ਖੁੱਲ੍ਹੇ ਡੁੱਲ੍ਹੇ ਘਰ ਹੁੰਦੇ ਸਨ, ਬਿਨ ਖਿੜਕੋਂ ਹੀ ਦਰ ਹੁੰਦੇ ਸਨ।
ਧੁੱਦਲ ਹੁੰਦੀ ਸੀ ਰਾਹਾਂ ਵਿਚ, ਆਸੇ ਪਾਸੇ ਸਰ ਹੁੰਦੇ ਸਨ।
ਪਾਲੋ ਪਾਲ ਸਬਾਤ 'ਚ ਮੰਜੇ, ਡਾਹ ਲੈਂਦਾ ਸੀ ਸਾਰਾ ਟੱਬਰ,
ਭਰੇ ਭੜੋਲੇ ਸਨ ਮੋਹ ਤੇਹ ਦੇ, ਦਿਲ ਤੋਂ ਦਿਲ ਤੱਕ ਦਰ ਹੁੰਦੇ ਸਨ।
ਪਿੰਡ 'ਚ ਜੰਮੀ ਹਰ ਕੰਨਿਆ ਹੀ, ਸਾਰੇ ਪਿੰਡ ਦੀ ਧੀ ਹੁੰਦੀ ਸੀ,
ਮਾਣ ਕਬੀਲੇ ਦਾ ਹੁੰਦਾ ਸੀ, ਦੋਸਤ ਮਿੱਤਰ ਪਰ ਹੁੰਦੇ ਸਨ।
ਖੁੱਦੋ ਖੂੰਡੀ, ਖਾਨਾਘੋੜੀ, ਖੇਡ ਖੇਡ ਕੇ ਥਕਦੇ ਨਾ ਸੀ,
ਸਭਨਾਂ ਦੇ ਖੱਦਰ ਦੇ ਝੱਗੇ, ਨਾਲ ਪਸੀਨੇ ਤਰ ਹੁੰਦੇ ਸਨ।
ਚੁੰਘਦੇ ਸਨ ਮੱਝਾਂ ਦੇ ਡੋਕੇ, ਜਿਦ ਜਿਦ ਘਿਉ ਖਾਂਦੇ ਸਨ ਚੋਬਰ,
ਥੱਬਾ ਥੱਬਾ ਪੱਟਾਂ ਵਾਲੇ, ਮੱਲ ਤੇ ਬਾਜ਼ੀਗਰ ਹੁੰਦੇ ਸਨ।
ਕੱਕੀ ਰੇਤਾ ਉਤੇ ਲਿਖ ਲਿਖ, ਪੈਂਤੀ ਪੱਕੀ ਕਰ ਲੈਂਦੇ ਸਾਂ,
ਇੱਜ਼ਤ ਹੁੰਦੀ ਸੀ ਵੱਡਿਆਂ ਦੀ, ਉਸਤਾਦਾਂ ਦੇ ਡਰ ਹੁੰਦੇ ਸਨ।
ਪੰਜ ਸੱਤ ਕੋਹ ਤੱਕ ਪੈਦਲ ਤੁਰ ਕੇ, ਜਦ ਜਾਂਦੇ ਸਾਂ ਪੜ੍ਹਨ ਸਕੂਲੇ,
ਪੋਣੇ ਵਿਚ ਚੂਰੀ ਦੇ ਪਿੰਨੇ, ਦੇਸੀ ਘਿਓ ਵਿਚ ਤਰ ਹੁੰਦੇ ਸਨ।
ਕੇਵਲ ਇਕ ਰੁਪੱਈਆ ਲੈ ਕੇ, ਹੋ ਜਾਂਦਾ ਸੀ ਰਿਸ਼ਤਾ ਪੱਕਾ,
ਬਿਨ ਵੇਖੇ ਪਰਣਾਅ ਲੈਂਦੇ ਸਨ, ਕਿੰਨੇ ਸਾਊ ਵਰ ਹੁੰਦੇ ਸਨ।
ਹਰਮਿੰਦਰ ਸਿੰਘ