ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ ਚੋਂ ਲੰਘਿਆ ਜਾਵੇ,
ਕੋਠੇ ਉੱਤੇ ਇੱਕ ਹਸੀਨਾ ਜੁਲਫਾਂ ਪਈ ਸੁਕਾਵੇ,
ਵੇਖ ਵੇਖ ਕੇ ਸੂਰਤ ਉਸਦੀ ਬਾਬਾ ਗਿੜਦਾ ਪਾਵੇ,
ਕੁਦਰਤ ਨੇ ਕਿਆ ਚੀਜ ਬਣਾਈ ਕਾਦਰ ਦੇ ਗੁਣ ਗਾਵੇ,
ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਗੱਲ ਆਈ,
ਕਹਿੰਦੀ ਖੜਜਾ ਕੁੱਤਿਆ ਸਾਧਾ ਆਪਣਾ ਖਸਮ ਬੁਲਾ ਕੇ ਲਿਆਈ,
ਖਸਮ ਨੇ ਆਉਦਿਆਂ ਸਾਰ ਫੱਕਰ ਦੇ ਕੱਢ ਮਾਰੀਆਂ ਲੱਤਾਂ,
ਕਹਿੰਦਾ ਤੂੰ ਮੇਰੀ ਤੀਵੀਂ ਨੂੰ ਛੇੜੇ ਭੰਨ ਦੂ ਤੇਰੀਆਂ ਅੱਖਾਂ,
ਲੱਤਾ ਲੁੱਤਾਂ ਖਾ ਕੇ, ਬਾਬਾ ਉੱਠਿਆ ਮੋਜ ਚ ਆ ਕੇ,
ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ,
ਕਹਿੰਦਾ ਸੁਣ ਉਏ ਖਸਮਾਂ ਸਿਰ ਮੇਰੇ ਦਿਆ ਸਾਈਆਂ,
ਤਦ ਬੋਹੜੇ ਗਾ ਜਦ ਦੁਨੀਆ ਨੇ ਫੱਟੀਆਂ ਪੋਚ ਵਿਖਾਈਆਂ,
ਤੇਰੀ ਖਾਤਿਰ ਨਾਂ ਤੇਰੇ ਤੇ ਮਾਰ ਸੋਹਣਿਆ ਖਾਧੀ,
ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇ ਗਾ ਭਾਜੀ,
ਬਸ ਏਨੀ ਗੱਲ ਦੀ ਦੇਰ ਸੀ ਮੋਲਾ ਏਸੀ ਖੇਡ ਰਚਾਈ,
ਉਸ ਤੀਵੀਂ ਦਾ ਖਸਮ ਪਲਾਂ ਵਿੱਚ ਲੱਗਾ ਦੇਣ ਦੁਹਾਈ,
ਕਹਿੰਦਾ ਹਏ ਮੇਰੀਆ ਅੱਖਾਂ ਮੈਨੂੰ ਕੁਝ ਵੀ ਨਜਰ ਨਾ ਆਵੇ,
ਵੇਖ ਵੇਖ ਕੇ ਤੀਵੀ ਉਸਦੀ ਰੋਵੇ ਤੇ ਕੁਰਲਾਵੇ,
ਪੈਰ ਫੜੇ ਉਹਨੇ ਜਦ ਬਾਬੇ ਦੇ ਉਹਨੇ ਰੋਕ ਕੇ ਭੁੱਲ ਬਖਸ਼ਾਈ,
ਹੱਥ ਜੋੜ ਕੇ ਤੋਬਾ ਕੀਤੀ ਹੋਸ਼ ਟਿਕਾਣੇ ਆਈ,
ਬਾਬਾ ਕਹਿੰਦਾ ਸੁਣ ਮੁਟਿਆਰੇ ਜੋ ਕਰੀਏ ਸੋ ਭਰੀਏ,
ਨੀ ਫੱਕਰਾਂ ਦੇ ਗਲ ਪੈਣ ਤੋਂ ਪਹਿਲਾਂ ਮੋਲਾ ਕੋਲੋਂ ਡਰੀਏ,
ਤੇਰਾ ਖਸਮ ਜੇ ਬੰਦਾ ਕੁੜੀਏ ਸਾਡਾ ਕਸਮ ਹੈ ਅੱਲਾ,
ਹਰ ਕੋਈ ਖਸਮਾਂ ਵਾਲੀ ਜਿਸਦੇ ਮੂਹਰੇ ਅੱਡਦੀ ਪੱਲਾ,
ਤੇਰੇ ਖਸਮ ਤੋਂ ਜੋ ਸਰਿਆ ਸੀ ਉਸਨੇ ਕੀਤਾ ਭਰਿਆ,
ਨੀ ਮੇਰੇ ਖਸਮ ਨੇ ਤੇਰੇ ਖਸਮ ਦਾ ਹਿਸਾਬ ਬਰਾਬਰ ਕਰਿਆ,
ਤੇਰੇ ਖਸਮ ਤੋਂ ਲੱਤਾਂ ਸਰੀਆਂ ਮੇਰੇ ਤੋਂ ਅੱਖਾਂ,
ਨੀ ਮੈਂ ਤੇਰੇ ਵੱਲ ਤੱਕਾਂ ਕੇ ਯਾਰ ਵੱਲ ਤੱਕਾਂ,
ਅੱਖ ਤੇਰੇ ਉੱਤੇ ਰੱਖਾਂ ਕੇ ਯਾਰ ਉੱਤੇ ਰੱਖਾਂ,
ਸੋਹਣਿਆ ਨੂੰ ਵੇਖ ਕੇ ਤਾਂ ਹਰ ਕੋਈ ਖਲੋ ਵੇ ਗਾ,
ਸੋਹਣੇ ਜੋ ਬਣੋਦਾ ਆਪ ਕਿੰਨਾ ਸੋਹਣਾ ਹੋਵੇਗਾ,
ਸੋਹਣੇ ਰੰਗ ਦੀ ਸੋਹਣੀ ਕੁੜੀਏ ਕਰੀਏ ਨਾ ਮਗਰੂਰੀ,
ਕਦ ਕੋਈ ਕੈਦੋ ਲੰਗਾ ਤੇਰੀ ਰੇਤ ਮਿਲਾ ਜੇ ਚੂਰੀ,
ਸੱਪ ਸਾਧ ਤੋਂ ਬਚ ਕੇ ਰਹੀਏ ਅੱਗਾ ਨਾ ਕਦੇ ਵਲੀਏ,
ਹੱਥ ਜੋੜ ਕੇ ਰਾਹ ਛੱਡ ਦੇਈਏ ਲੰਘ ਜਾਣ ਤੇ ਚੱਲੀਏ,
ਨੀ ਇੱਕ ਦਿਨ ਖੁਰ ਜਾਵੇਗੀ ਖੰਡ ਮਿਸ਼ਰੀ ਦੀਏ ਡਲੀਏ,