This section allows you to view all posts made by this member. Note that you can only see posts made in areas you currently have access to.
Topics - ਦਿਲਰਾਜ -ਕੌਰ
Pages: 1 [2] 3 4 5 6 7 ... 12
21
« on: July 21, 2012, 11:12:24 AM »
ਨੇਤਾ ਪੰਜ ਕਕਾਰ ਧਾਰਨ ਕਰਨ ਦੇ ਲਈ,
ਅੱਡੀ ਚੋਟੀ ਦਾ ਜ਼ੋਰ ਲਗਾਵੰਦੇ ਨੇ।
ਕ, ਕੁਰਸੀ ਪ੍ਰਾਪਤੀ ਲੋੜ ਪਹਿਲੀ,
ਢੰਗ ਜਾਇਜ਼, ਨਾਜਾਇਜ਼ ਅਪਣਾਵੰਦੇ ਨੇ।
ਕ, ਕੋਠੀ ਸਰਕਾਰੀ ਫਿਰ ਮਿਲ ਜਾਂਦੀ,
ਬਾਡੀਗਾਰਡ, ਕਰਮਚਾਰੀ ਵੀ ਪਾਵੰਦੇ ਨੇ।
ਕ, ਕਾਰ ਡਰਾਈਵਰ ਸਮੇਤ ਮਿਲਦੀ,
ਤੇਲ ਮੁਫ਼ਤ ਦਾ ਸਦਾ ਪੁਆਵੰਦੇ ਨੇ।
ਕ, ਕਾਲਾ ਧਨ ਹੁੰਦਾ ਏ ਖ਼ੂਬ 'ਕੱਠਾ,
ਬਾਹਰੀ ਬੈਂਕਾਂ ਵਿਚ ਜਮ੍ਹਾ ਕਰਾਵੰਦੇ ਨੇ।
ਕ, ਕਲਮ ਨੂੰ ਵੀ ਬਲ ਮਿਲ ਜਾਂਦਾ,
ਫਿਰ ਤਾਂ ਹੁਕਮ ਦਰ ਹੁਕਮ ਚਲਾਵੰਦੇ ਨੇ। :pagel:
-ਮਹਿੰਦਰ ਸਿੰਘ ਸਿੱਧੂ
22
« on: July 21, 2012, 11:03:06 AM »
ਜਿਸ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਤੇ ਕਾਬੂ ਪਾ ਲਿਆ ਹੈ, ਉਹ ਉਸ ਨੂੰ ਮਾਰ ਕੇ ਮੁਕਤ ਹੋ ਗਿਆ। ਉਸ ਨੂੰ ਹੀ ਜ਼ਿੰਦਗੀ ਵਿਚ ਜੀਵਨ ਮੁਕਤ ਕਹਿੰਦੇ ਹਨ। ਪ੍ਰਮਾਤਮਾ ਨੂੰ ਮਿਲਣ ਦਾ ਸੌਖਾ ਰਸਤਾ ਹੈ ਉਸ ਦਾ ਚਿੰਤਨ ਕਰਨਾ, ਸਿਮਰਨ ਕਰਨਾ। ਹਰ ਮਨੁੱਖ ਇਹ ਹੀ ਸੋਚਦਾ ਹੈ ਕਿ ਵਾਹਿਗੁਰੂ ਪ੍ਰਮਾਤਮਾ ਕਿਥੇ ਹੈ, ਦਿਖਾਈ ਕਿਉਂ ਨਹੀਂ ਦਿੰਦਾ। ਜਿਵੇਂ ਦੁੱਧ ਵਿਚ ਘਿਓ ਹੈ ਪਰ ਦਿਸਦਾ ਨਹੀਂ, ਇਸੇ ਤਰ੍ਹਾਂ ਪ੍ਰਮਾਤਮਾ ਜਰਰੇ-ਜਰਰੇ ਵਿਚ ਹੈ, ਜੋ ਸਾਨੂੰ ਦਿਖਾਈ ਨਹੀਂ ਦਿੰਦਾ, ਮੰਨਣਾ ਪਵੇਗਾ, ਭਰੋਸਾ ਕਰਨਾ ਪਵੇਗਾ। ਜੋ ਮਨੁੱਖ ਧਰਮ ਦੀ ਦੁਨੀਆ ਤੋਂ ਅੱਗੇ ਚਲੇ ਜਾਂਦੇ ਹਨ, ਉਨ੍ਹਾਂ ਦਾ ਸਤਿਕਾਰ ਓਨਾ ਹੀ ਜ਼ਿਆਦਾ ਵਧ ਜਾਂਦਾ ਹੈ। ਜਿਵੇਂ ਆਮ ਮਨੁੱਖ ਨਾਲ ਇਕ ਡਾਕਟਰ, ਇੰਜੀਨੀਅਰ, ਵਕੀਲ, ਵਿਗਿਆਨਕ ਦਾ ਸਤਿਕਾਰ ਜ਼ਿਆਦਾ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਸਮਝਾਉਂਦੇ ਹਨ, ਜੇ ਉਸ ਸੱਚੇ ਪ੍ਰਭੂ (ਪ੍ਰਮਾਤਮਾ) ਨਾਲ ਜੁੜੇਗਾ, ਤੇਰੇ ਅੰਦਰ ਦਾ ਹਨੇਰਾ ਖ਼ਤਮ ਹੋ ਜਾਵੇਗਾ ਤਾਂ ਤੈਨੂੰ ਜਗਤ (ਸੰਸਾਰ) 'ਤੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਉਹ ਹੀ ਜੀਵ ਪਰਉਪਕਾਰੀ ਬਣਦਾ ਹੈ, ਜਿਹੜਾ ਅਕਾਲ ਪੁਰਖ ਦੀ ਰਜ਼ਾ ਹੁਕਮ ਅਤੇ ਭਾਣੇ ਵਿਚ ਰਹਿੰਦਾ ਹੈ। ਇਸ ਵਾਸਤੇ ਸਤਿਗੁਰੂ ਸਮਝਾਉਂਦੇ ਹਨ-
ਪ੍ਰਭੂ ਕੀ ਆਗਿਆ ਆਤਮ ਹਿਤਾਵੈ।
ਜੀਵਨ ਮੁਕਤ ਸੋਊ ਕਹਾਵੈ।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 274)
-ਰਾਜਬੀਰ ਕੌਰ
23
« on: July 11, 2012, 12:18:17 PM »
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰਕ ਜਾਮਾ ਤਿਆਗਣ ਸਮੇਂ ਸਪੱਸ਼ਟ ਹਦਾਇਤ ਕਰ ਦਿੱਤੀ ਸੀ ਕਿ 'ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ' ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦੀਵ ਕਾਲ ਲਈ ਸਿੱਖ ਜਗਤ ਦੇ ਗੁਰੂ ਥਾਪ ਦਿੱਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਨਿਰੰਕਾਰ ਦੇ ਬੋਲ ਹਨ ਤੇ ਸ਼ਬਦ ਦੀ ਬਰਾਬਰੀ ਕੋਈ ਸਰੀਰ ਨਹੀਂ ਕਰ ਸਕਦਾ।
ਗੁਰੂ ਜੀ ਦੇ ਸਿੱਖ ਅਖਵਾਉਣ ਲਈ ਜੇ ਤੁਹਾਨੂੰ ਗੁਰੂ ਹੁਕਮਾਂ ਦੀ ਸਮਝ ਨਹੀਂ ਆਈ ਤਾਂ ਕਿਸੇ ਵਿਦਵਾਨ ਦੇ ਲਿਖੇ ਹੋਏ ਬੋਲ ਹੀ ਯਾਦ ਕਰ ਲਓ-'ਕਿਸੇ ਮੁਰਦਾ ਲਾਸ਼ ਨੂੰ ਗਲਣ ਤੋਂ ਬਚਾਉਣਾ ਹੋਵੇ ਤਾਂ ਉਸ ਨੂੰ ਸ਼ਰਾਬ ਵਿਚ ਪਾ ਦਿਓ। ਜੇਕਰ ਕਿਸੇ ਜੀਵਤ ਸਰੀਰ ਨੂੰ ਮੁਰਦਾ ਬਣਾਉਣਾ ਹੋਵੇ ਤਾਂ ਫਿਰ ਸ਼ਰਾਬ ਵਿਚ ਪਾ ਦਿਓ।' ਪਹਿਲਾਂ ਸ਼ਰਾਬੀ ਸ਼ਰਾਬ ਨੂੰ ਲੈਂਦਾ ਹੈ ਤੇ ਫਿਰ ਸ਼ਰਾਬ ਸ਼ਰਾਬੀ ਨੂੰ ਖਤਮ ਕਰ ਦਿੰਦੀ ਹੈ।
ਅਸੀਂ ਆਪਣੇ ਅੰਦਰ ਝਾਤ ਮਾਰੀਏ। ਜਿਹੜੇ ਸਤਿਗੁਰੂ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਬਖਸ਼ਿਸ਼ ਕੀਤੀ, ਸਾਨੂੰ ਸਰਦਾਰੀਆਂ ਬਖਸ਼ੀਆਂ, ਅਸੀਂ ਉਸ ਦੇ ਹੁਕਮ ਦੀ ਪ੍ਰਵਾਹ ਨਹੀਂ ਕਰਦੇ, ਬਲਕਿ ਲੋਕ ਲਾਜ ਦੀ ਪ੍ਰਵਾਹ ਕਰਦੇ ਹਾਂ। ਜਿਹੜੇ ਸਤਿਗੁਰੂ ਨੇ ਸਾਨੂੰ ਸਰਦਾਰੀਆਂ ਦਿੱਤੀਆਂ, ਪਿਤਾ ਕੁਰਬਾਨ ਕਰ ਦਿੱਤਾ, ਸਾਨੂੰ ਸੁਖ ਦੇਣ ਲਈ ਆਪ ਕੰਡਿਆਂ 'ਤੇ ਵਿਚਰਦੇ ਰਹੇ, ਸਾਨੂੰ ਮਖਮਲੀ ਸੇਜਾਂ ਬਖਸ਼ਣ ਲਈ ਆਪ ਮਿੱਟੀ ਦੀ ਢੇਰੀ ਦਾ ਸਿਰਹਾਣਾ ਬਣਾ ਕੇ ਮਾਛੀਵਾੜੇ ਦੇ ਜੰਗਲ ਵਿਚ ਜਾ ਬਿਰਾਜੇ। ਸਾਨੂੰ ਏਅਰ ਕੰਡੀਸ਼ਨ ਠੰਢੀਆਂ ਹਵਾਵਾਂ ਦੇਣ ਲਈ ਆਪ ਉੱਬਲਦੀ ਦੇਗ ਵਿਚ ਉਬਾਲੇ ਖਾਂਦੇ ਰਹੇ। ਅੱਜ ਸਾਨੂੰ ਉਸ ਸਤਿਗੁਰੂ ਦੀ ਸਿੱਖੀ ਸਾਂਭਣੀ ਭਾਰੀ ਲਗਦੀ ਹੈ। ਆਓ! ਅੱਜ ਇਹ ਪ੍ਰਣ ਕਰੀਏ ਕਿ ਅਸੀਂ ਕੇਵਲ ਦਿਖਾਵੇ ਮਾਤਰ ਨਹੀਂ, ਸਗੋਂ ਅੰਦਰੋਂ ਸਤਿਗੁਰੂ ਦਾ ਸਤਿਕਾਰ ਕਰੀਏ।
ਸਤਿਗੁਰੂ ਜੀ ਸਮਝਾਉਂਦੇ ਹਨ, ਤੂੰ ਸਾਰੀ ਜਗਤ ਸ੍ਰਿਸ਼ਟੀ ਦਾ ਰਾਜ-ਭਾਗ (ਸੁਖ) ਵੀ ਲੈ-ਲੈ, ਤਾਂ ਵੀ ਤੂੰ ਸੁਖੀ ਨਹੀਂ, ਜੇ ਤੇਰੇ ਕੋਲ ਨਾਮ ਨਹੀਂ। ਕਰੋੜਾਂ ਵਿਚੋਂ ਕੋਈ ਵਿਰਲਾ ਹੈ, ਜਿਸ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਜਿਹੜੇ ਪਿਛਲੀ ਰਾਤ ਨੂੰ ਉਠ ਕੇ ਪ੍ਰਮਾਤਮਾ (ਪ੍ਰਭੂ) ਦਾ ਨਾਮ ਜਪਦੇ ਹਨ, ਉਨ੍ਹਾਂ ਉੱਤੇ ਸਤਿਗੁਰੂ ਦੀ ਦਇਆ ਹੁੰਦੀ ਹੈ। ਜਿਹੜਾ ਮਨੁੱਖ ਨਾਮ ਨਾਲ ਜੁੜਿਆ ਹੋਵੇਗਾ, ਉਹ ਫਰਸ਼ 'ਤੇ ਸੁੱਤਾ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ।
ਜਿਨ੍ਹਾਂ ਨੇ ਤੇਰੇ ਨਾਮ ਨੂੰ ਧਿਆਇਆ ਹੈ, ਯਾਦ ਕੀਤਾ ਹੈ, ਉਨ੍ਹਾਂ ਨੂੰ ਸੁਖ ਪ੍ਰਾਪਤ ਹੋਏ ਹਨ। ਆਓ ਅਸੀਂ ਪ੍ਰਣ ਕਰੀਏ ਕਿ ਅਸੀਂ ਆਪ ਆਪਣੇ ਬੱਚਿਆਂ ਤੇ ਆਪਣੇ ਆਸ-ਪਾਸ ਦੇ ਗੁਰਸਿੱਖ ਪਰਿਵਾਰਾਂ ਨੂੰ ਗੁਰਬਾਣੀ ਪੜ੍ਹਨ-ਸੁਣਨ ਵੱਲ ਪ੍ਰੇਰਿਤ ਕਰਾਂਗੇ। ਇਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸਤਿਕਾਰ।
ਰਾਜਬੀਰ ਕੌਰ
24
« on: June 28, 2012, 05:41:41 PM »
ਮਨੁੱਖ ਪ੍ਰਮਾਤਮਾ ਦੇ ਹੁਕਮ ਵਿਚ ਸਰੀਰ, ਆਤਮਾ ਅਤੇ ਮਨ ਦੇ ਸੰਯੋਗ ਨਾਲ ਬਣਿਆ ਹੈ। ਸਰੀਰ ਦੀ ਰਚਨਾ ਪੰਜ ਤੱਤਾਂ ਧਰਤੀ, ਪਾਣੀ, ਅਗਨੀ, ਹਵਾ ਅਤੇ ਆਕਾਸ਼ ਤੋਂ ਹੋਈ ਹੈ। ਪੰਚ ਤਤੁ ਮਿਲਿ ਇਹ ਤਨੁ ਕੀਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1039)
ਇਸ ਸਰੀਰ ਦੇ ਅੰਦਰ ਇਕ ਥਾਂ ਨਾ ਟਿਕਣ ਵਾਲੇ ਚੰਚਲ ਮਨ ਦਾ ਵੀ ਵਾਸਾ ਹੈ। ਸਰੀਰ ਦੇ ਨੌਂ ਦੁਆਰ ਇਸ ਚੰਚਲ ਮਨ ਦੇ ਅਸਰ ਹੇਠ ਰਹਿੰਦੇ ਹਨ। ਜਦੋਂ ਮਨੁੱਖ ਨਾਮ ਸਿਮਰ ਕੇ ਹਊਮੈ ਨੂੰ ਮਾਰ ਲੈਂਦਾ ਹੈ ਤਾਂ ਉਹ ਦਸਵੇਂ ਦੁਆਰ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਉਹ ਆਤਮਦਰਸ਼ੀ ਬਣ ਜਾਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਤੈਨੂੰ ਇਹ ਸਰੀਰ (ਮਨੁੱਖਾ ਦੇਹੀ) ਮਿਲੀ ਹੈ। ਇਹ ਬਹੁਤ ਕੀਮਤੀ ਹੈ, ਇਸ ਨੂੰ ਦੇਵਤੇ ਵੀ ਤਰਸਦੇ ਹਨ। ਜੇ ਤੂੰ ਸਿਮਰਨ ਨਹੀਂ ਕਰਦਾ, ਤੂੰ ਆਪਣਾ ਜੀਵਨ ਸੂਰ ਅਤੇ ਕੁੱਤੇ ਵਰਗਾ ਸਮਝ। ਤੇਰਾ ਇਹ ਜੀਵਨ ਅਗਿਆਨਤਾ ਦੇ ਕਾਰਨ ਬੇਕਾਰ ਵਿਅਰਥ ਜਾ ਰਿਹਾ ਹੈ। ਜੇ ਤੂੰ ਆਪਣੇ ਸਰੀਰ ਨੂੰ ਠੀਕ ਰੱਖਣਾ ਚਾਹੁੰਦਾ ਹੈ ਤਾਂ ਉਸ ਸੱਚੇ ਪ੍ਰਭੂ (ਪ੍ਰਮਾਤਮਾ) ਦੇ ਸਿਮਰਨ ਵਿਚ ਜੁੜ। ਸਿਮਰਨ ਕਰਦੇ ਜਿਸ ਦਿਨ ਤੇਰੀਆਂ ਅੱਖਾਂ ਵਿਚ ਵੈਰਾਗ ਦੇ ਹੰਝੂ ਆ ਜਾਣ, ਉਸ ਦਿਨ ਸਮਝ ਲਈਂ ਅੱਜ ਅੰਦਰ ਦੀ ਹਊਮੈ ਖਤਮ ਹੋ ਗਈ ਹੈ। ਅੰਦਰ ਖੇੜਾ ਆ ਗਿਆ ਹੈ। ਅੱਜ ਤਪਦਾ ਹੋਇਆ ਹਿਰਦਾ ਸ਼ਾਂਤ ਹੋ ਗਿਆ ਹੈ। ਸਰੀਰ ਦੀ ਬਣਤਰ ਉਪਰੰਤ ਜਦੋਂ ਤੱਕ ਮਨੁੱਖ ਦਾ ਸੂਖਸ਼ਮ ਸਰੀਰ (ਮਨ) ਮਾਤਾ ਦੇ ਗਰਭ ਵਿਚ ਬਣ ਰਹੇ ਸਥੂਲ ਸਰੀਰ ਵਿਚ ਹੁੰਦਾ ਹੈ, ਤਦ ਤੱਕ ਉਸ ਦੀ ਸੁਰਤ ਆਤਮਾ ਨਾਲ ਜੁੜੀ ਰਹਿੰਦੀ ਹੈ ਅਤੇ ਸਰੀਰ ਦੀ ਹੋਂਦ ਦਾ ਹੰਕਾਰ ਅਥਵਾ ਦੇਹ ਅਭਿਮਾਨ ਨਹੀਂ ਹੁੰਦਾ।
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 93)
ਪਰ ਗਰਭ 'ਚੋਂ ਜਨਮ ਲੈਣ ਤੋਂ ਬਾਅਦ ਦੁਨੀਆ ਉੱਤੇ ਆਉਂਦਿਆਂ ਹੀ ਇਨਸਾਨ ਅਕਾਲ ਪੁਰਖ ਨੂੰ ਭੁਲਾ ਦਿੰਦਾ ਹੈ।
-ਰਾਜਬੀਰ ਕੌਰ
25
« on: June 23, 2012, 10:41:03 PM »
ਖ਼ੁਦ ਹੀ ਵਕਤ ਦੀ ਰਮਜ਼ ਨੂੰ ਸਮਝੋ ਮੰਨਣੇ ਪੈਣੇ ਨੇ ਸਭ ਭਾਣੇ।
ਕੌਣ ਕਿਸੇ ਦੇ ਨਾਲ ਮਰੀਂਦਾ, ਕੌਣ ਕਿਸੇ ਦੇ ਦੁਖੜੇ ਜਾਣੇ।
ਮਾਣ ਲਵੋ ਦਾਤੇ ਜੋ ਦਿੱਤਾ, ਦੁਨੀਆ ਇੰਜ ਹੀ ਚਲਦੀ ਰਹਿਣੀ,
ਦਿਲ ਨੂੰ ਤਰਸਾ ਕੇ ਨਾ ਮਾਰੋ, ਕਹਿੰਦੇ ਆਏ ਲੋਕ ਸਿਆਣੇ।
ਪਾਰ ਯੁਗਾਂ ਤੋਂ ਸਾਂਝ ਅਸਾਡੀ, ਕੀ ਤੇਰਾ ਕੀ ਮੇਰਾ ਏਥੇ,
ਇਕ ਹੀ ਮਾਦੇ ਵਿਚੋਂ ਉਪਜੇ, ਇਹ ਸਾਰੇ ਘਰ ਬਾਰ ਘਰਾਣੇ।
ਜੀ ਕਰਦੈ ਬੰਦੇ ਨੂੰ ਆਖਾਂ, ਐਨਾ ਕਾਹਨੂੰ ਖੱਜਲ ਹੁੰਨੈ,
ਬਹੁਤਾ ਚਿਰ ਨ੍ਹੀਂ ਤੰਬੂ ਟਿਕਦੇ, ਐਨੇ ਕਾਹਨੂੰ ਤਣਦੈ ਤਾਣੇ।
ਮਨ ਵਿਚ ਕੁਝ ਦਮ-ਖ਼ਮ ਚਾਹੀਦਾ, ਕੀ ਰੱਖਿਆ ਹਫੜਾ-ਦਫੜੀ ਵਿਚ,
ਨਾਲ ਟਿਕਾ ਦੇ ਵਸਦੇ ਜਿਹੜੇ ਉਹ ਹੁੰਦੇ ਜੀਵਨ ਦੇ ਰਾਣੇ।
'ਤੂਰ' ਕਿਸੇ ਦੇ ਸਮਝਾਏ ਇਹ, ਸਮਝ ਕਦੇ ਨਾ ਸਕਦੇ ਲੋਕੀਂ,
ਉਹ ਸਭ ਅਪਣੇ-ਆਪ ਸਿਆਣੇ, ਜਿਨ੍ਹਾਂ ਦੀ ਕੋਠੀ ਵਿਚ ਦਾਣੇ।
-ਮਹਿਮਾ ਸਿੰਘ ਤੂਰ
26
« on: June 23, 2012, 10:35:31 PM »
ਇਵੇਂ ਚੰਗਾ ਨਹੀਂ ਲਗਦਾ ਇਵੇਂ ਮੁਖ ਮੋੜਦੇ ਰਹਿਣਾ।
ਕਿਸੇ ਨੂੰ ਜੋੜਦੇ ਰਹਿਣਾ ਕਿਸੇ ਨੂੰ ਤੋੜਦੇ ਰਹਿਣਾ।
ਮੈਂ ਵਹਿੰਦੇ ਪਾਣੀਆਂ ਉੱਪਰ ਜਗਾਇਆ ਦੀਪ ਇਸ਼ਕੇ ਦਾ,
ਖ਼ੁਦਾ ਤੇਰੀ ਮਿਹਰਬਾਨੀ ਹਵਾਵਾਂ ਮੋੜਦੇ ਰਹਿਣਾ।
ਲਹੂ ਰਿਸਦਾ ਰਵੇ ਤਾਂ ਕਾਲਜੇ ਵਿਚ ਠੰਢ ਪੈਂਦੀ ਹੈ,
ਕਿਸੇ ਦੀ ਯਾਦ ਦੇ ਜੰਮੇ ਜ਼ਖ਼ਮ ਨੂੰ ਤੋੜਦੇ ਰਹਿਣਾ।
ਕਦੀ ਮਨਫ਼ੀ ਨਹੀਂ ਕਰਨਾ ਇਹ ਦੌਲਤ ਫਿਰ ਨਹੀਂ ਮਿਲਦੀ,
ਹਮੇਸ਼ਾ ਜ਼ਿੰਦਗੀ ਨੂੰ ਜ਼ਿੰਦਗੀ ਵਿਚ ਜੋੜਦੇ ਰਹਿਣਾ।
ਅਸਲ ਜੀਵਨ ਸੀ ਉਹ 'ਬਾਲਮ', ਉਹ ਕਿੱਥੇ ਤੁਰ ਗਿਆ ਜੀਵਨ,
ਬਣਾ ਕੇ ਕਾਗਜ਼ੀ ਬੇੜੀ ਨਦੀ ਵਿਚ ਰੋੜ੍ਹਦੇ ਰਹਿਣਾ
-ਬਲਵਿੰਦਰ ਬਾਲਮ
27
« on: June 20, 2012, 09:41:43 AM »
ਮਹਿਲ ਮੁਨਾਰੇ ਅੰਬਰਾਂ ਨੂੰ ਹੱਥ ਲਾਉਂਦੇ ਨੇ।
ਮਾਲਕ ਮਟੀਆਂ ਮੂਹਰੇ ਸੀਸ ਨਿਵਾਉਂਦੇ ਨੇ।
ਪੁੰਨਮ-ਰਾਤੇ ਵੇਖ ਚਮਕਦਾ ਚੰਦਰਮਾ
ਕਾਲੇ ਮਸਤਕ ਸੰਦਲੀ ਟਿੱਕਾ ਲਾਉਂਦੇ ਨੇ।
ਤਨ ਮਨ ਦੇ ਤਪਦੇ ਮਾਰੂਥਲ ਠਾਰਨ ਲਈ
ਨੁੱਕਰ ਦੇ ਗਮ੍ਹਲੇ ਵਿਚ ਬੋਹੜ ਉਗਾਉਂਦੇ ਨੇ।
ਸੁਬਹਾ ਸੁਨਹਿਰੀ, ਸ਼ਾਮ ਸੰਧੂਰੀ ਸੂਰਜ ਦੀ,
ਵਸਲ ਵਿਛੋੜਾ ਦੋਵੇਂ ਰੂਪ ਲੁਭਾਉਂਦੇ ਨੇ।
ਤਰਸ, ਤਸੀਹੇ, ਰੋਸੇ, ਹੰਝੂ ਮੁਸਕਾਣਾਂ,
ਰੰਗਲੇ ਪ੍ਰੇਮ-ਅੰਦਾਜ਼ ਬਹੁਤ ਭਰਮਾਉਂਦੇ ਨੇ।
ਵਾਅਦੇ, ਕੌਲ-ਕਰਾਰ, ਇਨਕਾਰ ਤਾਂ ਕੱਚੇ ਵੀ
ਮਿਟਦੇ ਮਿਟਦੇ ਪੱਕੀਆਂ ਲੀਕਾਂ ਵਾਹੁੰਦੇ ਨੇ।
ਚੰਨ ਤੋਂ ਪਹਿਲਾਂ ਪਸਰੀ ਰਾਤ ਅੰਧੇਰੀ ਨੂੰ,
ਸਹਿਕ ਸਹਿਕ ਕੇ ਤਾਰੇ ਹੀ ਰੁਸ਼ਨਾਉਂਦੇ ਨੇ।
ਦੁੱਖਾਂ ਤੇ ਸੁੱਖਾਂ ਨੂੰ ਇਕੋ ਸਰਗ਼ਮ ਤੇ
ਢਾਲਣ ਵਾਲੇ ਗੀਤ ਇਲਾਹੀ ਗਾਉਂਦੇ ਨੇ।
ਸੀਸ ਤਲੀ ਧਰ ਪ੍ਰੇਮ-ਗਲੀ ਵਿਚ ਉਤਰਨ ਜੋ,
ਰਣ-ਭੂਮੀ ਵਿਚ ਉਹੀਓ ਖੇਡ ਰਚਾਉਂਦੇ ਨੇ।
-ਪ੍ਰੋ: ਸਾਧੂ ਸਿੰਘ
28
« on: June 13, 2012, 08:51:12 PM »
ਖ਼ੁਦਾ ਵੀ ਹੋ ਰਿਹੈ ਨੀਲਾਮ ਅੱਜਕਲ੍ਹ।
ਬੜਾ ਹੈ ਬਾਬਿਆਂ ਦਾ ਨਾਮ ਅੱਜਕਲ੍ਹ।
ਲਗਾਈਆਂ ਕਹਿਣ ਨੂੰ ਪਾਬੰਦੀਆਂ ਨੇ,
ਨਸ਼ਾ ਹਰ ਮਿਲ ਰਿਹਾ ਹੈ ਆਮ ਅੱਜਕਲ੍ਹ।
ਸਵੇਰਾ ਹੈ ਗੁਰੂਘਰ ਵਿਚ ਜਿਨ੍ਹਾਂ ਦਾ,
ਅਹਾਤੇ ਵਿਚ ਉਨ੍ਹਾਂ ਦੀ ਸ਼ਾਮ ਅੱਜਕਲ੍ਹ।
ਮੁਹੱਬਤ, ਦੇਸ਼ ਭਗਤੀ, ਪਾਠ ਪੂਜਾ,
ਨਹੀਂ ਕੁਝ ਵੀ ਰਿਹਾ ਨਿਸ਼ਕਾਮ ਅੱਜਕਲ੍ਹ।
ਉਜਾੜੇ ਬਾਗ਼ ਸਭ ਮਾਫੀਏ ਨੇ,
ਘੜੀ ਪਲ ਨਾ ਕਿਤੇ ਆਰਾਮ ਅੱਜਕਲ੍ਹ।
ਕਰੀਬੀ ਵੀ ਉਦੋਂ ਤਾਂ ਦੂਰ ਜਾਪਣ,
ਜਦੋਂ ਲਗਦੇ ਕਸੂਤੇ ਜਾਮ ਅੱਜਕਲ੍ਹ।
ਮਿਟੀ ਨਾ ਭੁੱਖ 'ਜ਼ਖ਼ਮੀ' ਆਦਮੀ ਦੀ,
ਭਰੇ ਭਾਵੇਂ ਬੜੇ ਗੋਦਾਮ ਅੱਜਕਲ੍ਹ।
-ਗੁਰਚਰਨ ਸਿੰਘ
29
« on: June 13, 2012, 08:42:14 PM »
ਸਾਡੇ ਹੰਝੂਆਂ ਦਾਗ਼ ਦਿਲਾਂ ਦੇ ਸਾਰੇ ਦਿੱਤੇ ਧੋ
ਦਰਦਾਂ ਸਾਨੂੰ ਇੰਜ ਚਮਕਾਇਆ ਜਿਉਂ ਚੜ੍ਹਦੇ ਦੀ ਲੋਅ।
ਜੀਵਨ ਦੇ ਵਰਕੇ ਦੇ ਉੱਤੇ ਆਖਿਰ ਲਿਖਣਾ ਪੈਣਾ,
ਸਾਹਾਂ ਨਾਲੋਂ ਵੱਧ ਕੇ ਹੋਏ ਸਾਡੇ ਨਾਲ ਧਰੋਹ।
ਉਨ੍ਹਾਂ ਦੇ ਘਰ ਕਰਮਾਂ ਵਾਲੀ ਹਵਾ ਨੇ ਆਉਣਾ ਕੀ,
ਜਿਹੜੇ ਦਰ 'ਤੇ ਦਸਤਕ ਸੁਣ ਕੇ ਬੂਹੇ ਲੈਂਦੇ ਢੋਅ।
ਫੰਨ ਫੈਲਾਅ ਕੇ ਕਾਲਾ ਫਨੀਅਰ ਬੇਸ਼ੱਕ ਡੱਸਣਾ ਚਾਹੇ,
ਫਿਰ ਵੀ ਉਸ ਤੋਂ ਡਸ ਨ ਹੋਵੇ ਚੰਦਨ ਦੀ ਖੁਸ਼ਬੋ।
ਦੁਨੀਆ ਭਰ ਦੇ ਹਰ ਕੋਨੇ ਤੋਂ ਨੇਰ੍ਹਾ ਦੂਰ ਗਿਆ,
ਸਾਡੇ ਪੋਟਿਆਂ ਵਿਚੋਂ ਨਿਕਲੀ ਪੈਂਦੀ ਅੱਖਰੀਂ ਲੋਅ।
ਸੁਰਿੰਦਰਜੀਤ ਕੌਰ
30
« on: June 13, 2012, 08:37:03 PM »
ਮੋਹ ਘਰਾਂ ਨੂੰ ਰੱਖਣ ਵਾਲੇ ਹੱਥੀਂ ਤਾਲੇ ਲਾ ਜਾਂਦੇ ਨੇ।
ਸੋਚਾਂ ਦੀ ਬਸਤੀ 'ਚੋਂ ਲੰਘਦੇ, ਫਿਰ ਸੋਚਾਂ ਵਿਚ ਪਾ ਜਾਂਦੇ ਨੇ।
ਜਦ ਵੀ ਆਇਆ ਮੈਂ ਹੀ ਆਇਆ ਤੇਰੇ ਘਰ ਦੇ ਦਰਵਾਜ਼ੇ 'ਤੇ,
ਰਾਹ ਵਿਚ ਰੋੜਾ ਰੱਖਣ ਵਾਲੇ ਸੌ ਸੌ ਊਝਾਂ ਲਾ ਜਾਂਦੇ ਨੇ।
ਇਹ ਦੁਨੀਆ ਦੇ ਰੰਗ ਤਮਾਸ਼ੇ, ਮੈਨੂੰ ਰਤਾ ਨੀ ਚੰਗੇ ਲਗਦੇ,
ਜਦ ਤੂੰ ਆਵੇਂ ਖੁਸ਼ੀਆਂ ਖੇੜੇ, ਮੇਰੇ ਮਨ ਨੂੰ ਭਾਅ ਜਾਂਦੇ ਨੇ।
ਟਿਕੀ ਰਾਤ ਵਿਚ ਮੈਂ ਹਾਂ 'ਕੱਲਾ ਜਾਂ ਕੁਝ ਟਹਿਕਣ ਵਾਲੇ ਤਾਰੇ,
ਧਰਤੀ ਤੋਂ ਅੰਬਰ ਦੀ ਦੂਰੀ ਦਾ ਅਹਿਸਾਸ ਕਰਾ ਜਾਂਦੇ ਨੇ।
ਮੁੱਦਤ ਹੋਈ ਤੂੰ ਨਾ ਆਇਓ ਨਾ ਤੇਰਾ ਕੋਈ ਖ਼ਤ ਹੀ ਮਿਲਿਆ,
ਯਾਦਾਂ ਦੇ ਬੇ-ਦਰਦ ਪਰਿੰਦੇ, ਰੂਹ ਦਾ ਚੈਨ ਗੁਵਾ ਜਾਂਦੇ ਨੇ।
-ਗੁਰਦੀਪ ਗਿੱਲ
31
« on: June 12, 2012, 02:46:20 PM »
'ਅੱਜ ਕਿਤੇ ਕੋਈ ਮੇਲਾ ਮੂਲਾ ਲੱਗਿਆ ਲੱਗਦੈ' ਲੋਕਾਂ ਦੀਆਂ ਗੱਡੀਆਂ, ਟਰੱਕ, ਟਰਾਲੀਆਂ ਭਰੀਆਂ ਜਾਂਦੀਆਂ', ਦੇਖ ਬਾਪੂ ਬਿਸ਼ਨ ਸਿੰਘ ਬੋਲਿਆ। 'ਕਾਹਨੂੰ ਅੱਜ ਤਾਂ ਕੁਟੀਆਂ ਵਾਲੇ ਬਾਬੇ ਦੀ ਬਰਸੀ ਆ,' ਨਾਲ ਹੀ ਬੈਠੇ ਅਧਖੜ ਉਮਰ ਦੇ ਜੋਗਿੰਦਰ ਸਿੰਘ ਨੇ ਜਵਾਬ ਦਿੱਤਾ। 'ਅੱਛਾ ਉਹੀ ਬਾਬਾ ਜਿਹੜਾ ਨਾਲ ਦੇ ਪਿੰਡ 'ਚ ਚੋਰੀ ਕਰਦਾ ਫੜਿਆ ਗਿਆ ਸੀ।' ਕੋਲ ਬੈਠੇ ਸ਼ਿੰਦਰ ਨੇ ਬਾਬੇ 'ਤੇ ਟਕੋਰ ਕੀਤੀ ਤੇ ਬਾਬੇ ਬਾਰੇ ਵਿਸਥਾਰਪੂਰਵਕ ਦੱਸਣ ਲੱਗਿਆ। ਉਸ ਨੇ ਦੱਸਿਆ ਕਿ, 'ਬਾਬੇ ਦਾ ਅਸਲ ਨਾਂਅ ਭੁਪਿੰਦਰ ਸਿੰਘ ਸੀ ਅਤੇ ਉਹ ਨਾਲ ਦੇ ਪਿੰਡ ਵਿਚੋਂ ਚੋਰੀ ਕਰਦਾ ਫੜਿਆ ਗਿਆ ਸੀ। ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਉਸ ਨੂੂੰ ਪਿੰਡੋਂ ਬਾਹਰ ਕੱਢ ਦਿੱਤਾ ਸੀ। ਬਾਬਾ ਪਿੰਡ ਦੇ ਬਾਹਰ-ਬਾਹਰ ਇਕ ਕੁਟੀਆ ਵਿਚ ਰਹਿਣ ਲੱਗ ਪਿਆ ਅਤੇ ਪਿੰਡ ਦੇ ਚਾਰ-ਪੰਜ ਨਸ਼ੇੜੀ ਮੁੰਡੇ ਪੱਕੇ ਤੌਰ 'ਤੇ ਉਸ ਦੇ ਨਾਲ ਰਹਿਣ ਲੱਗੇ। ਉਨ੍ਹਾਂ ਨਸ਼ੇੜੀ ਮੁੰਡਿਆਂ ਕੋਲ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਆਉਂਦੇ ਇੰਝ ਕੁਟੀਆ 'ਤੇ ਇਕੱਠ ਬਣਿਆ ਰਹਿੰਦਾ। ਕਹਿੰਦੇ ਆ ਕਿ ਬਾਬਾ ਟਾਈਫਾਈਡ ਦਾ ਇਲਾਜ ਤਵੀਤ ਦੇ ਕੇ ਕਰਦਾ ਸੀ। ਇਸ ਤਰ੍ਹਾਂ ਅੰਧ-ਵਿਸ਼ਵਾਸੀ ਦੇ ਘੇਰੇ ਵਿਚ ਫਸੇ ਲੋਕ ਇਲਾਜ ਕਰਵਾਉਣ ਲਈ ਬਾਬੇ ਕੋਲ ਆਉਣ ਲੱਗੇ। ਬਾਬੇ ਨੇ ਵੀ ਆਪਣਾ ਨਾਂਅ ਬਦਲ ਕੇ ਘੁੰਮਣ ਦਾਸ ਜੀ ਕੁਟੀਆ ਵਾਲੇ ਰੱਖ ਲਿਆ ਸੀ। ਬਾਬੇ ਕੋਲ ਟਾਈਫਾਈਡ ਦੇ ਤਵੀਤ ਪਵਾਉਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ। ਹੁਣ ਬਾਬੇ ਦੀ ਕੁਟੀਆ ਨੇ ਵੀ ਵਿਸ਼ਾਲ ਡੇਰੇ ਦਾ ਰੂਪ ਧਾਰਨ ਕਰ ਲਿਆ ਸੀ। ਬਾਬਾ ਦੋ ਚਾਰ ਵਾਰ ਵਿਦੇਸ਼ਾਂ ਦੇ ਦੌਰੇ ਵੀ ਕਰ ਆਇਆ ਸੀ। ਰਾਜਨੀਤਿਕ ਲੀਡਰ ਵੀ ਬਾਬੇ ਕੋਲ ਆਉਂਦੇ-ਜਾਂਦੇ ਰਹਿੰਦੇ। ਬਾਬੇ ਦਾ ਇਲਾਕੇ ਅੰਦਰ ਪੂਰੀ ਤਰ੍ਹਾਂ ਬੋਲਬਾਲਾ ਕਾਇਮ ਹੋ ਚੁੱਕਾ ਸੀ। ਅਚਾਨਕ ਇਕ ਦਿਨ ਬਾਬਾ ਬਿਮਾਰ ਹੋ ਗਿਆ ਉਸ ਦੇ ਚੇਲਿਆਂ ਨੇ ਉਸ ਨੂੰ ਤੁਰੰਤ ਇਕ ਚੰਗੇ ਜਿਹੇ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਕੁਝ ਦਿਨਾਂ ਬਾਅਦ ਬਾਬੇ ਦੀ ਮੌਤ ਹੋ ਗਈ। ਡਾਕਟਰ ਦੀਆਂ ਰਿਪੋਰਟਾਂ ਅਨੁਸਾਰ ਪਤਾ ਲੱਗਾ ਕਿ ਬਾਬੇ ਦੀ ਮੌਤ ਟਾਈਫਾਈਡ ਨਾਲ ਹੋਈ ਹੈ। :hehe:
32
« on: June 12, 2012, 02:39:35 PM »
ਅੰਮ੍ਰਿਤ ਵੇਲੇ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਚੜ੍ਹਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸੰਤਾਂ-ਭਗਤਾਂ ਨੇ ਸਿਮਰਨ ਕਰਨ ਲਈ ਅੰਮ੍ਰਿਤ ਵੇਲੇ ਨੂੰ ਸ੍ਰੇਸ਼ਟ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਕਿਸੇ ਨੂੰ ਪੁੱਛਿਆ ਕਿ ਮੌਤ ਤਾਂ ਆ ਜਾਣੀ ਹੈ, ਅਸੀਂ ਕਿਵੇਂ ਆਪਣਾ ਰਸਤਾ ਸੁਚੱਜਾ ਬਣਾਈਏ। ਸਤਿਗੁਰੂ ਸਮਝਾਉਂਦੇ ਹਨ ਕਿ ਇਕ ਕੋਰਾ ਕਾਗਜ਼ ਬਾਹਰ ਮੀਂਹ ਵਿਚ ਰੱਖੋ ਤਾਂ ਪਾਣੀ ਦੀ ਬੂੰਦ ਉਸ ਨੂੰ ਗਾਲ ਦਿੰਦੀ ਹੈ ਪਰ ਇਕ ਘਿਓ ਨਾਲ ਭਿੱਜਿਆ ਹੋਇਆ ਕਾਗਜ਼ ਕਦੇ ਨਹੀਂ ਗਲੇਗਾ। ਉਸੇ ਤਰ੍ਹਾਂ ਤੂੰ ਅੰਮ੍ਰਿਤ ਵੇਲੇ ਨੂੰ ਭਾਲ। ਵਾਹਿਗੁਰੂ ਤੋਂ ਬਿਨਾਂ ਤੇਰੀ ਕਿਸੇ ਨੇ ਬਾਂਹ ਨਹੀਂ ਫੜਨੀ। ਜਦੋਂ ਅਸੀਂ ਨਾਮ ਦੀ ਦਾਤ ਸਤਿਗੁਰੂ ਕੋਲੋਂ ਲਵਾਂਗੇ, ਤਾਂ ਜਪਿਆ ਹੋਇਆ ਨਾਮ ਜ਼ਰੂਰ ਫਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੰਜ ਦਿਨ ਤਸੀਹੇ ਦਿੱਤੇ ਜਾਣ ਤੋਂ ਬਾਅਦ ਰਾਵੀ ਨਦੀ ਵਿਚ ਪ੍ਰਵਾਹ ਕੀਤਾ। ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੀਆਂ ਲਿਸਟਾਂ ਵਿਚ ਪਹਿਲੇ ਸ਼ਹੀਦ ਹੋਏ ਹਨ। ਸੰਸਾਰ ਲਈ ਪੂਰਨੇ ਪਾ ਗਏ। ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਤੁਹਾਡੇ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦਾ। ਜਿਹੜੀ ਆਤਮਾ ਪ੍ਰਭੂ ਦੇ ਮਿਲਾਪ ਵਿਚ ਜੁੜ ਜਾਂਦੀ ਹੈ, ਉਹ ਹਮੇਸ਼ਾ ਅਮਰ ਹੋ ਜਾਂਦੀ ਹੈ। ਅੰਮ੍ਰਿਤ ਵੇਲਾ ਸਤਿਗੁਰੂ ਦੀ ਸਿਫਤਿ ਸਲਾਹ ਕਰਨ ਦਾ ਵੇਲਾ ਹੈ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥
ਅੰਮ੍ਰਿਤ ਵੇਲੇ ਨਾਮ ਜਪਣ ਦੀ ਆਪਣੀ ਵੱਖਰੀ ਹੀ ਵਿਸ਼ੇਸ਼ਤਾ ਅਤੇ ਮਹੱਤਤਾ ਹੈ। ਰੱਬ ਦੇ ਪਿਆਰੇ, ਭਾਵੇਂ ਉਹ ਕਿਸੇ ਧਰਮ, ਜਾਤ-ਪਾਤ, ਰੰਗ-ਰੂਪ ਦੇ ਹੋਣ, ਉਹ ਅੰਮ੍ਰਿਤ ਵੇਲੇ ਉਠ ਕੇ ਕਰਤਾਰ ਦਾ ਨਾਮ ਜਪਦੇ ਹਨ। ਉਸ ਵਕਤ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ, ਰੱਬੀ ਰੰਗ ਵਿਚ ਲਿਪਟੀ ਹੁੰਦੀ ਹੈ, ਜਿਸ ਦਾ ਅਸਰ ਅੰਮ੍ਰਿਤ ਵੇਲੇ ਉਠ ਕੇ ਨਾਮ ਜਪਣ ਵਾਲੇ ਜਗਿਆਸੂਆਂ ਦੇ ਹਿਰਦੇ ਵਿਚ ਪੈਂਦਾ ਹੈ ਅਤੇ ਉਨ੍ਹਾਂ ਦੀ ਬਿਰਤੀ ਸਹਿਜ ਸੁਭਾਅ ਕਰਤਾਰ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਜੀ ਬਾਣੀ ਵਿਚ ਅੰਮ੍ਰਿਤ ਵੇਲੇ ਨਾਮ ਜਪਣ ਦੀ ਬਹੁਤ ਮਹੱਤਤਾ ਦਰਸਾਉਂਦੇ ਹਨ। ਜਿਸ ਤਰ੍ਹਾਂ ਨਮ ਜ਼ਮੀਨ ਵਿਚ ਬੀਜ ਪਾਇਆ ਜਾਵੇ ਤਾਂ ਉਹ ਚੰਗਾ ਉਗਦਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜੇਕਰ ਨਾਮ ਰੂਪੀ ਧੰਨ ਦਾ ਬੀਜ ਹਿਰਦੇ ਵਿਚ ਬੀਜਿਆ ਜਾਵੇ ਤਾਂ ਉਹ ਪ੍ਰਫੁਲਿਤ ਹੋਵੇਗਾ। ਭਗਤ ਜਨ ਜਿੰਨਾ ਮਰਜ਼ੀ ਉਸ ਨੂੰ ਖਾਣ-ਖਰਚਣ, ਉਹ ਘਟੇਗਾ ਨਹੀਂ।
ਹਰਿ ਧੰਨੁ ਅੰਮ੍ਰਿਤ ਵੇਲੇ ਵਤੈ ਦਾ ਬੀਜਿਆ॥
ਭਗਤ ਖਾਇ ਖਰਚਿ ਰਹੇ ਨਿਖੁਟੇ ਨਾਹੀ॥
ਗੁਰਬਾਣੀ ਦਾ ਫ਼ਰਮਾਨ ਹੈ, ਜਿਸ ਨੇ ਅੰਮ੍ਰਿਤ ਵੇਲੇ ਜਾਗ ਕੇ ਨਾਮ ਬਾਣੀ, ਸਿਮਰਨ ਨਹੀਂ ਕੀਤਾ, ਉਹ ਜਿਊਂਦਿਆਂ ਹੀ ਮਰਿਆ ਹੋਇਆ ਹੈ। ਭਾਈ ਨੰਦ ਲਾਲ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉਠ ਕੇ ਨਾਮ ਬਾਣੀ ਸਿਮਰਨ ਲਈ ਸਤਿਸੰਗ ਵਿਚ ਨਹੀਂ ਜਾਂਦਾ, ਉਹ ਵੱਡਾ ਗੁਨਾਹਗਾਰ ਤੇ ਤਨਖਾਹਦਾਰ ਹੈ।
-ਰਾਜਬੀਰ ਕੌਰ
33
« on: May 30, 2012, 10:54:08 AM »
ਇਨਸਾਨ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਕਿਸੇ ਦਾ ਸਹਾਰਾ ਮਿਲ ਜਾਏ, ਜਿਸ ਨਾਲ ਮੇਰਾ ਜੀਵਨ ਸੌਖਾ ਹੋ ਜਾਵੇ। ਮਨੁੱਖ ਜਿਉਂਦਾ ਹੈ, ਪਰਾਈ ਆਸ ਵਿਚ ਜਾਂ ਪਰਾਈ ਤਾਤ ਵਿਚ। ਇਸ ਤਰ੍ਹਾਂ ਮਨੁੱਖ (ਇਨਸਾਨ) ਰੱਬ ਦੇ ਮਿਲਾਪ ਨੂੰ ਮਾਨਣ ਦਾ ਅਨੰਦ ਪ੍ਰਾਪਤ ਨਹੀਂ ਕਰ ਸਕਦਾ। ਪਰਾਈ ਆਸ ਤੋਂ ਭਾਵ ਆਪਣੇ ਜੀਵਨ ਦੀ ਮਹਾਨਤਾ ਨੂੰ ਘਟਾਉਣਾ, ਪਰਾਈ ਤਾਤ ਤੋਂ ਭਾਵ ਜੀਵਨ ਵਿਚ ਦੈਵੀ ਗੁਣਾਂ ਨੂੰ ਨਸ਼ਟ ਕਰਨਾ। ਪਰਾਈ ਆਸ ਵਿਚ ਜਿਉਣ ਨਾਲ ਸਮਾਂ ਨਸ਼ਟ ਹੁੰਦਾ ਹੈ ਤੇ ਆਸ ਵਿਅਰਥ ਜਾਂਦੀ ਹੈ ਭਾਵ ਪੂਰੀ ਨਹੀਂ ਹੁੰਦੀ।
ਮਾਨੁਖ ਕੀ ਟੇਕ ਬਿਰਥੀ ਸਭ ਜਾਨੁ।
ਦੇਵਨ ਕੋ ਏਕੈ ਭਗਵਾਨੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 281)
ਆਸਾਂ ਤੋਂ ਬਿਨਾਂ ਮਨੁੱਖ (ਇਨਸਾਨ) ਜੀਅ ਨਹੀਂ ਸਕਦਾ। ਹਰ ਸਵਾਸ ਮਨੁੱਖ ਦਾ ਆਸਾਂ ਨਾਲ ਭਰਿਆ ਪਿਆ ਹੈ। ਸਤਿਗੁਰੂ ਸਾਨੂੰ ਸਮਝਾਉਂਦੇ ਹਨ, ਤੂੰ ਰਾਮ ਦਾ ਸਿਮਰਨ ਕਰ, ਉਸ ਨੂੰ ਚੇਤੇ ਕਰ, ਤੇਰੀਆਂ ਚੰਗੀਆਂ ਆਸਾਂ ਸਤਿਗੁਰੂ ਆਪ ਪੂਰੀਆਂ ਕਰ ਦਿੰਦਾ ਹੈ। ਲੋੜ ਹੈ ਉਸ ਸਤਿਗੁਰੂ ਨੂੰ ਆਪਣੇ ਹਿਰਦੇ ਘਰ ਵਿਚ ਵਸਾਉਣ ਦੀ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਪਰਾਈ ਤਾਤ ਰੱਖਣ ਵਾਲਾ ਮਨੁੱਖ ਸਦਾ ਦੂਜੇ ਦਾ ਬੁਰਾ ਸੋਚਦਾ ਹੈ, ਜਿਸ ਕਰਕੇ ਉਸ ਦਾ ਆਪਣਾ ਬੁਰਾ ਹੁੰਦਾ ਹੈ।
ਪਰ ਕਾ ਬੁਰਾ ਨ ਰਾਖੋ ਚੀਤ॥
ਤੁਮ ਕੋ ਦੁਖ ਨਹੀ ਭਾਈ ਮੀਤ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 386)
ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇਨਸਾਨ ਨੇ ਈਰਖਾ ਦੇ ਕਾਰਨ ਰੱਬ ਨੂੰ ਕਈ ਹਿੱਸਿਆਂ ਵਿਚ ਵੰਡ ਲਿਆ ਹੈ। ਪਹਿਲਾਂ ਆਪਸ ਵਿਚ ਪਿਆਰ, ਮੋਹ, ਪ੍ਰੇਮ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ ਸਨ। ਵੱਡੇ-ਵੱਡੇ ਪਰਿਵਾਰ ਇਕ ਛੱਤ ਦੇ ਥੱਲੇ ਮਿਲਜੁਲ ਕੇ ਰਹਿੰਦੇ ਸਨ। ਪ੍ਰਮਾਤਮਾ ਨੇ ਸਾਨੂੰ ਮਨੁੱਖੀ ਜੀਵਨ ਦਿੱਤਾ, ਸਾਡੀਆਂ ਹਰਕਤਾਂ ਪਸ਼ੂਆਂ ਤੋਂ ਵੀ ਗਈਆਂ-ਗੁਜ਼ਰੀਆਂ ਹਨ। ਗੁਰਬਾਣੀ ਵਿਚ ਆਉਂਦਾ ਹੈ-
ਕਰਤੂਤਿ ਪਸੂ ਕੀ ਮਾਨਸ ਜਾਤਿ॥
ਸਾਨੂੰ ਪ੍ਰਮਾਤਮਾ ਵਲੋਂ ਜਿਹੜੀ ਜ਼ਿੰਦਗੀ ਮਿਲੀ ਹੈ, ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਦੇ ਵੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਉਸ ਸਤਿਗੁਰੂ ਦਾ ਦਿਲੀ ਧੰਨਵਾਦ ਕਰਦੇ ਹੋਏ ਸੰਤੋਖ ਅਤੇ ਸਬਰ ਨਾਲ ਜ਼ਿੰਦਗੀ ਨੂੰ ਜਿਊਣਾ ਚਾਹੀਦਾ ਹੈ-
ਬਿਨਾ ਸੰਤੋਖ ਨਹੀ ਕੋਊ ਰਾਜੈ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥
ਜਿਹੜਾ ਮਨੁੱਖ ਪਰਾਈ ਤਾਤ ਵਿਚ ਜੀਵਨ ਜਿਉਂਦਾ ਹੈ, ਉਹ ਤਾਂ ਜ਼ਮੀਨ 'ਤੇ ਹੀ ਨਰਕ ਭੋਗਦਾ ਹੈ। ਗੁਰਬਾਣੀ ਦਾ ਜਾਪ ਤੇ ਸਤਿਸੰਗਤ ਦੇ ਆਸਰੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਬਿਸਰ ਗਈ ਸਭਿ ਤਾਤ ਪਰਾਈ॥ ਜਬ ਤੇ ਸਾਧ ਸੰਗਤ ਮੋਹਿ ਪਾਈ॥
-ਰਾਜਬੀਰ ਕੌਰ
34
« on: May 24, 2012, 04:19:40 PM »
ਮਨੁੱਖ ਨੂੰ ਦੂਜਿਆਂ ਦਾ ਭਲਾ ਕਰਨ ਲਈ ਜਾਂ ਇਸ ਦੁਨੀਆ ਵਿਚ ਸੁੰਦਰ ਨਿਰਮਾਣ ਲਈ ਮੋਤੀ ਬਣਾਉਣ ਵਾਲੀ ਸਿੱਪੀ ਸਮਾਨ ਬਣਨਾ ਚਾਹੀਦਾ ਹੈ। ਇਸ ਸਬੰਧੀ ਸਵਾਮੀ ਵਿਵੇਕਾਨੰਦ ਕਹਿੰਦੇ ਹਨ, 'ਇਕ ਭਾਰਤੀ ਕਵੀ ਨੇ ਗੁਣਾਂ ਪ੍ਰਤੀ ਦੋਹਾ ਲਿਖਿਆ ਹੈ-
ਕਦਲੀ, ਸੀਪ, ਭੁਜੰਗ ਮੁਖ ਸਵਾਤੀ ਏਕ ਗੁਣ ਤੀਨ।
ਜੈਸੀ ਸੰਗਤ ਬੈਠੀਏ ਤੈਸੋ ਹੀ ਗੁਣ ਦੀਨ॥
ਸਵਾਤੀ ਨਛੱਤਰ ਵਾਲੇ ਦਿਨ ਮੀਂਹ ਦੀ ਇਕ ਬੂੰਦ ਤਿੰਨ ਥਾਵਾਂ 'ਤੇ ਡਿਗ ਕੇ ਵੱਖ-ਵੱਖ ਰੂਪ ਲੈਂਦੀ ਹੈ। ਜੇ ਉਹ ਕੇਲੇ ਦੀ ਕਦਲੀ ਵਿਚ ਪਵੇ ਤਾਂ ਅੰਮ੍ਰਿਤ ਸਮਾਨ ਬਣਦੀ ਹੈ। ਜੇ ਸਿੱਪੀ ਦੇ ਮੂੰਹ ਵਿਚ ਡਿਗੇ ਤਾਂ ਮੋਤੀ ਬਣਦੀ ਹੈ ਤੇ ਜਦ ਸੱਪ ਦੇ ਮੂੰਹ ਵਿਚ ਡਿਗਦੀ ਹੈ ਤਾਂ ਜ਼ਹਿਰ ਬਣਦੀ ਹੈ। ਸਿੱਪੀ (ਜਲੀ ਜੀਵ) ਨੂੰ ਇਸ ਦਾ ਗਿਆਨ ਹੁੰਦਾ ਹੈ। ਜਿਵੇਂ ਹੀ ਆਕਾਸ਼ ਵਿਚ ਸਵਾਤੀ ਨਛੱਤਰ ਚਮਕਦਾ ਹੈ ਤਾਂ ਸਿੱਪੀ ਸਮੁੰਦਰ ਦੀ ਸਤਹ 'ਤੇ ਆ ਕੇ ਉੱਪਰ ਵੱਲ ਮੂੰਹ ਕਰਦੀ ਹੈ। ਜੇ ਉਸ ਦੌਰਾਨ ਮੀਂਹ ਦੀ ਬੂੰਦ ਉਸ ਦੇ ਮੂੰਹ ਵਿਚ ਡਿਗਦੀ ਹੈ ਤਾਂ ਉਹ ਮੂੰਹ ਬੰਦ ਕਰਕੇ ਸਮੁੰਦਰ ਵਿਚ ਡੁਬਕੀ ਲਗਾ ਕੇ ਹੇਠਾਂ ਚਲੀ ਜਾਂਦੀ ਹੈ। ਬੜੇ ਹੀ ਧੀਰਜ ਨਾਲ ਆਪਣੇ ਅੰਦਰੋਂ ਰਸਾਇਣ ਦਾ ਰਿਸਾਬ ਕਰਕੇ ਉਸ ਬੂੰਦ ਨੂੰ ਮੋਤੀ ਦਾ ਰੂਪ ਦਿੰਦੀ ਹੈ। ਸਾਨੂੰ ਵੀ ਸਿੱਪੀ ਸਮਾਨ ਹੀ ਧੀਰਜਵਾਨ ਹੋਣਾ ਚਾਹੀਦਾ ਹੈ।' ਪਹਿਲਾਂ ਸੁਣੋ, ਫਿਰ ਮਨਨ ਕਰੋ ਅਤੇ ਅੰਤ ਵਿਚ ਦੁਬਿਧਾ ਛੱਡ ਕੇ ਆਪਣੇ ਅੰਤਾਕਰਣ ਨੂੰ ਬਾਹਰੀ ਪ੍ਰਭਾਵਾਂ ਪ੍ਰਤੀ ਬੰਦ ਕਰਕੇ ਸਚਾਈ ਦੇ ਪੋਸ਼ਣ ਵਿਚ ਲੱਗ ਜਾਓ। ਇਕ ਲਕਸ਼ ਲੈ ਕੇ ਉਸ ਨੂੰ ਹੀ ਆਪਣਾ ਕਾਰਜ ਸਮਝੋ। ਦਿਮਾਗ, ਮਾਸਪੇਸ਼ੀਆਂ, ਨਾੜੀਆਂ ਆਦਿ ਸਰੀਰ ਦੇ ਹਰ ਅੰਗ ਨੂੰ ਉਸ ਵੱਲ ਲਗਾ ਲਓ। ਸਫਲਤਾ ਦਾ ਇਹ ਹੀ ਰਾਜ ਮਾਰਗ ਹੈ। ਇਸੇ ਰਾਹ 'ਤੇ ਚੱਲ ਕੇ ਅਧਿਆਤਮਿਕ ਮਹਾਂਪੁਰਸ਼ ਪੈਦਾ ਹੋਏ ਹਨ।
-ਸੰਜੀਵਨ ਸਿੰਘ ਡਢਵਾਲ
35
« on: May 23, 2012, 10:59:16 AM »
ਪਹਾੜੀ ਦੀ ਇਕ ਉੱਚੀ ਚੋਟੀ 'ਤੇ ਇਕ ਬਟੇਰ ਗਰੁੜ ਨੂੰ ਮਿਲਿਆ। ਬਟੇਰ ਨੇ ਕਿਹਾ, 'ਸ਼ੁਭ ਸਵੇਰ।'
ਗਰੁੜ ਨੇ ਉਸ ਵੱਲ ਘੋਖਵੀਂ ਨਜ਼ਰ ਨਾਲ ਦੇਖਿਆ ਅਤੇ ਹੌਲੀ ਜਿਹੇ ਬੋਲਿਆ, 'ਸ਼ੁਭ ਸਵੇਰ।'
ਬਟੇਰ ਨੇ ਪੁੱਛਿਆ, 'ਆਸ ਹੈ, ਤੁਸੀਂ ਠੀਕ ਹੋਵੋਗੇ।'
'ਹੂੰ' ਗਰੁੜ ਬੋਲਿਆ, 'ਮੈਂ ਠੀਕ ਹਾਂ... ਪਰ ਕੀ ਤੂੰ ਇਹ ਨਹੀਂ ਜਾਣਦਾ ਕਿ ਮੈਂ ਸਾਰੇ ਪੰਛੀਆਂ ਦਾ ਰਾਜਾ ਹਾਂ।'
ਬਟੇਰ ਬੋਲਿਆ, 'ਮੇਰਾ ਵਿਚਾਰ ਹੈ ਕਿ ਅਸੀਂ ਸਾਰੇ ਇਕ ਹੀ ਘਰਾਣੇ 'ਚੋਂ ਹਾਂ।'
ਗਰੁੜ ਨੇ ਉਸ ਵੱਲ ਟੇਢੀ ਨਜ਼ਰ ਨਾਲ ਦੇਖਿਆ ਅਤੇ ਕਿਹਾ, 'ਤੇਰੇ ਕੰਨ ਵਿਚ ਇਹ ਕੀਹਨੇ ਫੂਕ ਮਾਰੀ ਹੈ ਕਿ ਤੂੰ ਅਤੇ ਮੈਂ ਇਕ ਹੀ ਘਰਾਨੇ ਤੋਂ ਹਾਂ।'
ਬਟੇਰ ਨੇ ਕਿਹਾ, 'ਤਾਂ ਫਿਰ ਮੈਨੂੰ ਇਹ ਦੱਸਣਾ ਹੀ ਪਵੇਗਾ ਕਿ ਮੇਰੀ ਉਡਾਰੀ ਤੁਹਾਡੇ ਨਾਲੋਂ ਵੀ ਉੱਚੀ ਹੈ। ਮੇਰੀ ਆਵਾਜ਼ ਤੁਹਾਡੇ ਨਾਲੋਂ ਵੀ ਵੱਧ ਮਿੱਠੀ ਹੈ ਅਤੇ ਮੈਂ ਗਾ ਕੇ ਵੀ ਦੂਸਰੇ ਜੀਵਾਂ ਨੂੰ ਖੁਸ਼ੀ ਦਿੰਦਾ ਹਾਂ, ਜਦ ਕਿ ਤੁਸੀਂ ਨਾ ਕਿਸੇ ਨੂੰ ਖੁਸ਼ੀ ਦੇ ਸਕਦੇ ਹੋ ਅਤੇ ਨਾ ਸੁੱਖ ਪਹੁੰਚਾ ਸਕਦੇ ਹੋ।'
ਗਰੁੜ ਗਰਜਿਆ, 'ਖੁਸ਼ੀ ਅਤੇ ਸੁਖ ਦੇ ਬੱਚੇ। ਇਕ ਪੰਜਾ ਮਾਰ ਦਊਂਗਾ ਤਾਂ ਸਾਹ ਨਿਕਲ ਜਾਏਗਾ। ਤੂੰ ਮੇਰੇ ਪੰਜੇ ਦੇ ਬਰਾਬਰ ਵੀ ਨਹੀਂ ਹੈਂ ਅਤੇ ਵੱਧ ਚੜ੍ਹ ਕੇ ਗੱਲਾਂ ਕਰ ਰਿਹਾ ਹੈਂ। ਇਸ ਤੇ ਬਟੇਰ ਉੱਡ ਕੇ ਗਰੁੜ ਦੀ ਪਿੱਠ 'ਤੇ ਜਾ ਬੈਠਾ ਅਤੇ ਉਸ ਦੇ ਖੰਭ ਨੋਚਣ ਲੱਗਾ। ਗਰੁੜ ਖਿਝ ਕੇ ਉੱਚੀ ਤੋਂ ਉੱਚੀ ਉਡਾਰੀ ਭਰਨ ਲੱਗਾ ਤਾਂ ਕਿ ਉਹ ਕਿਸੇ ਤਰ੍ਹਾਂ ਉਸ ਨੂੰ ਹੇਠਾਂ ਸੁੱਟ ਸਕੇ ਪਰ ਉਹ ਵੀ ਜੰਮਕੇ ਬੈਠਾ ਹੋਇਆ ਸੀ। ਆਖਿਰ ਥੱਕ ਕੇ ਗਰੁੜ ਨੂੰ ਵੀ ਹੇਠਾਂ ਲੱਥਣਾ ਪਿਆ। ਉਹ ਪਹਿਲਾਂ ਹੀ ਗੁੱਸੇ ਦਾ ਭਰਿਆ ਹੋਇਆ ਸੀ ਕਿ ਉਸੇ ਸਮੇਂ ਪਤਾ ਨਹੀਂ ਕਿੱਥੋਂ ਇਕ ਨਿੱਕਾ ਜਿਹਾ ਕਨਖਜੂਰਾ ਨਿਕਲ ਆਇਆ। ਇਹ ਸੀਨ ਦੇਖ ਕੇ ਹੱਸਦਾ-ਹੱਸਦਾ ਲੋਟ-ਪੋਟ ਹੋ ਗਿਆ।
ਗਰੁੜ ਨੇ ਬੜੇ ਗੁੱਸੇ ਨਾਲ ਉਸ ਵੱਲ ਦੇਖਦੇ ਹੋਏ ਪੁੱਛਿਆ, 'ਉਏ ਧਰਤੀ 'ਤੇ ਰਿੜ੍ਹਨ ਵਾਲੇ ਕੀੜੇ, ਤੈਨੂੰ ਕਿਹੜੀ ਗੱਲ 'ਤੇ ਹਾਸਾ ਆ ਰਿਹਾ ਹੈ?'
ਇਸ ਗੱਲ 'ਤੇ ਕਿ ਤੁਸੀਂ ਇਕ ਘੋੜਾ ਬਣ ਗਏ ਹੋ ਅਤੇ ਉਹ ਵੀ ਇਕ ਛੋਟੇ ਜਿਹੇ ਬਟੇਰ ਦਾ। ਇਸ 'ਤੇ ਗਰੁੜ ਗੁੱਸੇ ਨਾਲ ਚੀਕਿਆ, 'ਚਲੇ ਜਾਹ ਇਥੋਂ ਆਪਣਾ ਰਾਹ ਨਾਪ, ਇਹ ਸਾਡੇ ਦੋਵਾਂ ਭਰਾਵਾਂ ਦਾ ਘਰੇਲੂ ਮਾਮਲਾ ਹੈ, ਤੂੰ ਕੌਣ ਹੁੰਨੈ ਇਸ ਵਿਚ ਦਖਲ ਦੇਣ ਵਾਲਾ।'
-ਖਲੀਲ ਜਿਬਰਾਨ
36
« on: May 18, 2012, 04:42:38 PM »
ਡਾਢਾ ਜ਼ਾਲਿਮ ਯਾਰੋ ਇਹ ਯੁਗ ਹੁਣ ਦਾ ਹੈ।
ਅਰਜ਼ ਕਿਸੇ ਮਜ਼ਲੂਮ ਦੀ ਕਿਹੜਾ ਸੁਣਦਾ ਹੈ।
ਮਿਰਗ ਸੁਨਹਿਰੀ ਦੇਖ ਕੇ ਮਨ ਲਲਚਾਉਂਦਾ ਹੈ,
ਬੰਦਾ ਬੈਠਾ ਜਾਲ ਨਵੇਂ ਨਿਤ ਬੁਣਦਾ ਹੈ।
ਵਾਰ-ਵਾਰ ਫਿਰ ਗ਼ਲਤੀ ਤੇ ਪਛਤਾਉਂਦਾ ਹੈ,
ਇਕ ਦਿਨ ਵੋਟਰ ਆਪਣਾ ਨੇਤਾ ਚੁਣਦਾ ਹੈ।
ਉੱਚੇ-ਉੱਚੇ ਨਾਅਰੇ ਥਾਂ-ਥਾਂ ਲਗਦੇ ਨੇ,
ਖੌਰੇ ਨੇਤਾ ਨੂੰ ਹੁਣ ਉੱਚਾ ਸੁਣਦਾ ਹੈ।
ਡਰਦਾ ਹੈ ਕਿ ਉਸ ਦਾ ਨਾਂਅ ਮਿਟ ਜਾਵੇ ਨਾ,
ਪੱਥਰਾਂ ਉਤੇ ਮੁੜ-ਮੁੜ ਨਾਂਅ ਉਹਦਾ ਖੁਣਦਾ ਹੈ।
ਮਿੱਟੀ ਦੇ ਵਿਚ ਲਾਲ ਗੁਆਚੇ ਦੇਖੇ ਨੇ,
ਮੁੱਲ ਕਦੋਂ ਹੁਣ ਪੈਂਦਾ ਏਥੇ ਗੁਣ ਦਾ ਹੈ।
ਸੋਚਾਂ ਦੇ ਵਿਚ ਵਹਿਕੇ ਕਵਿਤਾ ਲਿਖਦਾ ਹੈ,
ਦਿਨ-ਦਿਹਾੜੇ ਕੋਮਲ ਸੁਪਨੇ ਬੁਣਦਾ ਹੈ।
ਡਾ: ਹਰਨੇਕ ਸਿੰਘ ਕੋਮਲ
37
« on: May 18, 2012, 04:39:08 PM »
ਰਾਹੀ ਦਾ ਜੋ ਰਿਸ਼ਤਾ ਹੁੰਦੈ ਛਾਵਾਂ ਨਾਲ
ਓਹੀ ਘਰ ਦਾ ਅਸਲੀ ਰਿਸ਼ਤਾ ਮਾਵਾਂ ਨਾਲ।
ਉਹਦੀ ਨਜ਼ਰ ਨੇ ਜਦੋਂ ਵਿਦਾਇਗੀ ਮੰਗੀ ਸੀ,
ਜੀਅ ਕਰਦਾ ਸੀ ਮੈਂ ਵੀ ਉਹਦੇ ਜਾਵਾਂ ਨਾਲ।
ਜਿਧਰੋਂ ਚੰਦਰਾ ਹੰਸਾਂ ਵਾਂਗ ਉਹ ਆਉਂਦਾ ਸੀ,
ਅੰਤਾਂ ਦਾ ਹੁਣ ਮੋਹ ਹੈ ਉਨ੍ਹਾਂ ਰਾਹਵਾਂ ਨਾਲ।
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਜ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।
ਖਾਲਾਂ, ਨਾਲੇ ਕੀ 'ਮੋਹਨ' ਨੂੰ ਰੋਕਣਗੇ,
ਵਾਹ ਪੈਂਦਾ ਹੈ ਉਹਦਾ ਨਿਤ ਦਰਿਆਵਾਂ ਨਾਲ।
ਮੋਹਨ ਸ਼ਰਮਾ
38
« on: May 18, 2012, 04:32:43 PM »
ਥੋੜ੍ਹਾ-ਥੋੜ੍ਹਾ ਬਦਲਿਆ ਰੁਖ਼ ਹਵਾਵਾਂ ਨੇ,
ਆਣ ਬਨੇਰੇ ਦਸਤਕ ਦਿੱਤੀ ਕਾਵਾਂ ਨੇ।
ਦਿਲ ਮੇਰੇ ਵਿਚ ਖ਼ੁਸ਼ੀਆਂ ਈਕਣ ਉੱਗੀਆਂ ਨੇ
ਭਰਿਆ ਜਿਵੇਂ ਹੁੰਗਾਰਾ ਲਗਦਾ ਚਾਵਾਂ ਨੇ।
ਦਰਵਾਜ਼ੇ ਵੀ ਮੰਜ਼ਿਲ ਦੇ ਹੁਣ ਖੁੱਲ੍ਹੇ ਨੇ,
ਬਾਹਾਂ ਜਿਵੇਂ ਫੈਲਾਈਆਂ ਹੋਵਣ ਰਾਵ੍ਹਾਂ ਨੇ।
ਦੁਸ਼ਮਣ ਵੀ ਹੁਣ ਸੱਜਣ ਬਣਕੇ ਮਿਲਦੇ ਨੇ,
ਲਗਦਾ ਰੰਗ ਵਿਖਾਇਆ ਉਨ੍ਹਾਂ ਦੁਆਵਾਂ ਨੇ।
ਪਹਿਲਾਂ ਵੀ ਅਸੀਂ ਦੂਰ ਦਿਲਾਂ ਤੋਂ ਹੁੰਦੇ ਨਾ,
ਸਾਨੂੰ ਤਾਂ ਮਰਵਾਇਆ ਬਸ ਸਲ੍ਹਾਵਾਂ ਨੇ।
ਇਹ ਜ਼ਿੰਦਗੀ ਦੀ ਉਲਝੀ ਤਾਣੀ ਸੁਲਝੀ ਏ,
ਬੁਰੇ ਵਕਤ ਦੀਆਂ ਢਲੀਆਂ ਜਿਵੇਂ ਬਲਾਵਾਂ ਨੇ।
ਵਰ੍ਹਿਆਂ ਪਿਛੋਂ ਰੌਣਕ ਮੁੜ ਕੇ ਪਰਤੀ ਏ,
ਸਜੀਆਂ-ਸਜੀਆਂ ਲੱਗੀਆਂ 'ਪਾਰਸ' ਥਾਵਾਂ ਨੇ।
ਥੋੜ੍ਹਾ-ਥੋੜ੍ਹਾ ਬਦਲਿਆ ਰੁਖ਼ ਹਵਾਵਾਂ ਨੇ,
ਆਣ ਬਨੇਰੇ ਦਸਤਕ ਦਿੱਤੀ ਕਾਵਾਂ ਨੇ।
ਪ੍ਰਤਾਪ 'ਪਾਰਸ' ਗੁਰਦਾਸਪੁਰੀ
39
« on: May 18, 2012, 04:29:56 PM »
ਕੰਧ ਤੇ ਲਿਖੀ ਇਬਾਰਤ ਪੜ੍ਹ
ਹੋਰਾਂ ਦੇ ਸਿਰ ਦੋਸ਼ ਨਾ ਮੜ੍ਹ
ਹੈਂਕੜ ਨਾਲ ਉਸਾਰਿਆ ਜੋ
ਢਹਿ ਢੇਰੀ ਹੋ ਜਾਣਾ ਗੜ੍ਹ
ਪੜ੍ਹ-ਲਿਖ ਪੁੱਠੇ ਕੰਮ ਕਰੇਂ
ਤੈਥੋਂ ਤਾਂ ਚੰਗਾ ਅਨਪੜ੍ਹ
ਮਿਹਨਤ ਕਰਕੇ ਅੱਗੇ ਵਧ
ਦੂਜਿਆਂ 'ਤੇ ਨਾ ਐਵੇਂ ਸੜ
ਪਰਨਾਰੀ, ਪਰਧਨ 'ਗੁਰਚੇਤ'
ਪੁਆੜਿਆਂ ਦੀ ਅਸਲੋਂ ਹਨ ਜੜ੍ਹ
ਪਰਾਈ ਆਸ ਤਕਾਉਂਦੇ ਕੋਲ
'ਫੱਤੇਵਾਲੀਆ' ਕਦੇ ਨਾ ਖੜ੍ਹ।
ਗੁਰਚੇਤ ਸਿੰਘ ਫੱਤੇਵਾਲੀਆ
40
« on: May 18, 2012, 04:22:35 PM »
ਆਤਮਾ ਸਰੀਰ ਦੀ ਚੇਤਨ ਸ਼ਕਤੀ ਹੈ। ਜਦੋਂ ਆਤਮਾ ਸਰੀਰ ਨੂੰ ਚੇਤਨ ਸ਼ਕਤੀ ਦੇਣਾ ਬੰਦ ਕਰ ਦਿੰਦੀ ਹੈ ਤਾਂ ਮਨੁੱਖ ਮਰ ਜਾਂਦਾ ਹੈ, ਸਰੀਰ, ਮਨ ਅਤੇ ਆਤਮਾ ਦਾ ਸੰਜੋਗ ਹੀ ਮੌਤ ਹੈ। ਸੰਸਾਰ ਵਿਚ ਸੰਜੋਗ-ਵਿਜੋਗ ਦੀ ਕਾਰ, ਪ੍ਰਮਾਤਮਾ ਦੇ ਹੁਕਮ ਨਾਲ ਚਲਦੀ ਹੈ। ਇਹ ਘਰ ਜਿਹੜੇ ਅਸੀਂ ਬਣਾਏ ਹਨ, ਉਹ ਸਦਾ ਨਹੀਂ ਰਹਿਣੇ। ਜਿਹੜੇ ਮਹਿਲ ਦਾ ਸੁਖ ਅਸੀਂ ਮਾਣ ਰਹੇ ਹਾਂ, ਇਹ ਸਾਰੇ ਸੁਖ ਸਾਨੂੰ ਸਦਾ ਵਾਸਤੇ ਨਹੀਂ ਮਿਲਣੇ। ਇਸ ਘਰ ਵਿਚ ਜਿਸ ਦਿਨ ਤੇਰੀ ਮੌਤ ਹੋ ਜਾਣੀ ਹੈ, ਘਰ ਦੇ ਜਿੰਨੇ ਬੰਦੇ ਹਨ, ਜਿਨ੍ਹਾਂ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ, ਉਨ੍ਹਾਂ ਨੇ ਚੁੱਕ ਕੇ ਘਰ ਤੋਂ ਬਾਹਰ ਕੱਢ ਦੇਣਾ ਹੈ। ਇਸ ਵਾਸਤੇ ਸਤਿਗੁਰੂ ਸਮਝਾਉਂਦੇ ਹਨ ਕਿ ਇਸ ਆਤਮਾ ਨੂੰ ਉਸ ਸੱਚੇ ਪ੍ਰਮਾਤਮਾ ਨਾਲ ਜੋੜੋ, ਜਿਸ ਨਾਲ ਤੁਹਾਨੂੰ ਮਾਣ ਪ੍ਰਾਪਤ ਹੋਣਾ ਹੈ। ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿਚ ਢਹਿ ਪਿਆ, ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ 'ਸਤਿਗੁਰੂ' ਸਿੱਖੀ ਦੀ ਦਾਤ ਬਖਸ਼ੋ। ਜਿਸ ਉੱਤੇ ਉਸ ਦੀ ਕਿਰਪਾ ਹੋ ਜਾਂਦੀ ਹੈ, ਉਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹ ਮਨੁੱਖ ਉਸ ਸੱਚੇ ਪ੍ਰਭੂ ਨਾਲ ਚਿੱਤ ਜੋੜਦੇ ਹਨ। ਜਿਨ੍ਹਾਂ ਅੰਦਰ ਭਰੋਸਾ ਹੈ, ਵਿਸ਼ਵਾਸ ਹੈ ਅਤੇ ਉਹ ਹੀ ਇਹ ਦਾਨ ਪ੍ਰਾਪਤ ਕਰਦੇ ਹਨ। ਜਿਹੜੇ ਸਤਿਗੁਰੂ ਦੀ ਗੋਦ ਮੰਗਦੇ ਹਨ, ਖੁਸ਼ੀਆਂ, ਰਾਜ ਭਾਗ ਉਨ੍ਹਾਂ ਦੇ ਪੈਰ ਚੁੰਮਦੀ ਹੈ।
ਸਰਬ ਰੋਗ ਕਾ ਅਉਖਦੁ ਨਾਮ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 274)
-ਰਾਜਬੀਰ ਕੌਰ
Pages: 1 [2] 3 4 5 6 7 ... 12
|