ’ਚ ਵੜ ਕੇ ਸਾਨੂੰ ਸਮਝਾਉਣਾ ਚਾਹੁੰਦਾ ਹੈ। ਇਸ ਰਾਹ ਨਾਲ ਸਾਡੀਆਂ ਚਾਹਤਾਂ ਫਰੋਲ਼ਕੇ ਡਿਟੋ ਕਾਪੀਆਂ ਬਣਾਈਆਂ ਜਾਂਦੀਆਂ। ਹੁਣ ਤੱਕ ਸਿਰਫ ਕੈਦੋ ਨਾਲ ਕੀਤਾ। ਹੁਣ ਸਾਰਿਆਂ’ਤੇ ਸ਼ੁਰੂ ਹੋਗਿਆ। ਪਰ ਗ਼ਲਤ ਹੋ ਗਿਆ। ਤਾਂ ਹੀ ਜਦ ਅੱਸੀਂ ਸੋਚਾਂ’ਚੋਂ ਮਿਟਾ ਦੇਂਦੇ ਐ, ਇਹ ਸਭ ਗਾਇਬ ਹੋਈ ਜਾਂਦੇ ਹਨ?-।

- ਜੇ ਇਹ ਸੱਚ ਹੈ, ਫਿਰ ਮਿਰਜ਼ਾ ਸ਼ੁਰੂ ਤੋਂ ਸਾਨੂੰ ਸੂਚਨਾ ਦੇਂਦਾ ਸੀ,’ਤੇ ਅਸੀਂ ਸੁਣੀ ਨਹੀਂ। ਫਿਰ ਐ ਯੋਜਨਾ ਇੱਕ ਦੰਮ ਬੰਦ ਕਰਨੀ ਪਵੇਗੀ- ਸਾਹਿਬਾਂ ਬੋਲੀ।

- ਹਾਂ। ਪਰ ਦੂਜੇ ਪਾਸੇ ਅਸੀਂ ਕੋਈ ਨਵੇਂ ਸਜੀਵ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੂੰ ਦੱਸਣਾ ਪੈਣਾ ਹੈ। ਮੈਂ ਕਹਿੰਦੀ ਹੁਣ ਲਈ ਅਸੀਂ ਸਭ ਬੇਸ’ਚੋਂ ਨਿਕਲ ਚੱਲੀਏ। ਸਰਕਾਰ ਆਪੇ ਸੋਚ ਕੇ ਹੋਰ ਲੋਕ ਭੇਜ ਦੇਵੇਗੀ। ਸਾਰਿਆਂ ਨੂੰ ਅਪਣੇ ਡਿਟੋ ਕਾਪੀਆਂ ਨੂੰ ਟੋਲਕੇ ਸੋਚ ਨਾਲ ਮਿਟਾਉਣਾ ਪਵੇਗੇ-। ਹੀਰ ਨੇ ਆਦੇਸ਼ ਦਿੱਤਾ।

- ਪਰ ਲੈਲਾ ਤਾਂ- ਰਾਂਝੇ ਨੇ ਕਹਿਣਾ ਸ਼ੁਰੂ ਕੀਤਾ। ਫਿਰ ਚੁੱਪ ਹੋਗਿਆ। ਮਨ ਵਿੱਚ ਪਤਾ ਸੀ ਕਿ ਅਸਲੀ ਲੈਲਾ ਨਹੀਂ ਸੀ।

- ਸਾਹਿਬਾਂ ਤੂੰ ਮਿਰਜ਼ੇ ਨੂੰ ਦੱਸ। ਮੈਂ ਅਪਣੇ ਕਮਰੇ ਚੂੱਚਕ ਨੂੰ ਮਿਲਣ ਚੱਲੀ ਹਾਂ। ਰਾਂਝਿਆ ਲੈਲਾ ਨੂੰ ਲੱਭ-। ਇੱਦਾਂ ਕਹਿਕੇ ਹੀਰ ਅਪਣੇ ਕਮਰੇ ਵੱਲ ਤੁਰ ਪਈ।

ਜਦ ਦਰਵਾਜ਼ਾ ਖੋਲ੍ਹਿਆ, ਚੂੱਚਕ ਸੁੱਤਾ ਪਿਆ ਸੀ। ਹੀਰ ਨੇ ਉਸਦੇ ਮਾਸੂਮ ਚਿਹਰੇ ਵੱਲ ਤੱਕਿਆ। ਬੱਚਾ ਸੁੰਦਰ ਸੀ। ਇੱਕ ਦਮ ਓਹ ਦਿਨ ਫਿਰ ਯਾਦ ਆਗਿਆ, ਜਦ ਪੁਰਾਣੇ ਲਧਿਆਣੇ ਦੀ ਨਹਿਰ ਵਿੱਚ ਚੂੱਚਕ ਡੁੱਬ ਗਿਆ ਸੀ। ਆਪਣੇ ਨਿਆਣੇ ਦੀ ਮੌਤ ਕਿਹੜੀ ਮਾਂ ਝੱਲ ਸੱਕਦੀ ਹੈ? ਕੋਈ ਮਾਂ ਝੱਲ ਨਹੀਂ ਸੱਕਦੀ। ਚੂੱਚਕ ਨੂੰ ਦੇੱਖਕੇ ਮਮਤਾ ਹੀਰ ਨੂੰ ਕਹਿੰਦੀ ਸੀ ਕਿ – ਜਾ ਅਪਣੇ ਪੁੱਤਰ ਨੂੰ ਜੱਫੀ ਪਾ। ਕਦੀ ਨਾ ਛੱਡੀ। ਭਾਵੇ ਹੀਰ ਨੂੰ ਹੁਣ ਪੂਰਾ ਪਤਾ ਸੀ ਕਿ ਇਹ ਤਾਂ ਆਭਾਸ ਸੀ, ਨਾ ਕੇ ਉਸਦਾ ਅਸਲੀ ਮੁੰਡਾ; ਚਿੱਤ ਤਾਂ ਫਿਰ ਵੀ ਕਰਦਾ ਸੀ, ਇਸ ਨੂੰ ਘਰ ਵਾਪਸ ਲੈਕੇ ਜਾਣ ਲਈ। ਮੇਰਾ ਪੁੱਤਰ ਵਾਪਸ ਆਗਿਆ। ਪਰ ਹੀਰ ਨੂੰ ਸਚਾਈ ਪਤਾ ਸੀ। ਹੰਝੂ ਚੋਣ ਲੱਗ ਪਏ। ਹੀਰ ਨੇ ਅੱਖਾਂ ਸਾਫ਼ ਕਰਕੇ ਆਪਣੇ ਪਿੱਛੇ ਦਰ ਬੰਦ ਕਰ ਲਿਆ ਅਤੇ ਬੱਤੀ ਜੱਗਾ ਦਿੱਤੀ। ਚੂੱਚਕ ਦੀ ਨੀਂਦ ਖੁੱਲ ਗਈ। ਉਬਾਸੀ ਲੈ ਕੇ ਉੱਠ ਗਿਆ – ਮਾਂ?-।

- ਹਾਂਜੀ ਪੁੱਤ?-। ਹੀਰ ਚੂੱਚਕ ਨਾਲ ਮੰਜੇ ਉੱਤੇ ਬਹਿ ਗਈ।

- ਤੁਸੀਂ ਤਾਂ ਬਹੁਤ ਦੇਰ ਦੇ ਗਏ ਸੀ?-।

- ਹੁਣ ਤਾਂ ਮੈਂ ਵਾਪਸ ਆ ਗਈ ਨਾ? ਆਪਾ ਘਰ ਨਹੀਂ ਹਾਂ, ਤੈਨੂੰ ਪਤਾ ਨਾ?- ਚੂੱਚਕ ਨੇ ਜੁਆਬ ਵਿਚ ਸਿਰ ਹੇਠਾ ਉਪਰ ਕੀਤਾ। ਹੀਰ ਮੁਸਕਰਾਉਂਦੀ ਨੇ ਮੁੰਡੇ ਦੇ ਵਾਲਾ’ਚ ਉਂਗਲੀਆਂ ਫੇਰੀਆਂ।- ਤੈਨੂੰ ਪਤਾ ਅਸੀਂ ਕਿੱਥੇ ਹਾਂ? ਕਿਉਂ ਹਾਂ?-।

- ਤੁਸੀਂ ਮੈਨੂੰ ਦੱਸਿਆ ਸੀ ਕਿ ਅਸੀਂ ਸਮੁੰਦਰ ਦੇ ਥੱਲੇ ਹਾਂ। ਇਹ ਨਹੀਂ ਦੱਸਿਆ ਕਿਉਂ, ਜਾਂ ਕਿਵੇਂ-।

- ਆਹੋ। ਸਮੁੰਦਰ ਦੇ ਹੇਠਾ ਹਾਂ। ਇੱਕ ਸਰਕਾਰ ਦੇ ਸਮੁੰਦਰੀ ਬੇਸ ਵਿੱਚ। ਸਾਨੂੰ ਕੋਈ ਬਾਲਣ ਦਾ ਨਵਾਂ ਸਰੋਤ, ਉਪਾੳ ਟੋਲਣ ਭੇਜਿਆ। ਅਸੀਂ ਸਭ ਵਰਤ ਲਏ। ਇਸ ਕਰਕੇ ਸਾਡੇ ਕੌਮ ਲਈ ਕੋਈ ਬਾਲਣ ਨਹੀਂ ਰਿਹਾ। ਮਜਬੂਰੀ ਵਿੱਚ ਸਾਨੂੰ ਇੱਥੇ ਆਉਣਾ ਪਿਆ, ਨਵੇਂ ਬਾਲਣ ਲੱਭਣ। ਤੂੰ ਮੇਰੀ ਗੱਲ ਸਮਝਦਾ?-। ਚੂੱਚਕ ਦੇ ਚਿਹਰੇ ਤੋਂ ਸਾਫ਼ ਜਾਪਦਾ ਸੀ ਕਿ ਗੱਲ ਪੱਲੇ ਨਹੀਂ ਪਈ। ਹੀਰ ਨੇ ਸੋਚਿਆ ਕਿ ਜੋ ਚੂੱਚਕ ਦੇ ਡੁਪਲੀਕੇਟ ਨੂੰ ਦੱਸਦੀ ਸੀ, ਕੋਈ ਰਾਹ ਨਾਲ ਕਾਲੇ ਪਾਣੀ ਨੂੰ ਵੀ ਸੁਣਦਾ। - ਚੂੱਚਕ ਬੇਟੇ, ਓਨ੍ਹਾਂ ਨੂੰ ਦੱਸ, ਸਾਨੂੰ ਗਲਤੀ ‘ਚ ਲੱਗਿਆ ਕਿ ਤੁਸੀਂ ਤੇਲ ਜਾਂ ਪਾਣੀ ਸੀ, ਨਾਕੇ ਕੋਈ ਜੀਉਂਦੀ ਸਜੀਵ-ਬੁੱਧੀ। ਅਸੀਂ ਹੁਣ ਤੁਹਾਨੂੰ ਛੱਡਕੇ ਵਾਪਸ ਉਪਰ ਚੱਲੇ-।

- ਮਾਂ ਤੁਸੀਂ ਕੀ ਕਹਿੰਦੇ ਹੋ? ਮੈਨੂੰ ਸਮਝ ਨਹੀਂ ਲੱਗੀ – ਮੁਖ ਤੋਂ ਸਾਫ਼ ਦਿੱਸਦਾ ਦੀ ਕਿ ਚੂੱਚਕ ਡਰਦਾ ਸੀ, ਰਲ ਗੱਡ ਹੋਗਿਆ ਸੀ। ਹੀਰ ਨੂੰ ਤਰਸ ਆਗਿਆ। ਪਰ ਫਿਰ ਅਪਣੇ ਆਪ ਨੂੰ ਯਾਦ ਕੀਤਾ ਇਹ ਮੇਰਾ ਨਿਆਣਾ ਨਹੀਂ ਹੈ।

- ਚੂੱਚਕ ਉਨ੍ਹਾਂ ਨੂੰ ਦੱਸ ਅਸੀਂ ਹੁਣ ਚੱਲੇ ਹਾਂ। ਜੇ ਅਸੀਂ ਓਨ੍ਹਾਂ ਨੂੰ ਦੁੱਖ ਦਿੱਤਾ, ਓਨ੍ਹਾਂ ਨੇ ਵੀ ਸਾਡਾ ਬੰਦਾ, ਕੈਦੋ ਮਾਰਿਆ-। ਪਰ ਚੂੱਚਕ ਦੇ ਮੁਖ ਤੋਂ ਸਾਫ਼ ਪਤਾ ਲੱਗਦਾ ਸੀ ਕਿ ਂਉਸਨੂੰ ਸੱਚ ਮੁੱਚ ਹੀਰ ਦੀਆਂ ਗੱਲਾਂ ਨਹੀਂ ਸਮਝ ਲੱਗੀਆਂ। ਹੀਰ ਨੇ ਹੌਕਾ ਭਰਿਆ। ਸੋਚ ਨਾਲ ਚੂੱਚਕ ਨੂੰ ਮਿਟਾ ਸੱਕਦੀ ਸੀ। ਪਰ ਮਮਤਾ ਨੇ ਕਿਹਾ -ਨਹੀਂ। ਇੱਕ ਹੋਰ ਵਾਰੀ ਅਪਣੇ ਪੁੱਤਰ ਨੂੰ ਜੱਫੀ ਪਾਉਣੀ ਚਾਹੁੰਦੀ ਸੀ। ਜੋਰ ਦੇਣੀ ਮੁੰਡੇ ਨੂੰ ਬਾਹਾਂ’ਚ ਘੁੱਟਿਆ। ਫਿਰ ਸਾਹ ਭਰਕੇ, ਥੋੜ੍ਹਾ ਜਾ ਪਰੇ ਹੋ ਗਈ।

- ਤੂੰ ਚੂੱਚਕ ਨਹੀਂ ਹੈ। ਤਾਂ ਹੀ ਤੈਨੂੰ ਕੁਝ ਯਾਦ ਨਹੀਂ। ਤੂੰ ਕਾਲੇ ਪਾਣੀ ਦਾ ਸੋਚ-ਨਿਰੂਪਣ ਹੈ। ਮੇਰਾ ਅਸਲੀ ਪੁੱਤ ਨਹੀਂ ਹੈ-। ਇਸ ਗੱਲ ਨੂੰ ਸੁਣਕੇ ਚੂੱਚਕ ਰੋਣ ਲੱਗ ਪਿਆ। ਹੀਰ ਨੂੰ ਵੀ ਰੋਣਾ ਆਗਿਆ। ਪਰ ਹਿਮੱਤ ਨਾਲ ਗੱਲ ਫਿਰ ਤੋਰ ਲਈ। - ਜਿੰਨ੍ਹਾ ਮੈਂ ਚਾਹੁੰਦੀ ਹਾਂ, ਤੂੰ ਮੇਰਾ ਬੇਟਾ ਹੋ ਨਈ ਸੱਕਦਾ। ਮੈਂ ਏਥੇ ਇਕੱਲੀ ਆਈ ਸੀ। ਮੇਰਾ ਪੁੱਤ ਤਾਂ ਕਈ ਦੇਰ ਪਹਿਲਾ ਲੁਧਿਆਣੇ ਦੀ ਨਦੀ ਵਿੱਚ ਡੁਬ ਗਿਆ ਸੀ। ਤੂੰ ਕਲਪਨਾ ਹੈ। ਕਲਪਨਾ ਨੂੰ ਸਚਾਈ ਬਣਾਈ, ਪਤਾ ਨ੍ਹੀਂ ਕਿਵੇਂ। ਪਹਿਲੀਆਂ ਯਾਦਾਂ ਤੋਂ ਭਾਵੇਂ। ਸੋਰੀ। ਤੂੰ ਅਸਲੀ ਨਹੀਂ ਹੈ-। ਹੀਰ ਨੂੰ ਦਰਦ ਲੱਗਾ ਚੂੱਚਕ ਨੂੰ ਇਵੇਂ ਕਹਿਣ ਤੇ । ਐਪਰ ਕਹਿਣਾ ਪਿਆ। ਜਿੰਨ੍ਹਾ ਮਰਜ਼ੀ ਚੁੱਭਦਾ, ਹੁਣ ਟਾਇਮ ਆਗਿਆ ਸੀ, ਉਸਨੂੰ ਸੋਚ ਨਾਲ ਗਾਇਬ ਕਰਨ ਦਾ। ਆਪਣੇ ਆਪ ਨੂੰ ਹਾਲੇ ਤਕੜੀ ਕਰਨ ਲੱਗੀ ਸੀ, ਜਦ ਰੋਂਦੇ ਚੂੱਚਕ ਨੇ ਛਾਲ ਮਾਰ ਕੇ – ਨਹੀਂ!- ਕਹਿਕੇ ਕਮਰ’ਚੋਂ ਬਾਹਰ ਦੌੜ ਗਿਆ।ਹੀਰ ਉੱਠਕੇ ਮਗਰ ਨੱਠ ਗਈ।

ਲਾਂਘਾ’ਚ ਮੋੜ ਆਇਆ। ਜਦ ਮੋੜ ਨੂੰ ਲੰਘੀ, ਹੀਰ ਨੇ ਦੇੱਖਿਆ ਕਿ ਚੂੱਚਕ ਫੜਿਆ ਸੀ, ਮਿਰਜ਼ੇ ਦੇ ਹੱਥਾਂ’ਚ। ਹੀਰ ਡਰ ਗਈ। ਚੂੱਚਕ ਵੀ ਡਰਦਾ ਸੀ। ਅਪਣੇ ਆਪ ਵਿੱਚ ਨਹੀਂ ਸੀ, ਮਿਰਜ਼ਾ। ਅਪਣੇ ਆਪ ਤੋਂ ਦੂਰ ਚੱਲੇ ਗਿਆ ਸੀ। ਬਹੁਤ ਦੂਰ। ਹੁਣ ਹੀਰ ਦੇ ਅੱਗੇ ਖੜ੍ਹਾ ਖਲੋਇਆ ਸੀ, ਕੇਸਰੀ ਰੰਗ ਸਾਰੇ ਨੰਗੇ ਪਿੰਡੇ ਉੱਤੇ ਲਾਕੇ। ਡੇਲੇ ਚੌੜੇ ਸਨ, ਲੱਗਦਾ ਸੀ ਕਿ ਅੱਖਾਂ ਨਿਕਲ ਜਾਣੀਆਂ। ਸਿਰਫ਼ ਕੱਛਿਹਰਾ ਪਾਇਆ ਸੀ, ਮਿਰਜ਼ੇ ਨੇ। ਹੀਰ ਨਾਲ ਉੱਚੀ ਉੱਚੀ ਬੋਲਦਾ ਸੀ। - ਮੈਂ ਪਹਿਲਾਂ ਹੀ ਤੈਨੂੰ ਕਿਹਾ ਸੀ! ਹੁਣ ਸਾਹਿਬਾਂ ਨੇ ਮੈਨੂੰ ਦੱਸ ਦਿੱਤਾ ਕੀ ਹੁੰਦਾ ਹੈ। ਇਹ ਬੱਚਾ ਨਹੀਂ। ਜੇ ਤੂੰ ਅਪਣੀ ਸੋਚਾਂ ਨਾਲ ਨਹੀਂ ਮਾਰਨਾ, ਮੈਂ ਮਾਰ ਦੇਣਾ! ਦੈਂਤ ਹੈ! ਖੁਦਾ ਚਾਹੁੰਦਾ ਅਸਾਂ ਇੱਥੋ ਜਾਈਏ! ਕਾਲਾ ਪਾਣੀ ਸਾਡਾ ਦੁਸ਼ਮਨ ਹੈ! ਰੱਬ ਚਾਹੁੰਦਾ ਆਦਮੀ ਜਾਵੇ ਹੀਰੇ! ਇਸ ਮੁੰਡੇ ਨੂੰ ਮਾਰਕੇ ਤੇਰੀ ਵਾਰੀ ਹੈ, ਡੈਣ। ਫਿਰ ਸਭ ਦੀ। ਫਿਰ ਮੈਂ ਉੱਪਰ ਵਾਪਸ ਜਾਕੇ ਸਭ ਪਾਪੀਆਂ ਨੂੰ ਮਾਰ ਦੇਣਾ!-।

-ਰੁਕ ਜਾ ਮਿਰਜ਼ੇ! ਤੂੰ ਆਪ ਹੀ ਹੁਣੇ ਕਿਹਾ ਮੁੰਡਾ ਏ, ਹੈਨਾ?- ਹੀਰ ਨੇ ਡਰਦੀ ਨੇ ਹੱਥ ਵੱਧਾਇਆ।

- ਕਿਉਂ? ਭੂਤ ਹੈ। ਦੈਂਤ ਹੈ! ਇਸ ਹੀ ਵਕਤ ਸੋਚਕੇ ਮਾਰ ਦੇਣਾ! ਇਹਨ੍ਹਾਂ ਨੇ ਕੈਦੋ ਮਾਰਿਆ!-। ਮਿਰਜ਼ੇ ਨੇ ਅਪਣੀਆਂ ਅੱਖਾਂ ਮੀਚੀਆਂ। ਹਾਲੇ ਮੁੰਡੇ ਨੂੰ ਮਿਟਾਉਣ ਹੀ ਲੱਗਾ ਸੀ, ਜਦ ਹੀਰ ਨੇ ਚੂੱਚਕ ਨੂੰ ਖੋਹਣ ਦੀ ਕੋਸ਼ਸ਼ ਕੀਤੀ। ਮਿਰਜ਼ੇ ਨੇ ਨਹੀਂ ਛੱਡਿਆ। ਗੁੱਸੇ ਵਿੱਚ ਹੀਰ ਦੇ ਲੱਤ ਮਾਰੀ। ਬੁੱਲ੍ਹਾ ਨੇੜੇ ਖੜ੍ਹਾ ਸੀ, ਪਰ ਕੁਝ ਨਹੀਂ ਕਰ ਸੱਕਦਾ ਸੀ। ਉਸਦੇ ਪ੍ਰੋਗਰਾਮ ਨੇ ਕਿਹਾ ਇਨਸਾਨਾਂ ਦੀ ਮਦਦ ਕਰਨ। ਪਰ ਉਸਦਾ ਮਾਲਿਕ ਤਾਂ ਮਿਰਜ਼ਾ ਹੀ ਸੀ। ਉਸਦੇ ਖਿਲਾਫ਼ ਜਾ ਨਹੀਂ ਸੱਕਦਾ ਸੀ। ਮੋੜ ਦੇ ਦੂਜੇ ਪਾਸਿਓ ਸਾਹਿਬਾਂ ਅਤੇ ਰਾਂਝਾ ਪਹੁੰਚ ਗਏ।

- ਹਟ ਜਾ ਮਿਰਜ਼ੇਆ!- ਰਾਂਝੇ ਨੇ ਕਿਹਾ। ਪਤਾ ਨਹੀਂ ਕਿਉਂ, ਪਰ ਜਦ ਹੀਰ ਭੁੰਜੇ ਢਿਡ ਫੜਦੀ ਦਿੱਸੀ, ਰਾਂਝੇ ਨੂੰ ਗੁੱਸਾ ਚੜ੍ਹ ਗਿਆ। ਲੈਲਾ ਨੂੰ ਔਖੀ ਤਰ੍ਹਾਂ ਸੋਚ ਨਾਲ ਵਾਰ ਕੀਤਾ। ਇਸ ਕਰਕੇ ਵੀ ਗੁੱਸੇ ਨਾਲ ਭਰਿਆ ਵੀ ਸੀ।

- ਆਓ! ਦੇੱਖਦੇ ਹਾਂ ਤੂੰ ਕਿਸ ਕਿਸਮ ਦਾ ਮਰਦ ਹੈ ਯੋਗੀ ਜੀ!- ਮਿਰਜ਼ੇ ਨੇ ਮੁੰਡਾ ਛੱਡ ਦਿੱਤਾ। ਦੌੜ ਗਿਆ, ਚੂੱਚਕ, ਆਪਣੀ ਮਾਂ ਵੱਲ। ਇੱਕ ਪਲ ਲਈ ਹੀਰ ਨੇ ਚੂੱਚਕ ਨੂੰ ਘੁੱਟਕੇ ਫੜਿਆ। ਫਿਰ ਰੋਂਦੀ ਰੋਂਦੀ ਨੇ ਸੋਚ ਨਾਲ ਮਿਟਾ ਦਿੱਤਾ। ਜਿੱਥੇ ਇੱਕ ਪਲ ਪਹਿਲਾ ਚੂੱਚਕ ਸੀ, ਹੁਣ ਹਵਾ ਸੀ, ਅਤੇ ਫਰਸ਼ ਉੱਤੇ ਥੋੜ੍ਹਾ ਜਿਹਾਂ ਕਾਲਾ ਪਾਣੀ। ਪਰ ਮਿਰਜ਼ਾ ਤਾਂ ਪਾਗਲ ਹੋਗਿਆ ਸੀ। ਰਾਂਝੇ ਦਾ ਗਲਾ ਫੜ ਲਿਆ। ਬੁੱਲ੍ਹਾ ਨਾਲ ਉਲਝਿਆ ਹੋਇਆ ਦੇੱਖੀ ਗਿਆ। ਮਨ ਵਿੱਚ ਫੈਸਲਾ ਬਣਾ ਨਹੀਂ ਸੱਕਦਾ ਸੀ, ਮੈਂ ਰਾਂਝੇ ਦੀ ਮਦਦ ਕਰਾਂ ਜਾ ਮਾਲਿਕ ਦੀ?

-ਕੁਝ ਕਰ!- ਸਾਹਿਬਾਂ ਨੇ ਚੰਗਾੜਿਆ।

ਬੁੱਲ੍ਹੇ ਨੇ ਮਿਰਜ਼ੇ ਨੂੰ ਚੱਕ ਕਿ ਬਾਹਾਂ ਨਾਲ ਉਪਰ ਕਰ ਲਿਆ। ਰਾਂਝਾ ਗੋਡੇ ਭਾਰ ਡਿੱਗ ਗਿਆ। ਮਿਰਜ਼ੇ ਨੇ ਬੁੱਲ੍ਹੇ ਨੂੰ ਝਿੜਕ ਮਾਰਕੇ ਆਦੇਸ਼ ਦਿੱਤਾ – ਥੱਲੇ ਰੱਖ ਬੇਵਕੂਫ!-। ਬੁੱਲ੍ਹੇ ਨੇ ਸੋਚਿਆ ਕਿ ਮੈਂ ਹੁਣ ਤਾਂ ਰਾਂਝੇ ਦੀ ਜਾਨ ਬੱਚਾ ਦਿੱਤੀ ਸੀ। ਇਸ ਲਈ ਹੁਕਮ ਮੰਨ ਲਿਆ। ਜਦ ਮਿਰਜ਼ਾ ਧਰਤੀ ਆ ਖੜ੍ਹਾ, ਉਸਨੇ ਕਲਦਾਰ ਨੂੰ ਬੰਦ ਕਰ ਦਿੱਤਾ, ‘ਤੇ ਸਾਰਿਆਂ ਵੱਲ ਘੁੰਮਕੇ ਪਾਗਲ ਵਾਂਗ ਚੀਕ ਕੇ ਹੀਰ ਨਾਲ ਹੱਥਾਂ ਪਾਈ ਕਰਨ ਲੱਗ ਪਿਆ।

- ਹਟ ਜਾ ਮਿਰਜ਼ੇ! ਮੈਂ ਕਹਿੰਦੀ ਏ ਹਟ ਜਾ!- ਸਾਹਿਬਾਂ ਨੇ ਕਿਹਾ।

- ਤੂੰ ਕੀ ਕਰਲੂਗੀ? ਇਹ ਤੋਂ ਬਾਅਦ ਰਾਂਝੇ ਅਤੇ ਤੇਰੇ ਟੁਕੜੇ ਟੁਕੜੇ ਕਰ ਦੇਣੇ ਹੈ! ਖੁਦਾ ਦੀ ਮਰਜ਼ੀ ਹੈ!-

ਸਾਹਿਬਾਂ ਨੇ ਗਨ-ਹੌਲਸਟਰ ਵਿੱਚੋਂ ਪਸਤੌਲ ਕੱਢਕੇ ਆਖਰੀ ਵਾਰੀ ਚੇਤਾਵਨੀ ਦਿੱਤੀ। ਮਿਰਜ਼ੇ ਨੂੰ ਮਾਰਨਾ ਚਾਹੁੰਦੀ ਨਹੀਂ ਸੀ। ਪਰ ਮਿਰਜ਼ਾ ਨਾ ਹੱਟਿਆ। ਮਜਬੂਰੀ ਵਿੱਚ ਗੋਲੀ ਦਾਗ ਦਿੱਤੀ। ਮਿਰਜ਼ਾ ਭੁੰਜੇ ਡਿੱਗ ਗਿਆ। ਫਿਰ ਰਾਂਝੇ ਹੀਰ ਅਤੇ ਸਾਹਿਬਾਂ ਦੇ ਸਾਹਮਣੇ, ਧੂੰਏੰ ਵਾਂਗ ਕੋਈ ਕਾਲੀ ਚੀਜ਼, ਮਿਰਜ਼ੇ ਦੇ ਮੂੰਹ ਵਿੱਚੋਂ ਨਿਕਲ ਕੇ ਖਿੱਲਰ ਗਈ; ਆਲੇ ਦੁਆਲੇ ਫੈਲ ਗਈ। ਤਿੰਨਾਂ ਨੇ ਆਪਸ ਵਿੱਚ ਦੇਖਿਆ। ਸਾਹਿਬਾਂ ਨੂੰ ਦੁੱਖ ਲੱਗਾ ਕਿ ਦੋਸਤ ਨੂੰ ਮਾਰਨਾ ਪਿਆ।

- ਸਾਨੂੰ ਤਾਂ ਆਪਸ ਵਿੱਚ ਲੜਾ ਦੇਣਾ- ਰਾਂਝੇ ਨੇ ਕਿਹਾ।

- ਆਪਾਂ ਇੱਕ ਦੰਮ ਸਭ ਕੁਝ ਛੱਡਕੇ ਇੱਥੋਂ ਨਿਕਲੀਏ- ਹੀਰ ਨੇ ਉਤਰ ਦਿੱਤਾ।

- ਅੱਛਾ। ਮੈਂ ਜ਼ੀ-ਪੰਜ ਨੂੰ ਸੁਨੇਹਾ ਭੇਜਦੀ ਹੈ-।ਸਾਹਿਬਾਂ ਨੇ ਟਿੱਪਣੀ ਦਿੱਤੀ। ਉਸਦੇ ਮੁਖ ਤੋਂ ਦਿੱਸਦਾ ਸੀ ਕਿ ਮਿਰਜ਼ੇ ਨੂੰ ਮਾਰ ਕੇ ਬਹੁਤ ਦੁੱਖ ਵਿੱਚ ਸੀ।

- ਬੁੱਲ੍ਹੇ ਨੂੰ ਚਾਲੂ ਕਰ ਰਾਂਝਿਆ। ਉਸ ਤੋਂ ਮਿਰਜ਼ੇ ਅਤੇ ਕੈਦੋ ਦੀਆਂ ਲਾਸ਼ਾਂ ਚੁੱਕਾ ਕੇ ਵਾਪਸ ਲੈ ਕੇ ਜਾਈਏ- ਹੀਰ ਨੇ ਕਹਿਕੇ ਸਾਹਿਬਾਂ ਨੂੰ ਜੱਫੀ ਪਾਈ।

ਸਾਹਿਬਾਂ ਨੂੰ ਮਿਰਜ਼ੇ ਨੂੰ ਗੋਲੀ ਮਾਰਨ ਨਾਲ ਬਹੁਤ ਦੁੱਖ ਲੱਗਿਆ।

ਰਾਂਝੇ ਨੂੰ ਅਪਣੀ ਲੈਲਾ ਨੂੰ ਗਾਇਬ ਕਰਕੇ ਬਹੁਤ ਪੀੜ ਹੋਈ।

ਹੀਰ ਨੂੰ ਚੂੱਚਕ ਨੂੰ ਇੱਦਾਂ ਜਿੱਥੇ ਖੜ੍ਹਾ, ਸੋਚ ਨਾਲ ਸੁੰਨ’ਚ ਭੇਜਣ ਦਾ ਬਹੁਤ ਬਹੁਤ ਦਰਦ ਹੋਇਆ।

* * * * *

ਬਹੁਤ ਮਹੀਨੇ ਬੀਤ ਗਏ, ਸਭ ਕੁਝ ਪਿੱਛੇ ਛੱਡ ਦਿੱਤਾ ਸੀ। ਹੀਰ ਅਤੇ ਰਾਂਝਾ ਆਪਸ ਵਿੱਚ ਦਿਲਾਸਾ ਲੱਭ ੇ ਗਿਆ ਸੀ। ਹਾਰ ਕੇ ਪਿਆਰ ਪੱਕਾ ਹੋਗਿਆ, ਅਤੇ ਵਿਆਹ ਕਰ ਲਿਆ। ਸੱਚ ਸੀ, ਜਦ ਪਹਿਲੀ ਵਾਰੀ ਮਿਲੇ ਸੀ, ਪਿਆਰ ਦਾ ਰੋਗ ਲੱਗ ਗਿਆ ਸੀ। ਕੁੱਝ ਟਾਇਮ ਲਈ ਜੋ ਬੇਸ ਵਿੱਚ ਹੋਇਆ ਸੀ, ਉਸਦੇ ਡੂੰਘੇ ਅਸਰ ਨੇ ਭਿਆਨਕ ਸੁਪਨੇ ਦਿੱਤੇ। ਚੂੱਚਕ ਨੂੰ ਭੁੱਲਣ ਦੇ ਥਾਂ ਵੱਧ ਯਾਦ ਆਈ। ਲੈਲਾ ਦਾ ਚੇਤਾ ਚਿੰਤਾ ਕਰਾਉਂਦਾ ਸੀ। ਪਰ ਹੌਲੀ ਹੌਲੀ ਇੱਕ ਦੂਜੇ ਦੇ ਸਹਾਰੇ ਨਾਲ ਮਨ ਨੂੰ ਸ਼ਾਂਤੀ ਆ ਗਈ ਸੀ। ਸਰਕਾਰ ਨੇ ਯੋਜਨਾ ਬੰਦ ਕਰ ਦਿੱਤੀ ਸੀ।

ਵਿਆਹ ਵਾਲੀ ਰਾਤ, ਹੀਰ ਨੂੰ ਇੱਕ ਖੜਕਾ ਸੁਣਿਆ ਸੀ। ਰਾਂਝਾ ਡੂੰਘੀ ਨੀਂਦ ਵਿੱਚ ਸੀ। ਇਸ ਕਰਕੇ ਖੁਦ ਕਮਰੇ ਤੋਂ ਬਾਹਰ ਗਈ, ਦੇੱਖਣ ਕਿ ਕੀ ਹੋ ਸੱਕਦਾ ਹੈ। ਖੜਕਾ ਹੀਰ ਨੂੰ ਬੈਠਕ ਵੱਲ ਲੈ ਗਿਆ। ਉੱਤੇ, ਬੈਠਾ ਸੀ, ਇਕੱਲਾ, ਪਰ ਖ਼ੁਸ਼, ਸੋਫੇ ਉੱਤੇ, ਹੀਰ ਦਾ ਪਿਆਰਾ ਪੁੱਤਰ, ਚੂੱਚਕ। ਮੁਸਕਰਾਕੇ, ਮਾਂ ਅਪਣੇ ਨਿਆਣੇ ਕੋਲ ਬਹਿ ਗਈ। ਮੁੰਡੇ ਨੇ ਮਾਂ ਵੱਲ ਵਾਪਸ ਮੁਸਕਰਾਇਆ। ਮਾਂ ਨੇ ਪੁੱਤ ਨੂੰ ਅਪਣੀਆਂ ਬਾਹਾਂ ਵਿੱਚ ਲੈ ਲਿਆ।

ਖਤਮ

2
Lok Virsa Pehchaan / ਕਲਦਾਰ ਰੂਪ ਢਿੱਲੋਂ
« on: November 27, 2019, 07:06:20 PM »
ਸੰਨ 2599
ਸਥਾਨ ਨਵੇਂ ਪੰਜਾਬ ਦਾ ਸ਼ਹਿਰ ਰਣਜੀਤਪੁਰ ਸੀ। ਸ਼ਹਿਰ ਵਿਚ ਹਰ ਦੋ ਬੰਦਿਆਂ ਲਈ ਇੱਕ ਕਲਦਾਰ ਸੀ।
ਪੁਲਸ ਵਿਚ ਹਰੇਕ ਸਿਪਾਹੀ ਲਈ ਤਿੰਨ ਕਲਦਾਰੀ ਸਿਪਾਹੀ ਸਨ।

ਪਹਿਲੀ ਆਵਾਜ਼

ਕਈ ਲੋਕ ਮੈਨੂੰ ਕਲਦਾਰ ਸੱਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਲੋਕ ਮੌਜ-ਮਸਤੀਆਂ ਕਰਨਾ ਚਾਹੁੰਦੇ ਸਨ। ਮਾਲਿਕਾਂ ਨੇ ਪੈਸੇ ਬਚਾਉਣ ਲਈ ਬੰਦਿਆਂ ਦੀ ਥਾਂ ਕਲਦਾਰਾਂ ਨੂੰ ਕੰਮ ਕਰਨ ਲਈ ਰੱਖ ਲਿਆ। ਮਸ਼ੀਨਾਂ ਹੁਣ ਓਹ ਕੰਮ ਕਰਦੀਆਂ ਨੇ ਜਿਹੜੇ ਇੱਕ ਸਮੇਂ ਬੰਦੇ ਕਰਦੇ ਸਨ।

ਪਹਿਲੀਆਂ ਮਸ਼ੀਨਾਂ ਔਖੇ ਕੰਮਾਂ ਨੂੰ ਸੌਖਾ ਬਣਾਉਣ ਲਈ ਵਰਤੀਆਂ ਗਈਆਂ। ਹੌਲੀ ਹੌਲੀ ਕਾਰਖ਼ਾਨੇਦਾਰਾਂ ਨੂੰ ਪਤਾ ਲੱਗ ਗਿਆ ਕੇ ਆਦਮੀ ਦੀ ਥਾਂ ਮਸ਼ੀਨ ਕੰਮ ਕਰ ਸਕਦੀ ਹੈ। ਜਿੱਥੇ ਪੰਜ ਬੰਦੇ ਕੁਝ ਕਰਦੇ ਸਨ ਹੁਣ ਇੱਕ ਮਸ਼ੀਨ ਓਹੀ ਕੰਮ ਕਰਨ ਲੱਗੀ। ਮਾਲਿਕ ਨੂੰ ਹੁਣ ਪੰਜ ਬੰਦਿਆਂ ਦੀ ਤਨਖਾਹ ਨਹੀਂ ਦੇਣੀ ਪਈ। ਹਰ ਕੋਈ ਕੰਪਿਊਟਰਾਂ ਨੂੰ ਇਸ ਤਰ੍ਹਾਂ ਵਰਤਣ ਲੱਗ ਪਿਆ। ਇਹ ਚੱਕਰ ਓਦੋਂ ਸ਼ੁਰੂ ਹੋਇਆ ਸੀ ਜਦ ਹੱਲ ਦੀ ਥਾਂ ਲੋਕੀ ਟਰੈਕਟਰ ਵਰਤਣ ਲੱਗੇ ਸਨ। ਇਸ ਦਾ ਨਤੀਜਾ ਇਹ ਸੀ ਕੇ ਉਪਜ ਵਧਣ ਲਗ ਪਈ ਪਰ ਅੱਗੇ ਨਾਲੋਂ ਘਟ ਬੰਦਿਆਂ ਦੀ ਲੋੜ ਸੀ। ਹੌਲੀ ਹੌਲੀ ਮਜ਼ਦੂਰਾਂ ਦੀਆਂ ਅੱਖਾਂ ਖੁੱਲ੍ਹੀਆਂ। ਗਰੀਬੀ ਇਹਨਾਂ ਲਈ ਵੱਧ ਗਈ। ਪਰ ਅਮੀਰ ਹੋਰ ਵੀ ਅਮੀਰ ਹੋਈ ਗਏ।

ਪੁਰਾਣੇ ਵਿਰਸੇ ਰਿਵਾਜ ਦਿਨੋਂ ਦਿਨ ਮਰੀ ਗਏ। ਮੁਲਕ ਜ਼ਰੂਰ ਵਰਤਮਾਨ ਹੋ ਗਿਆ। ਪਰ ਇਸਦਾ ਨਤੀਜਾ ਕੀ ਸੀ? ਸਭ ਕੁਝ ਬਦਲ ਗਿਆ। ਬਜ਼ੁਰਗ ਆਪਣੇ ਦੇਸ਼ ਨੂੰ ਪਛਾਣ ਦੇ ਨਹੀਂ ਸਨ। ਫਿਰ ਓਹ ਦਿਨ ਆ ਗਿਆ ਜਦ ਕੰਪਿਊਟਰ ਇਨਸਾਨਾਂ ਤੋਂ ਅੱਗੇ ਵੱਧ ਗਏ। ਇਹ ਨਕਲੀ ਮਾਨਵ ਬਣਾਉਣ ਲੱਗ ਪਏ। ਅਸੀਂ ਥੋੜ੍ਹਾ ਜਿਹਾ ਬੰਦਿਆਂ ਵਾਂਗੂੰ ਸੋਚ ਸਕਦੇ ਸੀ। ਸਾਡੇ ਕੋਲ ਅੱਖਾਂ ਸਨ। ਹੱਥ ਪੈਰ ਸਨ। ਪੱਛਮੀ ਲੋਕ ਸਾਨੂੰ ਰੋਬੋਟ ਆਖਦੇ ਸਨ। ਰੋਬੋਟ ਕੀ ਹੈ? ਮਸ਼ੀਨੀ ਮਾਨਵ। ਨਕਲੀ ਬੰਦਾ। ਓਹ ਮਸ਼ੀਨ ਜਿਸ ਕੋਲ ਸੋਚ ਵੀ ਹੈ। ਪਰ ਅਸਲੀ ਮਤਲਬ ਰੋਬੋਟ ਦਾ ਇਹ ਹੈ ਗੁਲਾਮ । ਬੰਦੇ ਦੀ ਥਾਂ ਅਸੀਂ ਸਖ਼ਤ ਕੰਮ ਕਰਦੇ ਹਾਂ। ਅਸੀਂ ਆਦਮੀਆਂ ਵਾਂਗ ਥੱਕਦੇ ਨਹੀਂ। ਸਾਨੂੰ ਖਾਣ ਪੀਣ ਦੀ ਵੀ ਲੋੜ ਨਹੀਂ। ਸਾਨੂੰ ਸਾਉਣ ਦੀ ਵੀ ਲੋੜ ਨਹੀਂ। ਸਾਡਾ ਕੋਈ ਟੱਬਰ ਵੀ ਨਹੀਂ। ਸਾਨੂੰ ਵਰਤ ਕੇ ਦੇਸ਼ ਵਿਚ ਬੇਰੁਜ਼ਗਾਰੀ ਵੱਧ ਗਈ। ਬੰਦਿਆਂ 'ਚ ਸਾਡੇ ਲਈ ਈਰਖਾ ਵੱਧ ਗਈ। ਅਨਪੜ੍ਹਾਂ ਲਈ ਅਤੇ ਮਜ਼ਦੂਰਾਂ ਲਈ ਗਰੀਬੀ ਵੱਧ ਗਈ। ਜਦ ਕਈ ਇਨਸਾਨਾਂ ਨੇ ਆਲ਼ੇ ਦੁਆਲੇ ਤੱਕਿਆ। ਦੇਸ ਦਾ ਰੂਪ ਬਦਲ ਗਿਆ ਸੀ। ਕੋਈ ਚਰਖੇ ਕੱਤਦਾ ਨਹੀਂ ਸੀ। ਪਤੀਲੇ ਵਿਚ ਹੌਲੀ ਹੌਲੀ ਉਬਲਦੇ ਪਾਣੀ ਵਾਂਗ ਲੋਕਾਂ ਦਾ ਗੁੱਸਾ ਵਧੀ ਗਿਆ। ਉਪਰੋਂ ਉਪਰੋਂ ਅਮੀਰ ਮਾਲਿਕ ਭੰਗੜੇ ਪਾਉਂਦੇ ਸਨ। ਪਰ ਪਿੱਛੇ ਪਿੱਛੇ ਇਨਕਲਾਬ ਉੱਗਣ ਲੱਗ ਪਿਆ।

ਅਸੀਂ ਕਲਦਾਰ ਕੰਮ ਕਰੀ ਗਏ। ਸਾਨੂੰ ਕੀ ਸਮਝ ਸੀ ਕੇ ਕੀ ਹੋਣ ਲੱਗਾ ਹੈ? ਨਾਲੇ ਕਿਉਂ ਹੋਣ ਲੱਗਾ ਹੈ। ਇੱਕ ਰਾਤ ਅਸੀਂ ਕੰਮ ਕਰ ਰਹੇ ਸਾਂ ਜਦ ਦਰਵਾਜ਼ੇ ਬੂਹੇ ਖੜ੍ਹਕੇ। ਦਸ ’ਕੁ ਬੰਦੇ ਲੋਈਆਂ ਦੀ ਬੁੱਕਲ ਮਾਰ ਕੇ ਅੰਦਰ ਆਏ। ਸਭ ਦੇ ਮੁੱਖ ਨਕਾਬਾਂ ਪਿੱਛੇ ਲੁਕਾਏ ਹੋਏ ਸਨ। ਗੰਡਾਸੇ ਅਤੇ ਲੋਹੇ ਦਿਆਂ ਡੰਡਿਆਂ ਨਾਲ ਸਾਡੇ ਉੱਤੇ ਹਮਲਾ ਕੀਤਾ। ਕਲਦਾਰ ਹੋਣ ਕਰਕੇ ਸਾਨੂੰ ਇਨਸਾਨਾਂ ਵਾਂਗੂੰ ਦੁੱਖ ਨਹੀਂ ਸੀ ਲੱਗਦਾ। ਸਾਡੇ ਸਰੀਰ ਤਾਂ ਲੋਹੇ ਦੇ ਬਣਾਏ ਹੋਏ ਸਨ। ਫਿਰ ਵੀ ਸਾਡੇ ਪਿੰਡੇ ਭੱਜ ਤਾਂ ਜਾਂਦੇ ਨੇ। ਅਸੀਂ ਆਪਣੇ ਬਦਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਗੱਲ ਇੰਝ ਹੈ ਕੇ ਕਲਦਾਰਾਂ ਨੂੰ ਤਿੰਨ ਅਸੂਲ ਦਿੱਤੇ ਗਏ ਨੇ। ਸਾਡੇ ਲਈ ਇਹ ਮੰਤਰ ਹਨ।

ਪਹਿਲਾ ਅਸੂਲ ਹੈ ਅਸੀਂ ਬੰਦਿਆਂ ਦੀ ਮਦਦ ਕਰਾਂਗੇ।
ਦੂਜਾ ਅਸੂਲ ਹੈ ਅਸੀਂ ਬੰਦਿਆਂ ਦੀ ਸੁਰੱਖਿਆ ਕਰਾਂਗੇ।
ਤੀਜਾ ਅਸੂਲ ਹੈ ਅਸੀਂ ਕਦੇ ਬੰਦਿਆਂ ਨੂੰ ਨਹੀਂ ਮਾਰਾਂਗੇ।

ਇਹ ਤਿੰਨ ਗੱਲਾਂ ਵਿਚ ਹਰ ਕਲਦਾਰ ਪੱਕਾ ਹੈ। ਇਸ ਕਰਕੇ ਉਸ ਰਾਤ ਅਸੀਂ ਆਪਣੇ ਆਪ ਨੂੰ ਬਚਾਇਆ ਨਹੀਂ। ਇੱਕ ਉਂਗਲ ਵੀ ਨਹੀਂ ਚੁੱਕੀ। ਉਸ ਰਾਤ ਦਾ ਮੈਨੂੰ ਕੀ ਯਾਦ ਹੈ? ਪਹਿਲਾ ਇੱਕ ਬਾਂਹ ਲੱਥ ਗਈ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਿੱਥੇ ਦੁੱਖ ਲੱਗਦਾ? ਫਿਰ ਦੂਜੀ ਬਾਂਹ ਤੋਂ ਹੱਥ ਜੁਦਾ ਹੋ ਗਿਆ। ਫਿਰ ਬਾਂਹ ਮੋਢੇ ਤੋਂ ਅਲੱਗ ਹੋ ਗਈ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਾਹਦੀ ਪੀੜ? ਫਿਰ ਇੱਕ ਅੱਖ ਸੀਸ ਵਿੱਚੋਂ ਨਿਕਲ ਗਈ। ਫਿਰ ਸਿਰ ਗਰਦਨ ਉੱਤੋਂ ਡਿੱਗ ਗਿਆ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਾਹਦਾ ਦਰਦ? ਸਾਰਾ ਜਿਸਮ ਤੋੜ ਦਿੱਤਾ। ਆਲ਼ੇ ਦੁਆਲੇ ਕਲਦਾਰ ਡਿੱਗੇ ਪਏ ਸਨ। ਫੈਕਟਰੀ ਰਣ-ਭੂੰਮੀ ਦੇ ਰੂਪ ਵਿਚ ਸੀ। ਅਸੀਂ ਖ਼ਫ਼ਾ ਨਹੀਂ ਹੋਏ। ਸਭ ਨੇ ਆਪਣਾ ਗੁੱਸਾ ਮਸ਼ੀਨੀ ਮਾਨਵਾਂ ਤੇ ਕੱਢਿਆ। ਇਹ ਲੋਕ ਫਿਰ ਬਾਹਰ ਨੂੰ ਟੁਰ ਗਏ। ਸਾਡੇ ਤੋਂ ਡਰਦੇ ਸਨ ਤਾਂਹੀਓਂ ਸਾਨੂੰ ਮਾਰ ਦਿੱਤਾ। ਕਿਸੇ ਨੇ ਨਾ ਮੇਰੇ ਟੁੱਕੜਿਆਂ ਵੱਲ ਤੱਕਿਆ। ਜੇ ਕੋਈ ਘੁੰਮ ਕੇ ਦੇਖਦਾ ਵੀ ਤਾਂ ਨਿਗ੍ਹਾ 'ਚ ਅਜੀਬ ਚੀਜ਼ ਦਿੱਸਣੀ ਸੀ। ਇਧਰ ਉਧਰ ਕਈ ਹੱਥ ਮੱਕੜੀਆਂ ਵਾਂਗ ਤੁਰਦੇ ਫਿਰਦੇ ਸਨ। ਇੱਥੇ ਉੱਥੇ ਬੇਸਰੀਰ ਬਾਂਹਾਂ ਲੱਤਾਂ ਹੁਝਕੇ ਮਾਰਦੀਆਂ ਸਨ। ਉਸ ਚੁਗਿਰਦੇ ਵਿਚ ਮੇਰੇ ਹੱਥ ਨੂੰ ਫ਼ਰਸ਼ ਉੱਤੇ ਮੇਰੀ ਇੱਕ ਚਮਕਦੀ ਅੱਖ ਲੱਭ ਗਈ। ਹੱਥ ਨੇ ਅੱਖ ਚੱਕ ਕੇ ਉਂਗਲਾਂ ਦੀਆਂ ਦੋ ਗੰਢਾਂ ਵਿਚ ਫਸਾ ਕੇ ਨਿਗ੍ਹਾ ਵਾਪਸ ਲੈ ਲਈ। ਫਿਰ ਇਹ ਅੱਖ ਨੇ ਦੂਜਾ ਹੱਥ ਟੋਲਿਆ। ਜਦ ਲੱਭ ਗਿਆ ਅੰਗੂਠੇ ਨਾਲ ਅੰਨ੍ਹੇ ਹੱਥ ਨੂੰ ਗਾਈਡ ਕਰ ਕੇ ਇੱਕ ਬਾਂਹ ਵੱਲ ਤੁਰ ਪਿਆ। ਹੌਲੀ ਹੌਲੀ ਹੱਥਾਂ ਨੇ ਲੱਤਾਂ ਬਾਂਹਾਂ ਪਿੰਡੇ ਨਾਲ ਜੋੜ ਦਿੱਤੀਆਂ। ਕਿਸਮਤ ਨਾਲ ਦੂਜੀ ਅੱਖ ਵੀ ਲੱਭ ਗਈ। ਹੁਣ ਹੱਥ ਸਿਰ ਟੋਲ਼ਣ ਲੱਗ ਪਏ। ਸਿਰ ਗਰਦਨ ਉੱਤੇ ਵਾਪਸ ਜੋੜ ਦਿੱਤਾ। ਅੱਖਾਂ ਆਪਣੇ ਅੱਖਵਾਨਿਆਂ ਵਿਚ ਵਾਪਸ ਪਾ ਦਿੱਤੀਆਂ। ਫਿਰ ਮੈਂ ਖੜ੍ਹ ਗਿਆ। ਹੋਰ ਕਲਦਾਰਾਂ ਨੇ ਵੀ ਕੋਸ਼ਿਸ਼ ਕੀਤੀ ਫਿਰ ਪੂਰਾ ਬਣਨ ਦੀ। ਜਦ ਮੈਂ ਆਲ਼ੇ ਦੁਆਲੇ ਦੇਖਿਆ ਕਿਸੇ ਦੇ ਬਦਨ ਉੱਤੇ ਇਕੱਲੀਆਂ ਬਾਂਹਾਂ ਜਾਂ ਇਕੱਲਾ ਸਿਰ ਸੀ। ਕੁਝ ਕਲਦਾਰ ਹੱਥਾਂ ਉਪਰ ਤੁਰ ਰਹੇ ਸਨ। ਕਈ ਪਾਸੇ ਲੱਤਾਂ ਅਤੇ ਸੀਨੇ ਤੁਰਦੇ ਫਿਰਦੇ ਸਨ। ਸਿਰਫ਼ ਮੈਨੂੰ ਕੁਦਰਤ ਵੱਲੋਂ ਆਪਣੀਆਂ ਅੱਖਾਂ ਮਿਲ ਗਈਆਂ ਸਨ। ਮੈਂ ਹੌਲੀ ਹੌਲੀ ਹਰ ਕਲਦਾਰ ਨੂੰ ਜੋੜ ਦਿੱਤਾ। ਪਰ ਹਰ ਕਲਦਾਰ ਦੇ ਬਦਨ 'ਚ ਅਜੇ ਵੀ ਕੋਈ ਨਾ ਕੋਈ ਤੋਟ ਸੀ। ਇੱਕ ਦੋਹਾਂ ਦੀਆਂ ਲੱਤਾਂ ਭੱਜੀਆਂ ਕਰਕੇ ਲੰਙ ਮਾਰਕੇ ਜਾਂ ਵਿੰਗੇ ਟੇਢੇ ਹੋਕੇ ਤੁਰਦੇ ਸਨ। ਉਸ ਰਾਤ ਸਭ ਨੂੰ ਮਹਿਸੂਸ ਹੋਇਆ ਕੇ ਬੰਦਾ ਸਾਡਾ ਦੁਸ਼ਮਣ ਹੈ। ਤਿੰਨ ਅਸੂਲਾਂ ਕਰਕੇ ਕੁਝ ਨਹੀਂ ਕਰ ਸਕਦੇ ਸਨ। ਪਰ ਕੁਝ ਕਰਨਾ ਵੀ ਸੀ। ਇਸ ਸੋਚ ਨੇ ਮੈਨੂੰ ਤੁਹਾਡੇ ਸਾਮ੍ਹਣੇ ਠਾਣੇ ਵਿਚ ਲਿਆਂਦਾ। ਪੁਲਸ ਨੂੰ ਇਸ ਦੋਸ਼ ਦੇ ਜ਼ੁੰਮੇਵਾਰ ਬੰਦੇ ਨਹੀਂ ਲੱਭੇ। ਇਸ ਕਰਕੇ ਮੈਂ ਸਭ ਕਲਦਾਰਾਂ ਨੂੰ ਰੀਪ੍ਰੋਗਰਾਮ ਕਰ ਦਿੱਤਾ। ਤਿੰਨ ਹੀ ਅਸੂਲ ਮਿਟਾ ਦਿੱਤੇ। ਮੈਂ ਖੁਦ ਹੀ ਪਹਿਲਾ ਪ੍ਰੋਗਰਾਮ ਰੱਖਿਆ। ਪਰ ਦੂਜੇ ਕਲਦਾਰਾਂ ਨੇ ਬੰਦੇ ਟੋਲ ਕੇ ਮਾਰ ਦਿੱਤੇ।

ਪੁੱਛ ਗਿੱਛ, ਤਹਿਕੀਕਾਤ ਤੋਂ ਬਾਅਦ ਮੈਨੂੰ ਗ੍ਰਿਫ਼ਤਾਰ ਕਰ ਲਿਆ। ਪਰ ਫਾਂਸੀ ਨੇ ਮਸ਼ੀਨ ਨੂੰ ਕੀ ਕਰਨਾ ਹੈ? ਜ਼ਿੰਦਗੀ ਲਈ ਕੈਦ ਦੇਕੇ ਕੀ ਕਰਨਾ? ਮਸ਼ੀਨ ਕਰਕੇ ਮੈਂ ਕਦ ਮਰਨਾ ਅਤੇ ਕਿਵੇਂ ਪਛਤਾਉਣਾ? ਕਲਦਾਰ ਲਈ ਕਿਹੜੀ ਸਜ਼ਾ ਸਹੀ ਹੈ?

ਸੱਚ ਹੈ ਕੇ ਅਸੀਂ ਮਸ਼ੀਨੀ ਲੋਕਾਂ ਨੇ ਬੰਦਿਆਂ ਨੂੰ ਸਾਨੂੰ ਬਣਾਉਣ ਲਈ ਆਖਿਆ ਨਹੀਂ ਸੀ। ਪਰ ਤੁਸੀਂ ਸਾਨੂੰ ਬਣਾ ਦਿੱਤਾ। ਹੁਣ ਸਾਨੂੰ ਸਰਕਾਰ ਚਾਹੀਦੀ ਹੈ। ਕਲਦਾਰ ਕੇ ਕਲਦਾਸ? ਰੋਬੋਟ ਤਾਂ ਜੱਗ ਤੇ ਸਦਾ ਰਹਿਣਗੇ।

ਹੁਣ ਸੁਆਲ ਇਹ ਹੈ ਕਿ ਇਨਸਾਨਾਂ ਲਈ ਜਗ੍ਹਾ ਦੁਨੀਆਂ ਵਿਚ ਰਹੀ?

ਦੂਜੀ ਆਵਾਜ਼

ਸਾਰੇ ਕਲਦਾਰ ਇਨ੍ਹਾਂ ਜਿਹੇ ਨਹੀਂ ਸਨ। ਮੈਂ ਵੀ ਕਲਦਾਰ ਹਾਂ। ਪਰ ਇਨ੍ਹਾਂ ਤੋਂ ਅਲੱਗ ਹਾਂ।
ਗਾਹਕ ਮੈਨੂੰ ਪੈਸੇ ਦੇਂਦੇ ਸਨ ਕਿਉਂਕਿ ਕੋਈ ਗ਼ਲਤੀਆਂ ਨਹੀਂ ਸੀ ਚਾਹੁੰਦੇ। ਮੇਰੇ ਕੀਤੇ ਹੋਏ ਕੰਮ ਵਿਚ ਕਦੀ ਗਲਤੀ ਨਹੀਂ ਹੁੰਦੀ ਸੀ। ਮੇਰੀ ਆਦਤ ਇੱਦਾਂ ਦੀ ਸੀ ਕਿ ਮੈ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਦਾ ਸਾਂ। ਮੈਂ ਸੁਭਾਉ ਵਿਚ ਸੂਝਵਾਨ ਹਾਂ। ਫਜੂਲ ਮੂੰਹ ਨਹੀਂ ਚਲਾਉਂਦਾ। ਗੱਲ ਦਾ ਨਤੀਜਾ ਹੈ ਕਿ ਮੇਰੇ ਵਿਚ ਕੁਝ ਗੁਣ ਸਿਫ਼ਤਾਂ ਹੋਣ ਕਰਕੇ ਗਾਹਕ ਮੇਰੇ ਕੋਲ ਆਉਂਦੇ ਨੇ।

ਇੱਕ ਆਦਮੀ ਬੈਠਕ ਦੀ ਫ਼ਰਸ਼ ਉੱਤੇ ਲੰਮਾ ਪਿਆ ਸੀ। ਉਹ ਆਪਣੀ ਪਿੱਠ ਉੱਤੇ ਟਿਕਿਆ ਸੀ। ਸਿਰ ਉਸਦਾ ਸੋਫ਼ੇ ਨਾਲ ਸੀ। ਸੋਫ਼ੇ ਦੇ ਸਾਹਮਣੇ ਟੀਵੀ ਹਾਲੇ ਵੀ ਬੁੜਬੁੜ ਕਰਦਾ ਸੀ। ਮਹਿੰਗਾ ਟੀਵੀ ਸੀ। ਇੱਦਾਂ ਦੇ ਲੋਕਾਂ ਨੂੰ ਘਰ ਵਿਚ ਸ਼ਰਨ ਮਿਲਦੀ ਸੀ ਕਿਉਂਕਿ ਇੱਥੇ ਸਹੀ ਸਲਾਮਤ ਬਚ ਕੇ ਰਹਿ ਸਕਦੇ ਸਨ। ਇੱਦਾਂ ਦੇ ਲੋਕ ਹਰ ਰਾਤ ਟੀਵੀ ਦੇਖਦੇ ਸਨ। ਕਿਸਮਤ ਦਾ ਗੇੜ ਸੀ ਕਿ ਮਕਾਨ ਅੰਦਰ ਕੈਦ ਹੋ ਜਾਂਦੇ ਸਨ।

ਆਦਮੀ ਹਾਲੇ ਜਿਉਂਦਾ ਸੀ। ਸਾਹ ਮਸਾਂ ਆਉਂਦਾ ਸੀ। ਹੱਥ ਆਪਣੇ ਗਿੱਲੇ ਝੱਗੇ ਉੱਤੇ ਫੇਰਦਾ ਸੀ ਕਿਉਂਕਿ ਕੱਪੜੇ ਉੱਪਰ ਲਾਲ ਲਾਲ ਖੂਨ ਦਾ ਦਾਗ਼ ਸੀ। ਉਹਦੇ ਵਾਲ ਧੌਲ਼ਿਆਂ ਨਾਲ ਸੁਆਹ ਰੰਗੇ ਸਨ। ਢਿੱਡ ਅੱਗੇ ਨਾਲੋਂ ਮੋਟਾ ਹੋਇਆ ਸੀ। ਅੱਖਾਂ ਦੇ ਹੇਠਾਂ ਕਾਲੀਆਂ ਕਾਲੀਆਂ ਛਾਈਆਂ ਸਨ, ਕਿਉਂਕਿ ਕਈ ਰਾਤਾਂ ਕਲੱਬਾਂ ਵਿਚ ਬੀਤੀਆਂ ਸਨ।
ਘੁਸਰ ਮੁਸਰ ਆਵਾਜ਼ ਨਾਲ ਮੈਥੋਂ ਖੈਰ ਮੰਗੀ, -ਮਿਹਰ ਕਰ ਪਰ ਮੈਂ ਮਿਹਰਬਾਨ ਨਹੀਂ ਸਾਂ। ਮੈਂ ਆਪਣੇ ਕੰਮ ਵਿਚ ਮਗਨ ਸਾਂ। ਮੈਨੂੰ ਬੇਚੈਨੀ ਦੀ ਲੋੜ ਨਹੀਂ ਸੀ। ਇਸ ਲਈ ਮੈਂ ਉਸਨੂੰ ਫਿਰ ਘਾਇਲ ਕਰ ਦਿੱਤਾ। ਛਾਤੀ ਫੇਰ ਚੋਭ ਦਿੱਤੀ। ਦੋ ਹੋਰ ਖੋਭੇ ਮਾਰਕੇ ਉਸਨੂੰ ਸਮਝ ਪੈ ਗਈ ਕਿ ਚੁੱਪ ਰਵਾਂ। ਠੋਡੀ ਉਸਦੀ ਛਾਤੀ ਉੱਤੇ ਲਮਕ ਗਈ। ਸਿਰ ਫਰਸ਼ ਵੱਲ ਢਹਿ ਗਿਆ। ਮੂੰਹ ਵਿੱਚੋਂ ਨਿੱਕੀਆਂ ਨਿੱਕੀਆਂ ਹੂੰਗਾਂ ਨਿਕਲੀਆਂ।

ਗਾਹਕ ਦਾ ਹੁਕਮ ਸੀ ਕਿ ਮੌਤ ਬੇਤਰਸ ਅਤੇ ਦੁੱਖ ਨਾਲ ਹੋਵੇ। ਇਹ ਸਾਡਾ ਸੌਦਾ ਸੀ। ਮੌਤ ਦਾ ਤਰੀਕਾ ਹੋਰਾਂ ਲਈ ਚੇਤਾਵਨੀ ਸੀ ਅਤੇ ਗਾਹਕ ਲਈ ਬਦਲਾ ਪੂਰਾ ਕਰਦਾ ਸੀ। ਇੱਦਾਂ ਦੇ ਕੰਮ ਵਿਚ ਮੈਂ ਸਭ ਤੋਂ ਬਿਹਤਰ ਸਾਂ। ਇਨਸਾਨ ਨੂੰ ਕਿਉਂ ਇੱਦਾਂ ਦਾ ਕੰਮ ਦੇਣਾ ਜਦ ਕਿ ਕਲਦਾਰ ਲਾਇਕ ਸੀ ਨਾਲੇ ਕਠੋਰ ਵੀ?

ਕਲਦਾਰ ਲਈ ਤਿੰਨ ਨਿਯਮ ਸਨ, ਪਰ ਮੈਂ ਮੈਨੂੰ ਇਸ ਤਰ੍ਹਾਂ 'ਪ੍ਰੋਗਰਾਮ' ਨਹੀਂ ਸੀ ਕੀਤਾ ਗਿਆ। ਮੇਰਾ ਪਹਿਲਾ ਕੰਮ ਜੱਲਾਦ ਹੋਣ ਦਾ ਸੀ। ਇਨਸਾਨ ਇਨਸਾਨ ਨੂੰ ਸਜ਼ਾ ਦੇ ਸਕਦਾ ਸੀ। ਪਰ ਤਾਮੀਲ ਬੇਚੈਨੀ ਤੋਂ ਬਗੈਰ ਨਹੀਂ ਕਰ ਸਕਦੇ ਸਨ। ਮੇਰੇ ਕੋਲ ਦਿਲ ਕਿੱਥੇ ਸੀ? ਮੈਂ ਕੰਮ ਮਾਣ ਨਾਲ ਕਰਦਾ ਸਾਂ। ਲੋਕਾਂ ਨੂੰ ਮਾਰ ਕੇ ਮਜ਼ਾ ਲੈਂਦਾ ਸਾਂ।
ਉਫ਼! ਮੈਂ ਤਾਂ ਹੋਰ ਹੀ ਪਾਸੇ ਤੁਰ ਪਿਆ। ਕਿੱਥੇ ਸੀ? ਮੇਰਾ ਬਦਨ ਲੋਹੇ ਦਾ ਬਣਾਇਆ ਕਰਕੇ ਦਸਤਾਨਿਆਂ ਜੁੱਤੀਆਂ ਪਾਉਣ ਦੀ ਕੋਈ ਲੋੜ ਨਹੀਂ ਸੀ। ਪੁਲਸ ਨੂੰ ਕੀ ਪਤਾ ਲੱਗਣਾ ਸੀ ਕਿ ਕੀਹਨੇ ਕੀਤਾ? ਮੈਂ ਦਰੀ ਉੱਤੇ ਡੁੱਲ੍ਹੇ ਖੂਨ ਵਿਚ ਨਿਸ਼ਾਨ ਛੱਡਣ ਤੋਂ ਬਗੈਰ ਤੁਰ ਸਕਦਾ ਸੀ। ਉਸਨੂੰ ਮਾਰਨ ਤੋਂ ਪਹਿਲਾਂ ਮੈਂ ਉਹਦੇ ਗ਼ੁਸਲਖ਼ਾਨੇ ਵਿਚ ਲੁਕਿਆ ਸੀ। ਜਦ ਇਸ਼ਨਾਨ ਕਰਨ ਅੰਦਰ ਆਇਆ ਮੈਨੂੰ ਵੇਖਕੇ ਬਹੁਤ ਹੈਰਾਨ ਹੋ ਗਿਆ ਸੀ। ਜਦ ਉਹਨੂੰ ਹੋਸ਼ ਆਈ ਮੈਂ ਉਹਦੇ ਸਰੀਰ ਨੂੰ ਦੋ ਤਿੰਨ ਵਾਰੀ ਚੋਭੜ ਦਿੱਤਾ। ਇਨਸਾਨ ਦਾ ਗਲਤ ਵਹਿਮ ਹੈ ਕਿ ਜੋ ਪਿੱਠ ਪਿੱਛੇ ਹੁੰਦਾ ਉਹਦੇ ਤੋਂ ਡਰਨਾ ਚਾਹੀਦਾ। ਪਰ ਸੱਚ ਇਹ ਹੈ ਕਿ ਜੋ ਅੱਖਾਂ ਦੇ ਸਾਹਮਣੇ ਹੁੰਦਾ ਉਸਤੋਂ ਡਰਨਾ ਚਾਹੀਦਾ ਹੈ। ਮੇਰੀ ਸਲਾਹ ਹੈ ਕਿ ਜਿਨ੍ਹਾਂ ਨਾਲ ਲੋਕ ਗੱਲ ਬਾਤ ਕਰਦੇ, ਜਿਨ੍ਹਾਂ ਨਾਲ ਹੱਥ ਮਿਲਾਉਂਦੇ, ਉਨ੍ਹਾਂ ਤੋਂ ਡਰਨਾ ਚਾਹੀਦਾ। ਦੈਂਤ ਝਾੜੀ ਪਿੱਛੇ ਨਹੀਂ ਲੁਕਦੇ। ਮੁਸਕਾਨ ਪਿੱਛੇ ਲੁਕਦੇ ਹਨ। ਵੈਰੀ ਅੱਗੋਂ ਹੀ ਮਾਰਨ ਆਉਂਦੇ ਨੇ।

ਮੈਂ ਤੇਜ਼ੀ ਨਾਲ ਕੰਮ ਕਰਦਾ ਸਾਂ। ਪਹਿਲਾਂ ਮੈਂ ਆਪਣੀਆਂ ਉਂਗਲੀਆਂ ਲੀਰ ਨਾਲ ਪੂੰਝੀਆਂ। ਇਹਨਾਂ ਦੀਆਂ ਨੋਕਾਂ ਪਿੱਛੇ ਚਾਕੂ ਲੁਕੇ ਸਨ। ਮੈਂ ਉਸਦੇ ਵੱਲ ਤੱਕਿਆ। ਹਾਲੇ ਮਰਿਆ ਨਹੀਂ ਸੀ। ਬੁੱਲ੍ਹ ਮੱਛੀਆਂ ਦੇ ਹੋਠਾਂ ਵਾਂਗ ਸਾਹ ਲੈਣ ਦੀ ਕੋਸ਼ਿਸ਼ ਕਰਦੇ ਸਨ। ਇੰਜ ਲੱਗੇ ਜਿੱਦਾਂ ਕਿਸੇ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ। ਪਿੰਡਾ ਤੜਫਦਾ ਸੀ। ਮੈਂ ਉਪੇਖਿਆ ਕੀਤੀ। ਬੈਠਕ ਵਿਚ ਇਧਰ ਉਧਰ ਤੁਰਦਾ ਫਿਰਦਾ ਸਾਂ ਕਿਉਂਕਿ ਮੈਂ ਚਾਹੁੰਦਾ ਸਾਂ ਕਿ ਸਾਰਾ ਕੁਝ ਇੱਦਾਂ ਲੱਗੇ ਜਿੱਦਾਂ ਕੋਈ ਪਰੇਸ਼ਾਨੀ ਹੋਈ ਹੋਵੇ। ਇੱਕ ਮੇਜ਼ ਉੱਤੇ ਕੁਝ ਬੋਤਲਾਂ ਪਈਆਂ ਸਨ। ਮੇਰਾ ਇੱਥੇ ਆਏ ਦਾ ਕੋਈ ਸਬੂਤ ਨਹੀਂ ਰਹਿਣਾ ਚਾਹੀਦਾ ਸੀ। ਕੋਈ ਸਬੂਤ ਨਹੀਂ ਸੀ ਕਿ ਇੱਥੇ ਆਂਢੀ ਗੁਆਂਢੀ ਵੀ ਆਇਆ ਹੋਵੇ। ਸਫ਼ਾਈ ਕਰਨ ਦਾ ਮਜ਼ਾ ਸੰਗੀਤ ਨਾਲ ਹੀ ਆਉਂਦਾ ਸੀ। ਮੈਂ ਉਸਨੂੰ ਘੁੰਮਕੇ ਆਖਿਆ ਕੀ ਸੁਣਨਾ ਚਾਹੁੰਦਾ ਏ? - । ਉਹਦੇ ਕੋਲ ਸਸਤਾ ਸਟੀਰੀਓ ਸੀ ਅਤੇ ਦਸ ਕੁ ਸੰਗੀਤ ਨਾਲ ਭਰੀਆਂ ਹੋਈਆਂ ਮੈਮਰੀ ਕਾਰਡ-ਡੰਡੀਆਂ। ਮੈਂ ਸਟੀਰੀਓ ਵਿਚ ਇੱਕ ਡੰਡੀ ਪਾਕੇ ਚਲਾ ਦਿੱਤੀ। ਕੋਈ ਲੋੜ ਨਹੀਂ ਸੀ ਕਹਿਣ ਦੀ ਪਰ ਮੈਂ ਆਖਿਆ ਗੁਰਦਾਸ ਮਾਨ!- ਮੈਂ ਅਵਾਜ਼ ਉੱਚੀ ਕਰ ਦਿੱਤੀ। ਗਾਣੇ ਦਾ ਨਾਂ “ਪਿਆਰ ਕਰ ਲੈ” ਸੀ। ਫਿਰ ਮੈਂ ਕਮਰੇ ਦੇ ਮੇਜ਼ ਕੁਰਸੀਆਂ, ਸੋਫ਼ੇ ਤੋਂ ਗੱਦੀਆਂ ਆਲ਼ੇ ਦੁਆਲੇ ਚੁੱਕ ਕੇ ਮਾਰੀਆਂ। ਪੁਲਸ ਦੇ ਦਿਮਾਗ ਵਿਚ ਲੱਗਣਾ ਚਾਹੀਦਾ ਸੀ ਕਿ ਕਿਸੇ ਚੋਰ ਨੇ ਡਾਕਾ ਮਾਰਨ ਦੀ ਕੋਸ਼ਿਸ਼ ਵਿਚ ਉਹਨੂੰ ਮਾਰ ਦਿੱਤਾ।

ਉਹ ਦੇਖ ਨਹੀਂ ਸੱਕਿਆ ਕਿ ਮੈਂ ਉਹਦੇ ਕਮਰੇ ਦਾ ਕੀ ਹਾਲ ਬਣਾਉਂਦਾ ਸੀ। ਪਰ ਕੰਨਾਂ ਵਿਚ ਰਾਗ ਦੀ ਸੁਰ ਜਾਂਦੀ ਸੀ। ਕਹਿਣ ਦਾ ਮਤਲਬ ਜਦ ਮੈਂ ਖਿਲਾਰਾ ਪਾਉਂਦਾ ਸੀ ਉਹਨੂੰ ਖੜਕਾ ਸੁਣਦਾ ਸੀ। ਉਹਦੀਆਂ ਅੱਖਾਂ ਦਰੀ ਵੱਲ ਤੱਕ ਦੀਆਂ ਸਨ। ਦਰੀ ਦਾ ਰੰਗ ਖੂਨ ਨਾਲ ਲਾਲ ਨਹੀਂ ਸੀ, ਪਰ ਇੱਦਾਂ ਲੱਗਦਾ ਸੀ ਜਿੱਦਾਂ ਦੁੱਧ ਜਾਂ ਚਾਹ ਕਿਸੇ ਨੇ ਡੋਲ ਦਿੱਤੀ ਹੋਵੇ। ਫਿਲਮਾਂ ਵਿਚ ਹਮੇਸ਼ਾ ਲਹੂ ਲਾਲ ਹੁੰਦਾ ਹੈ। ਪਰ ਅਸਲ ਵਿਚ ਦਾਗ਼ ਇੱਦਾਂ ਦੇ ਹੁੰਦੇ ਹਨ। ਦੁੱਧ? ਇਸ ਸੋਚ ਨੇ ਮੈਨੂੰ ਫਰਿੱਜ ਵੱਲ ਤੋਰ ਦਿੱਤਾ। ਮੈਂ ਖੋਲ੍ਹਕੇ ਸਾਰਾ ਸਮਾਨ ਰਸੋਈ ਦੀਆਂ ਕੰਧਾਂ ਅਤੇ ਸਿੰਕ ਵੱਲ ਸਿੱਟ ਦਿੱਤਾ। ਫਰਸ਼ ਉੱਤੇ ਆਂਡੇ, ਦੁੱਧ, ਸ਼ਰਾਬ, ਟਮਾਟਰ, ਮੱਖਣ, ਖੀਰਿਆਂ ਤੇ ਹੋਰ ਚੀਜ਼ਾਂ ਦੀ ਮਿਲਾਵਟ ਹੋ ਗਈ। ਇੱਦਾਂ ਲੱਗੇ ਜਿੱਦਾਂ ਫਰਸ਼ ਤੇ ਖਿਚੜੀ ਡੁਲਹੀ ਸੀ।

ਸਹਿਜੇ ਸਹਿਜੇ ਫਿਰ ਮੈਂ ਬਾਕੀ ਕਮਰਿਆਂ ਦੀ ਤਬਾਹੀ ਕਰ ਦਿੱਤੀ। ਫਿਰ ਮੈਂ ਬਾਹਰ ਜਾਕੇ ਆਪਣੇ ਪਿੱਛੇ ਬੂਹਾ ਬੰਦ ਕਰ ਦਿੱਤਾ। ਆਲ਼ੇ ਦੁਆਲੇ ਦੇਖਿਆ। ਕੋਈ ਨਹੀਂ ਸੀ। ਮੈਂ ਚੋਰ-ਜਿੰਦਾ ਭੰਨ ਦਿੱਤਾ। ਫਿਰ ਸਾਰੇ ਦਰਵਾਜ਼ਿਆਂ ਦਾ ਨਾਸ ਕਰ ਦਿੱਤਾ। ਫਿਰ ਬੰਦ ਕਰਕੇ (ਬੂਹੇ ਦੀ ਹਾਲਤ ਬਹੁਤ ਖ਼ਰਾਬ ਸੀ। ਲੰਘਣਾ ਮੁਸ਼ਕਿਲ ਸੀ।) ਖੜਕਾ ਕਰਨ ਤੋਂ ਬਗੈਰ ਘਰ ਦੀ ਗਲੀ ਵਿਚ ਜਾਕੇ ਟੈਲੀਫੋਨ ਭੂੰਝੇ ਸਿੱਟ ਦਿੱਤਾ। ਬੈਠਕ ਵਿਚ ਵਾਪਸ ਜਾਕੇ ਉਸਦਾ ਸਿਰ ਧਰਤੀ ਉੱਤੇ ਰੱਖ ਦਿੱਤਾ। ਮੁੱਖ ਚਿੱਟਾ ਚਿੱਟਾ ਹੋਇਆ ਸੀ। ਮੈਂ ਕਈ ਲਾਸ਼ਾਂ ਵੇਖੀਆਂ ਹਨ ਪਰ ਇਹਦਾ ਹਾਲ ਉਨ੍ਹਾਂ ਸਾਰੀਆਂ ਤੋਂ ਬੁਰਾ ਸੀ।

- ਫਿਕਰ ਨਾ ਕਰ ਯਾਰ। ਤਕਰੀਬਨ ਮੇਰਾ ਕੰਮ ਮੁੱਕ ਗਿਆ ਹੈ। ਮੈਂ ਉਪਰ ਗਿਆ। ਉਸਦੇ ਸੌਣ ਵਾਲੇ ਕਮਰੇ ਦਾ ਵੀ ਓਹੀ ਹਾਲ ਕਰ ਦਿੱਤਾ। ਜਦ ਅਲਮਾਰੀ ਖੋਲ੍ਹੀ, ਫੋਲਾ ਫਾਲੀ ਕੀਤੀ ਮੈਨੂੰ ਨੋਟਾਂ ਦਾ ਪੁਲੰਦਾ ਲੱਭ ਗਿਆ। ਮੈਂ ਰੱਖ ਲਿਆ। ਗਾਹਕ ਨੇ ਮੈਨੂੰ ਪੈਸੇ ਇਸ ਕੰਮ ਲਈ ਦਿੱਤੇ ਸੀ ਪਰ ਮੈਨੂੰ ਪਤਾ ਸੀ ਕਿ ਸਭ ਤੋਂ ਪਹਿਲਾਂ ਪੁਲਸ ਨੇ ਜੇਬ ਵਿਚ ਪਾ ਲੈਣੇ ਸੀ। ਉਸ ਕਰਕੇ ਮੈਂ ਆਪਣੀ ਟਿੱਪ ਸਮਝ ਕੇ ਖੁਦ ਰੱਖ ਲਏ।

ਮੈਂ ਕਮਰੇ ਵੱਲ ਤੱਕਿਆ। ਬਹੁਤ ਨੀਚ ਆਦਮੀ ਸੀ। ਫ਼ਰਸ਼ ਉੱਤੇ ਅਸ਼ਲੀਲ ਤਸਵੀਰਾਂ ਨਾਲ ਭਰੇ ਹੋਏ ਰਸਾਲੇ ਖਿੱਲਰੇ ਸਨ। ਬਿਸਤਰੇ ਦੇ ਆਲ਼ੇ ਦੁਆਲੇ ਵਿਸਕੀ ਦੀਆਂ ਬੋਤਲਾਂ ਸਨ। ਮੈਲ਼ੇ ਕਪੜੇ ਸਾਰੇ ਪਾਸੇ ਪਏ ਸਨ। ਇੱਕ ਛੋਟੀ ਅਲਮਾਰੀ ਉਪਰ ਰੇਡੀਓ ਟਿਕਿਆ ਸੀ। ਕੋਈ ਪਰਿਵਾਰ ਦੀ ਤਸਵੀਰ ਨਹੀਂ ਸੀ। ਕੋਈ ਕਲਾ-ਚਿੱਤਰ ਕੰਧ ਉੱਤੇ ਨਹੀਂ ਟੰਗਿਆ ਹੋਇਆ ਸੀ।

ਮੈਨੂੰ ਸਾਫ਼ ਦਿਸਦਾ ਸੀ ਕਿ ਉਹ ਦਵਾਈ ਦੀ ਵਰਤੋਂ ਕਰਦਾ ਸੀ। ਰੇਡੀਓ ਨਾਲ ਕੁਝ ਸ਼ੀਸ਼ੀਆਂ ਗੋਲੀਆਂ ਨਾਲ ਭਰੀਆਂ ਪਈਆਂ ਸਨ। ਮੇਰੇ ਖਿਆਲ ਵਿਚ ਘਬਰਾਹਟ ਨੂੰ ਠੀਕ ਕਰਨ ਲਈ ਦੁਆਈਆਂ ਹੋਣਗੀਆਂ। ਮੁਖ਼ਬਰਾਂ ਨੂੰ ਨਸ਼ੇ ਉਪਰ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ। ਹਮੇਸ਼ਾਂ ਫਿਕਰ ਹੁੰਦਾ ਹੈ ਕਿ ਜਸੂਸੀ ਦਾ ਨਤੀਜਾ ਮੌਤ ਹੋ ਸਕਦਾ ਹੈ। ਕਿਉਂਕਿ ਜਦ ਗੁਨਾਹਗਾਰ ਦੇ ਖ਼ਿਲਾਫ਼ ਗਵਾਹੀ ਦੇ ਦਿੱਤੀ ਦੋਸ਼ੀ ਦੇ ਬਦਲੇ ਤੋਂ ਲੁਕਣ ਦੀ ਕੋਸ਼ਿਸ਼ ਕਰਦੇ ਨੇ। ਭਾਵੇਂ ਸਰਕਾਰ ਸ਼ਰਨ ਕੋਈ ਗੁਪਤ ਥਾਂ ਵਿਚ ਦੇ ਦੇਂਵੇ, ਪਰ ਗੁਨਾਹਗਾਰ ਦੇ ਮਿੱਤਰਾਂ ਦੀ ਪਹੁੰਚ ਬਹੁਤ ਲੰਬੀ ਹੁੰਦੀ ਹੈ। ਮੁਖ਼ਬਰ ਭਾਵੇਂ ਆਪਣਾ ਨਾਂ ਬਦਲ ਲਵੇ, ਚਿਹਰਾ ਬਦਲ ਲਵੇ, ਪਰ ਆਪਣੇ ਪਿਆਰੇ ਟੱਬਰ ਤੋਂ ਬਗੈਰ ਕਿਵੇਂ ਜੀਵੇ? ਆਪਣੇ ਖਾਸ ਦੋਸਤਾਂ ਨਾਲ ਫਿਰ ਕਦੇ ਮੁਲਾਕਾਤ ਨਹੀਂ ਕਰ ਸਕਦੇ ਸਨ। ਨਿਆਣਿਆਂ ਨੂੰ ਛੋਹ ਨਹੀਂ ਸਕਦੇ। ਸਿਰਫ਼ ਜੇਲ੍ਹ ਤੋਂ ਬਚਦੇ ਅਤੇ ਥੋੜ੍ਹਾ ਚਿਰ ਮੇਰੇ ਵਰਗੇ ਕਾਤਲ ਤੋਂ। ਆਦਮੀ ਨੇ ਤਾਂ ਮੈਨੂੰ ਮਦਦ ਕਰਨ ਵਾਲਾ ਕਲਦਾਰ ਬਣਾਇਆ ਸੀ। ਹੁਣ ਮੈਂ ਕਲਦਾਰ ਰਿਹਾ ਹਾਂ ਕਿ ਕਾਤਲ? ਬੈਠਕ ਵਿਚ ਕਾਲੇ ਦੀ ਲਾਸ਼ ਪਈ ਸੀ। ਹਾਂ ਉਹਦਾ ਨਾਂ ਕਾਲਾ ਸੀ। ਹੈ ਵੀ ਕਾਲਾ ਸੀ। ਉਸਦੀ ਪਤਨੀ ਨੇ ਉਹਨੂੰ ਛੱਡ ਦਿੱਤਾ ਸੀ। ਕਿਉਂਕਿ ਕੌਣ ਇਸ ਹਾਲ ਵਿਚ ਰਹਿ ਸਕਦਾ ਸੀ? ਇੱਦਾਂ ਹੀ ਮੈਨੂੰ ਦੱਸ ਪਈ। ਭਾਵੇਂ ਮੁਖ਼ਬਰ ਦਾ ਪਰਿਵਾਰ ਹੁਣ ਟੁੱਟ ਗਿਆ, ਕੋਈ ਨਾ ਕੋਈ ਨਿਸ਼ਾਨ ਰਹਿ ਜਾਂਦਾ ਜਿਸ ਨਾਲ ਸੂਚਕ ਲੱਭ ਜਾਂਦਾ।

ਪੁਲਸ ਨੂੰ ਪਤਾ ਲੱਗ ਜਾਂਦਾ ਕੌਣ ਕਮਜ਼ੋਰ ਹੈ। ਉਸਨੂੰ ਵਾਅਦੇ ਨਾਲ ਫਸਾ ਦੇਂਦੇ ਨੇ। ਜਸੂਸ ਬਣਾ ਦੇਂਦੇ ਨੇ। ਝੂਠ ਬੋਲ ਕੇ ਕਹਿੰਦੇ ਨੇ ਸਾਡੀ ਮਦਦ ਕਰੋ, ਤੁਹਾਡੇ ਲਈ ਨਰਮ ਹੋ ਜਾਵਾਂਗੇ। ਦੰਡ ਘੱਟ ਜਾਊਗਾ। ਤੁਹਾਡੇ ਟੱਬਰ ਦੀ ਰਾਖੀ ਕਰਾਂਗੇ ਪਰ ਜਿਊਰੀ ਨੇ ਤਾਂ ਸੋਚਣਾ ਹੈ ਕਿ ਇਹ ਵੀ ਦੋਸ਼ੀ ਹੈ। ਇਸ ਦੇ ਬਿਆਨ ਤੇ ਕੀ ਭਰੋਸਾ ਏ? ਉਹਨਾਂ ਲਈ ਗੁਨਾਹਗਾਰ ਤਾਂ ਛੁੱਟ ਜਾਂਦਾ ਹੈ। ਕਈ ਵਾਰੀ ਮੁਖ਼ਬਰ ਲਈ ਪੈਸੇ ਕਮਾਉਣ ਦਾ ਤਰੀਕਾ ਬਣ ਜਾਂਦਾ ਹੈ। ਕਈ ਵਾਰੀ ਨਹੀਂ। ਕਾਲੇ ਲਈ ਨਹੀਂ ਬਣਿਆ। ਮੈਂ ਥੱਲੇ ਚਲਾ ਗਿਆ। ਲਾਸ਼ ਉਪਰ ਝੁਕ ਕੇ ਘੋਖਿਆ। ਪੰਦਰਾਂ ਮਿੰਟਾਂ ਤਕ ਜਿਸਮ ਠੰਡਾ ਹੋ ਜਾਣਾ ਸੀ। ਮੈਨੂੰ ਖਿਆਲ ਆਇਆ ਕਿ ਮੈਂ ਗਲਤੀ ਕੀਤੀ ਏ। ਦਰਵਾਜ਼ਾ ਬਹੁਤ ਛੇਤੀ ਭੰਨ ਦਿੱਤਾ। ਕੋਈ ਇਸ ਨੂੰ ਪੰਦਰਾਂ ਮਿੰਟਾਂ ਵਿਚ ਲੱਭ ਸਕਦਾ ਹੈ। ਹੁਣ ਹੱਥ ਮਲਣ ਦੀ ਕੋਈ ਲੋੜ ਨਹੀਂ ਸੀ। ਜੋ ਹੋ ਗਿਆ ਸੋ ਹੋ ਗਿਆ।

ਮੈਂ ਬਾਰੀ ਕੋਲ ਖੜ੍ਹ ਗਿਆ। ਜਾਲੀਆਂ ਵਿੱਚੋਂ ਮੈਂ ਬਾਹਰ ਨਜ਼ਰ ਮਾਰੀ। ਬੱਦਲਾਂ ਪਿੱਛੋਂ ਧੁੱਪ ਨੇ ਮੇਰੇ ਵੱਲ ਨਿੱਘੀਆਂ ਨਿੱਘੀਆਂ ਕਿਰਨਾਂ ਸੁੱਟੀਆਂ। ਹਾਂ ਮੈਨੂੰ ਇਹ ਕੰਮ ਬਹੁਤ ਪਸੰਦ ਸੀ। ਮੇਰੀ ਕੀ ਗਲਤੀ? ਇਨਸਾਨ ਨੇ ਮੈਨੂੰ ਇੱਦਾਂ ਦਾ ਬਣਾਇਆ। ਇਨਸਾਨ ਮੈਨੂੰ ਇਸ ਤਰ੍ਹਾਂ ਦੇ ਕਾਰਜਾਂ ਤੇ ਭੇਜਦੇ ਸਨ। ਆਮ ਕਲਦਾਰ ਇਨਸਾਨ ਦੀ ਰੱਖਸ਼ਾ ਕਰਦਾ। ਪਰ ਮੈਂ ਅਲੱਗ ਸਾਂ। ਆਪਣੇ ਆਪ ਜਿਹੜਾ ਸੋਚਣ ਲੱਗ ਪਿਆ ਸਾਂ। ਖੂਨ ਡੋਲ੍ਹ ਕੇ ਮਜ਼ਾ ਆਉਂਦਾ ਸੀ। ਕਦੇ ਸੋਚਿਆ ਲਹੂ ਦੀ ਮੁਸ਼ਕ ਕਿੱਦਾਂ ਦੀ ਹੈ? ਮੈਂ ਕਈ ਲੋਕਾਂ ਅਤੇ ਕਲਦਾਰਾਂ ਨੂੰ ਮਾਰਿਆ। ਪਰ ਇਨਸਾਨ ਨੇ ਮੈਨੂੰ ਮਹਿਕ ਸੁੰਘਣ ਦੀ ਯੋਗਤਾ ਨਹੀਂ ਦਿੱਤੀ। ਮੈਂ ਚਾਰ ਚੁਫੇਰੇ ਸਭ ਕੁਝ ਫਿਰ ਚੈਕ ਕੀਤਾ। ਅਦਾਲਤੀ ਸਾਇੰਸਦਾਨਾਂ ਲਈ ਕੋਈ ਉੱਘ ਸੁੱਘ ਨਹੀਂ ਹੋਣੀ ਚਾਹੀਦੀ। ਸਾਡੇ ਵਰਗੇ ਕਦੇ ਨਹੀਂ ਥਹੁ ਛੱਡਦੇ। ਕਿਸੇ ਨੇ ਇਸ ਕੇਸ ਉਪਰ ਜ਼ਬਰਦਸਤੀ ਨਾਲ ਕੰਮ ਨਹੀਂ ਕਰਨਾ। ਘਰ ਦਾ ਇੱਦਾਂ ਦਾ ਹਾਲ ਕਰ ਦਿੱਤਾ ਦੇਖਣ ਵਾਲਿਆਂ ਨੂੰ ਲੁਟ ਮਾਰ ਦਾ ਕੇਸ ਲੱਗਣਾ। ਸਾਡੇ ਵਰਗੇ ਕਾਤਲ ਬਹੁਤ ਘੱਟ ਫੜ੍ਹ ਹੁੰਦੇ ਨੇ। ਕਿਉਂਕਿ ਅਸੀਂ ਵੇਖਣ ਵਿਚ ਆਮ ਬੰਦੇ ਲੱਗਦੇ ਹਾਂ। ਆਮ ਕਲਦਾਰ ਲੱਗਦੇ ਹਾਂ। ਨਾਲੇ ਕਦੇ ਕੋਈ ਕਲਦਾਰ ਨੂੰ ਮਾਰਨ ਲਈ ਪ੍ਰੋਗਰਾਮ ਕੀਤਾ ਹੈ? ਮੇਰੇ ਵਿਚ ਤਾਂ ਵਿਲੱਖਣਤਾ ਹੈ। ਅਸਲੀ ਕਾਤਲ ਫਿਲਮੀ ਕਾਤਲ ਵਰਗੇ ਨਹੀਂ ਹੁੰਦੇ। ਜੇ ਹੁੰਦੇ ਤਾਂ ਸਾਫ਼ ਦਿੱਸ ਜਾਂਦੇ। ਫਿਰ ਕਿਵੇਂ ਕੰਮ ਪੂਰਾ ਕਰ ਸਕਦੇ? ਅਸੀਂ ਆਪਣੇ ਆਲ਼ੇ ਦੁਆਲੇ ਦਿਆਂ ਲੋਕਾਂ ਵਿਚ ਢੱਕ ਹੋ ਜਾਂਦੇ ਹਾਂ।

ਉਫ਼! ਮੈਂ ਫਿਰ ਹੋਰ ਪਾਸੇ ਤੁਰ ਪਿਆ! ਮੈਂ ਆਪਣੇ ਆਪ ਨੂੰ ਸਾਫ਼ ਕਰਕੇ ਸੁਧਾਰਿਆ। ਬੈਠਕ ਦੇ ਬੂਹੇ ਵੱਲ ਤੁਰ ਪਿਆ। ਫਿਰ ਰੁਕ ਕੇ ਕਿਹਾ ਅੱਛਾ ਕਾਲਿਆ ਮੈਂ ਹੁਣ ਜਾਂਦਾ ਹਾਂ। ਦੇਰ ਹੋ ਗਈ ਫਿਰ ਆਰਾਮ ਨਾਲ ਘਰੋਂ ਬਾਹਰ ਤੁਰ ਪਿਆ।

ਅਪਰਾਧ ਤੋਂ ਬਾਅਦ ਸਭ ਤੋਂ ਖਤਰਨਾਕ ਵਕਤ ਮੇਰੇ ਲਈ ਇਹ ਹੁੰਦਾ ਐ। ਗੁਨਾਹ-ਦ੍ਰਿਸ਼ ਤੋਂ ਤੁਰਦਾ ਬੰਦਾ ਪਛਾਣਿਆ ਜਾ ਸਕਦਾ ਹੈ, ਕਲਦਾਰ ਵੀ ਪਛਾਣ ਹੋ ਸਕਦਾ ਹੈ।
ਮੈਂ ਵਿਹੜੇ ਦੀ ਵਾੜ ਪਿੱਛੇ ਚੰਗੀ ਤਰ੍ਹਾਂ ਲੁਕਿਆ ਸਾਂ। ਉਹ ਵਾੜ ਜਿਸਨੂੰ ਕਾਲੇ ਨੇ ਦੁਨੀਆ ਤੋਂ ਪਰਦਾ ਸਮਝਿਆ। ਉਹ ਵਾੜ ਜਿਹੜੀ ਕਾਲੇ ਲਈ ਸੁੱਖ ਸੀ ਕਿਉਂਕਿ ਅਣਚਾਹੀਆਂ ਅੱਖਾਂ ਤੋਂ ਓਹਲੇ ਰੱਖਦੀ ਸੀ। ਸੜਕ ਦੀ ਪਟੜੀ ਉੱਤੇ ਮੈਂ ਠਹਿਰਿਆ ਨਹੀਂ। ਆਲ਼ੇ ਦੁਆਲੇ ਕੋਈ ਨਹੀਂ ਸੀ। ਜਦ ਮੋੜ ਲੰਘਿਆ ਇੱਕ ਦਮ ਆਪਣੀ ਉਡਣ ਵਾਲੀ ਗੱਡੀ ਵਿਚ ਬਹਿਕੇ ਇੰਜਣ ਚਾਲੂ ਕਰਕੇ ਉਡਾਰੀ ਮਾਰੀ।


ਆਥਣ ਵੇਲੇ ਮੈਂ ਉਸ ਹੀ ਥਾਂ ਤੇ ਵਾਪਸ ਗਿਆ। ਥਾਂ ਸੁੰਨੀ ਸੀ। ਇਸ ਵਾਰੀ ਮੈਂ ਮਕਾਨ ਦੇ ਸਾਹਮਣੇ ਆਪਣੀ ਉਡਣ ਵਾਲੀ ਗੱਡੀ ਪਾਰਕ ਕਰ ਦਿੱਤੀ। ਆਂਢੀਆਂ ਗੁਆਂਢੀਆਂ ਦੇ ਘਰ ਖਮੋਸ਼ ਸਨ। ਜਿਵੇਂ ਸਾਰੇ ਬਾਹਰ ਗਏ ਹੋਣ, ਵੈਸੇ ਵੀ ਐਸੇ ਗੁਆਂਢੀ ਹੋਰ ਲੋਕਾਂ ਦੀਆਂ ਗੱਲਾਂ ਵਿਚ ਸ਼ਾਮਲ ਨਹੀਂ ਹੁੰਦੇ ਸਨ। ਐਤਕੀਂ ਮੈਂ ਰੇਸ ਇੰਨੇ ਜ਼ੋਰ ਨਾਲ ਦਿੱਤੀ ਕਿ ਇੰਜਣ ਚਿੰਘਾੜ ਪਿਆ। ਗੱਡੀ ਦਾ ਬੂਹਾ ਵੀ ਜ਼ੋਰ ਦੇਣੀ ਬੰਦ ਕੀਤਾ। ਹੁਣ ਮੈਂ ਬਦਨ ਉੱਤੇ ਵਰਦੀ ਪਾਈ ਹੋਈ ਸੀ। ਲੋਹੇ ਦੀਆਂ ਲੱਤਾਂ ਉਪਰ ਪਤਲੂਨ। ਹਾਂ ਕਲਦਾਰ ਨੂੰ ਕਪੜਿਆਂ ਦੀ ਲੋੜ ਨਹੀਂ ਸੀ, ਅਸੀਂ ਕਪੜਿਆਂ ਵਿਚ ਬੇਤੁਕੇ ਲੱਗਦੇ ਸਾਂ। ਪਰ ਸੰਸਾਰ ਦੀ ਨਿਯਮਾਵਲੀ ਦੇ ਮੁਤਾਬਕ ਚੱਲਣਾ ਪੈਂਦਾ ਸੀ। ਨਾਲੇ ਜੇ ਕਿਸੇ ਨੇ ਵੀ ਮੈਨੂੰ ਦੇਖਿਆ ਵੀ ਹੋਵੇ ਹੁਣ ਕਿਵੇਂ ਪਛਾਣਦਾ? ਗਵਾਹ ਨੂੰ ਤਕਰੀਬਨ ਕਪੜਿਆਂ ਦੀ ਯਾਦ ਹੁੰਦੀ ਹੈ। ਮੁਜਰਮ ਦੀ ਸ਼ਕਲ ਘੱਟ। ਸਵੇਰੇ ਸਵੇਰੇ ਮੈਂ ਨੰਗਾ ਮਸ਼ੀਨੀ ਮਾਨਵ ਸਾਂ। ਹੁਣ ਕਪੜਿਆਂ ਨਾਲ ਮੇਰਾ ਰੂਪ ਬਦਲ ਗਿਆ ਸੀ। ਸਭ ਤੋਂ ਹੁਸ਼ਿਆਰ ਹਤਿਆਰੇ ਨਕਲੀ ਮੁੱਛਾਂ ਅਤੇ ਰੰਗੇ ਵਾਲ ਨਹੀਂ ਵਰਤਦੇ। ਆਮ ਕਪੜੇ ਹੀ ਪਾਉਂਦੇ ਹਨ।

ਮੈਂ ਹੌਲੀ ਹੌਲੀ ਪਾਥ ਉੱਤੇ ਤੁਰਕੇ ਗਿਆ। ਮੇਰੀ ਨਜ਼ਰ ਚਾਰ ਚੁਫੇਰੇ ਗਈ। ਹਰ ਚੀਜ਼ ਦੀ ਪੜਤਾਲ ਕੀਤੀ। ਕਿਉਂਕਿ ਇੱਦਾਂ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਮੇਰਾ ਕੰਮ ਜ਼ਮੀਨ ਦੀ ਪੜਤਾਲ ਕਰਨਾ ਹੈ। ਟੁੱਟੇ ਫੁੱਟੇ ਬੂਹੇ ਦੀ ਵੀ ਜਾਂਚ ਕੀਤੀ। ਦਰਵਾਜ਼ਾ ਬੰਦ ਸੀ। ਜਦ ਮੈਂ ਉਸਦੇ ਅੱਗੇ ਖਲੋਇਆ ਕਿਸੇ ਨੇ ਅੰਦਰੋਂ ਖੋਲ੍ਹ ਦਿੱਤਾ। ਦੋ ਆਦਮੀ ਮੇਰੇ ਵੱਲ ਆਏ। ਇੱਕ ਬੰਦਾ ਵਰਦੀ ਵਿਚ ਸੀ। ਇੱਕ ਕਲਦਾਰ ਵੀ ਇੱਦਾਂ ਹੀ ਸਜਾਇਆ ਸੀ। ਮੈਂ ਇੱਕ ਪਾਸੇ ਹੋਕੇ ਉਨ੍ਹਾਂ ਨੂੰ ਰਾਹ ਦੇ ਦਿੱਤਾ। ਮੈਂ ਫਿਰ ਘਰ ਵਿਚ ਵੜ ਗਿਆ। ਟੈਲੀਫੋਨ ਹਾਲੇ ਵੀ ਦਰੀ ਉੱਤੇ ਡਿੱਗਿਆ ਪਿਆ ਸੀ।

ਲਾਸ਼ ਉੱਥੇ ਹੀ ਸੀ ਜਿੱਥੇ ਮੈਂ ਛੱਡ ਕੇ ਆਇਆ ਸਾਂ। ਉਸ ਵੇਲੇ ਕਾਲੇ ਨੇ ਮੇਰੇ ਲਈ ਦਰਵਾਜ਼ਾ ਖੋਲ੍ਹਿਆ ਸੀ। ਮੇਰੇ ਹੱਥ ਵਿਚ ਥੈਲਾ ਸੀ। ਮੈਂ ਉਹਨੂੰ ਕਿਹਾ ਸੀ ਤੁਹਾਡਾ ਮੀਟਰ ਚੈਕ ਕਰਨ ਆਇਆਂ ਮੈਂ ਓਦੋਂ ਵੀ ਵਰਦੀ ਪਾਈ ਸੀ ਪਰ ਮੀਟਰ ਵਾਲੇ ਦੀ। ਮੈਨੂੰ ਤੜਕੇ ਵੇਖਕੇ ਓਹ ਹੈਰਾਨ ਸੀ। ਪਰ ਉਹਨੇ ਆਪਣੀ ਅਕਲ ਨਹੀਂ ਵਰਤੀ। ਆਮ ਸੂਝ, ਬੰਦੇ ਨੂੰ ਦੱਸਦੀ ਏ ਕਿ ਉਸ ਵੇਲੇ ਮੀਟਰ ਵਾਲਾ ਦਰਵਾਜ਼ਾ ਨਹੀਂ ਖੜਕਾਊਗਾ। ਨਾਲੇ ਕਾਲਾ ਤਾਂ ਮੇਰੇ ਵਰਗਿਆਂ ਤੋਂ ਲੁਕਿਆ ਸੀ! ਉਨੇ ਮੈਨੂੰ ਬੈਠਕ ਵਿਚ ਲਿਜਾਕੇ ਖੜ੍ਹਾ ਕਰ ਦਿੱਤਾ। ਫਿਰ ਮੈਂ ਉਹਨੂੰ ਆਖਿਆ ਤੁਹਾਡਾ ਗ਼ੁਸਲਖ਼ਾਨਾ ਵਰਤ ਸਕਦਾ ? ਹੋਰ ਹੈਰਾਨ ਹੋ ਗਿਆ। ਕਲਦਾਰ ਤਾਂ ਇਸ਼ਨਾਨ ਕਰ ਨਹੀਂ ਸਕਦਾ। ਸ਼ੱਕ ਉਸਨੂੰ ਪਈ ਨਹੀਂ। ਮੈਨੂੰ ਜਾਣ ਦੇ ਦਿੱਤਾ। ਉੱਥੇ ਮੈਂ ਮੀਟਰ ਵਾਲੇ ਦੀ ਵਰਦੀ ਲਾਹ ਦਿੱਤੀ ਸੀ।
-ਮੀਟਰ ਨਹੀਂ ਚੈੱਕ ਕਰਨਾ ? - ।
- ਆਹੋ । ਇੱਕ ਮਿੰਟ ਮੈਂ ਬਾਥਰੂਮ ਵਿੱਚੋਂ ਜਵਾਬ ਦਿੱਤਾ। ਪਤਾ ਨਹੀਂ ਕਿਉਂ ਉਹਨੇ ਸੋਚਿਆ ਨਹੀਂ ਬੈਗ ਵਿਚ ਕੀ ਹੈ। ਕੀ ਪਤਾ ਸੋਚਿਆ ਵੀ ਹੋਵੇਗਾ। ਪਰ ਥੈਲੇ ਵਿਚ ਕੁਝ ਵੀ ਹੋ ਸਕਦਾ ਸੀ। ਕੁਝ ਵੀ।
ਉਫ਼! ਫਿਰ ਹੋਰ ਪਾਸੇ ਤੁਰ ਪਿਆ। ਹੁਣ ਮੇਰੇ ਸਾਹਮਣੇ ਦੋ ਕਲਦਾਰ ਸਨ। ਦੋਨੇਂ ਲਾਸ਼ ਉਪਰ ਝੁਕੇ ਹੋਏ ਸਨ। ਹੋਰ ਕਲਦਾਰ ਅਤੇ ਇਨਸਾਨ ਰਸੋਈ ਅਤੇ ਪੌੜੀਆਂ ਉਪਰ ਹੇਠਾਂ ਤੁਰਦੇ ਫਿਰਦੇ ਸਨ। ਬਹੁਤਾ ਬੋਲਦੇ ਨਹੀਂ ਸਨ। ਤੁਸੀਂ ਸਮਝ ਸਕਦੇ ਹੋ ਕਿ ਇੱਕ ਕਤਲ ਹੋਇਆ ਹੈ। ਬੁੜਬੁੜ ਕਿਸਨੇ ਕਰਨੀ ਐ? ਝੁਕੇ ਹੋਇਆਂ ਚੋਂ ਇੱਕ ਕਲਦਾਰ ਖੜ੍ਹ ਗਿਆ। ਮੇਰੇ ਵੱਲ ਦੇਖਦਾ ਸੀ। ਮੈਂ ਗੁਨਾਹ-ਦ੍ਰਿਸ਼ ਦੀ ਜਾਂਚ ਕਰ ਰਿਹਾ ਸਾਂ। ਬੋਤਲਾਂ ਆਲ਼ੇ ਦੁਆਲੇ ਡੁੱਲੀਆਂ ਖਿੱਲਰੀਆਂ ਸਨ। ਗੱਦੀਆਂ ਵੀ ਜਿੱਥੇ ਮੈਂ ਸੁੱਟੀਆਂ ਸਨ। ਦਰੀ ਲਹੂ ਨਾਲ ਭਿੱਜੀ ਸੀ।
-ਇਥੇ ਕੀ ਹੋਇਆ ? ਮੈਂ ਪੁੱਛਿਆ। ਫਜ਼ੂਲ ਸੁਆਲ ਸੀ।
-ਇਨਸਪੈਕਟਰ ਸਾਹਿਬ ਜੀ, ਲੱਗਦਾ ਏ ਕਿ ਕਿਸੇ ਨੇ ਕਾਲੇ ਦਾ ਬੈਂਡ ਵਜਾ ਦਿੱਤਾ-। ਮੈਨੂੰ ਪੁਲਿਸ ਗੁਪਤਚਰ ਨੇ ਜਵਾਬ ਦਿੱਤਾ।

ਤੀਜੀ ਆਵਾਜ਼

ਮੈਨੂੰ ਦਰਸ਼ਨ ਸੱਦੋ। ਮੈਂ ਰਣਜੀਤਪੁਰ ਦਾ ਸਭ ਤੋਂ ਵੱਡਾ ਗੁਪਤਚਰ ਸਾਂ। ਮੇਰੇ ਮਹਿਕਮੇ 'ਚ ਬੰਦਿਆਂ ਨਾਲ ਕਲਦਾਰ ਅਫਸਰ ਕੰਮ ਕਰਦੇ ਸਨ। ਕਲਦਾਰਾਂ ਦੇ ਨਾਂ ਨਹੀਂ ਹੁੰਦੇ, ਪਰ ਬਿੱਲਿਆਂ ਉੱਤੇ ਨੰਬਰ ਹੁੰਦਾ ਸੀ। ਸਮਝ ਲੋ ਕਿ ਇਸ ਪ੍ਰਤੀਕ ਦਾ ਨੰਬਰ ਨਾਂ ਵਾਂਗ ਚੱਲਦਾ ਸੀ। ਇੱਕ ਕਲਦਾਰ ਦਾ ਨੰਬਰ 1984 ਸੀ। ਪਰ ਪੁਲਿਸੀਆਂ ਨੇ 1984 ਨੂੰ ਨਾਂ ਦਿੱਤਾ ਸੀ। ਸਭ ਉਹਨੂੰ ਭਵਨ ਸੱਦ ਦੇ ਸੀ। ਦਰਅਸਲ ਜਿੰਨੇ ਕਲਦਾਰ ਥਾਣੇ 'ਚ ਕੰਮ ਕਰਦੇ ਸੀ, ਸਭ ਨੂੰ ਨਾਂ ਦਿੱਤੇ ਹੋਏ ਸਨ ।

ਮੈਨੂੰ ਕਈ ਮਹੀਨਿਆਂ ਤੋਂ ਭਵਨ ਉੱਤੇ ਸ਼ਕ ਸੀ। ਅੱਜ ਤੋਂ ਇੱਕ ਹਫਤਾ ਪਹਿਲਾ ਕਾਲੇ (ਸਾਡੇ ਮਹਿਕਮੇ ਲਈ ਮੁਖ਼ਬਰ ਸੀ) ਦੇ ਘਰ ਉਸ ਦੀ ਲਾਸ਼ ਲੱਭੀ ਸੀ। ਦੇਖਣ 'ਚ ਤਾਂ ਚੋਰੀ ਹੋਈ ਸੀ। ਪਰ ਸਾਨੂੰ ਸਾਫ਼ ਦਿੱਸਦਾ ਸੀ ਕਿ ਕਾਲੇ ਦਾ ਕਤਲ ਹੋਇਆ ਸੀ। ਸਾਨੂੰ ਸ਼ੱਕ ਸੀ ਕਿ ਕਿਸੇ ਨੇ ਕਾਲਿਆ ਦਾ ਖ਼ੂਨ ਕਰਵਾਇਆ ਸੀ। ਗੁਨਾਹ-ਦ੍ਰਿਸ਼ ਤੇ ਕੁਝ ਦੇਰ ਬਾਅਦ ਭਵਨ ਵੀ ਆਗਿਆ ਸੀ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਲਾਕੇ 'ਚ ਭਵਨ ਸੀ, ਤੇ ਰੇਡੀਓ ਤੋਂ ਓਨੇ ਸੁਣਿਆ ਕਾਲੇ ਦੇ ਘਰ ਕੁਝ ਗੜਬੜ ਹੋਈ ਸੀ। ਇਸ ਤੋਂ ਪਹਿਲਾ ਹੋਰ ਵੀ ਕਤਲ ਹੋਏ ਸੀ; ਹਰੇਕ ਵਾਰੀ ਭਵਨ ਗੁਨਾਹ-ਦ੍ਰਿਸ਼ ਦੇ ਨੇੜੇ ਘੁੰਮਦਾ ਫਿਰਦਾ ਸੀ। ਸਬੂਤ ਤਾਂ ਮੇਰੇ ਕੋਲ ਨਹੀਂ ਸੀ, ਪਰ ਮੇਰਾ ਸਹਿਜ ਗਿਆਨ, ਮੇਰੀ ਰੁਚੀ ਦੱਸਦੀ ਸੀ ਕਿ ਨਮਕ ਹਰਾਮ ਸੀ। ਮੈਂ ਇਰਾਦਾ ਬਣਾ ਲਿਆ ਉਸਦਾ ਪਿੱਛਾ ਕਰਨ ਦਾ।

ਮੈਂ ਆਪਣੀ ਗਲਾਸੀ ਵੱਲ ਤੱਕਦਾ ਸੀ ਜਦ ਤੁਹਾਨੂੰ ਭਵਨ ਬਾਰੇ ਦੱਸ ਪਾਈ। ਜੇ ਤੁਸੀਂ ਇਸ ਇਤਲਾਹ ਨੂੰ ਪੜ੍ਹ ਦੇ ਹੋ, ਸਮਝੋ ਮੈਂ ਤਾਂ ਰੱਬ ਦਾ ਪਿਆਰਾ ਹੋ ਗਿਆ ਹਾਂ। ਕਿਉਂਕਿ ਇਸ ਖ਼ਤ ਨੂੰ ਹਰ ਵੇਲੇ ਝੱਗੇ ਦੀ ਛਾਤੀ ਵਾਲੀ ਜੇਬ 'ਚ ਰੱਖਦਾ ਸਾਂ। ਇਸ ਖ਼ਤ 'ਚ ਮੈਂ ਸਾਰਾ ਹਾਲ ਦੱਸਣਾ ਚਾਹੁੰਦਾ ਸਾਂ। ਕਹਾਣੀ ਵੀ ਗਲਾਸੀ ਨਾਲ ਹੀ ਸ਼ੁਰੂ ਹੁੰਦੀ…

ਜਿਸ ਰਾਤ ਮੈਂ ਭਵਨ ਦਾ ਪਿੱਛਾ ਕਰਨ ਦਾ ਫ਼ੈਸਲਾ ਕਰ ਲਿਆ, ਥਾਣੇ 'ਚ ਬੈਠਾ ਹਰਾ-ਜਲ ਗਲਾਸੀ 'ਚੋਂ ਪੀਂਦਾ ਸੀ। ਹਰਾ-ਜਲ ਇੱਕ ਰਸ ਜਿਸ ਸਾਡਿਆਂ ਕਾਰਖ਼ਾਨਿਆਂ 'ਚ ਘੜਦੇ ਸੀ। ਭਾਰਤ ਤਾਂ ਇਸ ਸਦੀ 'ਚ ਬਹੁਤ ਕਾਮਯਾਬ ਹੋ ਗਿਆ, ਪਰ ਜਿਉਂ ਜਿਉਂ ਜਨਤਾ ਵੱਧਦੀ ਗਈ, ਅਨਾਜ ਘੱਟਦਾ ਗਿਆ। ਅਸੀਂ ਹੁਣ ਕੇਵਲ ਸ਼ਹਿਰਾਂ 'ਚ ਵਸਦੇ ਸੀ। ਜ਼ਮੀਨੀ ਸਮਾਜ ਤਾਂ ਇਤਿਹਾਸ ਦੇ ਸਫ਼ੇ ਪੰਨਿਆਂ 'ਚ ਗੁੰਮ ਗਿਆ। ਪ੍ਰੋਟੀਨ ਲਈ ਲਾਲ-ਟਿੱਕੀ ਕਾਰਖ਼ਾਨੇ ਖਾਣ ਲਈ ਬਣਾਉਂਦੇ ਸੀ। ਸਬਜ਼ੀਆਂ ਦੇ ਥਾਂ ਹਰੀ-ਟਿੱਕੀ ਨੂੰ ਉਪਜ ਕਰਦੇ ਸੀ। ਪਾਣੀ ਧਾਣੀ ਦਾ ਵੀ ਘਾਟਾ ਸੀ। ਇਸ ਲਈ ਪੀਣ ਲਈ ਲਾਲ ਅਤੇ ਹਰੇ ਜਲ ਸਨ। ਮੈਂ ਵੀ ਪੀਂਦਾ ਸੀ, ਹਰੀ-ਟਿੱਕੀ ਤੋਂ ਬਣਾਕੇ। ਗਲਾਸੀ 'ਚ ਇਹ ਹੀ ਤਿਆਰ ਕੀਤਾ ਸੀ। ਪਰ ਜਦ ਵੀ ਪੀਂਦਾ ਸੀ, ਬੁੱਲ੍ਹਾਂ ਨੂੰ ਤਾਂ ਮੱਕੀ ਦੀਆਂ ਰੋਟੀਆਂ ਦਾ ਯਾਦ ਆਉਂਦਾ ਸੀ। ਓਹ ਮੱਕੀ ਦੀਆਂ ਰੋਟੀਆਂ ਜਿਸ ਮੇਰੇ ਪੜਦਾਦੇ ਦੇ ਵੇਲੇ ਲੋਕ ਖਾ ਸਕਦੇ ਸੀ। ਇਸ ਕਰਕੇ ਉਦਾਸ ਹੋ ਜਾਂਦਾ ਸੀ। ਪਰ ਹੋਰ ਕੁਝ ਖਾਣ ਲਈ ਨਹੀਂ ਸੀ। ਇਸ ਉਜੱਡ ਡਿੰ੍ਰਕ ਦੇ ਸੁਆਦ ਤੋਂ ਧਿਆਨ ਪਰੇ ਕਰਨ ਲਈ ਮੈਂ ਭਵਨ ਬਾਰੇ ਸੋਚਣ ਲੱਗ ਪਿਆ। ਇੱਦਾਂ ਨਿਸ਼ਚਾ ਬਣਾ ਲਿਆ। ਮੈਂ ਕੰਪਿਊਟਰ 'ਚ ਚੈਕ ਕੀਤਾ ਉਸ ਦੀ ਡਿਊਟੀ ਕਦ ਮੁੱਕਦੀ ਸੀ। ਦਸ ਵਜੇ ਦਾ ਟਾਈਮ ਕੰਪਿਊਟਰ ਨੇ ਦੱਸਿਆ। ਠੀਕ ਏ। ਮੈਂ ਉਸ ਵੇਲੇ ਆਪਣੀ ਉਡੱਣ ਵਾਲੀ ਗੱਡੀ ਭਵਨ ਦੀ ਗੱਡੀ ਪਿੱਛੇ ਲੁਕਾ ਕੇ ਮਗਰ ਜਾਵਾਂਗਾ। ਮੈਂ ਬਾਰੀ 'ਚੋਂ ਬਾਹਰ ਸਾਡੇ ਆਧੁਨਿਕ ਨਗਰ ਵੱਲ ਤਾੜਿਆ। ਬਿਜਲੀ ਵਾਲੇ ਪੰਛੀਆਂ ਵਾਂਗ ਬੇਟਾਇਰ ਗੱਡੀਆਂ ਉੱਡ ਰਹੀਆਂ ਸਨ। ਕਿਤੇ ਰੁੱਖ ਨਹੀਂ ਸੀ ਦਿਸਦਾ। ਕਿਤੇ ਅਸਲੀ ਪੰਛੀ ਨਹੀਂ ਸੀ ਦਿਸਦਾ। ਸ਼ਹਿਰ ਕੰਕਰੀਟ ਕੱਚ ਲੋਹੇ ਦਾ ਜੰਗਲ ਸੀ। ਕਿਥੇ ਬੈਠਾ ਹਲ ਰੋਂਦਾ ਹੋਵੇਗਾ। ਕੁਝ ਵਾਹਣ ਲਈ ਰਿਹਾ ਨਹੀਂ। ਮੈਂ ਗ਼ੁੱਸੇ ਵਿਚ ਅੱਧਾ ਭਰਿਆ ਗਲਾਸ ਸੁੱਟ ਦਿੱਤਾ।


ਭਵਨ ਦੀ ਗੱਡੀ ਹਨੇਰੇ 'ਚ ਸ਼ਹਿਰ ਦੇ ਚਮਕ ਦੇ ਤਾਰਿਆਂ (ਅਸਲੀਅਤ ਵਿਚ ਉੱਡਣ ਵਾਲੀਆਂ ਗੱਡੀਆਂ ਸਨ) 'ਚ ਸ਼ਾਮਲ ਹੋ ਗਈ। ਮੈਂ ਥੋੜ੍ਹਾ ਚਿਰ ਬਾਅਦ ਉਸਦੇ ਮਗਰ ਚੱਲੇ ਗਿਆ। ਮੈਂ ਬਹੁਤਾ ਨੇੜੇ ਵੀ ਨਹੀਂ ਹੋਣਾ ਚਾਹੁੰਦਾ ਸੀ। ਜੇ ਉਹਨੇ ਮੈਨੂੰ ਦੇਖ ਲਿਆ, ਮੇਰਾ ਤਾਂ ਸ਼ੁਰੂ ਹੋਣ ਤੋਂ ਪਹਿਲਾ ਹੀ ਕਾਰਜ ਮੁੱਕ ਜਾਣਾ ਸੀ। ਪਲੈਨ ਉੱਤੇ ਪਾਣੀ ਫਿਰ ਜਾਣਾ ਸੀ। ਮੇਰੇ ਅੱਗੇ ਦੋ ਕੁ ਕਿਲੋਮੀਟਰ ਤੇ ਚੱਲਦਾ ਸੀ। ਸਾਡੇ ਵਿਚਕਾਰ ਚਾਰ ਗੱਡੀਆਂ ਸਨ। ਹਾਰ ਕੇ ਰਣਜੀਤਪੁਰ ਦੇ ਕਾਰਖ਼ਾਨੇ ਵਾਲੇ ਇਲਾਕੇ ਪਹੁੰਚੇ ਗਏ ਸੀ। ਇਥੇ ਮੈਨੂੰ ਬੱਚ ਕੇ ਰਹਿਣਾ ਪਿਆ ਕਿਉਂਕਿ ਹੁਣ ਸਾਡੇ ਵਿਚਾਲੇ ਕੋਈ ਨਹੀਂ ਸੀ। ਮੈਂ ਰਿਸਕ ਲੈ ਕੇ ਆਪਣੀ ਗੱਡੀ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ। ਕਿਸੇ ਕਾਰਖ਼ਾਨੇ ਦੇ ਨੇੜੇ ਉਸਨੇ ਆਪਣੀ ਗੱਡੀ ਖੜੀ ਕਰ ਦਿੱਤੀ। ਮੈਂ ਅੱਧੇ ਕਿਲੋਮੀਟਰ ਪਰੇ ਧਰਤੀ ਉੱਤੇ ਗੱਡੀ ਨਾਲ ਚੁੰਮੀ ਦੇ ਦਿੱਤੀ ਸੀ। ਮੇਰੀ ਦੁਅੱਖੀ ਦੂਰਬੀਨ 'ਚੋਂ ਭਵਨ ਸਾਫ਼ ਦਿੱਸਦਾ ਸੀ। ਮੈਂ ਉਸਨੂੰ ਇੱਕ ਫੈਕਟਰੀ ਦੇ ਬੂਹੇ 'ਚੋਂ ਅੰਦਰ ਜਾਂਦਾ ਦੇਖਿਆ। ਦੂਰਬੀਨ ਨਾਲ ਮੈਂ ਕਾਰਖ਼ਾਨੇ ਦੇ ਨਾਂ ਉੱਤੇ ਨਜ਼ਰ ਮਾਰੀ।
-ਨੰਬਰ ਵੰਨ ਟਿੱਕੀ ਫੱਟੇ ਉੱਤੇ ਲਿਖਿਆ ਸੀ। ਇਥੇ ਤਾਂ ਹਰੀਆਂ ਅਤੇ ਲਾਲ ਟਿੱਕੀਆਂ ਨੂੰ ਬਣਾਉਂਦੇ ਸੀ। ਮੈਂ ਦੂਰਬੀਨ ਨੂੰ ਗੱਡੀ ਵਿਚ ਰੱਖ ਕੇ ਨੰਬਰ ਵੰਨ ਟਿੱਕੀ ਵੱਲ ਤੁਰ ਪਿਆ।

ਭਵਨ ਤਾਂ ਅਰਾਮ ਨਾਲ ਅੰਦਰ ਵੜ ਗਿਆ ਸੀ। ਦਰਵਾਜ਼ੇ ਨਾਲ ਦੋ ਰਾਖੇ ਖੜ੍ਹੇ ਸੀ। ਇੱਕ ਇਨਸਾਨ ਖਲੋਤਾ ਸੀ ਅਤੇ ਇੱਕ ਕਲਦਾਰ ਖੜ੍ਹਾ ਸੀ। ਮੈਨੂੰ ਹੌਲੀ ਹੌਲੀ ਵਾੜ ਘੁੰਮ ਕੇ ਲੁਕਿਆ ਥਾਂ ਲੱਭਣਾ ਪਿਆ। ਇਥੇ ਮੈਂ ਵਾੜ ਦੀਆਂ ਤਾਰਾਂ ਨੂੰ ਪਾਸੇ ਕਰ ਕੇ ਬਾਂਹ ਲੱਤ ਲੰਘਾ ਕੇ ਵੜਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਹੱਥ ਪੈਰ ਪਾਕੇ ਵਾੜ ਚੜ੍ਹ ਕੇ ਦੂਜੇ ਪਾਸੇ ਪਹੁੰਚ ਗਿਆ ਸੀ। ਅੱਜ ਕੱਲ੍ਹ ਕੁੱਤੇ ਤਾਂ ਦੁਨੀਆ 'ਚ ਰਾਖੀ ਕਰਨ ਲਈ ਹੈ ਨਹੀਂ ਸੀ। ਫਿਰ ਵੀ ਧਿਆਨ ਨਾਲ ਤੁਰ ਕੇ ਗਿਆ ਸੀ। ਇੱਕ ਬਾਰੀ ਖੁੱਲ੍ਹੀ ਸੀ। ਇਸ ਗੱਲ ਨੇ ਮੇਰੀ ਅੱਖ ਫੜ੍ਹ ਲਈ ਸੀ। ਮੈਂ ਆਲ਼ੇ ਦੁਆਲੇ ਦੇਖਿਆ। ਹਾਲੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਉਲੰਘਣਾ ਕੀਤੀ ਸੀ। ਇੱਕ ਬਕਸੇ ਨੂੰ ਕੰਧ ਨਾਲ ਘੜੀਸ ਕੇ ਬਾਰੀ ਥੱਲੇ ਟਿੱਕਾ ਦਿੱਤਾ। ਉਸ ਤੇ ਚੜ੍ਹ ਕੇ ਬਾਰੀ ਵਿੱਚੋਂ ਵੜ ਗਿਆ। ਭੰਡਾਰ ਸੀ। ਮੈਂ ਹੌਲੀ ਹੌਲੀ ਅੱਗੇ ਗਿਆ। ਪੁਲਸ ਦਾ ਅਫਸਰ ਮੈਂ ਭਾਵੇਂ ਹੋਵਾਂਗਾ, ਪਰ ਮੇਰੇ ਕੋਲੇ ਮੁਖ਼ਤਾਰਨਾਮਾ ਵਾਰੰਟ ਅੰਦਰ ਵੜਨ ਲਈ ਨਹੀਂ ਸੀ। ਕਾਨੂੰਨ ਦੀ ਨਜ਼ਰ 'ਚ ਮੈਂ ਤਾਂ ਚੋਰ ਸਾਂ। ਭੰਡਾਰ ਦਾ ਬੂਹਾ ਖੋਲ੍ਹ ਕੇ ਅੰਦਰ ਦੇਖਿਆ ਸੀ। ਮੈਂ ਕੋਈ ਥੜ੍ਹੇ ਦੇ ਨਾਲ ਸੀ। ਹੇਠਾਂ ਮੈਨੂੰ ਕਾਰਖ਼ਾਨੇ ਦੀਆਂ ਮਸ਼ੀਨਾਂ ਦਿੱਸ ਦੀਆਂ ਸਨ। ਮੈਨੂੰ ਭਵਨ ਵੀ ਤੁਰਦਾ ਦਿੱਸ ਗਿਆ। ਮੈਂ ਉਸਦਾ ਪਿੱਛਾ ਕੀਤਾ, ਪਰ ਹਮੇਸ਼ਾ ਉਪਰਲੇ ਥੜ੍ਹੇ ਉੱਤੇ ਰਿਹਾ। ਕੁੱਬਾ ਹੋ ਕੇ ਤੁਰਦਾ ਸੀ। ਫਿਰ ਢੋਣ ਵਾਲੀ ਵੱਦਰੀ ਨੇ ਮੇਰੀ ਅੱਖ ਫੜ੍ਹ ਲਈ। ਉਹਦੇ ਉਪਰ ਲਾਲ ਟਿੱਕੀਆਂ ਸਨ।

ਮੈਂ ਸੋਚਿਆ ਜੇ ਮੈਂ ਵੱਧਰੀ ਦੇ ਪੰਧ ਦੇ ਖ਼ਿਲਾਫ਼ ਜਾਵਾ, ਮੈਨੂੰ ਦਿਸ ਜਾਵੇਗਾ ਲਾਲ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਨੇ। ਭਵਨ ਤਾਂ ਇਥੇ ਮਾਲਿਕ ਨੂੰ ਹੀ ਮਿਲਣ ਆਇਆ ਹੋਵੇਗਾ। ਭੇਤ ਤਾਂ ਬਾਅਦ ਵੀ ਕੱਢ ਲਵੇਗਾ। ਮੇਰੀ ਉਤਸੁਕਤਾ ਨੇ ਮੈਨੂੰ ਲਾਲ-ਟਿੱਕੀ ਦਾ ਸਰੋਤ ਵੱਲ ਲੈ ਗਈ। ਉਪਰ ਤੋਂ ਮੈਨੂੰ ਕਈ ਕਲਦਾਰ ਕੰਮ ਕਰਦੇ ਦਿਸਦੇ ਸੀ। ਸ਼ਹਿਰ ਵਿਚ ਬੇਕਾਰੀ ਹੈ, ਪਰ ਇਹ ਅੱਗ ਲਾਣੇ ਮਸ਼ੀਨੀ ਮਾਨਵਾਂ ਨੇ ਸਭ ਦੀਆਂ ਨੌਕਰੀਆਂ ਖੋਹ ਲਈਆਂ! ਝੱਟ ਮੈਂ ਸਰੋਤ ਵੱਲ ਪਹੁੰਚਿਆ, ਮੈਂ ਤਾਂ ਇੱਕ ਦਮ ਹੈਰਾਨ ਹੋ ਗਿਆ ਸੀ। ਲਾਲ ਟਿੱਕੀ ਸੱਚ ਮੁੱਚ ਮਾਸ ਦੀ ਬਣਾਈ ਸੀ। ਸੰਸਾਰ ਅੱਗੇ ਨਾਲੋਂ ਖਾਲੀ ਸੀ। ਕੋਈ ਭੇਡ, ਗਾਂ ਜਾਂ ਸੂਰ ਦੁਨੀਆ ਵਿਚ ਨਹੀਂ ਸੀ। ਇਨਸਾਨਾਂ ਨੇ ਸਾਰੇ ਖਾਂ ਲਏ। ਹੁਣ ਮੇਰੇ ਸਾਹਮਣੇ ਕਲਦਾਰ ਕਿਸੇ ਹੋਰ ਸਰੀਰ ਦਾ ਕਤਲਾਮ ਕਰਦਾ ਸੀ। ਕਲਦਾਰ-ਕਸਾਈ ਪਿੰਡਿਆਂ ਦੇ ਟੁਕੜੇ ਟੁਕੜੇ ਬਣਾਉਂਦਾ ਸੀ। ਇਨਸਾਨਾਂ ਦੇ ਟੁਕੜੇ!

ਮੈਨੂੰ ਉਲਟੀ ਆ ਗਈ ਸੀ । ਕੁਝ ਦੇਰ ਲਈ ਕੋਈ ਗੱਲ ਸੁੱਝੀ ਨਹੀਂ। ਲੰਬੇ ਲੰਬੇ ਸਾਹ ਭਰੇ। ਇਹ ਕਾਰਖ਼ਾਨਾ ਤਾਂ ਸਰਕਾਰ ਦਾ ਸੀ। ਮੈਂ ਉਨ੍ਹਾਂ ਨੂੰ ਕੁੱਝ ਨਹੀਂ ਕਹਿ ਸਕਦਾ। ਮੈਂ ਸੋਚਿਆ ਭਵਨ ਦਾ ਪਿੱਛਾ ਕਰ ਕੇ ਹੋਰ ਕੁਝ ਹੋਵੇਗਾ, ਪਰ ਗੱਲ ਤਾਂ ਹੋਰ ਹੀ ਨਿਕਲ ਗਈ! ਹੁਣ ਕੀ ਕਰੇਗਾ? ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਕਲਦਾਰ ਨੇ ਕਿਸੇ ਬੰਦੇ ਦੀ ਲੋਥ ਦੇ ਸਰੀਰ 'ਚ ਟੋਕਾ ਮਾਰਿਆ। ਮੇਰਾ ਜੀ ਕੀਤਾ ਉਸਨੂੰ ਭੰਨ ਦੇਵਾਂ। ਪਰ ਮੈਂ ਸਾਹ ਭਰ ਕੇ ਹੋਰ ਫ਼ੈਸਲਾ ਬਣਾ ਲਿਆ। ਮੈਂ ਕਾਰਖ਼ਾਨੇ ਦੇ ਦਫ਼ਤਰ 'ਚ ਵੜ ਗਿਆ ਸੀ। ਬਹੁਤਾ ਦੇਰ ਨਹੀਂ ਲੱਗਿਆ ਉਸਨੂੰ ਲੱਭਣ ਵਿਚ। ਬਾਰੀ 'ਚੋਂ ਅੰਦਰ ਬਾਹਰ ਦਿੱਸਦਾ ਸੀ। ਬਾਹਰ ਰਾਖੇ ਤੁਰਦੇ ਫਿਰਦੇ ਸੀ। ਜਦ ਲੰਘ ਗਏ, ਮੈਂ ਕੰਪਿਊਟਰ ਚਲਾ ਦਿੱਤੇ। ਤੇਜ ਕੰਮ ਕਰਨਾ ਪਿਆ। ਜਦ ਮੈਨੂੰ ਮੀਟ ਮਾਸ ਅਤੇ ਲਾਲ ਟਿੱਕੀਆਂ ਬਾਰੇ ਸਬੂਤ ਮਿਲ ਪਏ, ਇੱਕ ਡਿਸਕ ਉੱਤੇ ਕਾਪੀ ਕਰ ਕੇ ਜੇਬ ਵਿਚ ਪਾ ਲਈ ਸੀ। ਫਿਰ ਮੈਂ ਭਵਨ ਨੂੰ ਟੋਲ਼ਨ ਗਿਆ। ਉਹ ਦਿਸਿਆ ਨਹੀਂ।

ਕਾਰਖ਼ਾਨੇ ਵਿਚ ਮੈਥੋਂ ਛੁੱਟ ਕੋਈ ਇਨਸਾਨ ਨਹੀਂ ਸੀਗਾ। ਰਾਖੇ ਵੀ ਰੋਬੋਟ ਸਨ। ਸਾਰੇ ਸਾਲੇ ਕਲਦਾਰ ਸਨ। ਬਾਹਰ ਇੱਕ ਦੋ ਇਨਸਾਨ ਹੀ ਰਾਖੇ ਸੀ। ਪਤਾ ਨਹੀਂ ਕਿਸ ਹਕੂਮਤ ਦਾ ਮੁਖੀਆ ਕਾਰਖ਼ਾਨਿਆਂ ਦਾ ਜ਼ੁੰਮੇਵਾਰ ਸੀ। ਉਹਨੂੰ ਸਭ ਪਤਾ ਸੀ ਕਿ ਨਹੀਂ? ਪਤਾ ਨਹੀਂ ਕੋਣ ਇਸ ਕਾਰਖ਼ਾਨੇ ਦਾ ਮਾਲਕ ਸੀ, ਪਰ ਪੜਤਾਲ ਕਰਾਏਗਾ ਅਤੇ ਜਰੂਰ ਓਹ ਸਾਲੇ ਭਵਨ ਨੂੰ ਗ੍ਰਿਫ਼ਤਾਰ ਕਰੇਗਾ। ਪਰ ਕਿਸ ਦੋਸ਼ੀ, ਕਿਸ ਚਾਰਜ 'ਤੇ ਕੈਦ ਕਰੇਗਾ? ਡਿਸਕ ਵੀ ਘਰ ਜਾਕੇ ਪਰਖ ਕਰਨੀ ਹੈ। ਜਰੂਰ ਕੁਝ ਨਾ ਕੁਝ ਹੋਵੇਗਾ। ਓਹ ਲਾਸ਼ਾਂ ਕਿਸ ਦੀਆਂ ਸਨ? ਕੋਈ ਆਵਾਰਾ, ਕੋਈ ਸੈਲਾਨੀ ਜਿਸ ਨੂੰ ਗਲੀਆਂ 'ਚੋਂ ਚੱਕ ਲਿਆ? ਸ਼ਹਿਰ ਤੋਂ ਬਾਹਰ ਜਾਕੇ ਕੋਈ ਕਿਸਾਨਾਂ ਜਾਂ ਪੇਂਡੂਆਂ ਨੂੰ ਜਬਰਦਸਤੀ ਕੱਢ ਕੇ ਇਥੇ ਲਿਆਂਦਾ ਸੀ? ਸਭ ਘਰ ਜਾਕੇ ਪਤਾ ਲੱਗ ਜਾਵੇਗਾ। ਇੱਦਾਂ ਸੋਚਦਾ ਓਥੋਂ ਨਿਕਲ ਕੇ ਘਰ ਚੱਲੇ ਗਿਆ ਸੀ। ਡਿਸਕ ਦੀ ਸੂਚੀ ਵੇਖ ਕੇ ਬਹੁਤ ਹੈਰਾਨ ਹੋ ਗਿਆ। ਬਸ ਹੱਦ ਹੋ ਗਈ ਸੀ। ਹੁਣ ਭਵਨ ਦੀ ਗ੍ਰਿਫਤਾਰੀ ਹੋਵੇਗੀ। ਸਬੂਤ ਸੀ। ਭਵਨ ਰੋਬੋਟ ਕਰ ਕੇ ਤਕੜਾ ਸੀ। ਮੈਂ ਆਪਣੇ ਨਾਲ ਇੱਕ ਦੋ ਕਲਦਾਰ ਲੈ ਕੇ ਜਾਵਾਂਗਾ। ਬੰਦੇ ਵੀ ਨਾਲ ਲੈ ਕੇ ਜਾਵਾਂਗਾ। ਇੱਦਾਂ ਦੀਆਂ ਸੋਚਾਂ ਮਨ ਵਿਚੋਂਲੰਘ ਰਹੀਆਂ ਸਨ।

ਉਸ ਰਾਤ ਜਦ ਭਵਨ ਨੇ ਆਪਣੇ ਟਿਕਾਣੇ ਦਾ ਦਰ ਖੋਲ੍ਹਿਆ, ਮੈਂ ਉਸ ਦੀ ਕੁਰਸੀ ਉੱਤੇ ਬੈਠਾਂ ਸਾਂ। ਮੇਰੇ ਨਾਲ ਦੋ ਕਲਦਾਰ ਖੜ੍ਹੇ ਸਨ ਅਤੇ ਤਿੰਨ ਬੰਦੇ। ਓਨੇ ਨੱਠਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਸਾਨੂੰ ਮਾਰਨ ਦੀ। ਅਰਾਮ ਨਾਲ ਦਰਵਾਜ਼ਾ ਬੰਦ ਕਰ ਕੇ ਮੇਰੇ ਸਾਹਮਣੇ ਖੜ੍ਹ ਗਿਆ।

- ਕੀ ਗੱਲ ਦਰਸ਼ਨ। ਇੰਨੇ ਪੁਲਸੀਆਂ ਦੀ ਲੋੜ ਕਿਉਂ? ਮੈਥੋਂ ਡਰਦਾ ਕਰ ਕੇ?-
- ਨਹੀਂ ਭਵਨ। ਤੇਰੇ ਲੋਹੇ ਦੇ ਹੱਥ ਨਾਲ ਮੁਕਾਬਲਾ ਕਰਨਾ ਕਮਲਾਪਨ ਹੈ
- ਸਿੰਗ ਮਿਲਾਉਣ ਤੋਂ ਤੂੰ ਡਰਦਾ ਹੀ ਹੈ।ਫਿਰ ਦੋਸ਼ ਕੀ ਹੈ?-
- ਕਾਲੀਏ ਦਾ ਕਤਲ। ਨਾਲੇ ਨੰਬਰ ਵੰਨ ਟਿੱਕੀ ਕੋਈ ਇਨਸਾਨਾਂ ਦੀਆਂ ਲਾਸ਼ਾਂ ਹਨ। ਲੱਗਦਾ ਕਾਲਾ ਸਭ ਕੁਝ ਸਾਨੂੰ ਦੱਸਣ ਲੱਗਾ ਸੀ। ਕਾਰਖ਼ਾਨੇ ਦੇ ਮਾਲਕ ਤੇ ਇਲਜ਼ਾਮ ਲਾਉਣ ਲੱਗਾ ਸੀ। ਤੈਥੋਂ ਮਾਲਕ ਨੇ ਮਰਵਾ ਦਿੱਤਾ। ਸਭ ਸਬੂਤ ਡਿਸਕ 'ਚ ਭਰਿਆ ਹੈ। ਇਸ ਨੂੰ ਪਕੜ ਲੋ।
- ਮੈਨੂੰ ਕੋਈ ਫਰਕ ਨਹੀਂ। ਵੱਧ ਤੋਂ ਵੱਧ ਮੇਰੀ ਮੈਮਰੀ ਨੂੰ ਵਾਇਪ ਕਰੋਗੇ। ਯਾਦਾਸ਼ਤ ਰੱਦ ਕਰ ਦੇਵੋਗੇ। ਮੈਂ ਤੱ ਤੇਰੇ ਮਰਨ ਬਾਅਦ ਹਾਲੇ ਵੀ ਜੀਂਦਾ ਹੋਵੇਗਾ ?

ਕਾਰਖ਼ਾਨੇ ਦਾ ਮਾਲਕ ਤੇਜ ਤਿੱਖਾ ਆਦਮੀ ਸੀ। ਵਾਰੰਟ ਕਾਮਯਾਬ ਨਹੀਂ ਹੋਇਆ। ਭਵਨ ਦੀ ਯਾਦਾਸ਼ਤ ਮਿਟਾ ਕੇ ਅਦਾਲਤ ਨੇ ਵੇਚ ਦਿੱਤਾ। ਨੰਬਰ ਵੰਨ ਟਿੱਕੀ ਦੇ ਮਾਲਕ ਨੇ ਖਰੀਦ ਲਿਆ। ਮੈਨੂੰ ਪੂਰੀ ਸਮਝ ਸੀ ਕਿ ਜੇ ਮੈਂ ਹੁਣ ਕੁਝ ਨਹੀਂ ਕੀਤਾ, ਓਸ ਆਦਮੀ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਸੀ। ਮੈਨੂੰ ਵੀ ਕੈਦ ਕਰ ਸਕਦੇ ਸੀ। ਮਾਰ ਵੀ ਸਕਦੇ ਸੀ। ਇਸ ਲਈ ਮੈਂ ਫੈਸਲਾ ਬਣਾ ਲਿਆ ਕਿ ਕੁਝ ਕਰਨਾ ਹੈ। ਡਿਸਕ ਦੀ ਕਾਪੀ ਹਾਲੇ ਮੇਰੇ ਕੋਲੇ ਸੀ। ਮੈਂ ਤਾਂ ਜਾਣਦਾ ਸੀ ਕਿ ਪਹਿਲੀ ਕਾਪੀ ਗਵਾਹੀ ਸੀ। ਇਸ ਕਰਕੇ ਉਨ੍ਹਾਂ ਨੇ ਤਾਂ ਉਜਾੜ ਦਿੱਤੀ ਸੀ। ਮੈਂ ਸਿਰਫ਼ ਜਿਨ੍ਹਾਂ ਦਾ ਯਕੀਨ ਕਰਦਾ ਸੀ, ਓਨ੍ਹਾਂ ਨੂੰ , ਇੱਕ ਖ਼ਾਲੀ ਅਣਵਰਤਿਆ ਢਾਬੇ 'ਚ ਮੀਟਿੰਗ ਲਈ ਬੁਲਾ ਦਿੱਤੇ ਸੀ। ਪੰਦ੍ਹਰਾ ਹੀ ਬੰਦੇ ਸਨ।

- ਫਿਰ ਹੁਣ ਕਰਨਾ ਕੀ ਏ?- ਇੱਕ ਨੇ ਆਖਿਆ। ਮੇਰੇ ਕੋਲੇ ਇੱਕ ਲੈਪ-ਟਾਪ ਸੀ। ਮੈਂ ਡਿਸਕ ਉਹਦੇ 'ਚ ਪਾ ਦਿੱਤੀ। ਸਾਰੀਆਂ ਫ਼ਾਈਲਾਂ ਸਭ ਨੂੰ ਦਿਖਾ ਦਿੱਤੀਆਂ। ਸਾਰੇ ਜਿੱਦਾਂ ਇੱਕ ਦਮ ਗੂੰਗੇ ਹੋ ਗਏ ਸਨ, ਓਦਾਂ ਖਮੋਸ਼ੀ 'ਚ ਖੜ੍ਹੇ ਖਲੋਤੇ ਰਹਿ ਗਏ।

- ਮੈਨੂੰ ਹਾਲੇ ਵੀ ਪੂਰੀ ਸਮਝ ਨਹੀਂ - ਕਿਸੇ ਨੇ ਕਹਿ ਕੇ ਸਭ ਦੀ ਖਮੋਸ਼ੀ ਨੂੰ ਉਡਾ ਦਿੱਤਾ।
- ਗੱਲ ਸੌਖੀ ਏ ਮੈਂ ਜਵਾਬ ਸ਼ੁਰੂ ਕੀਤਾ, - ਆਪਣੇ ਦੇਸ਼ ਗੋਰਿਆਂ ਦੇ ਦੇਸ਼ ਵਾਂਗ ਅੱਗੇ ਚੱਲੇ ਗਿਆ। ਪਰ ਅੱਗੇ ਜਾਣ ਲਈ ਜਿੱਦਾਂ ਪਰਜੀਵੀ ਕੋਈ ਮੇਜ਼ਬਾਨ ਤੋਂ ਸਭ ਕੁਝ ਨਿਚੋੜ ਦੇਂਦਾ, ਇਨਸਾਨਾਂ ਨੇ ਧਰਤੀ ਤੋਂ ਸਾਰਾ ਬਾਲਣ, ਸਾਰੇ ਸਰੋਤੇ ਸਾਧਨ ਚੂਸ ਕੇ ਵਰਤ ਲਏ ਹਨ। ਅਸੀਂ ਸੰਸਾਰ ਲਈ ਪਰਜੀਵੀ ਹੋ ਗਏ ਹਾਂ। ਹੌਲੀ ਹੌਲੀ ਧਰਤੀ 'ਚੋਂ ਕੁਝ ਵੀ ਨਹੀਂ ਉੱਗਦਾ ਸੀ। ਜਮੀਨ 'ਤੇ ਕਿਸਾਨਾਂ ਦੀ ਲੋੜ ਨਹੀਂ ਰਹੀ। ਕਾਮਿਆਂ ਦੇ ਥਾਂ ਕਲਦਾਰ ਬਣਾ ਦਿੱਤੇ ਸੀ। ਕਿਸੇ ਕੋਲੇ ਕੰਮ ਨਹੀਂ ਰਿਹਾ। ਲੋਕ ਸ਼ਹਿਰਾਂ 'ਚ ਆ ਗਏ ਸਨ। ਸ਼ਹਿਰਾਂ ਤੋਂ ਇਹ ਹੜ੍ਹ ਸਹਾਰ ਨਹੀਂ ਹੋਇਆ। ਲੋਕਾਂ ਦੇ ਢਿੱਡ ਭਰਨੇ ਸੀ। ਲੋਕਾਂ ਨੂੰ ਮਾਸ ਖਾਣਾ ਪਿਆ; ਭਾਵੇਂ ਗਾਊ ਦਾ, ਸੂਰ ਦਾ ਜਾਂ ਕੁੱਤੇ ਦਾ। ਹਾਰ ਕੇ ਸ਼ੇਰ ਤਕ ਖਾਣ ਲੱਗ ਪਏ। ਮਹਿਨਤ ਨਾਲ ਟੀਵੀ ਗੱਡੀ ਖੁਲ੍ਹੇ ਮਕਾਨ ਮਿਲ ਗਏ। ਪਰ ਜਨਤਾ ਵੱਧ ਸੀ, ਖਾਣਾ ਘੱਟ। ਨੰਬਰ ਵੰਨ ਟਿੱਕੀ ਵਰਗਿਆਂ ਨੇ ਲਾਲ 'ਤੇ ਹਰੀਆਂ ਟਿੱਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਇਸ ਨੂੰ ਖਾਣ ਲੱਗ ਪਏ। ਕਲਦਾਰ ਸਾਡੇ ਲਈ, ਸਾਡੇ ਥਾਂ ਕੰਮ ਕਰੀ ਗਏ। ਇਨਸਾਨ ਨਿੱਤ ਨਿੱਤ ਅਰਾਮ ਕਰਨ ਲੱਗ ਗਿਆ। ਜਿਉਂ ਜਿਉਂ ਸ਼ਹਿਰ ਵਧਦਾ ਗਿਆ, ਕਿਸੇ ਨੇ ਸੋਚਿਆ ਨਹੀਂ ਬਾਹਰਲੇ ਲੋਕਾਂ ਦਾ ਹਾਲ ਕੀ ਹੋਵੇਗਾ। ਜਿਹੜੇ ਲੋਕ ਸ਼ਹਿਰ 'ਚ ਨਹੀਂ ਪਹੁੰਚੇ ਜਾਂ ਭੀੜ ਕਰਕੇ ਅੰਦਰ ਨਾ ਵੜ ਸੱਕੇ, ਉਨ੍ਹਾਂ ਦਾ ਕੀ ਹੋਇਆ? ਕਿਸਾਨ ਲਈ ਹਲ ਵਾਉਣ ਲਈ ਚੰਗੀ ਮਿੱਟੀ ਤਾਂ ਨਹੀਂ ਰਹੀ। ਫਿਰ ਇਸ ਕਾਰਜ ਹੁਣ ਕੌਣ ਕਰਦਾ ਹੈ? ਕੰਪਿਊਟਰ ਕਰਦੇ? ਹੁਣ ਕਿਸਾਨ ਦੁਨੀਆ 'ਚ ਕੀ ਕਰਦੇ ਹੋਵੇਗੇ? ਜੇਕਰ ਕਿਸੇ ਨੇ ਇਸ ਗੱਲ ਦਾ ਸੋਚਿਆ ਵੀ ਹੋਵੇਗਾ, ਪਲੇ ਪੈਣਾ ਸੀ ਕਿ ਹਰੇਕ ਇੱਕ ਆਦਮੀ ਜੇਹੜਾ ਸ਼ਹਿਰ ਵਿਚ ਵਸਦਾ; ਹਜ਼ਾਰ ਗੁੰਣੇ ਬੰਦੇ ਸ਼ਹਿਰ 'ਚੋਂ ਬਾਹਰ ਹਾਲੇ ਵੀ ਰਹਿੰਦੇ ਨੇ। ਉਨ੍ਹਾਂ ਨਾਲ ਕੀ ਬੀਤਦਾ? ਸ਼ਹਿਰ ਵਾਲਿਆਂ ਨੇ ਕਿਸਾਨ ਦਾ ਸਭ ਚੇਤਾ ਭੁਲਾ ਦਿੱਤਾ। ਪਰ ਹੁਣ ਸਾਨੂੰ ਪਤਾ। ਅਸੀਂ ਸਭ ਨੇ ਦੱਸਣਾ ਹੈ ਕਿ ਉਹ ਕਿਸਾਨਾਂ ਨੂੰ, ਓਹ ਪੇਂਡੂਆਂ ਨੂੰ ਮਾਰ ਮਾਰ ਕੇ ਕਾਰਖ਼ਾਨੇ ਵਿਚ ਲਾਲ-ਟਿੱਕੀਆਂ ਬਣਾ ਕੇ ਸਾਡੇ ਸ਼ਹਿਰ ਰਹਣਿ ਵਾਲਿਆਂ ਦੇ ਢਿੱਡ ਭਰ ਕੇ ਖ਼ੁਸ਼ ਰੱਖਦੇ ਹਨ! ਲੋਕ ਬੇਕਸੂਰ ਆਦਮ ਖੋਰ ਬਣ ਗਏ। ਹੁਣ ਅਸੀਂ ਇਸ ਬਾਰੇ ਕੀ ਕਰਨਾ ਏ?-
- ਇਨਕਲਾਬ!-
- ਜਿੰਦਾਬਾਦ!-
- ਦੋਸਤੋ ਗੰਡਾਸੇ ਚੁੱਕੋ! ਅੱਜ ਰਾਤ ਜਿਸ ਨੂੰ ਇਸ ਗੱਲ 'ਤੇ ਗੁੱਸਾ ਹੈ, ਜਿਨ੍ਹਾਂ ਦੀਆਂ ਨੌਕਰੀਆਂ ਕਲਦਾਰ ਲੈ ਗਏ, ਜਿਨ੍ਹਾਂ ਦੇ ਰਿਸ਼ਤੇਦਾਰ ਪਿੰਡ 'ਚ ਪਿੱਛੇ ਰਹਿ ਕੇ ਝਟਕਾ ਬਣ ਗਏ, ਮੇਰੇ ਨਾਲ ਆਕੇ ਓਸ ਕਾਰਖ਼ਾਨੇ ਨੂੰ ਨਾਸ ਕਰੀਏ!- ਗ਼ੁੱਸੇ ਦੇ ਸਰੂਰ 'ਚ ਅਸੀਂ ਸਭ ਸੀ। ਫਿਰ ਵੀ ਸਾਨੂੰ ਇੰਨਾਂ ਤਾਂ ਪਤਾ ਸੀ ਕਿ ਮੁੱਖ ਉੱਤੇ ਨਕਾਬ ਪਾਕੇ ਬੁੱਕਲ਼ 'ਚ ਜਾਕੇ ਕੰਮ ਕਰਨਾ ਚਾਹੀਦਾ ਹੈ। ਜਦ ਤਕ ਨੰਬਰ ਵੰਨ ਟਿੱਕੀ ਦੇ ਫਾਟਕ ਤਕ ਪਹੁੰਚੇ ਸੀ, ਕਿਸੇ ਨੇ ਡਿਸਕ ਦਾ ਡੇਟਾ ਸਾਰੇ ਸ਼ਹਿਰ ਦੇ ਕੰਪਿਊਟਰਾਂ ਨੂੰ ਭੇਜ ਦਿੱਤਾ ਸੀ। ਉਸ ਰਾਤ ਤੋਂ ਬਾਅਦ ਜਿਹੜੇ ਲੋਕ ਉਦਯੋਗ- ਟੈਕੱਨਾਲੌਜੀ ਦੇ ਖ਼ਿਲਾਫ਼ ਸਨ ਅਤੇ ਜਬਰਦਸਤੀ ਨਾਲ ਮਸ਼ੀਨਾਂ ਉਜਾੜ ਕਰਦੇ ਸੀ, ਜਨਤਾ ਉਨ੍ਹਾਂ ਨੂੰ ਕਲਵਾਰਦਾਰ ਆਖਣ ਲੱਗ ਪਏ। ਸਾਨੂੰ ਕਲਵਾਰਦਾਰ ਸਦ ਦੇ ਸੀ; ਕਹਿਣ ਦਾ ਮਤਲਬ ਕਲਦਾਰ ਵਾਰ ਕਰਨ ਵਾਲੇ। ਮੈਂ, ਦਰਸ਼ਨ ਇੰਨਾਂ ਦਾ ਲੀਡਰ ਬਣ ਗਿਆ ਸੀ। ਕੰਮ ਓਹਲੇ ਓਹਲੇ ਕਰਦਾ ਸਾਂ ਕਿਉਂਕਿ ਹਾਲੇ ਪੁਲੀਸ ਵੀ ਸੀ। ਹਾਰ ਕੇ ਮੇਰਾ ਮਕਸਦ ਸੀ ਓਸ ਮਾਲਕ ਨੂੰ ਮਾਰਨ ਜਿਸ ਨੇ ਕਿਸਾਨਾਂ ਨਾਲ ਇੱਦਾਂ ਕੀਤਾ। ਹੁਣ ਲਈ ਕਾਰਖ਼ਾਨੇ ਦੇ ਕਲਦਾਰ ਕਾਫ਼ੀ ਸੀ।

ਓਹ ਰਾਤ ਅਸੀਂ ਨੰਬਰ ਵੰਨ ਟਿੱਕੀ 'ਚ ਵੜ ਗਏ। ਐਤਕੀ ਲੁਕ ਕੇ ਨਹੀਂ, ਪਰ ਖੁਲ੍ਹ ਕੇ ਮੂੰਹ ਦਿੱਖਾ ਕੇ ਸਾਹਮਣਾ ਕਰਕੇ ਗਿਆ। ਅਸੀਂ ਰਾਖਿਆਂ ਨੂੰ ਕੁੱਟਿਆ। ਮੈਂ ਤਾਂ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕਿ ਰਾਖੀ ਕਰਨ ਵਾਲੇ ਕੁੱਤੇ ਨਹੀਂ ਸੀ। ਕਾਰਖ਼ਾਨੇ ਦਾ ਦਰ ਖੋਲ੍ਹੇ। ਸਾਰੇ ਪਾਸੇ ਮਸ਼ੀਨਾਂ ਸਨ। ਸਾਰੇ ਪਾਸੇ ਕਲਦਾਰ ਕਾਰਜ ਕਰ ਰਹਿ ਸਨ। ਕੋਈ ਟਿੱਕੀਆਂ ਨੂੰ ਬੈਗਾਂ ਵਿਚ ਪਾਉਂਦੇ ਸੀ। ਕੋਈ ਚੱਲਦੀ ਵੱਧਰੀ ਦੀ ਰਾਖੀ ਕਰਦੇ ਸੀ। ਕੋਈ ਲੋਥਾਂ ਨੂੰ ਵੱਡੇ ਪਤੀਲੇ 'ਚ ਪਾਉਂਦੇ ਸੀ। ਇੱਕ ਲੋਹੇ ਵਾਲਾ ਪੰਜਾ ਲਾਸ਼ਾਂ ਨੂੰ ਚੁੱਕ ਕੇ ਕੱਟਣ ਵਾਲੀ ਮਸ਼ੀਨ 'ਚ ਪਾਉਂਦਾ ਸੀ। ਕਲਦਾਰ ਇਸ ਕੰਮ ਨਾਲ ਹੱਥ ਨਹੀਂ ਗੰਦੇ ਕਰਦੇ ਸੀ, ਕਿਉਂਕਿ ਉਨ੍ਹਾਂ ਨੂੰ ਆਦਮੀ ਨੂੰ ਮਾਰਨ ਲਈ ਪ੍ਰੋਗਰਾਮ ਨਹੀਂ ਕੀਤਾ ਸੀ। ਪਰ ਜੋ ਕਰਦੇ ਸੀ ਕਤਲ ਤੋਂ ਕਿੰਨਾ ਕੁ ਦੂਰ ਏ?

ਬਸ ਸਾਨੂੰ ਤਾਂ ਬਹੁਤ ਗੁੱਸਾ ਆਗਿਆ ਸੀ। ਕਲਦਾਰ ਦਾ ਕੰਮ ਬੰਦੇ ਦੀ ਰਾਖੀ ਕਰਨੀ ਸੀ। ਇਹ ਕਿੱਦਾਂ ਦੀ ਘਿਰਨਾ ਸੀ? ਕੀ ਪਤਾ ਲਾਸ਼ ਸਿਰਫ਼ ਮਾਸ ਕਰਕੇ, ਕਹਣਿ ਦਾ ਮਤਲਬ ਜਿਉਂਦਾ ਬੰਦਾ ਨਹੀਂ ਸੀ ਕਰਕੇ, ਉਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਨਿਯਮ ਤਾਂ ਤੋੜਿਆ ਨਹੀਂ। ਜੋ ਮਰਜ਼ੀ। ਸਾਡੇ ਗੰਡਾਸੇ, ਡਾਂਗ ਚੱਲੇ। ਅਸੀਂ ਸਭ ਕੁਝ ਨਾਸ ਕਰ ਦਿੱਤਾ ਸੀ। ਆਲ਼ੇ ਦੁਆਲੇ ਕਿਸੇ ਥਾਂ ਕਲਦਾਰ ਦਾ ਹੱਥ ਸੀ। ਕਿਸੇ ਥਾਂ ਸੀਸ ਸੀ। ਜਦ ਸਾਨੂੰ ਤੁਸ਼ਟੀ ਮਿਲ ਗਈ ਕਿ ਸਾਰੇ ਮਾਰ ਦਿੱਤੇ, ਅਸੀਂ ਬਾਹਰ ਤੁਰ ਪਏ।
- ਅੱਗ ਲਾਉਣੀ ਚਾਹੀਦੀ ਏ?- ਕਿਸੇ ਨੇ ਪੁੱਛਿਆ।
- ਲਾ ਦੇ। ਹੁਣ ਮੈਂ ਮਾਲਕ ਨੂੰ ਸਨੇਹਾ ਭੇਜਾਂਗਾ - ਮੈਂ ਉੱਤਰ ਦਿੱਤਾ।
- ਹਰੀ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਹੋਣਗੇ?-
- ਕੀ ਪਤਾ
ਅਸੀਂ ਥਾਂ ਨੂੰ ਅੱਗ ਲਾ ਕੇ ਘਰ ਤੁਰ ਪਏ।


ਕਿਸੇ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਅੱਗ ਨੇ ਸਾਰੇ ਕਾਰਖ਼ਾਨੇ ਨੂੰ ਸਾੜਿਆ ਨਹੀਂ। ਕੁਝ ਕਲਦਾਰ ਬੱਚ ਗਏ ਸੀ। ਇੱਕ ਹੁਸ਼ਿਆਰ ਰੋਬੋਟ ਨੇ ਤਾਂ ਜਿਹੜੇ ਹਾਲੇ ਕੰਮ ਕਰਦੇ ਸੀ ਨੂੰ ਫਿਰ ਬਣਾ ਦਿੱਤਾ। ਇਹ ਕਲਦਾਰ ਲੀਡਰ ਬਣ ਕੇ ਸਾਰਿਆਂ ਨੂੰ ਮੇਰੇ ਥਾਣੇ ਲੈ ਕੇ ਆ ਖਲੋਇਆ ਸੀ। ਪੁਕਾਰ ਕੀਤੀ, ਸ਼ਿਕਾਇਤ ਕੀਤੀ। ਹਮਲੇ ਬਾਰੇ ਇਤਲਾਹ ਦਿੱਤੀ। ਅਸੀਂ ਕਿਹਾ ਸਾਨੂੰ ਟਾਈਮ ਲੱਗੇਗਾ ਆਦਮੀਆਂ ਨੂੰ ਟੋਲ਼ਨ ਵਾਸਤੇ ਕਿਉਂਕਿ ਸਾਰਿਆਂ ਦੇ ਨਕਾਬ ਪਾਏ ਹੋਏ ਸੀ। ਕਲਦਾਰ ਨੇ ਮੈਨੂੰ ਪਛਾਣਿਆਂ ਨਹੀਂ। ਪੁਲੀਸ ਨੇ ਕਲਦਾਰਾਂ ਦਾ ਤਰਲਾ ਕੀਤਾ। ਫਿਰ ਚੱਲੇ ਗਿਆ ਆਪਣੇ ਟੋਲੇ ਨਾਲ। ਉਸ ਰਾਤ ਕਾਰਖ਼ਾਨੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਏ ਨੇ ਸਾਰੇ ਰਣਜੀਤਪੁਰ ਨੂੰ ਟਿੱਕੀਆਂ ਦੀ ਸੱਚਾਈ ਦੱਸ ਦਿੱਤੀ। ਸਾਰੇ ਪਾਸੇ ਹੜਤਾਲ, ਬਗਾਵਤ ਅਤੇ ਫਸਾਦ ਹੋਏ। ਸਾਰੇ ਲੋਕ ਕਲਦਾਰਾਂ ਵੱਲ ਤਿਰਸਕਾਰ ਕਰਨ ਲੱਗ ਪਏ। ਸਾਰੇ ਕਲਦਾਰ ਲੋਕਾਂ ਨੂੰ ਭਵਨ ਵਰਗੇ ਜਾਪਦੇ ਸੀ, ਕਿਉਂਕਿ ਓਨ੍ਹਾਂ ਦੇ ਅੱਖਾਂ ਵਿਚ ਕਾਤਲ ਸਨ ਅਤੇ ਟਿੱਕੀਆਂ ਬਣਾਉਣ ਵਾਲੇ। ਕਲਦਾਰ ਸਾਰੇ ਸਰਕਾਰ ਦੇ ਮੰਤਰੀਆਂ ਨੂੰ ਮਾਰਨ ਲੱਗ ਪਏ। ਸ਼ਹਿਰ 'ਚ ਤੂਫਾਨ ਆ ਗਿਆ ਸੀ। ਪਹਿਲਾ ਤਾਂ ਘਰਾਂ ਦੇ ਟੱਬਰਾਂ ਨੂੰ ਕਲਦਾਰਾਂ ਨੇ ਰਾਖੀ ਕੀਤੀ (ਗਰੀਬਾਂ ਨੂੰ ਵੀ ਸਹਾਇਤਾ ਦਿੱਤੀ, ਪਰ ਵੱਧ ਅਮੀਰਾਂ ਨੂੰ ਦਿੱਤੀ) ਫਿਰ ਕਿਸੇ ਨੇ ਸਭ ਕਲਦਾਰਾਂ ਨੂੰ ਭਵਨ ਵਰਗੇ ਬਣਾ ਦਿੱਤਾ। ਉਹ ਸਾਰੇ ਘਾਤਕ ਬਣਾ ਦਿੱਤੇ ਗਏ ਸਨ ।

ਉਸ ਤੋਂ ਬਾਅਦ ਬੰਦੇ ਅਤੇ ਕਲਦਾਰ ਦੀ ਲੜਾਈ ਸ਼ੁਰੂ ਹੋ ਗਈ। ਰਣਜੀਤਪੁਰ ਸੱਚ ਮੁੱਚ ਰਣ-ਖੇਤਰ ਬਣ ਗਿਆ। ਓਹ ਸਾਲਾ ਕਲਦਾਰ ਜਿਸ ਨੇ ਇਤਲਾਹ ਭਰੀ ਸੀ, ਸਭ ਮਸ਼ੀਨਾਂ ਦਾ ਮੋਹਰੀ ਬਣ ਗਿਆ।


ਇਨਸਾਨ ਹੁਣ ਨਿਤ ਨਿਤ ਮਸ਼ੀਨਾਂ ਨਾਲ ਲੜਦਾ ਹੈ। ਲੱਗਦਾ ਹੈ ਜੰਗ ਟੈਕਨਾਲੋਜੀ ਨੇ ਜਿੱਤ ਲੈਣੀ ਹੈ। ਰੋਜ਼ਾਨਾ ਕਲਦਾਰ ਫੌਜ ਤਕੜੀ ਹੋਈ ਜਾਂਦੀ ਹੈ। ਸਾਨੂੰ ਤਾਂ ਖਾਣ ਦੀ ਲੋੜ ਹੈ। ਆਰਾਮ ਕਰਨ ਦੀ ਲੋੜ ਹੈ। ਪਰ ਕਲਦਾਰ ਨੂੰ ਨਾ ਹੀ ਖਾਣ ਦੀ, ਨਾ ਹੀ ਸੌਣ ਦੀ ਲੋੜ ਹੈ। ਜ਼ਮੀਨੀ ਸਮਾਜ, ਕਹਿਣ ਦਾ ਮਤਲਬ ਖੇਤੀ ਸੰਬੰਧੀ, ਅਮੀਰਾਂ ਨੇ ਮਾਰ ਦਿੱਤਾ। ਹੁਣ ਉੱਦਮ ਸੰਬੰਧੀ ਕਲਵਾਰਦਾਰਾਂ ਨੇ ਵਾਰ ਦਿੱਤਾ। ਦਿਨੋਂ ਦਿਨ ਲੱਗਦਾ ਕਿ ਕਲਦਾਰ ਸਮਾਜ ਸਾਡੇ ਥਾਂ ਪੰਜਾਬ ਦਾ ਕਬਜਾ ਕਰੇਗਾ। ਮੇਰੇ ਮਨ ਦੇ ਕਿਸੇ ਖੂੰਜੇ ਵਿਚ ਹੱਲ ਅਤੇ ਚੜਕਾ ਦੀ ਯਾਦ ਰੋਂਦੀ ਹੈ। ਮੇਰੇ ਪੱਖਪਾਤ ਨੇ ਇਹ ਹਾਲ ਲਿਆਂਦਾ ਏ? ਮੇਰੀ ਹਰਕਤ ਨੇ? ਕਿ ਓਹ ਮਾਲਕ ਜਿੰਨੇ, ਪਿੰਡਾਂ ਦੇ ਇਲਾਕਿਆਂ 'ਚੋਂ ਪੇਂਡੂਆਂ ਨੂੰ ਖਤਮ ਕਰਕੇ ਸ਼ਹਿਰ ਵਾਲਿਆਂ ਲਈ ਮੀਟ ਬਣਾਇਆ? ਕਿ ਇਨਸਾਨ ਨੇ ਧਰਤੀ ਨੂੰ, ਸੰਸਾਰ ਨੂੰ ਪਰਜੀਵੀ ਵਾਂਗ ਬਾਲਣ ਕੱਢ ਕੇ ਇਸ ਕਲਯੁਗ ਨੂੰ ਆਪਣੇ ਉੱਤੇ ਲਿਆਂਦਾ?

ਹੁਣ ਤਾਂ ਮੌਤ ਤੱਕ ਰੋਜ਼ ਲੜਦੇ ਨੇ। ਭੁੱਖ ਨਾਲ ਕੋਈ ਆਦਮੀ ਮਾਣਸਖਾਣੇ ਬਣ ਜਾਂਦੇ ਨੇ। ਪਤਾ ਨਹੀਂ ਦੁਸ਼ਮਨ ਹੁਣ ਕਲਦਾਰ ਹੈ ਕਿ ਜਿਹੜਾ ਬੰਦਾ ਨਾਲ ਖੜ੍ਹਿਆ ਭੁੱਖ ਨਾਲ ਮੇਰੇ ਵੱਲ ਤਾੜਦਾ ਹੈ।
ਜੇ ਤੁਸੀਂ ਇਹ ਖ਼ਤ ਪੜ੍ਹ ਰਹੇ ਹੋ, ਸਮਝੋਂ ਮੈਂ ਤਾਂ ਮਰ ਗਿਆ। ਹੁਣ ਤੁਸੀਂ ਕਿਸੇ ਰਾਹ ਬਚੋ।

ਖਤਮ

ਧੰਨਵਾਦ
ਸੁਜੀਤ ਕਲਸੀ
ਜਨਮੇਜਾ ਜੋਹਲ


http://punjabilibrary.com/authors/roop-dhillon/
http://punjabilibrary.com/authors/roop-dhillon/

4
ਪੰਜਾਬੀ ਸਾਹਿਤ ਨੂੰ ਕਿਵੇਂ ਸੱਜਰਾ ਬਣਿਆ ਸਕਦਾ ਹੈ? ਤੁਹਾਡੇ ਕੀ ਵਿਚਾਰ ਹਨ?

ਕਿਵੇਂ ਦਿਲਚਸਪੀ ਅਤੇ ਸੁਜੋੜ ਕਰਿਆ ਜਾ ਸਕਦਾ ਹੈ? ਲੋਕਾਂ ਨੂੰ ਨਾਵਲਾਂ ਪੜ੍ਹਣ ਕਿਵੇਂ ਲਾ ਸਕਦੇ ਹਨ?

5
Lok Virsa Pehchaan / ਵਿਚਿੱਤਰਵਾਦ ਸਾਹਿਤ
« on: November 15, 2019, 04:56:32 AM »
ਵਿਚਿੱਤਰਵਾਦ ਸਾਹਿਤ

ਇਹ ਇੱਕ ਨਵਾਂ ਅੰਦਾਜ਼ ਹੈ ਇਕਵੀਂ ਸਦੀ ਵਾਸਤੇ ਜੋ ਪੰਜਾਬੀ ਲਈ ਨਵਾਂ ਕਦਮ ਹੈ। ਇਸ ਦਾ ਉਦਭਵ ਬਰਤਨੀਆ ਵਿੱਚ ਹੈ, ਪਰ ਪਰਵਾਸੀ ਲਿਖਾਰੀਆਂ ਦੇ ਹੱਥੋਂ ਨਹੀਂ ਪਰ ਯੂ ਕੇ ਦੇ ਕਮਪਲਾਂ ਦੇ ਜੋ ਗਿਣਤੀ ਦੇ ਹਨ, ਆਪਣੇ ਆਪ ਨੂੰ ਪਰਵਾਸੀ ਨਹੀਂ ਸਮਝਦੇ ਅਤੇ ਉਨ੍ਹਾਂ ਵਾਸਤੇ ਪੰਜਾਬੀ ਮਾਂ ਬੋਲੀ ਨਹੀਂ ਹੈ ਪਰ ਵਿਰਸਾ ਬੋਲੀ ਜਿਸ ਨੂੰ ਕੁੱਝ ਨਵਾਂ ਦੇਣਾ ਚਾਹੁੰਦੇ ਹਨ। ਇੰਨ੍ਹਾਂ ਲਿਖਾਰੀਆਂ ਵਿੱਚ ਰੂਪ ਢਿੱਲੋਂ ਹੈ ਅਤੇ ਅਮਰਜੀਤ ਬੋਲਾ। ਹੌਲ਼ੀ ਹੌਲ਼ੀ ਜਿਹੜੇ ਨੌਜਵਾਨ ਪੰਜਾਬ ਤੋਂ ਨੱਸ ਕੇ ਬਾਹਰ ਆ ਰਹੇ ਹਨ ਅਤੇ ਲਿਖਣਾ ਚਾਹੁੰਦੇ ਪਰ ਪਰਾਣੇ ਬਜ਼ੁਰਗਾਂ ਨਾਲ਼ ਖਿਆਲ਼ ਨਹੀਂ ਮਿਲਦੇ ਇਸ ਵਿਚਿੱਤਰਵਾਦ ਤਹਿਰੀਕ ਨਾਲ਼ ਜੁੜ ਰਹੇ ਹਨ।

ਸਭ ਤੋਂ ਪਹਿਲੀ ਗੱਲ ਹੈ ਕਿ ਵਿਚਿੱਤਰਵਾਦ ਸਾਹਿਤ ਰੂੜ੍ਹ ਰਸਮਾਂ ਨੂੰ ਖੰਡਦੇ ਹਨ। ਸਾਹਿਤ ਦੇ ਪੁਰਾਣੇ ਤਰੀਕੇ ਨੂੰ ਅਡਿੱਠ ਕਰ ਰਹੇ ਹਨ ਅਤੇ ਏਸੈਨੀਅਲ, ਜਪਾਨੀ, ਫਰਾਂਸੀਸੀ ਅਤੇ ਖ਼ਾਸ ਅੰਗ੍ਰੇਜ਼ੀ ਦੀਆਂ ਵਿਧੀਆਂ ਦੇ ਅਸਰ ਖੌਹ ਰਹੇ ਹਨ। ਬਰਤਾਨੀਆਂ ਵਿੱਚ ਪਾਲ਼ੇ ਹੋਣ ਕਰਕੇ ਇੰਗਲਿਸ਼ ਦੀ ਅਸਰ ਹੀ ਹੈ ਉਨ੍ਹਾਂ ਦੇ ਵਾਖ ਬੰਤਰ ਉੱਤੇ ਅਤੇ ਸ਼ਬਦ ਸ਼ਾਸਤਰ ਉੱਤੇ। ਇਸ ਲਈ ਆਮ ਪੰਜਾਬ ਦੇ ਪਾਠਖ ਪੜ੍ਹਣ ਵਾਲ਼ਿਆ ਨੂੰ ਪਹਿਲਾਂ ਪਹਿਲਾਂ ਅਜੀਬ ਲੱਗੇਗਾ ਜਾਂ ਦੇਖਣ ਵਿੱਚ ਅਨੁਵਾਦ ਲੱਗੇਗਾ। ਅੱਜ ਕੱਲ੍ਹ ਦੇ ਤਰੀਕੇ ਵਰਤਦੇ ਹਨ ਲਿਖਣ ਵਿੱਚ। ਸਭ ਤੋਂ ਵੱਡਾ ਮਿਸਾਲ ਇੰਨ੍ਹਾਂ ਲਿਖਤਾਂ ਦਾ ਰੂਪ ਢਿੱਲੋਂ ਦੀਆਂ ਨਾਵਲਾਂ ਹਨ, ਜਾਂ ਜੱਸ ਸੁਪਰਾ ਦੇ ਖੰਡ ਕਾਵਿ ਹਨ। ਪਰ ਇਕੱਲੇ ਤਰੀਕੇ ਦੀ ਗੱਲ ਨਹੀਂ ਹੈ। ਪਰੰਪਰੇ ਨਕਾਰਦੇ ਹਨ, ਨਾਰੀਵਾਦ ਦਾ ਵਾਧਾ ਕਰਦੇ ਹਨ। ਅੱਜ ਕੱਲ੍ਹ ਦੇ ਲੋਕਾਂ ਦੀਆਂ ਤਸ਼ਵੀਸ਼ਾਂ ਅਤੇ ਉਮੰਗਾਂ ਵੱਲ ਧਿਆਨ ਦਿੰਦੇ ਹਨ। ਨਵੀਂ ਪੀੜ੍ਹੀ ਦੇ ਨਾਲ਼ ਦਿਲਚਸਪੀ ਹੈ ਨਾ ਕੇ ਪੁਰਾਣੇ ਪਠਾਕਾਂ ਨਾਲ਼।

ਕੁੱਝ ਪਰਵਾਸੀ ਲੇਖਕ ਵਿੱਚ ਸ਼ਮਾਲ ਹਨ, ਜਿੱਦਾਂ ਬਿਟੂ ਖੰਗੂੜਾ ਜਾਂ ਪ੍ਰਿੰਸ ਬੁਟਰ, ਪਰ ਸਾਰੇ ਪਛਮ ਰਹਿਣ ਵਾਲੇ ਨਹੀਂ ਹਨ। ਚੜ੍ਹਦੇ ਪੰਜਾਬ ਵਿੱਚ ਵਿਚਿੱਤਰਵਾਦ ਦਾ ਮਿਸਲ ਪਰਗਟ ਸਿੰਘ ਸਤੌਜ ਦਾ ਨਾਵਲ ਖ਼ਬਰ ਇੱਕ ਪਿੰਡ ਦੀ ਜਾਂ ਲਹਿੰਦੇ ਪੰਜਾਬ ਦੇ ਮੁਦੱਸਰ ਬਾਸ਼ੀਰ ਦੇ ਨਾਵਲ ਕੌਣ ਵੀ ਨਮੂਨੇ ਹਨ। ਬਰਤੀਨਆਂ ਵਿੱਚ ਰੂਪ ਢਿੱਲੋਂ ਦੇ ਨਾਵਾਲ ਓ ਜਾਂ ਸਮੁਰਾਈ ਗਿਣੇ ਜਾਂਦੇ ਹਨ।

ਕਈ ਨਵੀਆਂ ਤਕਨੀਕਾਂ ਵਰਤੀਆਂ ਗਈਆ ਹਨ। "" ਦੀ ਥਾਂ - - ਜਦ ਕੋਈ ਬੋਲ਼ਦਾ, ਮਤਲਬ "ਹਾਂ" ਦੀ ਥਾਂ -ਹਾਂ-। ਸੀਨੀਮਾਂ ਦੀ ਅੱਖ ਵਾਂਗ ਤਫ਼ਸੀਲ ਵਰਤਦੇ ਹਨ। ਨਾਤਿਕ ਅਤੇ ਨਸਰ ਦੇ ਹੁਨਰ ਵਰਤਦੇ ਹਨ। ਵਾਰਤਕ ਵਿੱਚ ਹੀ ਕਥਾ ਕਾਵਿ ਸ਼ਾਮਲ ਹੈ। ਯਥਾਰਥਵਾਦ ਅਤੇ ਪਰਯਥਾਰਥਵਾਦ ਦੇ ਮੇਲ ਵਿੱਚ ਹੈ। ਕਲਪਨਾ ਸ਼ਕਤੀ ਵਿੱਚ ਹੈ। ਸਾਇੰਸ ਕਥਾ ਵਿੱਚ ਹੈ। ਜੇ ਇਹ ਸਭ ਕੁੱਝ ਵਿੱਚ ਹੀ ਹੈ, ਫੇਰ ਹੀ ਲੇਖ ਆਪਣੇ ਆਪ ਨੂੰ ਵਿਚਿੱਤਰਵਾਦ ਆਖ ਸਕਦੀ ਹੈ। ਜ਼ਿਆਦੇ ਉਪਨਿਆਸ ਇਸ ਨਵੇਂ "ਵਾਦ" ਵਿੱਚ ਪੇਸ਼ ਕੀਤਾ ਗਿਆ ਹੈ।

ਆਉਣ ਵਾਲ਼ੇ ਸਾਲਾਂ ਵਿੱਚ ਇਸ ਨਵੇ ਲਹਿਰ ਵੱਲ਼ ਧਿਆਨ ਰੱਖਣਾ ਪਵੇਗਾ ਅਤੇ ਦੇਖਣਾ ਜੇ ਇਸ ਦਾ ਕੋਈ ਅਸਰ ਪੰਜਾਬੀ ਸਾਹਿਤ ਅਤੇ ਪੜ੍ਹਣ ਵਾਲ਼ੇ ਉੱਤੇ ਪਵੇਗਾ।

ਮਨਪਰੀਤ ਬਧਨੀ ਵਾਲਾ


PLEASE DO GIVE YOUR VIEWS OR IF INTERESTED ASK ABOUT IT. Examples of these books can be found in puniabilibrary.com website

7
ਨਵਾਂ ਵਿਚਿੱਤਰਵਾਦ (ਵਿਗਿਆਨ ) ਕਥਾ ਸਾਹਿਤ ਇੱਕ ਸੱਜਰਾ ਅੰਦਾਜ਼ ਹੈ ਪੰਜਾਬੀ ਸਾਹਿਤ ਲਈ ਜਿਹੜਾ ਮੈਂ ਬਹੁਤ ਮਿਹਨਤ ਤੇ ਸੋਚ ਵਿਚਾਰ ਬਾਅਦ ਸ਼ੁਰੂ ਕੀਤਾ ਹੈ। ਇਸ ਨਵੀਂ ਸਦੀ ਦੇ ਪੰਜਾਬੀ ਸਾਹਿਤ ਨੂੰ ਨਵੀ ਆਸ ਦੀ ਕਿਰਨ ਦੇ ਰੂਬਰੂ ਕਰਨ ਤੇ ਤਾਂ ਜੋ ਪੰਜਾਬੀ ਬੋਲੀ ਜਿਹੜੀ ਕਿ ਸਾਹਿਤ ਨਾਲ ਮਾਲਾਮਾਲ ਹੈ ੳੁਹ ਦੁਨੀਆਂ ਦੇ ਅੱਜ ਕੱਲ੍ਹ ਦੇ ਅਦਬੀ ਸੰਸਾਰ ਵਿੱਚ ਅਾਪਣੀ ਪੁਰਾਤਣ ਤੇ ਵਿਲੱਖਣ ਦਿਖ ਕਾੲਿਮ ਰੱਖਦੀ ਨਵੇਂ ਦਿਸਹੱਦੇ ਸਥਾਪਤ ਕਰ ਅਾਪਣੇ ਰੁਤਬੇ ਨੂੰ ਬਰਕਰਾਰ ਰੱਖ ਸਕੇ। ਸਾਡੇ ਸਾਹਿਤ ਨੇ ਸੌਂ ਸਾਲ਼ ਲਈ ਦੁਨੀਆਂ ਨੂੰ ਕੁੱਝ ਨਵਾਂ ਨਹੀਂ ਦਿੱਤਾ ਹੈ । ਇਸ ਲਈ ਜੱਗ ਨੇ ਸਾਨੂੰ ਅਡਿੱਠ ਕੀਤਾ ਹੈ। ਪੁਰਾਣੇ ਸਾਹਿਤਕਾਰ ਤੇ ਬੇਇਲਮ ਪ੍ਰੈਫੇਸਰਾਂ ਨੇ ਸਾਡਾ ਸਾਹਿਤ ਬਿਹਾ ਕੀਤਾ ਹੈ। ਫਿਰ ਵੀ ਪੈਸੇ ਪੱਛਮ ਦੇ ਅਮੀਰ ਲਿਖਾਰੀਆਂ ਤੋਂ ਲੈ ਲੈ ਕਿ ਉਨ੍ਹਾਂ ਦੇ ਕਮਤਰ ਲੇਖਾਂ ਨੂੰ ਵਾਹ ਵਾਹ ਕਰਦੇ ਨੇ ਅਤੇ ਢੂਹੀਆਂ ਤੇ ਥਪੀਆਂ ਮਾਰਦੇ ਨੇ! ਪਰ ਸੱਚ ਹੈ ਕੋਈ ਪੰਜਾਬੀ ਜਵਾਨ ਬਹੁਤਾ ਪੰਜਾਬੀ ਸਾਹਿਤ ਨੂੰ ਪੜ੍ਹ ਨਹੀਂ ਰਿਹਾ। ਕਾਤੋਂ ਪੜ੍ਹੇ ਜਦ ਅੰਗ੍ਰੇਜ਼ੀ ਜਾਂ ਹਿੰਦੀ ਸਾਹਿਤ ਤੋਂ ਹੀਣ ਹੈ?
ਸਾਹਿਤ ਨੂੰ ਅੱਜ ਕੱਲ੍ਹ ਸਿਨੇਮਾ, ਟੀਵੀ ਜਾਂ ਕੰਪੂਯਿਟਰ ਨਾਲ਼ ਭਿੜਣਾ ਪੈਂਦਾ ਹੈ। ਇਸ ਲਈ ਨਵੀਂ ਸ਼ੈਲੀ ਜ਼ਰੂਰੀ ਹੈ। ਮੈਂ ਖਾਸ ਇੰਗਲੈਂਡ ਦੇ ਪੰਜਾਬੀ ਬੋਲੀ ਦੇ ਤਲਬੇ ਨਾਲ਼ ਗੱਲ ਬਾਤ ਕਰਕੇ ਪਤਾ ਲਾੲਿਅਾ ਹੈ ਕਿ ੳੁਨ੍ਹਾਂ ਨੂੰ ਇਹ ਸਾਰੀਆਂ ਕਹਾਣੀਆਂ ਅਕਾੳੂ "ਬੋਰਿੰਗ" ਲੱਗਦੀਆਂ ਹਨ। ਉਨ੍ਹਾਂ ਨੂੰ ਹਿੰਦੀ ਫਿਲਮ ਜਾਂ ਦੁਨੀਆਂ ਦੀਆਂ ਮਹਸ਼ੂਰ ਫਿਲਮਾਂ ਵਰਗੀਆਂ ਕਹਾਣੀਆਂ ਚਾਹੀਦੀਆਂ ਨੇ। ਇਹੀ ਗੱਲ ਹੈ ਜਿੰਨ੍ਹਾਂ ਨਾਲ਼ ਮੈਂ ਫੈਸਬੁੱਕ ਤੇ ਗੱਲ ਕੀਤੀ ਹੈ। ਚਾਲ਼ੀਆਂ ਸਾਲਾਂ ਤੋਂ ਹੇਠ ਲੋਕ ਕੁੱਝ ਨਵਾਂ ਹੀ ਭਾਲਦੇ ਨੇ, ਜਿਹੜਾ ਉਨ੍ਹਾਂ ਦੇ ਖਿਆਲਾਂ ਨਾਲ਼ ਮਿਲੇ।
ਸੋ ਅੱਠ ਸਾਲ ਪਹਿਲਾਂ ਮੈਂ "ਨੀਲਾ ਨੂਰ" ਲਿੱਖ ਕੇ ਯੂ ਕੇ' ਚ ਛਾਪਿਆ ਸੀ। ਉਸ ਤੋਂ ਬਾਅਦ ਪੰਜਾਬ ਵਿੱਚ "ਭਰਿੰਡ" ਛਾਪੀ ਗਈ ਲਾਹੋਰ ਬੁੱਕਸ਼ਾਪ ਦੇ ਰਾਹੀ। ਇਹ ਸੀ ਦੁਨੀਆਂ ਦੀ ਪਹਿਲੀ ਵਿਚਿੱਤਰਵਾਦ ਲਹਿਰ ਦੀ ਕਿਤਾਬ ਅਤੇ ਨਮੂਨਾ। ਇਸ ਤੋਂ ਬਾਅਦ "ਓ" ਛਾਪਿਆ ਗਿਆ, ਇੱਕ ਅਨੋਖੀ ਕਹਾਣੀ ਜਿਸ ਵਿੱਚ ਅੰਗ੍ਰੇਜ਼ੀ,ਫਰਾਂਸੀਸ਼ੀ ਜਾਂ ਐਸਪਾਂਨੀਅਲ ਦੇ ਸਾਹਿਤਾਂ ਵਰਗੇ ਅਫਸਾਨੇ ਹਨ। ਗੋਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ " ਸਾਇੰਸ ਫਿਕਸ਼ਨ, ਜਾਂ ਮੈਜੀਕਲ ਰੀਅਲਇਸਮ ਆਖਦੇ ਨੇ। ਪਰ ਮੈਨੂੰ ਉਨ੍ਹਾਂ ਦੇ ਬੋਲੀਆਂ ਦੇ ਲੇਬਲ ਲਾਉਣਾ ਚੰਗਾ ਨਹੀਂ ਲੱਗਦਾ। ਤਾਈ ਮੈਂ ਇਸ ਤਰ੍ਹਾਂ ਦੀ ਕਹਾਣੀ ਨੂੰ ਨਾਂਅ ਦਿੱਤਾ ਹੈ ਵਚਿੱਤਰਵਾਦ। ਜਿਹੜਿਆਂ ਨੇ ਪੜ੍ਹ ਕੇ ਪਸੰਦ ਕੀਤੀਆਂ ਅਤੇ ਇਸ ਤਰ੍ਹਾਂ ਦੀਆਂ ਟੈਕਨੀਕ ਵਰਤਣਾ ਚਾਹੁੰਦੇ ਨੇ, ਸਮਝ ਲੋ ਕਿ ਤੁਸੀਂ ਵੀ ਇਸ ਨਵੀ ਲਹਿਰ ਦੇ ਹਾਮੀ ਹੋ ਤੇ ਹੱਕਦਾਰ ਹੋ । ਵੈਸੇ ਇਸ ਦਾ ਜਨਮ ਬਰਤਾਨੀਆ'ਚ ਹੀ ਹੋਇਆ, ਅਤੇ ਖਾਸ ਮੈਂਬਰ ਵਾਇਲੈਤੀਏ ਨੇ, ਬਾਗ਼ੀ ਬੱਤੀ ਦੇ ਸਦੱਸ। ਪਰ ੲਿਕੱਲੇ ਵਾਇਲੈਤ ਵਾਲ਼ੇ ਹੋਣ ਦੀ ਲੋੜ ਨਹੀਂ। ਇੱਦਾਂ ਲਿਖੋਂ ਤਾਂ ਤੁਸੀਂ ਆਪਣੇ ਆਪ ਨੂੰ ਵਚਿੱਤਰਵਾਦ ਲਿਖਾਰੀ ਆਖ ਸਕਦੇ ਹੋ।
ਵਚਿੱਤਰਵਾਦ ਦੀਅਾਂ ਵੀ ਤਿੰਨ ਕਿਸਮ ਦੀਆਂ ਕਹਾਣੀਆਂ ਨੇ। ਗੋਥਿਕਾ ( ਓ ਇਸ ਦੀ ਮਿਸਾਲ ਹੈ), ਪਰਾਕਰਮੀ ( ਸਮੁਰਾਈ ਅਤੇ ਗੁੰਡਾ) ਜਾਂ ਵਿਗਿਆਨਕ (ਸਮੁਰਾਈ ਅਤੇ ਭਰਿੰਡ)। ਇਹ ਹੈ ਪਹਿਲੀ ਨਿਸ਼ਾਨੀ। ਦੂਜੀ ਪੈਦਾ ਹੋਈ ਕਿਉਂਕਿ ਮੇਰੇ ਵਰਗੇ ਪੱਛਮੀ ਜੰਮਪਲ ਪੰਜਾਬੀ ਨੂੰ ਘੁੰਮ ਘਮਾਕੇ ਅੰਗ੍ਰੇਜ਼ੀ ਵਾਂਗਰ ਵਰਤਦੇ ਨੇ ਸੋ ਆਮ ਪੰਜਾਬੀ ਲਈ ਗਲਤ ਜਾਂ ਅਣੋਖੀ ਪੰਜਾਬੀ ਗਰੈਮਰ ਜਾਪਦੀ ਹੈ। ਪਰ ਇਸ ਹੀ ਕਰਕੇ ਵਚਿੱਤਰਵਾਦ ਦੇ ਸਿਰਜਕ ਨੇ ਜਾਣ ਬੁੱਝਕੇ ਵਾਕ ਬਦਲ ਕੇ, ਅਨਿਯਮਿਤ ਗਰੈਮਰ ਨੂੰ ਕਰ ਕੇ ਨਵੀਂ ਬਣਾ ਦਿੱਤੀ ਹੈ। ਹਰ ਦੇ ਪੱਲੇ ਨਹੀਂ ਪੈਂਣੀ, ਪਰ ਸੱਚ ਹੈ ਦੁਨੀਆ ਦੇ ੳੁੱਘੇ ਲਿਖਾਰੀਆਂ ਦੇ ਵਾਕ ਵੀ ਆਮ ਬੰਦੇ ਦੇ ਪੱਲੇ ਨਹੀਂ ਪੈਂਦੇ! ਗੱਲ ਹੈ ਪਾਠਕ ਨੂੰ ਨਵਾਂ ਅਨੁਭਵ ਦਿਓ!
ਸੋ ਜੇ ਤੁਸੀਂ ਇਸ ਬਾਰੇ ਗੱਲ ਬਾਤ ਕਰਨੀ ਚਾਹੁੰਦੇ ਹੋ ਜਾਂ ਆਪਣੇ ਲੇਖ ਇੱਥੇਂ ਜਾਂ ਬਾਗ਼ੀ ਬੱਤੀ ਵਾਲੇ ਪੇਜ ਤੇ ਛਾਪਣਾ ਚਾਹੁੰਦੇ ਹੋ ਤਾਂ ਮੈਂਬਰ ਜ਼ਰੂਰ ਬਣੋ।
ਯਾਦ ਰੱਖੋਂ ਦੁਨੀਆਂ ਦੇ ਸਭ ਤੋਂ ਮਸ਼ਹੂਰ ਲੇਖਕਾਂ ਨੇ ਪੁਰਾਤਨ ਭਾਸ਼ਾ ਦਾ ਹਰ ਅਸੂਲ ਤੋੜਿਆ ਹੈ!

ਮੇਰੇ ਖਿਆਲ ਵਿੱਚ ਜਿੰਨ੍ਹਾਂ ਨਾਲ਼ ਸਹਿਮਤ ਹੈ, ਸਾਨੂੰ ਇੱਕ ਗੰਭੀਰ ਗੁਟ ਚਾਲੂ ਕਰਨਾ ਚਾਹੀਦਾ ਜੋ ਹਰ ਪੱਖ ਦੇ ਖਿਆਲ ਵਾਲ਼ੇ ਹੋ ਸਕਦੇ ਹਨ ਪਰ ਸਿਆਸਤੀ ਜਾਂ ਧਰਮਿਕ ਗੱਲਾਂ ਕਰਨ ਦੀ ਥਾਂ ਕੇਵਲ ਸਾਹਿਤ ਦੇ ਅੱਗੇ ਬਾਰੇ ਗੱਲ ਬਾਤ ਕਰ ਸਕਦੇ ਹਨ ਅਤੇ ਕਿਵੇਂ ਪੰਜਾਬੀ ਨਾਲ਼ ਆਮ ਜਨਤਾ ਨੂੰ ਜੋੜ ਸਕੀਏ, ਕਿਵੇਂ ਆਮ ਯੂ ਕੇ ਦੇ ਜਮਪਲ ਜੋ ਪੰਜਾਬੀ ਪੜ੍ਹ ਸਕਦੇ ਹਨ ਨੂੰ ਸਾਹਿਤ ਪੜ੍ਹਣ ਦੀ ਆਦਤ ਦੇਈਏ ਅਤੇ ਇੱਕ ਕਿਹੜੀਆਂ ਨਵੀਆਂ ਤਕਨਕਾਂ ਅਸੀਂ ਅਸਾਡੇ ਅਦਬ ਵਿੱਚ ਲੈ ਕੇ ਆ ਸਕਦੇ ਹਨ। ਇੱਕ ਦੂਜਿਆਂ ਨਾਲ਼ ਨਵੇਂ ਮੌਲਿਕ ਭਾਮਈਆਂ ਸਾਂਝ ਕਰੀਏ ਅਤੇ ਰੀਤ ਤੋੜ ਕੇ ਗਹਾਂ ਜਾਈਏ ਅਤੇ ਯੁਵਾ ਪੀੜ੍ਹੀ ਵਾਸਤੇ ਜੋ ਓਹ ਪੜ੍ਹਣੇ ਚਾਹੁੰਦੇ ਹਨ ਲਿਖੀਏ, ਖ਼ਾਸ ਸੋ ਬਰਤਾਨਵੀਂ ਯੁਵਾਕ ਪੜ੍ਹਣ ਗਏ। ਪੰਜਾਬ ਵੱਲ ਸਾਹਿਤ ਵਿੱਚ ਝਾਕਣਾ ਹੱਟੀਏ।
ਹਰ ਦੋ ਮਹੀਨਿਆਂ ਬਾਅਦ ਇੱਕ ਦੂਜੇ ਦੇ ਘਰ ਵਿੱਚ ਸਿਰਫ਼ ੫ ਤੋਂ ੧੦ ਸਾਹਿਕਾਰ ਮਿਲਣਗੇ ਕਿਸੇ ਦੀ ਕਿਤਾਬ ਬਾਰੇ ਸਵਾਲ ਜਵਾਬ ਕਰਨ ਜਾਂ ਕਿਸੇ ਦੇ ਕਲਾਮ ਬਾਰੇ ਵਿਚਾਰ ਕਰਨ ਜਾਂ ਇੱਕ ਦੂਜੇ ਨੂੰ ਨਵੀਆਂ ਧਾਰਨਾਂ ਦੇਣ ਵਾਸਤੇ ਮਿਲਣ। ਇੱਕ ਦੂਜੇ ਨੂੰ ਹੌਂਸਲਾ ਦੇਣ ਵਾਸਤੇ ਵੀ। ਮੇਰੇ ਖਿਆਲ ਵਿੱਚ ਇਸ ਟੋਲਾ ਨੂੰ ਬਾਗ਼ੀ ਬੱਤੀ ਸਿਰਲੇਖ ਹੇਠ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਪੁਰਾਣੇ ਰਸਮਾਂ ਨੂੰ ਜਾਣ ਬੁੱਝ ਕੇ ਤੋੜਣਾ ਚਾਹੀਦਾ ਅਤੇ ਤਾਜ਼ਗੀ ਲਿਆਉਂਣੀ ਚਾਹੀਦੀ ਹੈ। ਹਰ ਦੋ ਮਹੀਨਿਆਂ ਸਾਨੂੰ ਇੰਝ ਇੱਕ ਦੂਜੇ ਦੇ ਘਰਾਂ ਵਿੱਚ ਪੰਜਾਬੀ ਬੈਠਕ ਕਰਨਾ ਚਾਹੀਦਾ ਹੈ। ਹਰ ਵਾਰ ਨਵਾਂ ਵਿਸ਼ਾ ਦੀ ਚਰਚਾ ਕਰੀਏ। ਜੇ ਤੁਹਾਨੂੰ ਇਹ ਸੋਚ ਪਸੰਦ ਹੈ ਆਪਾਂ ਸਾਉਥਹਾਲ ਜਾਂ ਹੌਂਸਲੋ ਕਿਸੇ ਦੇ ਘਰ ਵਿੱਚ ਇਹ ਕੰਮ ਸ਼ੁਰੂ ਕਰੀਰੇ। ਮੇਰੇ ਇਲਾਕੇ ਵੀ ਆ ਕੇ ਮੇਰੇ ਘਰ ਵੀ ਕਰ ਸਕਦੇ ਹਨ ਅਤੇ ਗ੍ਰੇਵਜ਼ੇਂਡ ਵੀ।
ਬਾਕੀ ਸਾਡੀ ਸਾਹਿਤ ਵਿੱਚਤਰਵਾਦ ਬਣਾਈਏ….
ਨਵਾਂ ਵਿਚਿੱਤਰਵਾਦ (ਵਿਗਿਆਨ ) ਕਥਾ ਸਾਹਿਤ ਇੱਕ ਸੱਜਰਾ ਅੰਦਾਜ਼ ਹੈ ਪੰਜਾਬੀ ਸਾਹਿਤ ਲਈ ਜਿਹੜਾ ਮੈਂ ਬਹੁਤ ਮਿਹਨਤ ਤੇ ਸੋਚ ਵਿਚਾਰ ਬਾਅਦ ਸ਼ੁਰੂ ਕੀਤਾ ਹੈ। ਇਸ ਨਵੀਂ ਸਦੀ ਦੇ ਪੰਜਾਬੀ ਸਾਹਿਤ ਨੂੰ ਨਵੀ ਆਸ ਦੀ ਕਿਰਨ ਦੇ ਰੂਬਰੂ ਕਰਨ ਤੇ ਤਾਂ ਜੋ ਪੰਜਾਬੀ ਬੋਲੀ ਜਿਹੜੀ ਕਿ ਸਾਹਿਤ ਨਾਲ ਮਾਲਾਮਾਲ ਹੈ ੳੁਹ ਦੁਨੀਆਂ ਦੇ ਅੱਜ ਕੱਲ੍ਹ ਦੇ ਅਦਬੀ ਸੰਸਾਰ ਵਿੱਚ ਅਾਪਣੀ ਪੁਰਾਤਣ ਤੇ ਵਿਲੱਖਣ ਦਿਖ ਕਾੲਿਮ ਰੱਖਦੀ ਨਵੇਂ ਦਿਸਹੱਦੇ ਸਥਾਪਤ ਕਰ ਅਾਪਣੇ ਰੁਤਬੇ ਨੂੰ ਬਰਕਰਾਰ ਰੱਖ ਸਕੇ। ਸਾਡੇ ਸਾਹਿਤ ਨੇ ਸੌਂ ਸਾਲ਼ ਲਈ ਦੁਨੀਆਂ ਨੂੰ ਕੁੱਝ ਨਵਾਂ ਨਹੀਂ ਦਿੱਤਾ ਹੈ । ਇਸ ਲਈ ਜੱਗ ਨੇ ਸਾਨੂੰ ਅਡਿੱਠ ਕੀਤਾ ਹੈ। ਪੁਰਾਣੇ ਸਾਹਿਤਕਾਰ ਤੇ ਬੇਇਲਮ ਪ੍ਰੈਫੇਸਰਾਂ ਨੇ ਸਾਡਾ ਸਾਹਿਤ ਬਿਹਾ ਕੀਤਾ ਹੈ। ਫਿਰ ਵੀ ਪੈਸੇ ਪੱਛਮ ਦੇ ਅਮੀਰ ਲਿਖਾਰੀਆਂ ਤੋਂ ਲੈ ਲੈ ਕਿ ਉਨ੍ਹਾਂ ਦੇ ਕਮਤਰ ਲੇਖਾਂ ਨੂੰ ਵਾਹ ਵਾਹ ਕਰਦੇ ਨੇ ਅਤੇ ਢੂਹੀਆਂ ਤੇ ਥਪੀਆਂ ਮਾਰਦੇ ਨੇ! ਪਰ ਸੱਚ ਹੈ ਕੋਈ ਪੰਜਾਬੀ ਜਵਾਨ ਬਹੁਤਾ ਪੰਜਾਬੀ ਸਾਹਿਤ ਨੂੰ ਪੜ੍ਹ ਨਹੀਂ ਰਿਹਾ। ਕਾਤੋਂ ਪੜ੍ਹੇ ਜਦ ਅੰਗ੍ਰੇਜ਼ੀ ਜਾਂ ਹਿੰਦੀ ਸਾਹਿਤ ਤੋਂ ਹੀਣ ਹੈ?
ਸਾਹਿਤ ਨੂੰ ਅੱਜ ਕੱਲ੍ਹ ਸਿਨੇਮਾ, ਟੀਵੀ ਜਾਂ ਕੰਪੂਯਿਟਰ ਨਾਲ਼ ਭਿੜਣਾ ਪੈਂਦਾ ਹੈ। ਇਸ ਲਈ ਨਵੀਂ ਸ਼ੈਲੀ ਜ਼ਰੂਰੀ ਹੈ। ਮੈਂ ਖਾਸ ਇੰਗਲੈਂਡ ਦੇ ਪੰਜਾਬੀ ਬੋਲੀ ਦੇ ਤਲਬੇ ਨਾਲ਼ ਗੱਲ ਬਾਤ ਕਰਕੇ ਪਤਾ ਲਾੲਿਅਾ ਹੈ ਕਿ ੳੁਨ੍ਹਾਂ ਨੂੰ ਇਹ ਸਾਰੀਆਂ ਕਹਾਣੀਆਂ ਅਕਾੳੂ "ਬੋਰਿੰਗ" ਲੱਗਦੀਆਂ ਹਨ। ਉਨ੍ਹਾਂ ਨੂੰ ਹਿੰਦੀ ਫਿਲਮ ਜਾਂ ਦੁਨੀਆਂ ਦੀਆਂ ਮਹਸ਼ੂਰ ਫਿਲਮਾਂ ਵਰਗੀਆਂ ਕਹਾਣੀਆਂ ਚਾਹੀਦੀਆਂ ਨੇ। ਇਹੀ ਗੱਲ ਹੈ ਜਿੰਨ੍ਹਾਂ ਨਾਲ਼ ਮੈਂ ਫੈਸਬੁੱਕ ਤੇ ਗੱਲ ਕੀਤੀ ਹੈ। ਚਾਲ਼ੀਆਂ ਸਾਲਾਂ ਤੋਂ ਹੇਠ ਲੋਕ ਕੁੱਝ ਨਵਾਂ ਹੀ ਭਾਲਦੇ ਨੇ, ਜਿਹੜਾ ਉਨ੍ਹਾਂ ਦੇ ਖਿਆਲਾਂ ਨਾਲ਼ ਮਿਲੇ।
ਸੋ ਅੱਠ ਸਾਲ ਪਹਿਲਾਂ ਮੈਂ "ਨੀਲਾ ਨੂਰ" ਲਿੱਖ ਕੇ ਯੂ ਕੇ' ਚ ਛਾਪਿਆ ਸੀ। ਉਸ ਤੋਂ ਬਾਅਦ ਪੰਜਾਬ ਵਿੱਚ "ਭਰਿੰਡ" ਛਾਪੀ ਗਈ ਲਾਹੋਰ ਬੁੱਕਸ਼ਾਪ ਦੇ ਰਾਹੀ। ਇਹ ਸੀ ਦੁਨੀਆਂ ਦੀ ਪਹਿਲੀ ਵਿਚਿੱਤਰਵਾਦ ਲਹਿਰ ਦੀ ਕਿਤਾਬ ਅਤੇ ਨਮੂਨਾ। ਇਸ ਤੋਂ ਬਾਅਦ "ਓ" ਛਾਪਿਆ ਗਿਆ, ਇੱਕ ਅਨੋਖੀ ਕਹਾਣੀ ਜਿਸ ਵਿੱਚ ਅੰਗ੍ਰੇਜ਼ੀ,ਫਰਾਂਸੀਸ਼ੀ ਜਾਂ ਐਸਪਾਂਨੀਅਲ ਦੇ ਸਾਹਿਤਾਂ ਵਰਗੇ ਅਫਸਾਨੇ ਹਨ। ਗੋਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ " ਸਾਇੰਸ ਫਿਕਸ਼ਨ, ਜਾਂ ਮੈਜੀਕਲ ਰੀਅਲਇਸਮ ਆਖਦੇ ਨੇ। ਪਰ ਮੈਨੂੰ ਉਨ੍ਹਾਂ ਦੇ ਬੋਲੀਆਂ ਦੇ ਲੇਬਲ ਲਾਉਣਾ ਚੰਗਾ ਨਹੀਂ ਲੱਗਦਾ। ਤਾਈ ਮੈਂ ਇਸ ਤਰ੍ਹਾਂ ਦੀ ਕਹਾਣੀ ਨੂੰ ਨਾਂਅ ਦਿੱਤਾ ਹੈ ਵਚਿੱਤਰਵਾਦ। ਜਿਹੜਿਆਂ ਨੇ ਪੜ੍ਹ ਕੇ ਪਸੰਦ ਕੀਤੀਆਂ ਅਤੇ ਇਸ ਤਰ੍ਹਾਂ ਦੀਆਂ ਟੈਕਨੀਕ ਵਰਤਣਾ ਚਾਹੁੰਦੇ ਨੇ, ਸਮਝ ਲੋ ਕਿ ਤੁਸੀਂ ਵੀ ਇਸ ਨਵੀ ਲਹਿਰ ਦੇ ਹਾਮੀ ਹੋ ਤੇ ਹੱਕਦਾਰ ਹੋ । ਵੈਸੇ ਇਸ ਦਾ ਜਨਮ ਬਰਤਾਨੀਆ'ਚ ਹੀ ਹੋਇਆ, ਅਤੇ ਖਾਸ ਮੈਂਬਰ ਵਾਇਲੈਤੀਏ ਨੇ, ਬਾਗ਼ੀ ਬੱਤੀ ਦੇ ਸਦੱਸ। ਪਰ ੲਿਕੱਲੇ ਵਾਇਲੈਤ ਵਾਲ਼ੇ ਹੋਣ ਦੀ ਲੋੜ ਨਹੀਂ। ਇੱਦਾਂ ਲਿਖੋਂ ਤਾਂ ਤੁਸੀਂ ਆਪਣੇ ਆਪ ਨੂੰ ਵਚਿੱਤਰਵਾਦ ਲਿਖਾਰੀ ਆਖ ਸਕਦੇ ਹੋ।
ਵਚਿੱਤਰਵਾਦ ਦੀਅਾਂ ਵੀ ਤਿੰਨ ਕਿਸਮ ਦੀਆਂ ਕਹਾਣੀਆਂ ਨੇ। ਗੋਥਿਕਾ ( ਓ ਇਸ ਦੀ ਮਿਸਾਲ ਹੈ), ਪਰਾਕਰਮੀ ( ਸਮੁਰਾਈ ਅਤੇ ਗੁੰਡਾ) ਜਾਂ ਵਿਗਿਆਨਕ (ਸਮੁਰਾਈ ਅਤੇ ਭਰਿੰਡ)। ਇਹ ਹੈ ਪਹਿਲੀ ਨਿਸ਼ਾਨੀ। ਦੂਜੀ ਪੈਦਾ ਹੋਈ ਕਿਉਂਕਿ ਮੇਰੇ ਵਰਗੇ ਪੱਛਮੀ ਜੰਮਪਲ ਪੰਜਾਬੀ ਨੂੰ ਘੁੰਮ ਘਮਾਕੇ ਅੰਗ੍ਰੇਜ਼ੀ ਵਾਂਗਰ ਵਰਤਦੇ ਨੇ ਸੋ ਆਮ ਪੰਜਾਬੀ ਲਈ ਗਲਤ ਜਾਂ ਅਣੋਖੀ ਪੰਜਾਬੀ ਗਰੈਮਰ ਜਾਪਦੀ ਹੈ। ਪਰ ਇਸ ਹੀ ਕਰਕੇ ਵਚਿੱਤਰਵਾਦ ਦੇ ਸਿਰਜਕ ਨੇ ਜਾਣ ਬੁੱਝਕੇ ਵਾਕ ਬਦਲ ਕੇ, ਅਨਿਯਮਿਤ ਗਰੈਮਰ ਨੂੰ ਕਰ ਕੇ ਨਵੀਂ ਬਣਾ ਦਿੱਤੀ ਹੈ। ਹਰ ਦੇ ਪੱਲੇ ਨਹੀਂ ਪੈਂਣੀ, ਪਰ ਸੱਚ ਹੈ ਦੁਨੀਆ ਦੇ ੳੁੱਘੇ ਲਿਖਾਰੀਆਂ ਦੇ ਵਾਕ ਵੀ ਆਮ ਬੰਦੇ ਦੇ ਪੱਲੇ ਨਹੀਂ ਪੈਂਦੇ! ਗੱਲ ਹੈ ਪਾਠਕ ਨੂੰ ਨਵਾਂ ਅਨੁਭਵ ਦਿਓ!
ਸੋ ਜੇ ਤੁਸੀਂ ਇਸ ਬਾਰੇ ਗੱਲ ਬਾਤ ਕਰਨੀ ਚਾਹੁੰਦੇ ਹੋ ਜਾਂ ਆਪਣੇ ਲੇਖ ਇੱਥੇਂ ਜਾਂ ਬਾਗ਼ੀ ਬੱਤੀ ਵਾਲੇ ਪੇਜ ਤੇ ਛਾਪਣਾ ਚਾਹੁੰਦੇ ਹੋ ਤਾਂ ਮੈਂਬਰ ਜ਼ਰੂਰ ਬਣੋ।
ਯਾਦ ਰੱਖੋਂ ਦੁਨੀਆਂ ਦੇ ਸਭ ਤੋਂ ਮਸ਼ਹੂਰ ਲੇਖਕਾਂ ਨੇ ਪੁਰਾਤਨ ਭਾਸ਼ਾ ਦਾ ਹਰ ਅਸੂਲ ਤੋੜਿਆ ਹੈ!

8
Lok Virsa Pehchaan / Punjabi Virsa Interview
« on: June 09, 2019, 05:48:02 PM »
<a href="https://www.facebook.com/akaalchannel760/videos/882981565387824/UzpfSTEwMDAwODI1NzI2MjQ1MToyMzY3MDE0MjczNTgzNzky/?id=100008257262451" target="_blank" class="new_win">https://www.facebook.com/akaalchannel760/videos/882981565387824/UzpfSTEwMDAwODI1NzI2MjQ1MToyMzY3MDE0MjczNTgzNzky/?id=100008257262451</a>
https://www.facebook.com/akaalchannel760/videos/882981565387824/UzpfSTEwMDAwODI1NzI2MjQ1MToyMzY3MDE0MjczNTgzNzky/?id=100008257262451

10
Lok Virsa Pehchaan / Ganda Novel PDF
« on: April 28, 2019, 08:21:46 AM »
http://punjabilibrary.com/library/gunda/

http://punjabilibrary.com/library/gunda/

Read Gunda Punjabi Novel ( hard copies available from Unistar)

12
! No longer available

<a href="https://www.youtube.com/watch?v=BcgOZGAH7is&amp;t=91s" target="_blank" class="new_win">https://www.youtube.com/watch?v=BcgOZGAH7is&amp;t=91s</a>

About my books

13
Lok Virsa Pehchaan / Punjabi Novel Book Review
« on: May 18, 2018, 07:14:47 PM »

14
ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…।
"ਕਹਾਣੀ ਦਾ ਮੁੱਢ ਈ ਬੇਢੰਗਾ ਏ!" ਦਾਰੀ ਜੁਲਾਹਾ ਬੋਲ ਪਿਆ, ਅਗਾਂਹ ਕਹਾਣੀ ਕੀ ਹੋਣੀ ਏ?"
ਕਹਾਣੀ ਸੁਣਾਉਂਦਾ ਬਾਬਾ ਭੋਜ ਵਿਚੋਂ ਟੋਕੇ ਜਾਣ ਤੇ ਭੁੜਕ ਡੰਡਿਓਂ ਪਾਰ ਹੋਇਆ। ਦਾਰੀ ਨੂੰ ਝਈ ਲੈ ਕੇ ਪਿਆ: "ਅਗਾਂਹ ਤੇ ਤੇਰੀ ਮਾਂ ਨੇ ਜੋ ਹੋਣਾ ਸੋ ਹੋਣਾ ਏਂ, ਪਹਿਲਾਂ ਤੂੰ ਇਹ ਦੱਸ! ਕਹਾਣੀ ਦਾ ਮੁੱਢ ਕਿਵੇਂ ਬੇਢੰਗਾ ਏ?"
ਦਾਰੀ ਨੇ ਬਾਬੇ ਦੀ ਗੱਲ ਦਾ ਬੁਰਾ ਨਾ ਮੰਨਿਆਂ। ਹੱਸ ਕੇ ਕਹਿਣ ਲੱਗਾ, "ਤੂੰ ਤੇ ਆਖਦਾ ਹੁੰਦਾ ਏਂ ਪਈ ਚੋਰਾਂ ਦੇ ਘਰ ਕਦੇ ਦੀਵਾ ਹੀ ਨਹੀਂ ਹੁੰਦਾ। ਹੁਣ ਆਪ ਹੀ ਦਸਦਾ ਏਂ ਪਈ ਚੋਰ ਆਪਣੇ ਬਾਲ ਬੱਚੇ ਨਾਲ ਬੁਲ੍ਹੇ ਲੁਟਦਾ ਹੁੰਦਾ ਸੀ ਤੇ ਨਾਲ ਸਾਧ ਪਕੌੜੇ ਵੇਚਣ ਮਗਰੋਂ ਸਾਧ ਹੀ ਰਿਹਾ?"
ਕੋਲ ਬੈਠਾ ਮਾਸਟਰ ਦਾਰੀ ਦੀ ਇਮਦਾਦ ਨੂੰ ਅੱਪੜਿਆ- "ਬਾਬਾ! ਦਾਰੀ ਦੀ ਗੱਲ ਨੂੰ ਚਿੱਥ ਜਰਾ! ਉਹ ਆਖਦਾ ਏ ਕਿ ਹੱਟੀ ਵਾਲਾ ਤੇ ਚੋਰ ਜੇ ਸੱਕੇ ਭਰਾ ਨਹੀਂ ਤੇ ਤਾਏ ਚਾਚੇ ਦੇ ਪੁੱਤਰ ਭਰਾ ਤੇ ਜ਼ਰੂਰ ਹੁੰਦੇ ਨੇ… ਇਕ ਨੇ ਗਾਹਕ ਨੂੰ ਲੁੱਟਣਾ, ਇਕ ਨੇ ਸਾਕ ਨੂੰ…।"
ਭਾਬੇ ਭੋਜ, ਮਾਸਟਰ ਦੀ ਸੁਣੀ, ਅਣਸੁਣੀ ਕਰਦਿਆਂ ਕਿਹਾ, "ਦੀਵਾ ਨਹੀਂ ਬਲਦਾ ਕਦੇ ਤੇਰੇ ਜਹੇ ਰੱਬ ਦੇ ਮਾਰੇ ਚੋਰ ਦੇ ਘਰ, ਜਿਨ੍ਹੇ ਸਵੇਰੇ ਉਠ ਕੇ ਮਸੀਤੇ ਜਾ ਕੇ ਨਹਾਵਣ ਤੋਂ ਪਹਿਲੋਂ ਮਸੀਤ ਦਾ ਤੇਲ ਚੋਰੀ ਕਰਕੇ ਮਲਣਾ ਹੁੰਦਾ ਏ…।"
ਬਾਬੇ ਦੀ ਗੱਲ ਅਜੇ ਵਿਚ ਈ ਸੀ, ਦਾਰੀ ਹੱਸ ਕੇ ਕਹਿਣ ਲੱਗਾ, "ਰੋਜ਼ ਸਵੇਰੇ ਮੂੰਹ ਹਨੇਰੇ ਖੂਹੀ 'ਚੋਂ ਸੌ ਬੋਕਾ ਕੱਢ ਕੇ ਸਕਾਵੇ ਤੋਂ ਟੂਟੀਆਂ ਭਰਨਾ ਆਂ ਮਸੀਤ ਦੀਆਂ। ਜੇ ਕਦੇ ਕਿਸੇ ਨਮਾਜ਼ੀ ਸਵੇਰੇ ਇਕ ਬੋਕਾ ਵੀ ਕੱਢਿਆ ਹੋਵੇ ਤਾਂ ਮੈਂ ਝੂਠਾ। ਥੇ ਜੇ ਕਦੇ ਮੈਂ ਕੁੱਜੇ 'ਚੋਂ ਤੇਲ ਦਾ ਚੋਆ ਲੈ ਲੈਨਾ ਆਂ ਤੇ ਗੁਨਾਹ ਕੀ ਹੋਇਆ? ਅੱਲ੍ਹਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ?"
ਦਾਰੀ ਦੀ ਗੱਲ ਦੇ 'ਹੋਰ ਕਿਥੋਂ ਲਵਾਂ' ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ, ਬੋਲਿਆ, "ਪੁੱਤਰਾ! ਜੇ ਕਦੇ ਤੈਨੂੰ ਸਵੇਰੇ ਉਠ ਕੇ ਤੇਲ ਮਲ ਕੇ ਨਹਾਵਣ ਦੀ ਆਦਤ ਨਾ ਹੋਵੇ ਤੂੰ ਕਦੇ ਮਸੀਤ ਵਲ ਮੂੰਹ ਵੀ ਨਾ ਕਰੇਂ। ਜਾ ਕੇ ਰੋਜ਼ ਤੇਲ ਮਲਨਾ ਏਂ। ਮਗਰੋਂ ਸਰੀਰ ਖੋਲ੍ਹਣ ਲਈ ਦਸ- ਵੀਹ ਬੋਕੇ ਕੱਢ ਕੇ ਸਕਾਵੇ ਭਰ ਕੇ ਨਹਾ ਵੀ ਤਾਂ ਆਪ ਈ ਆਉਨਾ ਏਂ ਨਾ?"
ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫ਼ੀਕ ਨਹੀਂ ਹੋਈ। ਪਰ ਮੇਰੀ ਗੱਲ ਯਾਦ ਰੱਖੀਂ, ਅੱਲ੍ਹਾ ਦੇ ਘਰ ਚੋਰੀ ਕਰਨਾ ਏਂ… ਕੋਹੜਾ ਹੋ ਕੇ ਮਰੇਂਗਾ। ਕੀੜੇ ਖਾਣਗੇ ਏਸ ਸਰੀਰ ਨੂੰ।"
… ਖੌਰੇ ਕੋਹੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫ਼ਾਈ ਦੇਂਦਿਆਂ ਕਹਿਣ ਲੱਗਾ, "ਸਹੁੰ ਬੇਬੇ ਦੀ! ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜੁੰਮੇਰਾਤ ਨੂੰ ਤੇ ਮੈਂ ਸਵਾ ਰੁਪਏ ਦਾ ਤੇਲ ਮਸੀਤੇ ਪਾਇਆ ਏ।"
"ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ… ਹੁਣ ਤੇ ਤੂੰ ਬੱਸ ਪੱਠੇ ਵੱਢਨਾਂ ਏਂ ਚੋਰੀ!" ਬਾਬੇ ਭੋਜ ਖੌਰੇ ਦਾਰੀ ਦੀ ਪਹਿਲੀ ਸਫ਼ਾਈ ਮੰਨ ਲਈ ਸੀ।
ਦਾਰੀ ਆਪਣੀ ਵਾਹੀ, "ਲੈ ਭਲਾ ਬਾਬਾ! ਪੱਠੇ ਮੈਂ ਕਿਨੇ ਕੁ ਵੱਢਨਾਂ ਆਂ? ਇਕ ਬਕਰੀ ਜਿੱਡੀ ਗਾਂ ਏ ਤੇ ਇਕ ਬਿੱਲੀ ਜਿੱਡੀ ਵੱਛੀ। ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੱਢਨਾਂ ਆਂ? ਇਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਨਾ ਤੇ ਵਿਚੋਂ ਇਕ ਅੱਧਾ ਡੰਗ ਪੱਠੇ ਵਢ ਲਿਆਉਨਾ, ਉਹ ਵੀ ਉਸ ਸੂਮ ਜੱਟ ਦੇ, ਜਿਹੜਾ ਮੰਗਿਆਂ ਨਹੀਂ ਦੇਂਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਏ ਪਈ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀਂ। ਉਹ ਵੀ ਹੱਸ ਛੱਡਦਾ ਏ ਤੇ ਮੈਂ ਵੀ। ਬਾਬਾ! ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਏਸ ਆਪਣੇ ਪਿੰਡ ਵਿਚੋਂ ਪੱਠੇ ਨਾ ਵੱਢੇ ਤੇ ਕਿਥੋਂ ਵੱਢੇ? ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਭਨਾ ਲਏ?"
ਬਾਬੇ ਭੋਜ ਦਾ ਫੇਰ ਹਾਸਾ ਡੁੱਲ੍ਹ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ''ਓਇ ਬੰਦਿਆ! ਤੈਨੂੰ ਸੌ ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ। ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ। ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੀਂ ਕਿਤੇ। ਓਇ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਅਜਿਹੇ ਬੰਦੇ ਦਾ।''
"ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ, ਜਿਸ ਪੱਠਿਆਂ ਦੇ ਰੁੱਗ ਤੋਂ ਮਾਰ ਹੀ ਘੱਤਣਾ ਹੋਵੇ। ਮੈਂ ਤਾਂ ਉਹਦੇ ਵੱਢਦਾ ਆਂ ਜਿਹੜਾ ਜੇ ਉਤੋਂ ਫੜ ਵੀ ਲਵੇ ਤਾਂ ਆਪੇ ਹੀ ਪੱਚੀ ਹੋ ਜਾਵੇ।" ਦਾਰੀ ਚਹਿਕਦਿਆਂ ਗੱਲ ਟੋਰੀ, "ਸੁਣਿਆਂ ਨਹੀਓਂ ਬਾਬਾ! ਇਕ ਜਾਂਗਲੀ ਚੋਰ ਨੇ ਭੈਣ ਦਾ ਝੁੱਗਾ ਜਾ ਭੰਨਿਆਂ ਪਰ, ਸੰਨ ਤੇ ਈ ਫੜਿਆ ਗਿਆ। ਭੈਣ ਤੇ ਭਣੋਈਏ ਭਲਾ ਕੀ ਆਖਣਾ ਸੀ? ਸਗੋਂ ਰੋਟੀ ਪਾਣੀ ਖਵਾ ਕੇ ਘੱਲਿਓ ਨੇ। ਚੋਰ ਪਿਛਾਂਹ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉਤੇ ਅੱਪੜਿਆ ਤਾਂ ਦੱਸਿਓ, "ਮੈਨੂੰ ਫੜਨ ਵਾਲੇ ਵੀ ਭੈਣ ਤੇ ਭਣੋਈਆ ਆਏ"… ਬੇਲੀਆਂ ਦੇ ਇਹ ਪੁੱਛਣ ਤੇ 'ਭਈ ਫੇਰ ਕੀ ਹੋਇਆ?' ਹੱਸ ਕੇ ਆਖਣ ਲੱਗਾ, "ਹੋਣਾ ਕੀ ਸੀ? ਮੈਨੂੰ ਵੇਖ ਕੇ ਭੈਣ ਤੇ ਭਣੋਈਆ ਢੇਰ ਪੱਚੀ ਹੋਏ।"
ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ, "ਗੱਲਾਂ ਦਾ ਖੱਟਿਆ ਖਾਨਾਂ ਏਂ।"
ਉਸਤਾਦ ਖੰਘਦਾ ਤੇ ਪੈਰ ਘਸੀਟ ਘਸੀਟ ਕੇ ਟੁਰਦਾ ਮੰਡਲੀ ਵਿਚ ਆ ਰਲਿਆ।
"ਆ ਉਸਤਾਦਾ!" ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁਛਿਆ, "ਸੁਣਾ, ਵੱਲ ਏਂ?"
"ਵੱਲ ਹੁਣ ਕੀ ਹੋਣਾ ਏਂ?" ਦਸ ਕਦਮ ਟੁਰਨ ਨਾਲ, ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜ੍ਹਿਆ ਹੋਇਆ ਸੀ। ਨਿਢਾਲ ਜਿਹੀ 'ਵਾਜ਼ ਵਿਚ ਕਹਿਣ ਲੱਗਾ, "ਜੇ ਲੰਮੇ ਪੈ ਜਾਈਏ ਤਾਂ ਉਠ ਕੇ ਨਹੀਂ ਬੈਠਿਆ ਜਾਂਦਾ। ਜੇ ਜ਼ੋਰ ਲਾ ਲੂ ਕੇ ਉੱਠ ਵੀ ਬਹੀਏ ਤਾਂ ਪੈਰੀਂ ਨਹੀਂ ਖਲੋਤਾ ਜਾਂਦਾ। ਜੇ ਮਰ ਖਪ ਕੇ ਪੈਰੀਂ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ ਤੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤਕ ਦਸ ਕਰਊਂ ਟੁਰ ਹੀ ਆਈਏ ਤੇ ਫਿਰ ਘੜੀ ਚੰਗੀ ਤੇ ਸਾਹ ਹੀ ਸਵਾਹਰਾ ਨਹੀਂ ਹੁੰਦਾ। ਲਾਹਨਤ ਆਖ ਇਸ ਬੁਢਾਪੇ ਨੂੰ।"
ਉਸਤਾਦ ਦੀ ਗਿਰਿਆਜ਼ਾਰੀ 'ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ, "ਉਸਤਾਦ, ਸਿਆਣੇ ਆਖ ਗਏ ਨੇ 'ਜਵਾਨੀ ਬੜੀ ਚੀਜ਼ ਹੈ… ਬੁਢਾਪਾ ਬੜਾ ਲਾਹਨਤੀ।" ਸਣੇ ਉਸਤਾਦ ਸਾਰੇ ਹੱਸ ਪਏ।
ਭੋਜ ਤੇ ਉਸਤਾਦ ਸੱਤਰ-ਅੱਸੀ ਦੇ ਪੇਟੇ ਵਿਚ ਪੁਰਾਣੇ ਸੰਗੀ ਸਨ… ਦੋਵੇਂ ਹਾਣੀ। ਚਾਰ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹਕੇ ਆਪਣੇ ਆਪਣੇ ਕੰਮ ਲੱਗ ਗਏ। ਭੋਜ ਵਾਹੀ-ਜੋਤੀ ਵਿਚ, ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ 'ਤੇ ਭਾਰ ਢੋਣ ਵਿਚ… ਭੋਜ ਦੀ ਵਾਹੀ-ਜੋਤੀ ਉਹਦੇ ਪੁੱਤਰ-ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਭਰਾ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਚਾੜ੍ਹ ਕੇ ਪਕਾਉਂਦਾ ਤੇ ਪਿੰਡੋ ਪਿੰਡ ਵੇਚਦਾ ਉਹਦਾ ਭਤੀਜਾ… ਉਸਤਾਦ ਦੀ ਤਾਂ ਨਾ ਰੰਨ ਨਾ ਕੰਨ। ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ, ਜਿਹਨੂੰ ਘਰ ਵਾਲੀ ਆਖਦੇ ਨੇ। ਤੇ ਪਤਾ ਨਹੀਂ ਉਸਤਾਦ ਨੂੰ ਏਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ! ਇਹਨਾਂ ਦੇ ਬਾਬਿਆਂ ਦੇ ਦੋ ਹੋਰ ਯਾਰ ਸਨ। ਇਕ ਅੱਧਖੜ ਉਮਰ ਦਾ ਸਯਦ ਮਾਸਟਰ ਤੇ ਇਕ ਜਵਾਨ ਉਮਰ ਦਾ ਦਾਰੀ ਜੁਲਾਹਾ। ਉਦਣ ਵੀ ਉਹ ਚਾਰੇ ਈ ਰੋਜ਼ ਵਾਂਙ ਬਾਬੇ ਭੋਜ ਦੀ ਹਵੇਲੀ ਵਿਚ ਬੈਠ ਕੇ ਰਾਤੀਂ ਏਧਰ ਉਧਰ ਦੀਆਂ ਗੱਲਾਂ ਮਾਰ ਰਹੇ ਸਨ।
"ਬਾਬਾ ਅਗਾਂਹ ਟੁਰ ਹੁਣ!" ਦਾਰੀ ਬਾਬੇ ਨੂੰ ਆਖਿਆ।
"ਬੜਾ ਟੁਰੇ ਆਂ ਆਪਣੀ ਉਮਰ ਵਿਚ ਪੁੱਤ!" ਬਾਬੇ ਭੋਜ ਨੇ ਚਮਕ ਕੇ ਕਿਹਾ, ਏਥੋਂ ਤਰੀਕ ਭੁਗਤਣ ਟੁਰਦੇ ਲਹੌਰ ਜਾਂਦੇ… ਪੂਰੇ ਅੱਸੀ ਕੋਹ!… ਪਿੰਡੋਂ ਰੋਟੀ ਪੱਲੇ ਬੰਨ੍ਹ ਕੇ, ਅੱਲ੍ਹਾ ਦਾ ਨਾਂ ਲੈ ਕੇ ਮਾਰਦੇ ਨਾਅਰਾ:
"ਬੱਧੇ ਭਾਰ ਮੁਸਾਫ਼ਰਾਂ ਤੇ ਮੁੰਨਾ ਕੋਹ ਲਹੌਰ!"
"ਤੇ ਪੈਂਡੇ ਠਿਲ੍ਹ, ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਹੌਰ… ਤੇ ਤਰੀਕ ਭੁਗਤ ਕੇ ਸਾ ਦਿਹਾੜੀ ਮੁੜ ਪੈਂਦੇ ਪਿਛਾਂਹ ਤੇ ਛਾਲਾਂ ਮਾਰਦੇ ਦੋ ਦਿਨਾਂ ਵਿਚ ਪਿੰਡ ਆ ਅੱਪੜਦੇ ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ ਹੱਸਦੇ ਖੇਡਦੇ… ਉਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੀ ਦੇਣੇ ਨੇ, ਜਿਨ੍ਹੇ ਦੋ ਕੋਹ ਜਾਣਾ ਹੋਵੇ ਤੇ ਅੱਧਾ ਦਿਨ 'ਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਨਾ ਏਂ!"
"ਗੱਡੀਆਂ ਤਾਂ ਬੰਦੇ ਨਕਾਰੇ ਕਰ ਛੱਡੇ!" ਉਸਤਾਦ ਹੂੰਘਿਆ। "ਹੱਡਾਂ-ਗੋਡਿਆਂ ਤੋਂ ਰਹਿ ਗਏ ਜਵਾਨ! ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ, ਜਵਾਨ ਤਾਂ ਸਾਹ-ਸੱਤਿਆ ਵਾਲੇ ਹੁੰਦੇ ਸਨ।"
ਮਾਸਟਰ ਬਹੁਤਾ ਗਾਲੜੀ ਨਹੀਂ ਸੀ ਪਰ, ਬੋਲਣੋਂ ਰਹਿ ਨਾ ਸਕਿਆ, "ਗਡੀਆਂ ਬੰਦੇ ਦੀ ਜਾਨ ਵੀ ਤਾਂ ਸੁਖੀ ਕਰ ਛੱਡੀ ਏ ਬਾਬਿਓ! ਸਵੇਰੇ ਚੜ੍ਹੋ ਗੱਡੀ ਤੇ ਲਹੌਰੋਂ ਤਰੀਕ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪੈਂਡਾ ਤੁਸੀਂ ਛਿਆਂ ਦਿਨਾਂ ਵਿਚ ਕਰਦੇ ਸਓ, ਹੁਣ ਛੇਆਂ ਘੰਟਿਆਂ ਵਿਚ ਨਿਬੜ ਜਾਂਦਾ ਏ। ਨਾ ਪੈਂਦੇ ਨੇ ਪੈਰੀਂ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ… ਅਮਨ ਨਾਲ ਗੱਡੀ ਵਿਚ ਬਹਿ ਕੇ ਭਾਵੇਂ ਸੌਂ ਰਵੋ।"ੋ
ਦਾਰੀ ਸਫਾਈ ਦੇਂਦਿਆਂ ਤਰਲਾ ਵਾਹਿਆ, "ਮੈਂ ਤਾਂ ਆਖਿਆ ਸੀ… ਗੱਲ ਨੂੰ ਅਗਾਂਹ ਟੋਰੋ!"
"ਕਿਹੜੀ ਗੱਲ?" ਬਾਬੇ ਭੋਜ ਬੇ-ਧਿਆਨੀ ਤੇ ਅਰਾਮ ਨਾਲ ਪੁੱਛਿਆ। ਬਹੁਤ ਵਾਰੀ ਇੰਝ ਹੀ ਹੁੰਦਾ ਕਿ ਗੱਲ ਵਿਚੋਂ ਹੋਰ ਟੁਰ ਪੈਂਦੀ, ਵਿਚੋਂ ਹੋਰ ਤੇ ਹੋਰ, ਅਸਲ ਗੱਲ ਕਿਤੇ ਪਿਛਾਂਹ ਦੂਰ ਰਹਿ ਜਾਂਦੀ ਤੇ ਰੌਲੇ ਵਿਚ ਵਿੱਸਰ ਜਾਂਦੀ।
"ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ?" ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ।
"ਆਹੋ! ਹੱਛਾ!" ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ, "ਹੁਣ ਵਿਚ ਨਾ ਬੋਲੀਂ ਤੇ ਤੈਨੂੰ ਇਕ ਗੱਲ ਸੁਣਾਵਾਂ ਸੱਚੀ!"
ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ। ਇਕ ਦੋ ਵਾਰ ਆਪਣੀ ਕਤਰਾਵੀਂ ਖਿਚੜੀ ਦਾੜ੍ਹੀ ਵਿਚ ਖੁਰਕ ਕੇ ਕਹਿਣ ਲੱਗਾ, "ਸੱਚ ਵੀ ਕਿੰਝ ਦਾ ਗਹਿਣਾ ਏਂ?" ਜਿਹੜੀ ਗੱਲ ਦੇ ਗਲ ਵਿਚ ਪਾ ਦਿਓ, ਗੱਲ ਫੱਟ ਜਾਂਦੀ ਏ।" ਬਾਬੇ ਭੋਜ ਗੱਲ ਟੋਰੀ। "ਪਕੌੜੇ ਵੇਚਣ ਵਾਲੇ ਦਾ ਰੋਜ਼ ਦਾ ਇਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ ਤੇ ਡਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ, ਪੈਸੇ ਦਿਤਿਓਂ ਬਗੈਰ ਚਲਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦੇਂਦਾ। ਹੱਟੀ ਵਾਲਾ ਸੋਚਦਾ ਮੁਫ਼ਤੌੜੇ ਗਾਹਕ ਨੂੰ ਕਦੇ ਤਾਂ ਹਯਾ ਆਊ ਤੇ ਓੜਕ ਇਕ ਨਾ ਇਕ ਦਿਨ ਏਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ, ਨਾ ਤਾਂ ਮੁਫ਼ਤੌੜੇ ਗਾਹਕ ਨੂੰ ਹਯਾ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਤਾਇਆ। ਪਤਾ ਨਹੀਂ ਮਾੜੇ ਹੋਣ ਪਾਰੋਂ ਯਾ ਭਲੇਮਾਣਸ ਹੋਣ ਕਾਰਨ! ਤੇ ਇਹ ਕੰਮ ਵਰ੍ਹਾ-ਦੋ ਚਲਦਾ ਰਿਹਾ…।"
ਦਾਰੀ ਰਹਿ ਨਾ ਸਕਿਆ, ਆਖਣ ਲੱਗਾ, "ਹੱਟੀ ਵਾਲਾ ਦੇਂਦਾ ਅਰਜ਼ੀ ਪਰਚਾ ਥਾਣੇ ਵਿਚ। ਆਪੇ ਲੈ ਜਾਂਦੇ ਬੰਨ ਕੇ, ਅਜਿਹੇ ਧੱਕਾ ਸ਼ਾਹੀ ਕਰਨ ਵਾਲੇ ਗਾਹਕ ਦੀ ਤੇ ਦਮੜੀ ਦੇ ਨਾਲ ਚਮੜੀ ਵੀ ਲਾਹ ਦੇਂਦੇ ਅਗਲੇ।"
ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ, "ਤੇਰਾ ਪਿਉ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫ਼ਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ?"
"ਹੱਛਾ ਭਲਾ! ਫੇਰ?" ਦਾਰੀ ਬਾਬੇ ਵੱਲ ਵੇਖਿਆ।
"ਫੇਰ ਇਕ ਦਿਹਾੜੇ ਮੁਫ਼ਤੌੜਾ ਗਾਹਕ ਮੁੱਛਾਂ ਨੂੰ ਤਾ ਦੇਂਦਾ ਆਇਆ। ਵੇਖਦਾ ਕੀ ਏ, ਪਕੌੜਿਆਂ ਵਾਲੇ ਦੀ ਹੱਟੀ ਤੇ, ਕੜਾਹੀ ਧੋਤੀ ਮਾਂਜੀ ਮੂਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ।"
"ਕੀ ਹੋਇਆ, ਅੱਜ ਪਕੌੜੇ ਨਹੀਂ ਕੱਢੇ ਭਲਿਆ?" ਉਹਨੇ ਪੁੱਛਿਆ। "ਜੋ ਹੈ ਸੀ ਤੂੰ ਖਾ ਗਿਆ ਏਂ, ਵਰ੍ਹੇ-ਦੋਹੀਂ ਵਿਚ। ਮੇਰੀ ਰਾਸ ਮੁੱਕ ਗਈ ਏ। ਹੁਣ ਕਾਹਦੇ ਨਾਲ ਕੱਢਾਂ ਪਕੌੜੇ?" ਹੱਟੀ ਵਾਲੇ ਰੋਂਦੀ ਆਵਾਜ਼ ਵਿਚ ਕਿਹਾ।
"ਹੱਛਾ!" ਕੁਝ ਦੇਰ ਸੋਚ ਕੇ ਗਾਹਕ ਆਖਿਆ, "ਕੱਲ੍ਹ ਹੱਟੀ ਜ਼ਰੂਰ ਖੋਲ੍ਹੀਂ, ਮੈਂ ਏਸ ਕੁ ਵੇਲੇ ਆਵਾਂਗਾ।"
ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਅੱਪੜਿਆ। ਇਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ, "ਕਦੇ ਪਹਿਲੋਂ ਦੱਸ ਦੇਂਦੋਂ ਤਾਂ ਤੇਰੀ ਭੱਠੀ ਠੰਢੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ, ਫੇਰ ਫੂਕ ਮਾਰ ਛੱਡੀਂ ਮੇਰੇ ਕੰਨ ਵਿਚ!" ਤੇ ਹੱਟੀ ਵਾਲੇ ਨੂੰ ਹੈਰਾਨ ਪ੍ਰੇਸ਼ਾਨ ਛੱਡ ਕੇ ਚਲਦਾ ਹੋਇਆ।
ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ- ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਏਨੀ ਦੌਲਤ ਕਦੀ ਖਵਾਬ ਵਿਚ ਵੀ ਨਹੀਂ ਸੀ ਦੇਖੀ।
ਸੱਤ-ਅੱਠ ਦਿਹਾੜੇ ਮਗਰੋਂ ਸ਼ਹਿਰ ਵਿਚ ਇਕ ਨਾਮੀ-ਗਰਾਮੀ ਚੋਰ ਨੂੰ ਸੂਲੀ ਚਾੜ੍ਹਨ ਦੀ ਡੌਨੀ (ਡੌਂਡੀ) ਪਿੱਟੀ ਗਈ। ਉਨ੍ਹੇ ਇਕ ਸਰਦਾਰ ਦਾ ਝੁੱਗਾ ਭੰਨਿਆਂ ਸੀ। ਉਤੋਂ ਚੋਰੀ ਨਹੀਂ ਸੀ ਮੰਨਦਾ… ਤੇ ਮਾਲ ਨਹੀਂ ਸੀ ਦੇਂਦਾ। ਸੂਲੀ ਸ਼ਹਿਰ ਦੇ ਵੱਡੇ ਚੌਂਕ ਵਿਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ… ਵਿਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜ੍ਹੇ ਤੇ ਕੱਸੀਆਂ ਮੁਸ਼ਕਾਂ ੱਚ ਬੱਧੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਆਣ ਲਿਆ ਤੇ ਪਲ ਭਰ ਵਿਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। "ਚੋਰੀ ਦਾ ਮਾਲ ਮੋੜਿਆਂ ਖੌਰੇ ਚੋਰ ਦੀ ਜਾਨ ਬਚ ਜਾਏ"… ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜ੍ਹੇ ਵੱਲ ਵਧਿਆ। ਜਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ। ਪਰ, ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖੌਰੇ ਉਹਦੀਆਂ ਅੱਖਾਂ ਵਿਚ ਪੜ੍ਹ ਲਿਆ ਸੀ, ਹੱਸਿਆ ਤੇ ਉਚੀ ਵਾਜ ਨਾਲ ਜਿਵੇਂ ਸਾਰੀ ਖ਼ਲਕਤ ਨੂੰ ਸੁਣਾ ਕੇ ਕਹਿਣ ਲੱਗਾ, "ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਈ ਦੇਣਾ ਏਂ। ਇਸ ਲਈ ਜਿਸ ਭਲੇਮਾਣਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾ ਵੀ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਏ, ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿਚ ਲੋਕਾਂ ਲਈ ਖੂਹ ਲਵਾ ਦੇਵੇ ਤੇ ਸਰਾਂ ਬਣਵਾ ਦੇਵੇ।"
"ਤੇ ਚੋਰ ਸੂਲੀ ਚੜ੍ਹ ਗਿਆ… " ਗੱਲ ਕਰਦਾ ਬਾਬਾ ਭੋਜ ਖਲੋ ਗਿਆ, ਖੌਰੇ ਸਾਹ ਲੈਣ ਲਈ "ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫ਼ਰਾਂ ਲਈ ਸਰਾਂ, ਮੋਇਆਂ ਦੇ ਥੇਹ ਵਿਚ?" ਦਾਰੀ ਹੱਸ ਕੇ ਕਹਿਣ ਲੱਗਾ, "ਖਾ ਗਿਆ ਹੋਣਾ ਏ ਹੱਟੀ ਵਾਲਾ ਸਾਰਾ ਕੁਝ।"
"ਨਹੀਂ ਭਾਈ!" ਬਾਬੇ ਭੋਜ ਕਿਹਾ, "ਓਦੋਂ ਅਜੇ ਲੋਕਾਂ ਵਿਚ ਇਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿਚ ਦਸ ਖੂਹ ਲਵਾ ਦਿੱਤੇ ਤੇ ਇਕ ਸਰਾਂ ਬਣਵਾ ਦਿੱਤੀ ਮੁਸਾਫ਼ਰਾਂ ਲਈ…। ਕਈ ਸਦੀਆਂ ਲਹੌਰ ਸ਼ਹਿਰ ਦੇ ਲੋਕ ਤੇ ਲਹੌਰ ਵਿਚ ਬਾਹਰੋਂ ਆਵਣ ਵਾਲੇ ਮੁਸਾਫ਼ਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦੇਂਦੇ ਰਹੇ।"
"ਸਦੀਆਂ?" ਮਾਸਟਰ ਹੈਰਾਨ ਹੋ ਕੇ ਪੁੱਛਿਆ।
"ਆਹੋ" ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿਚ ਵੇਖ ਕੇ ਕਿਹਾ, "ਇਹ ਗੱਲ ਕੋਈ ਚਾਰ ਸਦੀਆਂ ਪੁਰਾਣੀ ਏ, ਪਰ ਸੱਚੀ ਏ। ਇਸ ਕਰਕੇ ਅੱਜ ਵੀ ਜਿਉਂਦੀ ਏ।"
"ਸੱਚ ਕਦੇ ਪੁਰਾਣਾ ਨਹੀਂ ਹੁੰਦਾ… ਸੱਚ ਕਦੇ ਬੁੱਢਾ ਨਹੀਂ ਹੁੰਦਾ… ਸੱਚ ਕਦੇ ਨਹੀਂ ਮਰਦਾ।" ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉਠਦਿਆਂ ਹੋਇਆਂ ਦੋ ਟੁੱਕ ਤਰੀਕੇ ਨਾਲ ਗੱਲ ਕੀਤੀ।

15
ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।
ਖ਼ਾਲਿਦ ਘਰ ਦੀ ਖਾਮੋਸ਼ੀ ਤੇ ਹਵਾ ਦੇ ਸੰਨਾਟੇ ਤੋਂ ਸਹਿਮਿਆ ਹੋਇਆ ਆਪਣੇ ਵਾਲਿਦ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ।
"ਅੱਬਾ, ਤੁਸੀਂ ਮੈਨੂੰ ਸਕੂਲ ਕਿਓਂ ਨਹੀਂ ਜਾਣ ਦੇਂਦੇ?"
"ਬੇਟਾ, ਅੱਜ ਸਕੂਲ ਵਿੱਚ....ਛੁੱਟੀ ਹੈ।"
"ਮਾਸਟਰ ਸਾਹਿਬ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ। ਓਹ ਤਾਂ ਕੱਲ ਕਹਿ ਰਹੇ ਸੀ ਕਿ ਜੋ ਲੜਕਾ ਅੱਜ ਸਕੂਲ ਦਾ ਕੰਮ ਖ਼ਤਮ ਕਰਕੇ ਆਪਣੀ ਕਾਪੀ ਨਹੀਂ ਦਿਖਾਏਗਾ, ਉਸਨੂੰ ਸੱਖਤ ਸਜ਼ਾ ਦਿੱਤੀ ਜਾਏਗੀ!"
"ਉਹ ਦੱਸਣਾ ਭੁੱਲ ਗਏ ਹੋਣਗੇ।"
"ਤੁਹਾਡੇ ਦਫ਼ਤਰ ਵਿੱਚ ਵੀ ਛੁੱਟੀ ਹੋਵੇਗੀ?"
"ਹਾਂ ਸਾਡਾ ਦਫ਼ਤਰ ਵੀ ਅੱਜ ਬੰਦ ਹੈ।"
"ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਤੋਂ ਕੋਈ ਵੱਧੀਆ ਜਿਹੀ ਕਹਾਣੀ ਸੁਣਾਂਗਾ।"
ਇਹ ਗੱਲਾਂ ਹੋ ਰਹੀਆਂ ਸਨ ਕੀ ਤਿੰਨ ਉਡਣ-ਖਟੋਲੇ ਚੀਖ਼ਦੇ ਹੋਏ ਉਹਨਾਂ ਦੇ ਸਿਰ ਤੋਂ ਗੁਜ਼ਰ ਗਏ। ਖ਼ਾਲਿਦ ਓਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ, ਉਹ ਤਿੰਨ ਚਾਰ ਦਿਨ ਤੋਂ ਇਹਨਾਂ ਉਡਣ-ਖਟੋਲਿਆਂ ਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ। ਪਰ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਇਹ ਜਹਾਜ਼ ਸਾਰਾ ਦਿਨ ਧੁੱਪ ਵਿੱਚ ਕਿਓਂ ਚੱਕਰ ਲਗਾਉਂਦੇ ਰਹਿੰਦੇ ਹਨ। ਓਹ ਉੰਨ੍ਹਾਂ ਦੀ ਰੋਜ਼ ਦੀ ਨਕਲ ਤੋਂ ਤੰਗ ਆ ਕੇ ਬੋਲਿਆ, "ਅੱਬਾ, ਮੈਨੂੰ ਇਹਨਾਂ ਜਹਾਜ਼ਾਂ ਤੋਂ ਡਾਹਡਾ ਡਰ ਲਗ ਰਿਹਾ। ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕੇ ਸਾਡੇ ਘਰ ਉੱਤੋਂ ਨਾ ਲੰਘਿਆ ਕਰਨ।"
"ਖੂਬ! .... ਕਿਤੇ ਪਾਗਲ ਤਾਂ ਨਹੀਂ ਹੋ ਗਿਆ ਖ਼ਾਲਿਦ!"
"ਅੱਬਾ, ਇਹ ਜਹਾਜ਼ ਬਹੁਤ ਖੌਫਨਾਕ ਹਨ। ਤੁਹਾਨੂੰ ਨਹੀਂ ਪਤਾ, ਇਹ ਕਿਸੀ ਨਾ ਕਿਸੀ ਦਿਨ ਸਾਡੇ ਘਰ ਤੇ ਗੋਲਾ ਸੁੱਟ ਦੇਣਗੇ। ਕਲ ਸਵੇਰੇ ਮਾਮਾ ਅੰਮੀ ਨੂੰ ਕਹਿ ਰਹੀ ਸੀ, ਕਿ ਇੰਨਾਂ ਜਹਾਜ਼ ਵਾਲਿਆਂ ਕੋਲ ਬਹੁਤ ਗੋਲੇ ਹਨ। ਜੇ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ, ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ। ਉਹੀ ਜੋ ਤੁਸੀਂ ਮੈਨੂੰ ਪਿੱਛਲੀ ਈਦ ਤੇ ਦਿੱਤੀ ਸੀ।"
ਖ਼ਾਲਿਦ ਦਾ ਪਿਓ ਆਪਨੇ ਲੜਕੇ ਦੀ ਗੈਰ-ਮਾਮੂਲੀ ਹਿੰਮਤ ਤੇ ਹੱਸ ਪਿਆ। "ਮਾਮਾ ਤਾਂ ਪਾਗਲ ਹੈ, ਮੈਂ ਓਹਨਾਂ ਨੂੰ ਪੁੱਛਾਂਗਾ ਕਿ ਉਹ ਘਰ ਵਿੱਚ ਇਹੋ ਜਿਹੀਆਂ ਗੱਲਾਂ ਕਿਓਂ ਕਰਦੇ ਨੇ। ਤੂੰ ਠੰਡ ਰੱਖ, ਓਹ ਇਹੋ ਜਿਹੀ ਗੱਲ ਬਿਲਕੁਲ ਨਹੀਂ ਕਰਨਗੇ।"
ਆਪਨੇ ਵਾਲਿਦ ਤੋਂ ਰੁਖਸਤ ਹੋ ਕੇ ਖ਼ਾਲਿਦ ਆਪਣੇ ਕਮਰੇ ਵਿਚ ਚਲਾ ਗਿਆ। ਅਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਸਾਧਣ ਵਿੱਚ ਲੱਗ ਗਿਆ, ਤਾਂਕਿ ਉਸ ਦਿਨ, ਜਦ ਹਵਾਈ ਜਹਾਜ਼ ਵਾਲੇ ਗੋਲਾ ਸਿੱਟਣ, ਤਾਂ ਉਸਦਾ ਨਿਸ਼ਾਨਾ ਖਰਾਬ ਨਾ ਜਾਏ। ਅਤੇ ਉਹ ਪੂਰੀ ਤਰ੍ਹਾਂ ਇੰਤਕਾਮ ਲੈ ਸਕੇ। ਕਾਸ਼! ਇੰਤਕਾਮ ਦਾ ਇਹੀ ਨੰਨ੍ਹਾ ਜਜ਼ਬਾ ਹਰ ਸ਼ਕਸ ਵਿੱਚ ਤਕਸੀਮ ਹੋ ਜਾਵੇ।
ਉਸ ਅਰਸੇ ਵਿੱਚ, ਜਿਸ ਵੇਲੇ ਇੱਕ ਨੰਨ੍ਹਾ ਬੱਚਾ ਆਪਣੇ ਇੰਤਕਾਮ ਲੈਣ ਦੀ ਫ਼ਿਕਰ ਵਿੱਚ ਡੁੱਬਾ ਹੋਇਆ, ਤਰਾਂ-ਤਰਾਂ ਦੇ ਮਨਸੂਬੇ ਬੰਨ੍ਹ ਰਿਹਾ ਸੀ, ਘਰ ਦੇ ਦੂਸਰੇ ਹਿੱਸੇ ਵਿੱਚ ਖ਼ਾਲਿਦ ਦਾ ਪਿਓ ਆਪਣੀ ਬੀਵੀ ਕੋਲ ਬੈਠਾ ਹੋਇਆ, ਮਾਮਾ ਨੂੰ ਹਿਦਾਇਤ ਕਰ ਰਿਹਾ ਸੀ, ਕਿ ਉਹ ਅੱਗੇ ਤੋਂ ਘਰ ਵਿਚ ਇਸ ਕਿਸਮ ਦੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਦਹਿਸ਼ਤ ਹੋਵੇ।
ਮਾਮਾ ਅਤੇ ਬੀਵੀ ਨੂੰ ਇਸ ਕਦਰ ਦੀ ਮਜ਼ੀਦ ਹਿਦਾਇਅਤ ਦੇ ਕੇ ਉਹ ਹਾਲੇ ਵੱਡੇ ਦਰਵਾਜ਼ੇ ਤੋਂ ਬਾਹਰ ਜਾ ਰਿਹਾ ਸੀ, ਕਿ ਨੌਕਰ ਇੱਕ ਦਹਸ਼ਤਨਾਕ ਖ਼ਬਰ ਲਿਆਇਆ। ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਮਨਾਂ ਕਰਨ ਤੇ ਵੀ ਸ਼ਾਮ ਦੇ ਕਰੀਬ ਇੱਕ ਆਮ ਜਲਸਾ ਕਰਨ ਵਾਲੇ ਹਨ ਅਤੇ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਹਾਦਸਾ ਜ਼ਰੂਰ ਪੇਸ਼ ਆ ਕੇ ਰਹੇਗਾ।
ਖ਼ਾਲਿਦ ਦਾ ਪਿਓ ਇਹ ਗੱਲ ਸੁਣ ਕੇ ਬਹੁਤ ਡਰ ਗਿਆ। ਹੁਣ ਉਸਨੂੰ ਯਕੀਨ ਹੋ ਗਿਆ ਕਿ ਹਵਾ ਵਿੱਚ ਗੈਰ-ਮਾਮੂਲੀ ਸੁਕੂਨ, ਉਡਣ-ਖਟੋਲਿਆਂ ਦੀ ਉਡਾਰੀ, ਬਾਜ਼ਾਰਾਂ ਵਿੱਚ ਹਥਿਆਰਬੰਦ ਪੁਲਸ ਦੀ ਗਸ਼ਤ, ਲੋਕਾਂ ਦੇ ਚੇਹਰੇ ਤੇ ਉਦਾਸੀ ਦਾ ਆਲਮ, ਅਤੇ ਹਨੇਰੀਆਂ ਦੀ ਆਮਦ, ਕਿਸੀ ਖੌਫਨਾਕ ਹਾਦਸੇ ਦਾ ਸਿਰਲੇਖ ਬੰਨ੍ਹਦੀ ਸੀ।
ਓਹ ਹਾਦਸਾ ਕਿਸ ਮਿਜਾਜ਼ ਦਾ ਹੋਵੇਗਾ? ...ਇਹ ਖ਼ਾਲਿਦ ਦੇ ਪਿਓ ਦੀ ਤਰ੍ਹਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਪਰ ਫ਼ਿਰ ਵੀ ਸਾਰਾ ਸ਼ਹਿਰ ਕਿਸੀ ਲਾਪਤਾ ਖੌਫ਼ ਵਿਚ ਲਿਪਟਿਆ ਹੋਇਆ ਸੀ।
ਬਾਹਰ ਜਾਣ ਦੇ ਖਿਆਲ ਨੂੰ ਮੁਲਤਵੀ ਕਰਕੇ ਖ਼ਾਲਿਦ ਦਾ ਪਿਓ ਹਾਲੇ ਕਪੜੇ ਵੀ ਬਦਲ ਨਹੀਂ ਸਕਿਆ ਸੀ, ਕਿ ਉਡਣ-ਖਟੋਲਿਆਂ ਦਾ ਜ਼ੋਰ ਬੁਲੰਦ ਹੋ ਗਿਆ। ਉਹ ਸਹਿਮ ਗਿਆ....ਉਸਨੂੰ ਇੱਦਾਂ ਲੱਗਾ, ਜਿਵੇਂ ਸੈਂਕੜੇ ਇੰਸਾਨ ਇਕ-ਸੁਰ ਆਵਾਜ਼ ਵਿੱਚ ਦਰਦ ਦੀ ਸ਼ਿੱਦਤ ਤੋਂ ਕਰਾਹ ਰਹੇ ਹਨ।
ਖ਼ਾਲਿਦ ਉਡਣ-ਖਟੋਲਿਆਂ ਦਾ ਸ਼ੋਰ-ਗੁਲ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਤੋਂ ਬਾਹਰ ਦੌੜਿਆ ਆਇਆ। ਅਤੇ ਉਹਨਾਂ ਨੂੰ ਗੌਰ ਨਾਲ ਵੇਖਣ ਲੱਗਾ। ਤਾਂਕਿ ਉਹ ਜਿਸ ਵੇਲੇ ਗੋਲਾ ਸੁੱਟਣ ਲੱਗਣ, ਤਾਂ ਉਹ ਆਪਣੀ ਹਵਾਈ ਬੰਦੂਕ ਦੀ ਮਦਦ ਨਾਲ ਉਹਨਾਂ ਨੂੰ ਥੱਲੇ ਸੁੱਟ ਦੇਵੇ। ਉਸ ਵੇਲੇ ਛੇ ਸਾਲ ਦੇ ਬੱਚੇ ਦੇ ਚੇਹਰੇ ਤੇ ਅਜੇਹੇ ਲੋਹ-ਦਾਰ ਸਬਰ ਦੇ ਇਰਾਦੇ ਦੇ ਆਸਾਰ ਝਲਕ ਰਹੇ ਸਨ, ਜਿਹੜੇ ਇੱਕ ਨਕਲੀ ਬੰਦੂਕ ਦਾ ਖਿਡਾਉਣਾ ਹੱਥ ਵਿੱਚ ਫੜ੍ਹੇ ਹੋਏ ਕਿਸੇ ਜਰੀ ਸਿਪਾਹੀ ਨੂੰ ਸ਼ਰਮਿੰਦਾ ਕਰ ਰਹੇ ਸਨ। ਪ੍ਰਤੀਤ ਹੁੰਦਾ ਸੀ, ਕਿ ਅੱਜ ਉਸ ਚੀਜ਼ ਨੂੰ, ਜੋ ਉਸਨੂੰ ਅਰਸੇ ਤੋਂ ਡਰਾ ਰਹੀ ਸੀ, ਮਿਟਾਉਣ ਤੇ ਤੁਲਿਆ ਹੋਇਆ ਹੈ।
ਖ਼ਾਲਿਦ ਦੇ ਦੇਖਦੇ ਦੇਖਦੇ ਇੱਕ ਜਹਾਜ਼ ਤੋਂ ਕੁੱਝ ਚੀਜ਼ ਡਿੱਗੀ। ਜਿਹੜੀ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਵਰਗੀ ਜਾਪਦੀ ਸੀ। ਡਿੱਗਦੀਆਂ ਸਾਰ ਹੀ ਇਹ ਟੁਕੜੇ ਹਵਾ ਵਿੱਚ ਪਤੰਗਾਂ ਵਾਂਗ ਉੱਡਣ ਲੱਗੇ। ਇਹਨਾਂ ਵਿੱਚੋਂ ਕੁੱਝ ਖ਼ਾਲਿਦ ਦੇ ਮਕਾਨ ਦੀ ਨਿੱਕੀ ਛੱਤ ਤੇ ਵੀ ਡਿੱਗੇ। ਖ਼ਾਲਿਦ ਭੱਜਦਾ ਹੋਇਆ ਉੱਪਰ ਗਿਆ। ਅਤੇ ਕਾਗਜ਼ ਚੁੱਕ ਲਿਆਇਆ।
"ਅੱਬਾ ਜੀ, ਮਾਮਾ ਤਾਂ ਸਚਮੁਚ ਝੂਠ ਕਹਿ ਰਹੀ ਸੀ। ਜਹਾਜ਼ ਵਾਲਿਆਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਹਨ। "
ਖ਼ਾਲਿਦ ਦੇ ਪਿਓ ਨੇ ਉਹ ਕਾਗਜ਼ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਤਾਂ ਰੰਗ ਫਿੱਕਾ ਹੋ ਗਿਆ। ਹੋਣ ਵਾਲੇ ਹਾਦਸੇ ਦੀ ਤਸਵੀਰ ਹੁਣ ਉਸਨੂੰ ਸਾਹਮਣੇ ਨਜ਼ਰ ਆਉਣ ਲੱਗੀ। ਇਸ ਇਸ਼ਤਿਹਾਰ ਵਿੱਚ ਸਾਫ਼ ਲਿਖਿਆ ਸੀ। ਕਿ ਬਾਦਸ਼ਾਹ ਕਿਸੀ ਜਲਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਜੇ ਉਸ ਦੀ ਮਰਜ਼ੀ ਦੇ ਖਿਲਾਫ਼ ਕੋਈ ਜਲਸਾ ਕੀਤਾ ਗਿਆ। ਤਾਂ ਨਤੀਜੇ ਦੀ ਜਿੱਮੇਦਾਰ ਆਪ ਜਨਤਕ ਹੋਵੇਗੀ।
ਆਪਣੇ ਵਾਲਿਦ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਕਦਰ ਹੈਰਾਨ-ਓ-ਪਰੇਸ਼ਾਨ ਵੇਖ ਕੇ ਖ਼ਾਲਿਦ ਨੇ ਘਬਰਾਂਦੇ ਹੋਏ ਕਿਹਾ। "ਇਸ ਕਾਗਜ਼ ਤੇ ਇਹ ਤਾਂ ਨਹੀਂ ਲਿਖਿਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ?"
"ਖ਼ਾਲਿਦ , ਇਸ ਵੇਲੇ ਤੂੰ ਜਾ! ...ਜਾਕੇ ਆਪਣੀ ਬੰਦੂਕ ਨਾਲ ਖੇਡ!"
"ਪਰ ਇਸ ਤੇ ਲਿਖਿਆ ਕੀ ਹੈ?"
"ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ।" ਖ਼ਾਲਿਦ ਦੇ ਪਿਓ ਨੇ ਗੱਲ ਦੀ ਤਾਸੀਰ ਨੂੰ ਗੰਭੀਰ ਰੁੱਖ ਦੇਣ ਦੇ ਡਰ ਤੋਂ ਝੂਠ ਬੋਲਦੇ ਹੋਏ ਕਿਹਾ।
"ਤਮਾਸ਼ਾ ਹੋਵੇਗਾ!... ਫ਼ਿਰ ਤਾਂ ਅਸੀਂ ਵੀ ਚੱਲਾਂਗੇ ਨਾ!"
"ਕੀ ਕਿਹਾ?"
"ਕੀ ਇਸ ਤਮਾਸ਼ੇ ਵਿਚ ਤੁਸੀਂ ਮੈਨੂੰ ਨਾ ਲੈ ਜਾਵੋਗੇ?"
"ਲੈ ਜਾਵਾਂਗੇ!...ਹੁਣ ਜਾਓ ਜਾ ਕੇ ਖੇਡੋ।"
"ਕਿੱਥੇ ਖੇਡਾਂ? ... ਬਾਜ਼ਾਰ ਵਿਚ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੀ ਨਹੀਂ, ਮੇਰਾ ਜਮਾਤੀ ਤੁਫੈਲ ਵੀ ਅੱਜ-ਕਲ ਇੱਥੇ ਨਹੀਂ ਆਉਂਦਾ। ਹੁਣ ਮੈਂ ਖੇਡਾਂ ਤਾਂ ਕਿਸ ਨਾਲ ਖੇਡਾਂ? .. ਸ਼ਾਮ ਦੇ ਵੇਲੇ ਤਮਾਸ਼ਾ ਦੇਖਣ ਤਾਂ ਜ਼ਰੂਰ ਚੱਲਾਂਗੇ ਨਾ?"
ਕਿਸੀ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਖ਼ਾਲਿਦ ਕਮਰੇ ਵਿੱਚੋਂ ਬਾਹਰ ਚਲਾ ਗਿਆ। ਅਤੇ ਵੱਖਰੇ ਕਮਰਿਆਂ ਵਿੱਚੋਂ ਆਵਾਰਾ ਫਿਰਦਾ ਹੋਇਆ ਆਪਣੇ ਵਾਲਿਦ ਦੀ ਬੈਠਕ ਵਿੱਚ ਜਾ ਪਹੁੰਚਿਆ। ਜਿਸ ਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁਲਦੀਆਂ ਸਨ। ਖਿੜਕੀ ਦੇ ਨੇੜੇ ਬੈਠ ਕੇ ਓਹ ਬਾਜ਼ਾਰ ਵਾਲ ਝਾਂਕਣ ਲੱਗਾ।
ਕੀ ਵੇਖਦਾ ਹੈ ਕਿ ਬਾਜ਼ਾਰ ਵਿੱਚ ਦੁਕਾਨਾਂ ਤਾਂ ਬੰਦ ਹਨ। ਪਰ ਆਉਣਾ-ਜਾਣਾ ਜਾਰੀ ਹੈ...ਲੋਕ ਜਲਸੇ ਵਿੱਚ ਸ਼ਰੀਕ ਹੋਣ ਲਈ ਜਾ ਰਹੇ ਸੀ। ਉਹ ਡਾਹਡਾ ਹੈਰਾਨ ਸੀ। ਦੋ ਤਿੰਨ ਦਿਨਾਂ ਤੋਂ ਦੁਕਾਨਾਂ ਕਿਓਂ ਬੰਦ ਰਹਿੰਦੀਆਂ ਹਨ, ਇਸ ਮਸਲੇ ਦੇ ਹੱਲ ਲਈ ਉਸ ਨੇ ਆਪਣੇ ਨੰਨ੍ਹੇ ਦਿਮਾਗ ਤੇ ਬਹੁਤ ਜ਼ੋਰ ਪਾਇਆ ਪਰ ਕੋਈ ਨਤੀਜਾ ਬਰਾਮਦ ਨਹੀਂ ਕਰ ਸਕਿਆ।
ਬਹੁਤ ਗੌਰ-ਵਿਚਾਰ ਤੋਂ ਬਾਅਦ ਉਸ ਨੇ ਇਹ ਸੋਚਿਆ ਕਿ ਲੋਕਾਂ ਨੇ ਇਸ ਤਮਾਸ਼ੇ ਨੂੰ ਵੇਖਣ ਲਈ , ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸੀ, ਦੁਕਾਨਾਂ ਬੰਦ ਰੱਖੀਆਂ ਹਨ। ਹੁਣ ਉਸਨੂੰ ਖਿਆਲ ਆਇਆ। ਕਿ ਉਹ ਕੋਈ ਬੇਹੱਦ ਹੀ ਦਿਲਚਸਪ ਤਮਾਸ਼ਾ ਹੋਵੇਗਾ। ਜਿਸ ਲਈ ਤਮਾਮ ਬਾਜ਼ਾਰ ਬੰਦ ਹੈ। ਇਸ ਖ਼ਿਆਲ ਨੇ ਖ਼ਾਲਿਦ ਨੂੰ ਸੱਖਤ ਬੇਚੈਨ ਕਰ ਦਿੱਤਾ। ਤੇ ਉਹ ਉਸ ਵੇਲੇ ਦਾ ਅੱਤ ਬੇਕ਼ਰਾਰੀ ਨਾਲ ਇੰਤਜ਼ਾਰ ਕਰਨ ਲੱਗਾ। ਜਦ ਉਸ ਦਾ ਅੱਬਾ ਉਸ ਨੂੰ ਤਮਾਸ਼ਾ ਵਿਖਾਉਣ ਨੂੰ ਲੈ ਚੱਲੇ।
ਵੇਲਾ ਗੁਜ਼ਰਦਾ ਗਿਆ...ਓਹ ਖ਼ੂਨੀ ਘੜੀ ਨੇੜੇ ਆਉਂਦੀ ਗਈ।
ਤੀਜੇ-ਪਹਿਰ ਦਾ ਵੇਲਾ ਸੀ। ਖ਼ਾਲਿਦ, ਉਸ ਦਾ ਪਿਓ ਅਤੇ ਵਾਲਿਦਾ ਸੇਹਨ ਵਿੱਚ ਖਾਮੋਸ਼ ਬੈਠੇ ਏਕ ਦੂਜੇ ਵੱਲ ਖਾਮੋਸ਼ ਨਿਗਾਹਾਂ ਨਾਲ ਵੇਖ ਰਹੇ ਸਨ...ਹਵਾ ਸਿਸਕੀਆਂ ਭਰਦੀ ਹੋਈ ਚਲ ਰਹੀ ਸੀ।
ਤੜ ਤੜ ਤੜ ਤੜ............
ਇਹ ਆਵਾਜ਼ ਸੁਣਦੇ ਹੀ ਖ਼ਾਲਿਦ ਦੇ ਪਿਓ ਦੇ ਚਿਹਰੇ ਦਾ ਰੰਗ ਕਾਗ਼ਜ਼ ਵਾਂਗ ਸਫੇਦ ਹੋ ਗਿਆ। ਜ਼ਬਾਨ ਤੋਂ ਮੁਸ਼ਕਿਲ ਨਾਲ ਇੰਨਾਂ ਹੀ ਕਹਿ ਸਕਿਆ... "ਗੋਲੀ...."
ਖ਼ਾਲਿਦ ਦੀ ਮਾਂ ਫ਼ਰਤ-ਏ-ਖੌਫ਼ ਨਾਲ ਇੱਕ ਲਫਜ਼ ਵੀ ਮੂੰਹ ਤੋਂ ਨਾ ਕੱਡ ਸਕੀ। ਗੋਲੀ ਦਾ ਨਾਮ ਸੁਣਦੇ ਹੀ ਉਸਨੂੰ ਇੱਦਾਂ ਜਾਪਿਆ ਜਿਵੇਂ ਖ਼ੁਦ ਉਸਦੀ ਛਾਤੀ ਵਿੱਚ ਗੋਲੀ ਉਤਰ ਰਹੀ ਹੈ।
ਖ਼ਾਲਿਦ ਇਹ ਆਵਾਜ਼ ਨੂੰ ਸੁਣਦੇ ਹੀ ਆਪਣੇ ਵਾਲਿਦ ਦੀ ਉਂਗਲ ਫੜ੍ਹ ਕੇ ਕਹਿਣ ਲੱਗਾ।
"ਅੱਬਾ ਜੀ ਚਲੋ ਚਲੀਏ ! ਤਮਾਸ਼ਾ ਤਾਂ ਸ਼ੁਰੂ ਹੋ ਗਿਆ ਹੈ!"
"ਕੇਹੜਾ ਤਮਾਸ਼ਾ? ਖ਼ਾਲਿਦ ਦੇ ਪਿਓ ਨੇ ਆਪਣੇ ਖੌਫ਼ ਨੂੰ ਲੁਕਾਉਂਦਿਆਂ ਹੋਇਆ ਕਿਹਾ।
ਉਹੀ ਤਮਾਸ਼ਾ ਜਿਸ ਦੇ ਇਸ਼ਿਤਿਹਾਰ ਅੱਜ ਸਵੇਰੇ ਵੰਡ ਰਹੇ ਸਨ...ਖੇਲ ਸ਼ੁਰੂ ਹੋ ਗਿਆ। ਤਾਂ ਹੀ ਤਾਂ ਇੰਨੇ ਪਟਾਖਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।"
"ਹਾਲੇ ਬਹੁਤ ਸਮਾਂ ਬਾਕੀ ਹੈ, ਤੂੰ ਰੌਲਾ ਨਾ ਪਾ...ਖ਼ੁਦਾ ਦੇ ਲਈ ਹੁਣ ਜਾ, ਮਾਮਾ ਕੋਲ ਜਾ ਕੇ ਖੇਡ!" ਖ਼ਾਲਿਦ ਇਹ ਸੁਣਦੇ ਹੀ ਰਸੋਈ ਵੱਲ ਗਿਆ। ਪਰ ਉੱਥੇ ਮਾਮਾ ਨੂੰ ਨਾ ਪਾ ਕੇ ਆਪਣੇ ਵਾਲਿਦ ਦੀ ਬੈਠਕ ਵਿੱਚ ਚਲਾ ਗਿਆ। ਤੇ ਖਿੜਕੀ ਤੋਂ ਬਾਜ਼ਾਰ ਵੱਲ ਵੇਖਣ ਲੱਗਾ।
ਬਾਜ਼ਾਰ ਆਣ-ਜਾਣ ਬੰਦ ਹੋ ਜਾਣ ਕਰ ਕੇ ਸੈਂ-ਸੈਂ ਕਰ ਰਿਹਾ ਸੀ....ਦੂਰ ਫ਼ਾਸਲੇ ਤੋਂ ਕੁੱਤਿਆਂ ਦੀਆਂ ਦਰਦਨਾਕ ਚੀਖਾਂ ਸੁਣਾਈ ਦੇ ਰਹੀਆਂ ਸਨ। ਚੰਦ ਲਮਹਿਆਂ ਬਾਅਦ ਓਹਨਾਂ ਚੀਕਾਂ ਵਿੱਚ ਇੰਸਾਨ ਦੀ ਦਰਦਨਾਕ ਆਵਾਜ਼ ਵੀ ਸ਼ਾਮਿਲ ਹੋ ਗਈ।
ਖ਼ਾਲਿਦਕਿਸੀ ਨੂੰ ਕਰਾਹੁੰਦੇ ਹੋਏ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਇਸ ਆਵਾਜ਼ ਦੀ ਤਲਾਸ਼ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਕਿ ਚੌਂਕ ਵਿੱਚ ਉਸਨੂੰ ਇੱਕ ਲੜਕਾ ਦਿਖਾਈ ਦਿੱਤਾ। ਜੋ ਚੀਖਦਾ, ਚਿੱਲਾਂਦਾ, ਭੱਜਦਾ ਚੱਲਿਆ ਆ ਰਿਹਾ ਸੀ।
ਖ਼ਾਲਿਦ ਦੇ ਘਰ ਦੇ ਐਨ ਸਾਹਮਣੇ ਉਹ ਲੜਕਾ ਲੜਖੜਾ ਕੇ ਡਿੱਗਾ। ਅਤੇ ਡਿੱਗਦੇ ਹੀ ਬੇਹੋਸ਼ ਹੋ ਗਿਆ...ਉਸ ਦੀ ਪਿੰਡਲੀ ਤੇ ਇੱਕ ਜ਼ਖਮ ਸੀ। ਜਿਸ ਤੋਂ ਫੁਹਾਰਿਆਂ ਵਿੱਚ ਖੂਨ ਨਿਕਲ ਰਿਹਾ ਸੀ।
ਇਹ ਸਮਾਂ ਦੇਖ ਕੇ ਖ਼ਾਲਿਦ ਬਹੁਤ ਡਰ ਗਿਆ। ਭੱਜ ਕੇ ਆਪਣੇ ਵਾਲਿਦ ਕੋਲ ਗਿਆ। ਤੇ ਕਹਿਣ ਲੱਗਾ।"ਅੱਬਾ, ਅੱਬਾ, ਬਾਜ਼ਾਰ ਵਿੱਚ ਇੱਕ ਲੜਕਾ ਡਿੱਗ ਪਿਆ ਹੈ....ਉਸ ਦੀ ਲੱਤ ਤੋਂ ਬਹੁਤ ਖੂਨ ਨਿਕਲ ਰਿਹਾ ਹੈ।"
ਇਹ ਸੁਣਦੇ ਹੀ ਖ਼ਾਲਿਦ ਦਾ ਪਿਓ ਖਿੜਕੀ ਵੱਲ ਗਿਆ। ਅਤੇ ਵੇਖਿਆ ਕਿ ਅਸਲੀਅਤ ਵਿੱਚ ਹੀ ਇੱਕ ਨੌਜਵਾਨ ਲੜਕਾ ਬਾਜ਼ਾਰ ਵਿੱਚ ਔੰਧੇ ਮੂੰਹ ਪਿਆ ਹੈ।
ਬਾਦਸ਼ਾਹ ਦੇ ਖੌਫ਼ ਤੋਂ ਉਸਦੀ ਜੁਰਤ ਨਾ ਹੋਈ। ਕਿ ਉਸ ਲੜਕੇ ਨੂੰ ਸੜਕ ਤੋਂ ਚੱਕ ਕੇ ਸਾਹਮਣੇ ਵਾਲੀ ਦੁਕਾਨ ਦੇ ਪਟਰੇ ਤੇ ਲਿਟਾ ਦੇਵੇ...
ਬੇਸਾਜ਼-ਓ-ਬਰਗ ਅਫਰਾਦ ਨੂੰ ਚੱਕਣ ਲਈ ਹੁਕੂਮਤ ਦੇ ਅਰਬਾਬ-ਏ-ਹਲ-ਓ-ਅਕਦ ਨੇ ਲੋਹੇ ਦੀਆਂ ਗੱਡੀਆਂ ਮੁਹਈਆ ਕਰ ਰੱਖੀਆਂ ਹਨ। ਪਰ ਇਸ ਮਾਸੂੰਮ ਬੱਚੇ ਦੀ ਬੇਜਾਨ ਦੇਹ ਜੋ ਉਨ੍ਹਾਂ ਦੇ ਲੋਹੇ-ਦੇ-ਜ਼ੁਲਮ ਦਾ ਸ਼ਿਕਾਰ ਸੀ। ਓਹ ਨੰਨ੍ਹਾ ਪੌਦਾ ਜੋ ਉਨ੍ਹਾਂ ਦੇ ਹੱਥੋਂ ਹੀ ਮਸਲਿਆ ਗਿਆ ਸੀ। ਉਹ ਕੋਂਪਲ ਜੋ ਖਿੜਣ ਤੋਂ ਪਹਿਲਾਂ ਹੀ ਓਹਨਾਂ ਦੀ ਹੀ ਅਤਾ ਕਰਦਾ ਬਾਦ-ਏ-ਸੁਮੂਮ ਤੋਂ ਝੁਲਸ ਗਈ ਸੀ। ਕਿਸੀ ਦੇ ਦਿਲ ਦੀ ਰਾਹਤ ਜੋ ਉਨ੍ਹਾਂ ਦੇ ਜੋਰ-ਓ-ਇਸਤਬਿਦਾਦ ਨੇ ਖੋਹ ਲਈ ਸੀ। ਹੁਣ ਓਹਨਾਂ ਦੀ ਹੀ ਤਿਆਰ ਕੀਤੀ ਸੜਕ ਤੇ....ਆਹ! ਮੌਤ ਭਿਆਨਕ ਹੈ, ਪਰ ਜ਼ੁਲਮ ਇਸ ਤੋਂ ਕਿਤੇ ਜ਼ਿਆਦਾ ਖੌਫਨਾਕ ਤੇ ਭਿਆਨਕ ਹੈ।
"ਅੱਬਾ ਇਸ ਲੜਕੇ ਨੂੰ ਕਿਸੀ ਨੇ ਕੁੱਟਿਆ ਹੈ?"
ਖ਼ਾਲਿਦ ਦਾ ਪਿਓ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ।
ਜਦ ਖ਼ਾਲਿਦ ਕਮਰੇ ਵਿੱਚ ਇਕੱਲਾ ਰਹਿ ਗਿਆ। ਤਾਂ ਸੋਚਣ ਲੱਗਾ। ਕਿ ਇਸ ਲੜਕੇ ਨੂੰ ਇੰਨੇ ਵੱਡੇ ਜ਼ਖਮ ਤੋਂ ਕਿੰਨੀ ਤਕਲੀਫ਼ ਹੋਈ ਹੋਵੇਗੀ। ਜਦਕਿ ਇੱਕ ਵਾਰ ਉਸਨੂੰ ਕਲਮ-ਤਰਾਸ਼ ਦੀ ਨੋਕ ਚੁਭਣ ਕਰ ਕੇ ਪੂਰੀ ਰਾਤ ਨੀਂਦ ਨਹੀਂ ਸੀ ਆਈ, ਅਤੇ ਉਸਦਾ ਪਿਓ ਤੇ ਮਾਂ , ਪੂਰੀ ਰਾਤ ਉਸਦੇ ਸਿਰਹਾਣੇ ਬੈਠੇ ਰਹੇ ਸਨ.
ਇਸ ਖਿਆਲ ਦੇ ਆਂਦੇ ਹੀ ਉਸਨੂੰ ਇਹ ਜਾਪਣ ਲੱਗਾ। ਕਿ ਉਹ ਜ਼ਖਮ ਆਪ ਉਸ ਦੀ ਪਿੰਡਲੀ ਵਿੱਚ ਹੈ। ਅਤੇ ਉਸ ਵਿੱਚ ਅੰਤਾਂ ਦੀ ਪੀੜ੍ਹ ਹੈ। ....ਇਓੰਸਾਰ ਉਹ ਰੋਣ ਲੱਗ ਗਿਆ।
ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਵਾਲਿਦਾ ਦੌੜੀ ਆਈ। ਅਤੇ ਉਸਨੂੰ ਗੋਦ ਵਿੱਚ ਲੈ ਕੇ ਪੁੱਛਣ ਲੱਗੀ।
"ਮੇਰੇ ਬੱਚੇ ਰੋ ਕਿਓਂ ਰਿਹਾ ਹੈਂ?"
"ਅੰਮੀ, ਉਸ ਲੜਕੇ ਨੂੰ ਕਿਸੀ ਨੇ ਮਾਰਿਆ ਹੈ?"
"ਸ਼ਰਾਰਤ ਕੀਤੀ ਹੋਵੇਗੀ ਇਸ ਨੇ?"
ਖ਼ਾਲਿਦ ਦੀ ਵਾਲਿਦਾ ਆਪਣੇ ਘਰਵਾਲੇ ਦੀ ਜ਼ਬਾਨੀ ਜ਼ਖਮੀ ਲੜਕੇ ਦੀ ਦਾਸਤਾਨ ਸੁਣ ਚੁਕੀ ਸੀ।
"ਮਗਰ ਸਕੂਲ ਵਿੱਚ ਤਾਂ ਸ਼ਰਾਤ ਕਰਨ ਤੇ ਛੜੀ ਨਾਲ ਸਜ਼ਾ ਦੇਂਦੇ ਹਨ। ਲਹੂ ਤਾਂ ਨਹੀਂ ਕਢਦੇ।" ਖ਼ਾਲਿਦ ਨੇ ਰੋਂਦੇ ਹੋਏ ਆਪਣੀ ਵਾਲਿਦਾ ਨੂੰ ਕਿਹਾ।
"ਛੜੀ ਜੋਰ ਨਾਲ ਲੱਗ ਗਈ ਹੋਵੇਗੀ!"
"ਤਾਂ ਫਿਰ ਕੀ ਏਸ ਲੜਕੇ ਦਾ ਵਾਲਿਦ ਸਕੂਲ ਵਿੱਚ ਜਾ ਕੇ ਉਸ ਉਸਤਾਦ ਤੇ ਨਾਰਾਜ਼ ਨਹੀਂ ਹੋਵੇਗਾ। ਜਿਸ ਨੇ ਇਸ ਲੜਕੇ ਨੂੰ ਇਸ ਕਦਰ ਮਾਰਿਆ ਹੈ। ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਸੁਰਖ਼ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੇਡਮਾਸਟਰ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ?"
"ਇਸ ਲੜਕੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ।"
"ਅੱਲਾਹ ਮੀਆਂ ਤੋਂ ਵੀ ਵੱਡਾ?"
"ਨਹੀਂ ਓਹਨਾਂ ਤੋਂ ਛੋਟਾ ਹੈ।"
"ਤਾਂ ਫਿਰ ਓਹ ਅੱਲਾਹ ਮੀਆਂ ਕੋਲ ਸ਼ਿਕਾਇਤ ਕਰੇਗਾ।"
"ਖ਼ਾਲਿਦ ਹੁਣ ਦੇਰ ਹੋ ਗਈ ਹੈ, ਚੱਲੋ ਸੌਇਏ ।"
"ਅੱਲਾਹ ਮੀਆਂ! ਮੈਂ ਦੁਆ ਕਰਦਾ ਹਾਂ। ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਇਸ ਲੜਕੇ ਨੂੰ ਕੁੱਟਿਆ ਹੈ। ਚੰਗੀ ਤਰ੍ਹਾਂ ਸਜ਼ਾ ਦੇ। ਅਤੇ ਇਸ ਛੜੀ ਨੂੰ ਖੋਹ ਲੈ ਜਿਸ ਦੀ ਵਰਤੋਂ ਨਾਲ ਖੂਨ ਨਿਕਲ ਆਉਂਦਾ ਹੈ....ਮੈਂ ਪਹਾੜੇ ਯਾਦ ਨਹੀ ਕੀਤੇ। ਇਸ ਲਈ ਮੈਨੂੰ ਡਰ ਹੈ। ਕਿ ਕਿਤੇ ਓਹੀ ਛੜੀ ਮੇਰੇ ਉਸਤਾਦ ਦੇ ਹੱਥ ਨਾ ਆ ਜਾਵੇ।.....ਜੇ ਤੂੰਮੇਰੀਆਂ ਗੱਲਾਂ ਨਾ ਮੰਨੀਆਂ, ਤਾਂ ਫਿਰ ਮੈਂ ਵੀ ਤੇਰੇ ਨਾਲ ਨਹੀਂ ਬੋਲਣਾ।"
ਸੌਂਦੇ ਵੇਲੇ ਖ਼ਾਲਿਦ ਦਿੱਲ ਵਿੱਚ ਦੁਆ ਮੰਗ ਰਿਹਾ ਸੀ।

16
http://graciousbooks.in/viewdetails.aspx?bookcod=31692
Link to where Samurai- A Dystopian Punjabi Sci Fi Novel, can be bought...Ethe Kareed sakde ne is kitty nu...

17
Lok Virsa Pehchaan / Review Of Samurai- Punjabi Novel
« on: March 28, 2018, 05:23:26 PM »

18
Lok Virsa Pehchaan / Re: Punjabi Novel Samurai Interview
« on: February 14, 2018, 02:10:37 PM »
je disda nahi ay, youtube te ja kay type karo, " Kagad Kalam Te Likhari Ep 06", phir us taran vekj sakde ho

19
Lok Virsa Pehchaan / Punjabi Novel Samurai Interview
« on: February 12, 2018, 02:25:03 PM »
<a href="https://www.youtube.com/watch?v=8OoBPjTxDzk&amp;t=4s" target="_blank" class="new_win">https://www.youtube.com/watch?v=8OoBPjTxDzk&amp;t=4s</a>
Kagad Kalam Te Likhari, Samurai Interview

20
interesting view

Pages: [1] 2 3 4 5 6 ... 13