ਓਂਕਾਰ ਉਸਦਾ ਨਾਂ ਸੀ।
ਉਹ ਇਕ ਰਾਤ ਕੁਮਾਰ ਦੇ ਘਰ ਆਇਆ, ਜਿਵੇਂ ਕੋਈ ਪ੍ਰੇਤ ਆਵੇ ਹਵਾ ਵਾਂਗ ਘਰ ਦੇ ਬੂਹੇ ਵੱਲ ਵਗਦਾ। ਕੁਮਾਰ ਸਾਹਿਬ ਅਤਿਅੰਤ ਖ਼ੁਸ਼ ਸੀ ਉਸ ਨੂੰ ਮਿਲਕੇ, ਕਿਉਂਕਿ ਓਂਕਾਰ ਨੇ ਬਚਨ ਦਿੱਤਾ ਸੀ ਕਿ ਉਹ ਕੁਮਾਰ ਨੂੰ ਧਨਵਾਨ ਬਣਾਵੇਗਾ; ਬਹੁਤ ਪੈਸੇ ਮਿਲਣਗੇ, ਜੇ ਇਸ ਦੇ ਬਦਲੇ ਉਹ ਆਵਦੀ ਇਕ ਧੀ ਓਂਕਾਰ ਨੂੰ ਦੇਵੇ। ਸਿਰਫ਼ ਇਕ ਧੀ ਦੇਣੀ ਸੀ ਬੇਹੱਦ ਦੌਲਤ ਲਈ।ਇੰਝ ਤਾਂ ਹੈ ਨਹੀਂ, ਜਿਵੇਂ ਸੋਨੇ ਵਰਗਾ ਮੁੰਡਾ ਦੇਣਾ ਹੋਵੇ। ਕੁਮਾਰ ਕੋਲ ਤਿੰਨ ਬੇਟੀਆਂ ਸਨ, ਕੇਵਲ ਇਕ ਪੁੱਤਰ। ਸਗੋਂ ਸਿਰ ਦਰਦੀ ਘਟੂਗੀ। ਪੈਸੇ ਦੇ ਲਾਲਚ ਵਿਚ ਸੌਦਾ ਮਨਜ਼ੂਰ ਸੀ। ਓਂਕਾਰ ਨੇ ਦਾਜ ਮੰਗਣ ਦੀ ਥਾਂ ਆਪ ਦਾਜ ਦੇਣਾ ਸੀ! ਘਰ ਦੀ ਕੰਗਾਲੀ ਇਕ ਪਾਪ ਨਾਲ ਮਿਟ ਜਾਣੀ ਸੀ। ਸਾਨੂੰ ਸਭ ਨੂੰ ਹੀ ਪਤਾ, ਕਿ ਲਾਲਚ ਬੁਰੀ ਬਲਾ ਹੈ।ਇਵੇਂ ਤਾਂ ਹੈ ਨਹੀਂ ਕਿ ਕੁੜੀਆਂ ਮਾਂ-ਪਿਓ ਦੀ ਹਿਫਾਜਤ, ਜਾਂ ਆਸਰਾ ਦਿੰਦੀਆਂ ਜਿਵੇਂ ਮੁੰਡੇ ਦਿੰਦੇ ਹਨ। ਇੱਦਾਂ ਤਾ ਨਹੀਂ ਜਿਵੇਂ ਪੁੱਤਰ ਘਰ ਬੈਠੇ ਭੰਗ ਖਾਂਦੇ ਹੋਣ ਅਤੇ ਆਵਦੇ ਫਰਜ ਨੂੰ ਭੁੱਲੀ ਬੈਠੇ ਹੋਣ? ਮੁੰਡੇ ਕੰਮਚੋਰ? ਇਵੇਂ ਕਦੇ ਹੋ ਸਕਦਾ? ਕੁੜੀਆਂ ਤਾਂ ਅੇਵੇਂ ਹੁੰਦੀਆਂ ਹਨ, ਮੁੰਡੇ ਹਮੇਸ਼ਾਂ ਕਮਾਊ ਹੁੰਦੇ ਹਨ। ਨਾਲੇ ਇੰਨ੍ਹੇ ਅਮੀਰ ਆਦਮੀ ਨਾਲ ਤਾਂ ਕੁੜੀ ਸੁਖੀ ਹੀ ਰਵੇਗੀ?
ਜਦ ਦਰਵਾਜ਼ਾ ਖੜਕਿਆ, ਕੁਮਾਰ ਨੇ ਖ਼ੁਸ਼ੀ ਨਾਲ ਬੂਹਾ ਖੋਲ੍ਹ ਕੇ ਸਭ ਤੋਂ ਨਿੱਕੀ ਧੀ ਅੱਗੇ ਕਰ ਦਿੱਤੀ। ਸੌਦੇ ਦੇ ਵੇਰਵੇ’ਚ ਸ਼ਾਦੀ ਦਾ ਸੁਆਲ ਹੀ ਨਹੀਂ ਸੀ। ਪਾਪੀ ਪੇਟ ਦਾ ਸਵਾਲ ਸੀ। ਦੁਨੀਆ ਵਿਚ ਕੋਈ ਪੁੱਤਰੀ ਨਾ ਰਹਿ ਜਾਵੇ ਪਰ ਬੇਅੰਤ ਛੜਿਆਂ ਦੀਆਂ ਫ਼ੌਜਾਂ ਤਾ ਹੋਣ! ਕੁਮਾਰ ਲਈ ਤਾਂ ਕੁੜੀ ਦਾ ਮੁੱਲ ਨਹੀਂ ਸੀ।ਲੜਕੀ ਤਾਂ ਮਾਂ-ਪਿਓ ਲਈ ਵਿਘਨ ਬੋਝ ਹੈ। ਇਸ ਸੋਚ ਨਾਲ ਕੁਮਾਰ ਨੇ ਆਵਦਾ ਮਨ ਹਲਕਾ ਪਹਿਲਾਂ ਹੀ ਕਰ ਲਿਆ ਸੀ।
ਉਂਝ ਮੁੰਡਾ ਤਾਂ ਸੱਤਵੀਂ ਵਾਰੀ ਮਿਲਿਆ। ਛੇ ਕੁੜੀਆਂ ਹੋਈਆਂ, ਪਰ ਤਿੰਨ ਕੁੱਖ’ਚੋਂ ਨਿਕਲਦੀਆਂ ਮਾਰ ਦਿੱਤੀਆਂ। ਮੁੰਡਾ ਤਾਂ ਹਾਲੇ ਪੰਜ ਵਰ੍ਹਿਆਂ ਦਾ ਸੀ। ਵੀਹ ਸਾਲਾਂ ਲਈ ਕੁਮਾਰ ਦੀ ਕੋਸ਼ਿਸ਼ ਸੀ ਇਕ ਪੁੱਤਰ ਪੈਦਾ ਕਰਨ ਦੀ। ਪਰ ਰਬ ਤਾਂ ਕੁੜੀ ਉੱਤੇ ਕੁੜੀ ਹੀ ਭੇਜੀ ਗਿਆ! ਇਸ ਦੇ ਹੱਲ ਲਈ ਪੰਡਤ ਤੋਂ ਸਲਾਹ ਲਈ। “ਭਗਵਾਨ ਤੈਨੂੰ ਮੁੰਡਾ ਦਊਗਾ ਜੇ ਤੂੰ ਨ੍ਹਾਉਂਗਾ ਨਹੀਂ”। ਸ਼ੰਕਰ ਹੋਣ ਤਕ ਕੁਮਾਰ ਨ੍ਹਾਇਆ ਨਹੀਂ।
ਸਾਰੇ ਪਿੰਡ ਵਿਚ ਲੋਕ ਉਸਦਾ ਮਖੌਲ ਉਡਾਉਂਦੇ ਸੀ, ਪਰ ਉਸਨੂੰ ਕੋਈ ਪਰਵਾਹ ਨਹੀਂ ਸੀ। ਵਹੁਟੀ ਨੂੰ ਵੀ ਮਜ਼ਬੂਰੀ ਵੱਸ ਇਸ ਹਾਲ ਵਿਚ ਉਸਦਾ ਸਾਂਝੀਵਾਲ ਬਣਕੇ ਉਸਨੂੰ ਖ਼ੁਸ਼ ਰੱਖਣਾ ਪਿਆ ਸੀ। ਪੱਕਾ ਸੀ ਕਿ ਭਗਵਾਨ ਉਸਨੂੰ ਮੁੰਡਾ ਦੇਵੇਗਾ। ਵੱਡੀ ਕੁੜੀ ਦਾ ਨਾਂ ਵਿੱਦਿਆ ਸੀ। ਉਸ ਤੋਂ ਬਾਅਦ ਆਈ ਰੀਟਾ। ਰੀਟਾ ਹੋਣ ਤੋਂ ਬਾਅਦ ਪੰਡਤ ਨਾਲ ਗੱਲ ਹੋਈ। ਫਿਰ ਤੀਜੀ ਧੀ, ਸੀਮਾ ਹੋਈ। ਸੀਮਾ ਕਿਸਮਤ ਵਾਲੀ ਸੀ ਕਿਉਂਕਿ ਹਾਲੇ ਤੱਕ ਸਾਇੰਸ ਦਾ ਕਮਾਲ, ਇਲਮ ਦਾ ਸਭ ਤੋਂ ਵਡਾ ਅਜੂਬਾ, ਸਕੈਂਨਰ, ਚਮੋਲੀ, ਉੱਤਰਾਖਾਂਡ ਤੱਕ ਅੱਪਿੜਆ ਨਹੀਂ ਸੀ। ਇਸ ਦਾ ਜਾਦੂ ਸੀ ਕਿ ਜਨਮ ਤੋਂ ਪਹਿਲਾਂ ਕਾਕੀ ਦਾ ਪਤਾ ਲੱਗ ਜਾਂਦਾ ਸੀ। ਕਈ ਡਾਕਟਰ ਖ਼ੁਸ਼ ਸਨ ਪੈਸੇ ਲੈ ਕੇ ਭਰੂਣ ਦਾ ਕਤਲ ਕਰਨ ਲਈ। ਕੁਮਾਰ ਨੇ ਦੋਂ ਵਾਰੀ ਪੈਸੇ ਦੇ ਕੇ ਇਸ ਤਰ੍ਹਾਂ ਧੀਆਂ ਮਰਵਾਈਆਂ। ਇਕ ਨੂੰ ਉਨ੍ਹੇ ਖੁਦ ਗਲ਼ ਉੱਤੇ ਅੰਗੂਠਾ ਲਾ ਕੇ ਖਤਮ ਕਰ ਦਿੱਤਾ।
ਕੁਮਾਰ ਨੇ ਤਿੰਨਾਂ ਨੂੰ ਆਖਿਆ, ਕੌਣ ਓਂਕਾਰ ਨਾਲ ਵਿਆਹ ਕਰਨ ਲਈ ਤਿਆਰ ਸੀ। ਵਿੱਦਿਆ ਦੀ ਖ਼ਾਹਸ਼ ਸੀ ਪੈਸੇ ਵਾਲੇ ਨਾਲ ਫੇਰੇ ਲੈਣ ਦੀ ਪਰ ਇਸ ਤਰੀਕੇ ਨਾਲ ਨਹੀਂ ਅਤੇ ਉਸ ਨੇ ਸੁਣਿਆ ਓਂਕਾਰ ਤਾ ਬੁੱਢਾ ਸੀ। ਰੀਟਾ ਬਾਪੂ ਨੂੰ ਖ਼ੁਸ਼ ਕਰਨ ਤੋਂ ਪਹਿਲਾ ਖੂਹ’ਚ ਛਾਲ ਮਾਰਨ ਲਈ ਤਤਪਰ ਸੀ; ਉਸਨੇ ਕਿਹਾ ਸੀ “ਬਿਲਕੁਲ ਨਹੀਂ!”। ਕੁਮਾਰ ਕਾਵੜ ਗਿਆ, ਪਰ ਸੀਮਾ (ਜਿਸ ਨੂੰ ਪਿਤਾ ਨਾਲ ਬਹੁਤ ਡੂੰਘਾ ਪਿਆਰ ਸੀ, ਬਾਬਲ ਨੂੰ ਇਸ ਹਾਲ ਵਿਚ ਵੇਹ ਨਹੀਂ ਸੀ ਸਕਦੀ) ਨੇ ਬਾਪ ਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਵਿਆਹ ਕਬੂਲ ਸੀ। ਉਂਝ ਬਾਪ ਤਾਂ ਕੋਈ ਫਰਿਸ਼ਤਾ ਨਹੀਂ ਸੀ। ਇਕ ਵਾਰੀ ਧੀਆਂ ਦਾ ਬੋਜ ਘਟਾਉਣ ਲਈ ਉਨ੍ਹੇ ਸੀਮਾ ਨੂੰ ਜੰਗਲ’ਚ ਛੱਡ ਦਿੱਤਾ ਸੀ। ਪਰ ਮਾਂ ਨੇ ਚੁਕ ਕੇ ਵਾਪਸ ਘਰ ਲਿਆਂਦੀ। ਇਸ ਲਈ ਜਦ ਕੁਮਾਰ ਨੇ ਵੇਖਿਆ ਸੀਮਾ ਨੇ ਰੋਸ ਨਹੀਂ ਸੀ ਦਿਖਾਇਆ, ਹੁਣ ਉਹਨੂੰ ਦਰ ਅੱਗੇ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਸੀ। ਮਾਂ ਨੂੰ ਤਾ ਦੁਖ ਲੱਗਿਆ, ਪਰ ਉਹ ਕੀ ਕਰ ਸਕਦੀ ਸੀ? ਉਸ ਨੂੰ ਤਾਂ ਆਵਦੀ ਬਾਲੜੀ ਨਾਲ ਪੇ੍ਰਮ ਸੀ। ਪਰ ਇਹ ਹੈ ਇੰਡਿਆ, ਅਤੇ ਇਸ ਇਕ ਪਾਪ ਨਾਲ ਵਿਦਿਆ ਅਤੇ ਰੀਟਾ ਦੀਆਂ ਸ਼ਾਦੀਆਂ ਹੋ ਸਕਦੀਆਂ ਸਨ। ਉਂਝ ਅੰਦਰੋਂ ਕਾਵੜ ਨਾਲ ਮਾਂ ਦੀ ਰੱਤ ਪਈ ਸੜਦੀ ਸੀ। ਓਂਕਾਰ ਨੂੰ ਵਹਿੰਦੀ ਮਾਂ ਪਿੱਛੇ ਹੋ ਗਈ, ਹੱਥ ਮੂੰਹ ਉਪਰ, ਨੈਣ ਹੈਰਾਨ, ਖ਼ੌਫ਼ ਨਾਲ। ਇਹ ਕਿਹੜਾ ਆਭਾਸ ਸੀ ਭਿਆਨਕ ਸੁਫਨੇ ਵਿੱਚੋਂ? ਭੈਣਾਂ ਵੀ ਸਹਿਮ ਗੀਆਂ, ਬੇਗਾਨੇ ਬੰਦੇ ਨੂੰ ਵੇਖ ਕੇ। ਪਿਓ ਨੇ ਓਂਕਾਰ ਬਾਰੇ ਦੱਸਿਆ ਸੀ, ਪਰ ਪਹਿਲੀ ਵਾਰੀ ਟੱਬਰ ਨੇ ਉਸਨੂੰ ਤੱਕਿਆ। ਸੀਮਾ ਵੀ ਡਰ ਗਈ। ਪਰ ਕੀ ਕਰ ਸਕਦੀ ਸੀ? ਇਹ ਆਦਮੀ ਹੁਣ ਉਸਦਾ ਮਾਲਿਕ ਸੀ। ਕੁੜੀ ਨੂੰ ਕੁਰਬਾਨ ਕਰ ਦਿੱਤਾ ਸੀ, ਪੈਸਿਆ ਲਈ।
ਸੀਮਾ ਨੇ ਧਿਆਨ ਨਾਲ ਓਂਕਾਰ ਦੀਆਂ ਅੱਖਾਂ ਵਿੱਚ ਝਾਕਿਆ।ਖਬਰੇ ਰਾਤ ਦੀ ਗੱਲ ਸੀ, ਪਰ ਹਨੇਰੇ ਵਿੱਚ ਆਨੇ ਪੀਲੇ ਜਾਪਦੇ ਸਨ, ਧੀਰਆਂ ਰਾਤ ਤੋਂ ਵੀ ਕਾਲੀਆਂ, ਪਰ ਕੱਚ ਵਾਂਗ ਲਿਸ਼ਕ ਦੀਆਂ। ਕੀ ਪਤਾ ਘਰ ਦੇ ਦਰਵਾਜ਼ੇ’ਚੋਂ ਬਾਹਰ ਡਿੱਗਦੀ ਰੋਸ਼ਨੀ ਸੀਮਾ ਨੂੰ ਭੁਲੇਖੇ ‘ਚ ਪਹੁੰਦੀ ਸੀ?
ਮੁਖੜਾ ਕਹੀ ਵਾਂਗ ਉਪਰੋ ਚੌੜਾ, ਹੇਠੋ ਸੌੜਾ ਸੀ, ਨੱਕ ਇੱਲ ਵਰਗਾ ਤਿੱਖਾ ਸੀ। ਉਂਝ ਅੱਖਾਂ ਵੀ ਉਕਾਬੀ ਸਨ, ਜਿਵੇਂ ਧੀਰਆਂ ਢਾਲ ਅੰਗੋ ਕੋਈ ਸ਼ਰਾਰਤ ਲੁਕਾਉਂਦੀਆਂ ਸਨ। ਹੋਠ ਚਿਣਕੇ ਸਨ; ਆਲੇ ਦੁਆਲੇ ਮੁੱਛ ਨਹੀਂ ਸੀ, ਪਰ ਠੋਡੀ ਉੱਤੇ ਸੰਤਰੇ ਵਾਲ ਸਨ, ਜਿਹੜੇ ਕੰਨਾਂ ਤੱਕ ਚੜ੍ਹਦੇ ਸੀ, ਜਿਵੇਂ ਕਾਢਾ ਚੜ੍ਹਦਾ ਹੁੰਦਾ। ਦਰਅਸਲ ਦਾੜ੍ਹੀ ਨਿਰਾਲੀ ਸੀ। ਜਮ੍ਹਾਂ ਨਾਰੰਗੀ ਸੀ, ਉਂਝ ਵਿਚ ਵਿਚ ਕਾਲੀਆਂ ਰੇਖਾਂ ਸਨ।ਗੱਲ੍ਹਾਂ ਕੋਲ ਦਾੜ੍ਹੀ ਦੂਧੀ ਸੀ। ਸੀਸ ਉੱਤੇ ਵਾਲ ਵੀ ਸੰਗਤਰੇ ਸਨ, ਇਧਰ ਉਧਰ ਕਾਲੀਆਂ ਕਾਲੀਆਂ ਲੀਕਾਂ ਸਨ। ਸਿਰ ਟੋਪੀ ਨਾਲ ਢਕਿਆ ਕਰਕੇ ਸਾਫ਼ ਦਿੱਸਦਾ ਨਹੀਂ ਸੀ। ਟੋਪੀ ਵੀ ਫਰੰਗੀ ਸ਼ੇਲੀ ਦੀ ਸੀ। ਸਲੇਟੀ ਫਲੈਟ ਕੈਪ।ਲੀੜੇ ਵੀ ਸਲੇਟੀ ਸਨ। ਜਿੰਨਾ ਚੇਹਰਾ ਦਿੱਸਦਾ ਸੀ, ਇਸ ਤਰਾਂ ਦਾ ਅਜੀਬ ਸੀ। ਮੂੰਹ ਉੱਤੇ ਝੁਰੜੀਆਂ ਤਾਂ ਦਿਸਦੀਆਂ ਨਹੀਂ ਸੀ। ਪਰ ਫਿਰ ਵੀ ਆਦਮੀ ਜੁੱਲੜ ਲੱਗਦਾ ਸੀ। ਖਿਸ ਕੇ ਪਿੱਛੇ ਹੋ ਗਈ..ਪਰ ਬਾਪ ਨੇ ਅੱਗੇ ਕਰ ਦਿੱਤੀ, ਓਂਕਾਰ ਵੱਲ।
ਸੀਮਾ ਨੇ ਪਿੱਛੇ, ਆਪਣਿਆਂ ਵੱਲ ਇਕ ਆਖ਼ਰੀ ਝਾਤ ਮਾਰੀ। ਰੱਬ ਜਾਣੇ ਕਦ ਫਿਰ ਟੱਬਰ ਵੇਖੂਗੀ। ਜੇ ਕਦੇ ਓਂਕਾਰ ਵਾਪਸ ਵੀ ਲਿਆਇਆ। ਸੌਦੇ ਤੋਂ ਸ਼ੱਕ ਸੀ ਕਿ ਵਾਪਸੀ ਹੋਣੀ ਨਹੀਂ। ਓਂਕਾਰ ਨੇ ਸੀਮਾ ਨੂੰ ਆਪਣੇ ਪਹੁੰਚਿਆਂ ਵਿਚ ਫੜ ਲਿਆ। ਚਮੋਲੀ ਤੋਂ ਲੈ ਗਿਆ, ਰਾਤ ਦੇ ਚੋਗੇ ਵਿਚ, ਇਕ ਸਾਇਆ। ਸੀਮਾ ਨੂੰ ਅਨੇ੍ਹਰੀ ਹੜੱਪ ਕੇ ਹਜ਼ਮ ਕਰ ਗਈ॥
ਚਲਦਾ...
...
ਆਵਦੇ ਡਰ ਨੂੰ ਕਾਬੂ ਕਰਕੇ ਸੀਮਾ ਓਂਕਾਰ ਨਾਲ ਉਸਦੀ ਵੈਨ ਵਿਚ ਬਹਿ ਗਈ। ਚੁੱਪ ਚਾਪ ਘਰੋਂ ਕੁੜੀ ਨੂੰ ਲੈ ਗਿਆ।ਵੈਨ ਸੜਕਾਂ ਉੱਤੇ ਜੰਗਲਾਂ ਦੇ ਕੋਲ਼ੇ ਚਲੀ ਗਈ। ਇਹ ਅਸਲ ਵਿਚ ਸਿਰਫ ਵੈਨ ਨਹੀਂ ਸੀ, ਪਰ ਟ੍ਰੇੱਲਰ, ਜਿਸ ਵਿਚ ਪਲੰਘ, ਮੇਜ਼ ਅਤੇ ਖੁਰਾ ਸੀਮਾ ਨੂੰ ਦਿੱਸਦੇ ਸੀ।
ਓਂਕਾਰ ਦੀ ਵੈਨ ਖਾਸੀ ਚੌੜੀ ਸੀ ਅਤੇ ਡੂੰਘੀ ਵੀ ਬਹੁਤ। ਟਰੱਕ ਜਿੱਡੀ ਸੀ, ਚਾਰ ਪਹੀਆਂ ਉੱਤੇ ਚਲਦਾ ਫਿਰਦਾ ਮਕਾਨ। ਇਸ ਦੇ ਇਕ ਪਾਸੇ ਇਕ ਵੱਡਾ ਤਾਕ ਸੀ। ਇਸ ਤੋਂ ਛੁੱਟ ਡਰਾਈਵਰ ਦੇ ਪਾਸੇ ਬੂਹਾ ਸੀ, ਨਾਲੇ ਸਵਾਰੀ ਦੇ। ਕਮਰੇ ਵਿਚ ਇਕ ਬਾਹਾਂ ਵਾਲੀ ਕੁਰਸੀ ਸੀ, ਅਤੇ ਇਕ ਸੋਫਾ ਵੀ। ਡਰਾਈਵਰ ਦੇ ਪਾਸਿਓਂ ਪਿੱਛੇ ਝਾਕ ਮਾਰੋ, ਤਾਂ ਕੁਰਸੀਆਂ ਅਤੇ ਮੇਜ਼ ਸੱਜੇ ਪਾਸੇ ਸਨ, ਖੱਬੇ ਪਾਸੇ ਸਾਰੀ ਕੰਧ ਅਲਮਾਰੀਆਂ ਨਾਲ ਢਕੀ ਸੀ। ਅਲਮਾਰੀਆਂ ਵਿਚਾਲੇ ਦੋ ਬਾਰੀਆਂ ਸਨ, ਅਤੇ ਇਕ ਖਾਨਾ ਜਿਸ ਵਿਚ ਟੀਵੀ ਰੱਖਿਆ ਸੀ। ਸੋਫੇ ਦੇ ਇਕ ਪਾਸੇ ਫਰਿਜ ਵੀ ਸੀ। ਸੀਮਾ ਨੂੰ ਇਹ ਸਭ ਉਲਟਾ ਪੁਲਟਾ ਦਿੱਸਿਆ ਕਿਉਂਕਿ ਉਸਨੇ ਸਵਾਰੀ ਦੇ ਪਾਸਿਓਂ ਅੰਦਰ ਵੜਦਿਆਂ ਡਰਾਈਵਰ ਦੇ ਪਿੱਛੇ ਤੱਕਣ ਵਾਲੇ ਸ਼ੀਸ਼ੇ'ਚੋਂ ਦੇਖਿਆ ਸੀ। ਜਦ ਬੈਠ ਗਈ, ਉਸਦੀ ਨਜ਼ਰ ਓਂਕਾਰ ਉੱਤੇ ਰਹੀ। ਓਂਕਾਰ ਦੇ ਮਗਰ ਅੱਖ ਗਈ, ਜਿਉਂ ਓਹ ਸੀਮਾ ਦੇ ਸਾਮਾਨ ਨੂੰ ਕਿਤੇ ਪਿੱਛੇ ਵੈਨ ਵਿਚ ਰੱਖਦਾ ਸੀ। ਫਿਰ ਬੋਲਣ ਤੋਂ ਬਿਨਾਂ ਆਵਦੀ ਸੀਟ ਉੱਤੇ ਆ ਬਹਿ ਗਿਆ। ਇਸ ਤਰਾਂ ਚੁੱਪ ਚਾਪ, ਜਿਵੇਂ ਅਸੀਂ ਪਹਿਲਾਂ ਤਾੜਿਆ, ਜੰਗਲਾਂ ਦੇ ਕੋਲ ਸੜਕਾਂ ਉੱਤੇ ਵੈਨ ਚਲੀ ਗਈ।
ਸੀਮਾ ਓਂਕਾਰ ਵੱਲ ਚੋਰੀ ਚੋਰੀ ਝਾਕ ਲੈਂਦੀ ਸੀ। ਇੰਨਾ ਨੇੜਿਓਂ ਮੂੰਹ ਵੱਧ ਡਰਾਉਣਾ ਲੱਗਦਾ ਸੀ। ਇਕ ਖਿਨ ਲੱਗਿਆ ਜਿਵੇਂ ਸ਼ੇਰ ਦੀ ਸੂਰਤ ਸੀ। ਪਰ ਹਨੇਰੇ ਵਿਚ ਉਸ ਰੜੀ ਸੜਕ ਉੱਤੇ ਰੂਹ ਧੋਖਾ ਵੀ ਖਾ ਸੱਕਦੀ ਸੀ। ਅਕਸਰ ਨਜ਼ਰ ਅੱਗੇ ਹੀ ਰੱਖੀ। ਇਕ ਦੋ ਵਾਰੀ ਹੋਰ ਗਡੀਆਂ ਜਾਂ ਟੱਰਕ ਲੰਘੇ, ਉਨ੍ਹਾਂ ਦੇ ਹਾਰਨ ਹਵਾ'ਚੋਂ ਭੇੜੀਆਂ ਵਾਂਗ ਹੂਕਰਦੇ। ਇਕ ਵਾਰੀ ਪੈਟਰੋਲ ਸਟੇਸ਼ਨ 'ਤੇ ਤੇਲ ਲਈ ਰੁਕੇ ਸਨ। ਇਸ ਤੋਂ ਇਲਾਵਾ ਕੋਈ ਹੋਰ ਇਨਸਾਨ ਨਹੀਂ ਮਿਲਿਆ ਵੇਖਿਆ ਚਾਰ ਘੰਟਿਆਂ ਲਈ। ਫਿਰ ਇਕ ਢਾਬੇ 'ਤੇ ਰੁਕੇ। ਓਂਕਾਰ ਨੇ ਇਸ਼ਾਰੇ ਨਾਲ ਸੀਮਾ ਨੂੰ ਬਾਹਰ ਆਉਣ ਲਈ ਆਹਿਆ।
ਸੀਮਾ ਚੁੱਪ ਚਾਪ ਬਾਹਰ ਖਲੋਈ। ਵਣ ਵਿੱਚੋਂ ਟਿੱਡੀਆਂ ਲਗਾਤਾਰ "ਚਿਰ ਚਿਰ" ਕਰਦੀਆਂ ਸਨ; ਉੱਲੂ "ਭੂੰ ਭੰ"ੂ ਕਰਦੇ, ਪੰਛੀ ਗੁਣ ਗੁਣਾਂਦੇ ਅਤੇ ਬਾਂਦਰ "ਬੜ ਬੜ" ਕਰਦੇ। ਜੰਗਲ ਦਾ ਸਾਰਾ ਸਾਜ਼ ਸਮੂਹ ਸੁਣਦਾ ਸੀ। ਢਾਬੇ ਵਿੱਚੋਂ ਵੀ ਗੀਤ ਸੰਗੀਤ ਆਉਂਦਾ ਸੀ। ਸੀਮਾ ਦੇ ਕੰਨ ਭਰ ਗਏ ਮੁਹੰਮਦ ਰਫੀ ਦੇ ਮਿੱਠੇ ਮਿੱਠੇ ਸੁਰ ਨਾਲ। ਗਾਣਾ ਸੀ, " ਚੌਧਵੀਂ ਕਾ ਚਾਂਦ"।ਨਗਮਾ ਤਾਂ ਕੰਨਾਂ ਲਈ ਮਲ੍ਹਮ ਸੀ, ਪਰ ਜੁੱਟ ਜੋੜਾ ਅਣਜੋੜ ਸੀ। ਓਂਕਾਰ ਸੀਮਾ ਨੂੰ ਅੰਦਰ ਲੈ ਗਿਆ। ਸੀਮਾ ਦੇ ਸਾਹਮਣੇ ਬੈਠਾ ਹੁਣ ਢਾਬੇ ਦੇ ਚਾਨਣ'ਚ ਸਾਫ਼ ਦਿੱਸਦਾ ਸੀ। ਮੁਖੜਾ ਖੋਸੜੇ ਵਾਂਗ ਅਤੇ ਵਿਕਰਾਲ ਸੀ। " ਬਾਪੂ ਨੇ ਤਾਂ ਮੈਨੂੰ ਬਾਬੇ ਹੱਥ ਫੜਾ ਦਿੱਤਾ!", ਸੀਮਾ ਸੋਚ ਸੋਚ ਕੇ ਫਿਕਰ'ਚ ਪੈ ਗਈ। ਇਸ ਬੰਦੇ ਦੇ ਇਰਾਦੇ ਕੀ ਸਨ? ਮੇਰੇ ਨਾਲ ਵਿਆਹ ਕਰਨਾ? ਮੈਨੂੰ ਵੇਚਣਾ? ਨੌਕਰਾਣੀ ਬਣਾਉਣਾ ਜਾਂ ਰਖੇਲ ਬਣਾਉਣਾ! ਯਾਦ ਨਾ ਭੁੱਲੀਂ, ਪਿਤਾ ਜੀ ਨੂੰ ਪੈਸੇ ਮਿਲੇ ਹਨ! ਸੀਮਾ ਦੀਆਂ ਸੋਚਾਂ ਦੀ ਲੜੀ ਓਂਕਾਰ ਦੀ ਆਵਾਜ਼ ਨੇ ਤੋੜ ਦਿੱਤੀ।
" ਹਾਂ ਜੀ ਸੀਮਾ, ਤੂੰ ਕੀ ਖਾਣਾ ਚਾਹੁੰਦੀ ਏ?"। ਮੇਜ਼ ਦੇ ਨਾਲ ਖਾਨਸਾਮਾ ਖੜਾ ਸੀ, ਉਸਦਾ ਢਿੱਡ, ਬਨੈਣ'ਚੋਂ ਲਮਕਦਾ ਸੀ। ਸੀਮਾ ਓਂਕਾਰ ਦਾ ਬੋਲ ਸੁਣ ਕੇ ਹੈਰਾਨ ਹੋ ਗਈ। ਇਸ ਡਰਾਉਣੇ ਬੁੱਢੇ ਦੇ ਮੂੰਹ'ਚੋਂ ਇੰਨੀ ਮਿੱਠੀ ਅਵਾਜ਼? ਜਿਵੇਂ ਕੋਈ ਦੇਵਤਾ ਉਸ ਉੱਤੇ ਡੋਰੇ ਸੁੱਟਦਾ ਹੋਵੇ? ਇਹ ਕਿਹੜੀ ਕੁਦਰਤ ਦੀ ਖੇਡ ਸੀ? ਸੀਮਾ ਨੇ ਅੱਖਾਂ ਮੀਟ ਲਈਆਂ। ਕੀ ਪਤਾ ਜੇ ਉਸ ਨੂੰ ਦੇਖ ਨਾ ਸਕੀ, ਦਿਨ ਸਹਾਰ ਲੇਵੇਗੀ?
" ਸੀਮਾ। ਭੁੱਖ ਤਾਂ ਹੁਣ ਲੱਗੀ ਹੋਵੇਗੀ?। ਪਰੌਂਠੇ ਖਾਣੇ ਨੇ?", ਸੀਮਾ ਨੇ ਕੋਈ ਜਵਾਬ ਨਾ ਦਿੱਤਾ। ਓਂਕਾਰ ਨੇ ਉਸ ਲਈ ਆਡਰ ਦੇ ਦਿੱਤਾ।
" ਤੁਸੀਂ ਜਨਾਬ?", ਖ਼ਾਨਸਮਾਮੇ ਨੇ ਪੁੱਛਿਆ।
" ਸਿਰਫ਼ ਪਾਣੀ ਦਾ ਗਲਾਸ ਲੈਣਾ। ਮੈਂ ਕਦੀ ਨਹੀਂ ਰਾਤ ਨੂੰ ਖਾਂਦਾ", ਹੱਥ ਦੇ ਹੁਲਾਰੇ ਨਾਲ ਸੈਣਤ ਕਰ ਦਿੱਤੀ ਸੀ। ਜਦ ਓਨ੍ਹੇ ਮੁੜ ਕੇ ਦੇਖਿਆ, ਸੀਮਾ ਨੇ ਹਾਲੇ ਵੀ ਅੱਖਾਂ ਮੀਟੀਆਂ ਹੋਈਆਂ ਸਨ। ਓਂਕਾਰ ਨੇ ਪੁਛਿਆ, " ਤੂੰ ਕੀ ਸੋਚਦੀ ਏਂ?"। ਇਕ ਦਮ ਸੀਮਾ ਨੇ ਨੈਣ ਖੋਲ੍ਹ ਕੇ ਉਸਦੇ ਮੁਖ ਵੱਲ ਵੇਖਦੇ ਆਵਦੇ ਸਜਾਏ ਹੋਏ ਖਾਬ ਸੱਧਰ ਉੱਡਾ ਦਿੱਤੇ। ਸਾਹਮਣੇ ਬੈਠਾ ਹੈਵਾਨ ਦੰਦ ਕੱਢਕੇ ਹੁਸਨ ਵੱਲ ਧਿਆਨ ਨਾਲ ਵੇਹੰਦਾ ਸੀ। " ਨੀਂਦਰ ਆਈ ਲੱਗਦੀ ਏ। ਅੱਧੀ ਰਾਤ ਤਾਂ ਹੈ। ਖਾਣ ਤੋਂ ਬਾਅਦ ਸਂੌ ਜਾਵੀਂ। ਉਂਝ ਮੈਂ ਦਿਨੇ ਟ੍ਰੇੱਲਰ'ਚ ਨਹੀਂ ਹੁੰਦਾ, ਬਿਹਤਰ ਹੈ ਤੂੰ ਦਿਨੇ ਸੌਂਵੀਂ, ਰਾਤ ਮੈਨੂੰ ਸਾਥ ਦੇ। ਫਿਕਰ ਨਾ ਕਰ, ਤੇਰਾ ਸਹਿੰਦੜ ਟੱਬਰ ਹੁਣ ਸੈੱਟ ਹੈ। ਉਦਾਸ ਨਾ ਹੋ। ਮੈਂ ਤੇਰੀ ਹਰੇਕ ਆਸ ਪੂਰੀ ਕਰਦੂੰਗਾ"। ਹਾਏ! ਦਿੱਸਦਾ ਇਸੇ ਉਮਰ ਦਾ ਹੈ, ਸੁਣਦਾ ਗਭਰੂ ਹੈ! ਆਵਾਜ਼ ਸੁੱਚੀ, ਚੇਹਰਾ ਬੇਹਾ!
" ਮੇਰੀ ਖਾਹਸ਼ ਹੈ ਤੂੰ ਮੈਨੂੰ ਘਰ ਵਾਪਸ ਲੈ ਕੇ ਜਾ, ਨਹੀਂ ਤਾਂ ਮੈਂ ਇਸੇ ਥਾਂ ਚੀਕ ਕੇ ਕਹਿਣਾ ਤੂੰ ਮੈਨੂੰ ਜਬਰਦਸਤੀ ਲੈ ਕੇ ਭੱਜਿਆ ਏਂ", ਸੀਮਾ ਨੇ ਉਸਨੂੰ ਉਤਰ ਦਿੱਤਾ।
" ਪਰ ਇਹ ਤਾਂ ਝੂੱਠ ਹੈ। ਮੇਰੇ ਕੋਲ਼ ਪੱਰੂਫ ਹੈ ਤੇਰੇ ਬਾਪੂ ਨੇ ਖੁਦ ਤੈਨੂੰ ਮੇਰੇ ਹੱਥ ਦਿੱਤਾ। ਠੀਕ ਸਾਬਤ ਕਰਨ ਦੀ ਲੋੜ ਨਹੀਂ ਹੈ"।
" ਉਫ਼! ਤੁਹਾਡੀ ਨੀਅਤ ਕੀ ਹੈ? ਕੋਈ ਗੱਲਤ..."
"...ਮੈ ਕੋਈ ਪੁੱਠਾ ਕੰਮ ਨਹੀਂ ਕਰਨਾਂ। ਬੇਫਿਕਰ ਰਹਿ। ਤੇਰੇ ਬਾਪੂ ਨੇ ਮੈਤੋਂ ਚੋਰੀ ਕੀਤੀ ਸੀ। ਖਾਣਾ ਨਹੀਂ, ਪੈਸੇ ਨਹੀਂ। ਗਰੀਬ ਬੰਦੇ ਨੂੰ ਇਹ ਗੱਲਾਂ ਤਾਂ ਮੈਂ ਮਾਫ਼ ਕਰ ਸਕਦਾ ਹਾਂ। ਉਨ੍ਹੇ ਇਕ ਕੀਮਤੀ ਚੀਜ਼ ਖੋਹੀ ਸੀ। ਕਹਿੰਦਾ ਸੀ ਆਵਦੀ ਨਿੱਕੀ ਧੀ ਲਈ। ਤਰਸ ਆ ਗਿਆ ਉਸਦੇ ਹਾਲ 'ਤੇ। ਉਸ ਦੇ ਦੋਸ਼ ਦੀ ਸਜ਼ਾ ਲਈ ਮੈਂ ਇਕ ਗੱਲ ਆਖੀ। ਜੇ ਆਵਦੀਆਂ ਧੀਆਂ'ਚੋਂ ਇਕ ਮੈਨੂੰ ਦੇਵਂੇ, ਮੇਰੇ ਸਾਥ ਲਈ, ਮੈਂ ਵਾਇਦਾ ਕਰਦਾਂ ਕਿ ਉਸਨੂੰ ਗਰੀਬੀ'ਚੋਂ ਕੱਢ ਦੇਵਾਂਗਾ। ਉਸ ਧੀ ਨੂੰ ਕੋਈ ਹੱਥ ਨਹੀਂ ਲਾਵੇਗਾ। ਸਾਥ ਚਾਹੀਦਾ ਹੈ"।
" ਕੀ ਗੱਲ ਤੇਰੇ ਕੋਲ਼ੇ ਕੋਈ ਬੇਲੀ ਨਹੀਂ?",
" ਨਹੀਂ। ਮੈਂ ਇਕ ਥਾਂ'ਤੇ ਕਦੀ ਨਹੀਂ ਟਿਕਦਾ। ਟ੍ਰੇੱਲਰ'ਚ ਰਹਿੰਦਾ ਹਾਂ"।
" ਕੁੜੀ ਕਿਉਂ ਮੰਗੀ? ਮੈਨੂੰ ਕੀ ਪਤਾ ਬਈ ਤੂੰ ਗੰਦਾ ਮਰਦ ਨਹੀਂ?",
" ਸੱਚ ਹੈ, ਤੇਰੇ ਬਾਪ ਨੇ ਆਵਦੀ ਸਾਰੀ ਕੰਗਾਲੀ ਧੀਆਂ ਉੱਤੇ ਲਾਈ", ਜਵਾਬ ਆਇਆ।
ਦੋਨੋਂ ਚੁੱਪ ਚਾਪ ਹੋ ਗਏ। ਮਨ ਵਿਚ ਸੀਮਾ ਜਾਣਦੀ ਸੀ ਉਸਦਾ ਪਿਓ ਕਿੱਦਾਂ ਦਾ ਬੰਦਾ ਸੀ। ਸਮਾਜ ਕਿੱਦਾਂ ਦਾ ਸੀ। " ਧੀ ਹੁੰਦੀ ਨਿਧੀ ਵਰਗੀ। ਕੀ ਪਤਾ ਇਕ ਦਿਨ ਓਹ ਸਮਝ ਜਾਵੇਗਾ। ਕੀ ਪਤਾ ਨਹੀਂ ਸਮਝੂਗਾ। ਮੈਂ ਇਸ ਲਈ ਤੇਰੀ ਲਈ ਕਦਰ ਕਰਦਾਂ'ਤੇ ਕਰੂੰਗਾ...ਉਸ ਘਰ ਵਿਚ ਕੀ ਮਿਲਨਾ ਸੀ ਤੈਨੂੰ? ਮੈਂ ਤੈਨੂੰ ਇਸ ਤਰਾਂ ਦੇ ਬੰਦਿਆਂ ਤੋਂ ਅਜ਼ਾਦੀ ਦੁਆ ਰਿਹਾ ਹਾਂ"।
ਗਾਣਾ ਮੁੱਕ ਗਿਆ। ਸੀਮਾ ਦੇ ਅੱਥਰੂ ਸ਼ੁਰੂ ਹੋ ਗਏ। ਹੰਝੂਆਂ ਦੀਆਂ ਲੀਕਾਂ ਨਾਲ ਮੂੰਹ ਲਿਬੜ ਗਿਆ। ਸਰੀਰਕ ਤੌਰ'ਤੇ ਕੋਈ ਖਿੱਚ ਨਹੀਂ ਸੀ। ਜਜ਼ਬਾਤੀ ਤੌਰ'ਤੇ ਕੁੱਝ ਸ਼ੁਰੂ ਹੋ ਗਿਆ।
ਪਰੌਂਠੇ ਆ ਗਏ॥
...
ਇੱਛਾ ਸੀ, ਸੀਮਾ ਦੀ ਕਿ ਇਹ ਸਭ ਕੋਈ ਖੌਫਾਨਾਕ ਖ਼ਾਬ ਹੀ ਸੀ। ਪਰ ਜਦ ਭਟਕਣੀ ਉੱਤਰ ਗਈ, ਨੱਕੇ ਖੋਲ੍ਹੇ, ਆਲਾ ਦੁਆਲਾ ਤੱਕਿਆ, ਚਮੋਲੀ'ਚ ਨਹੀਂ ਸੀ। ਟ੍ਰੇਲੱਰ'ਚ ਪਲੰਘ ਉੱਤੇ ਪਈ ਸੀ। ਕਾਸ਼! ਰਾਤੀਂ ਸੱਚ ਮੁੱਚ ਬਾਪੂ ਨੇ ਓਂਕਾਰ ਨੂੰ ਆਵਦੀ ਲਾਡਲੀ ਦੇ ਦਿੱਤੀ! ਇਕ ਦਮ ਸੀਮਾ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਗੁੱਟ ਉੱਤੇ ਬੇੜੀ ਬੰਨ੍ਹੀ ਸੀ, ਇਕ ਲੰਬਾ ਸੰਗਲ ਸੱਪ ਵਾਂਗ ਬਾਂਹ ਤੋਂ ਡਰਾਈਵਰ ਦੀ ਕੁਰਸੀ ਨਾਲ ਘੁਟ ਕੇ ਬੰਨ੍ਹਿਆ ਹੋਇਆ ਸੀ। ਡਰਾਈਵਰ ਦੀ ਸੀਟ ਤੋਂ ਪਲੰਘ ਤਕ ਜ਼ੰਜੀਰ ਸੀ। ਹਲਕਾ ਵੀ ਸੀ, ਪਰ ਡਾਢਾ ਵੀ। ਸੀਮਾ ਟ੍ਰੇਲੱਰ ਵਿਚ ਜਿਥੇ ਮਰਜੀ ਤੁਰ ਸਕਦੀ ਸੀ, ਪਰ ਵੈਨ'ਚੋਂ ਨਿਕਲਣ ਦਾ ਕੋਈ ਮੌਕਾ ਨਹੀਂ ਸੀ। ਫੋਨ ਵੀ ਕਿਤੇ ਨਹੀਂ ਸੀ। ਉਸ ਬੁੱਢੇ ਕੋਲ਼ ਸੈੱਲ ਫੋਨ ਹੋਵੇਗਾ!
ਸੀਮਾ ਨੇ ਅੱਧਾ ਘੰਟਾ ਲਾਇਆ ਹੱਥਕੜੀ ਲਾਉਣ ਦੀ ਕੋਸ਼ਿਸ਼ ਵਿਚ। ਕੋਈ ਫਾਇਦਾ ਨਹੀਂ ਸੀ। ਬੂਹੇ ਤੱਕ ਪਹੁੰਚ ਗਈ ਸੀ ਪਰ ਤਾਕ ਨੂੰ ਤਾਲਾ ਲਾਇਆ ਸੀ। ਬਾਰੀਆਂ ਵੀ ਬੰਦ ਸਨ। ਬਾਰੀਆਂ ਬਾਹਰੋਂ ਕਾਲੇ ਰੰਗ ਨਾਲ ਰੰਗੀਆਂ ਸਨ, ਇਸ ਲਈ ਕਿਸੇ ਨੂੰ ਸੀਮਾ ਦਿੱਸਦੀ ਨਹੀਂ ਸੀ। ਬਹਿ ਕੇ ਬਿਲਕ ਗਈ। ਬਾਪੂ ਦੀ ਲਾਡਲੀ? ਸੱਚੀਂ? ਇੰਨਾ ਪਿਆਰ ਪਿਉ ਨੂੰ ਦਿੱਤਾ, ਫਿਰ ਵੀ ਫੱਟਾ ਫੱਟ ਇਸ ਬੁੱਢੇ ਨੂੰ ਵੇਚ ਦਿੱਤਾ! ਹਾਂ, ਵੇਚ ਦਿੱਤਾ, ਪੈਸੇ ਲਈ, ਧੀ ਦੀ ਸਿਰ ਦਰਦੀ ਲਾਂਭੇ ਕਰਨ ਲਈ। ਸਮਾਜ ਦੀਆਂ ਅੱਖਾਂ'ਚ ਕੁੜੀ ਕੀ ਸੀ? ਨਾਲੇ ਕਿਸ ਨੇ ਇੱਦਾਂ ਬਣਾਇਆ? ਰੱਬ ਨੇ? ਜੇ ਰੱਬ ਨੇ ਆਦਮੀ ਲਈ ਜਨਾਨੀ ਬੋਝ ਬਣਾਈ, ਕੋਈ ਕਲੰਕ ਜਾਂ ਪੱਗ ਦਾ ਦਾਗ; ਬੰਦੇ ਲਈ ਇੰਨੀ ਕਦਰ ਹੈ, ਫਿਰ ਉਸਨੂੰ ਇਨਸਾਨ ਪੈਦਾ ਕਰਨ ਦੀ ਯੋਗਤਾ ਦੇਣੀ ਸੀ। ਤੀਵੀਂ ਦੀ ਕੀ ਲੋੜ ਸੀ? ਹਾਂ! ਆਦਮੀ ਦੇ ਅਨੰਦ ਲਈ ਗੁੱਡੀਆ! ਨਾਰ ਨਾਲ ਆਵਦੀ ਹਵਸ ਮਿਟਾਉਣ ਲਈ।ਰੋਟੀ ਬਣਾਉਣ ਲਈ, ਭਾਂਡੇ ਧੋਣ, ਨਿਆਣੇ ਪਾਲਣ ਲਈ। ਕੰਮ ਕਰਨ ਲਈ ਕਲਦਾਰਣ, ਕਾਮ ਕਰਨ ਲਈ ਕਲਦਾਰਣ, ਨਫ਼ਰ ਚਾਹੀਦਾ ਸੀ ਨਾ ਕੇ ਨਾਰੀ! ਜਦ ਹੁਸਨ ਹਵਸ ਲਾਹੁੰਦਾ ਸੀ, ਇਸਤਰੀ ਦੇਵਤੀ ਸੀ; ਜਦ ਆਪਣੇ ਹੱਕ ਮੰਗਦੀ, ਨਫ਼ਰਤ ਦੇ ਕਾਬਲ ਸੀ। ਹੋਰ ਕਿਉਂ ਪਿਉ ਨੇ ਉਸ ਦਿਨ ਜੰਗਲ ਵਿੱਚ ਮੈਨੂੰ ਛੱਡਿਆ! ਹੋਰ ਕਿਉਂ? ਇਸ ਯਾਦ ਨੂੰ ਮਨ ਦੇ ਕਿਸੇ ਹਨੇਰੇ ਖੂੰਜੇ ਵਿੱਚ ਸੀਮਾ ਨੇ ਲੁਕੋਇਆ ਸੀ। ਪਰ ਪੀੜ ਹੁਣ ਵਾਪਸ ਆ ਗਈ। ਇਸ ਵਕਤ ਰੱਬ ਨਾਲ ਕਾਵੜ ਸੀ। ਸਿਸਕੀਆਂ ਤੋਂ ਹੰਝੂਆਂ ਦੀ ਝੜੀ ਪੈ ਗਈ। ਬਹੁਤ ਦੇਰ ਲਈ ਇਸ ਤਰਾਂ ਬੈਠੀ ਰਹੀ। ਦੁਪਹਿਰ ਸੀ, ਪਰ ਹਾਲੇ ਤੱਕ ਓਂਕਾਰ ਵਾਪਸ ਨਹੀਂ ਸੀ ਆਇਆ।ਟ੍ਰੇਲੱਰ ਵਿੱਚ ਉਹ ਅਕਾਅ ਨਾਲ ਭਰੀ ਪਈ ਸੀ।
ਟਾਇਮ ਪਾਸ ਕਰਨ ਲਈ ਪਹਿਲਾਂ ਟੀਵੀ ਲਾਇਆ। ਬਿਗ ਬੌਸ ਵੇਖਿਆ। ਫਿਰ ਇਕ ਹਿੰਦੀ ਫਿਲਮ, ਬੋਬੀ। ਜਦ ਡਿੰਪਲ ਅਤੇ ਰਿਸ਼ੀ ਕਪੂਰ ਨੇ ਕਮਰੇ ਵਿਚ ਬੰਦ ਹੋਣ ਦਾ ਗਾਣਾ ਗਾਇਆ, ਸੀਮਾ ਰੋਣ ਲੱਗ ਪਈ। ਭੁੱਖ ਚਮਕੀ। ਫਰਿਜ ਖੋਲ੍ਹੀ। ਪਰਾਉਠਿਆਂ ਦੀ ਢੇਰੀ ਸੀ। ਠੰਢੇ ਠੰਢੇ ਛਕ ਲਏ। ਟੀਵੀ ਦੇ ਨਾਲ ਕਿਤਾਬਾਂ ਨਾਲ ਭਰੀ ਟਾਂਡ ਸੀ। ਅਣਖੀ ਦਾ ਨਾਵਲ, ਗੇਲੋ ਚੁੱਕ ਕੇ ਪੜ੍ਹਨ ਲੱਗ ਪਈ। ਟੀਵੀ ਵੀ ਚਲ ਰਿਹਾ ਸੀ, ਏ.ਸੀ ਵੀ ਲਾਈ ਸੀ, ਫਰਸ਼ ਉੱਤੇ ਕੱਪੜੇ, ਕਿਤਾਬਾਂ, ਟੇਪਾਂ, ਕੋਕ ਦੇ ਖਾਲੀ ਡੱਬੇ ਖਿਲਰੇ ਸਨ। ਘਰ ਨੂੰ ਜਾਣ-ਬੁੱਝ ਕੇ ਗੰਦਾ ਕਰ ਦਿੱਤਾ।ਘਰ ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂ।ਓਹ ਗਿਆ ਕਿੱਥੇ ਸੀ? ਫੋਲਾ ਫਾਲੀ ਕਰਨ ਤੋਂ ਬਾਅਦ ਫਿਰ ਬੋਰ ਹੋ ਗਈ। ਹੁਣ ਆਲੇ ਦੁਆਲੇ ਟ੍ਰੇੱਲਰ ਦਾ ਹਾਲ ਵੇਖ ਕੇ ਡਰ ਲੱਗਾ। ਸਫਾਈ ਕਰਨ ਲੱਗ ਪਈ। ਇਕ ਦਰਾਜ਼ ਵਿਚ ਛੁਰੀ ਕਾਂਟੇ ਸਨ। ਸਭ ਤੋਂ ਮੋਟਾ ਚਾਕੂ ਕੱਢ ਕੇ ਆਵਦੀ ਹੱਥਕੜੀ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਜਦ ਕੁੱਝ ਨਹੀਂ ਹੋਇਆ, ਚਾਕੂ ਪਰ੍ਹੇ ਸੁੱਟ ਦਿੱਤਾ। ਚਿੱਤ ਕਰਦਾ ਸੀ ਉਸਨੂੰ ਵਾਪਸ ਚੁੱਕ ਕੇ ਓਂਕਾਰ ਦੇ ਆਉਂਦੇ ਦੇ ਸਿਰ ਵਿਚ ਖੋਭ ਦੇਵੇ। ਪਰ ਇਹ ਸੋਚ ਮਿਟ ਗਈ। ਅੱਕ ਕੇ ਸਂੌ ਗਈ।
ਬਾਹਰ ਚਾਨਣ ਘਟਦਾ ਜਾਂਦਾ ਸੀ। ਭੁੱਖ ਨੇ ਸੀਮਾ ਨੂੰ ਫਿਰ ਜਗਾਇਆ। ਉੱਠ ਕੇ ਫਰਿੱਜ'ਚੋਂ ਜੋ ਰਹਿੰਦਾ ਸੀ ਖਾ ਲਿਆ। ਟੀਵੀ ਹਾਲੇ ਤੱਕ ਚਲਦਾ ਸੀ। ਅੱਤਵਾਦੀਆਂ ਵਾਰੇ ਖ਼ਬਰਾਂ ਸਨ। ਉਦਾਸ ਹੋ ਕੇ ਟੀਵੀ ਬੰਦ ਕਰ ਦਿੱਤਾ। ਗੇਲੋ ਵਿੱਚ ਫਿਰ ਵੜ ਗਈ। ਸ਼ਾਮ ਹੋ ਗਈ ਸੀ। ਬਾਹਰ ਹੁਣ ਕੋਈ ਨਹੀਂ ਦਿੱਸਦਾ ਸੀ। ਜੰਗਲ ਦੀ ਆਵਾਜ਼ ਆਥਣ ਨੂੰ ਕਾਇਮ ਹੋ ਜਾਂਦੀ ਸੀ। ਰਾਤ ਦਾ ਚੀਕ ਚਿਹਾੜਾ ਵਾਪਸ ਆ ਗਿਆ। ਸੀਮਾ ਨੂੰ ਡਰ ਲੱਗਾ। ਕੀ ਮੈਨੂੰ ਇੱਥੇ ਛੱਡ ਕੇ ਆਪ ਉੱਡ ਗਿਆ? ਗੇਲੋ ਮੇਜ਼ ਉੱਤੇ ਧਰ ਕੇ ਹੇਠ ਸੁੱਟਿਆ ਚਾਕੂ ਹੱਥਾਂ ਵਿੱਚ ਫੜ ਲਿਆ, ਜਿਵੇਂ ਉਸ ਤੋਂ ਦਿਲਾਸਾ ਮਿਲਦਾ ਹੋਵੇ, ਉਹ ਇਕਰਾਰ ਦਿੰਦਾ ਸੀ, ਕਿ ਮੈਂ ਤੈਨੂੰ ਕੁੱਝ ਨਹੀਂ ਹੋਣ ਦੇਵਾਂਗਾ। ਪਲੰਘ ਉੱਤੇ ਬੈਠੀ ਨੇ ਗੋਡੇ ਹਿੱਕ ਨਾਲ ਲਾ ਲਏ। ਅੱਗੇ ਹੱਥਾਂ'ਚ ਬਲੇਡ ਲਿਸ਼ਕਦਾ ਸੀ, ਗੋਡਿਆਂ ਪਿੱਛੋਂ ਕੇਵਲ ਲੋਇਣ ਨੰਗੇ ਸਨ, ਦੁਪੱਟਾ ਸੀਸ ਉੱਤੇ ਫਣ ਵਾਂਗ ਵਾਲ ਢੱਕਦਾ ਸੀ।
ਦਿਨ ਨੇ ਆਖਰੀ ਦਮ ਤੋੜ ਲਿਆ।
ਸੀਮਾ ਭਾਰੇ ਭਾਰੇ ਸਾਹ ਲੈਂਦੀ ਸੀ। ਲੂੰ ਕੰਡੇ ਖੜ੍ਹੇ ਹੋ ਗਏ। ਇਕ ਦਮ ਕੁੱਝ ਵੈਨ'ਚ ਵੱਜ ਗਿਆ। ਖੜਕੇ ਨਾਲ ਸੀਮਾ ਡਰ ਗਈ। ਕਿਆਸ ਨੇ ਦਿਮਾਗ ਵਿੱਚ ਬਹੁਤ ਭਿਆਨਕ ਖਿਆਲ ਭਰ ਦਿੱਤੇ। ਝੰਜੋੜਦੀ, ਸੀਮਾ, ਪਰੇਸ਼ਾਨ ਹੋ ਗਈ। ਹੱਥਾਂ ਵਿੱਚ ਚਾਕੂ ਕੰਬਦਾ ਸੀ। ਸੀਮਾ ਨੂੰ ਲੱਗਿਆ ਜਿਵੇਂ ਇਕ ਬਾਰੀ ਉੱਤੇ ਕੋਈ ਜਾਂ ਕੁੱਝ ਝਰੀਟਾਂ ਮਾਰਦਾ ਸੀ। ਝਰੀਟਾਂ ਦੀ ਆਵਾਜ਼ ਦਰਵਾਜੇ ਵਾਲੀ ਬਾਰੀ ਰਾਹੀਂ ਆਉਂਦੀ ਸੀ।
ਸੀਮਾ ਦੀਆਂ ਅੱਡੀਆਂ ਅੱਖਾਂ ਉਸ ਥਾਂ ਟਿੱਕੀਆਂ ਸਨ। ਉਂਝ ਬਾਰੀ ਉੱਤੇ ਰੰਗ ਲਾਇਆ ਸੀ, ਪਰ ਉਹਨੂੰ ਲਗਦਾ ਸੀ ਕਿ ਛਾਈ ਖਿੜਕੀ ਉੱਤੇ ਲਹੂ ਦਾ ਨਿਸ਼ਾਨ ਹੈ। ਸੌਂਹ ਖਾ ਸਕਦੀ ਸੀ ਕਿ ਇਕ ਪਲ ਲਈ ਲਿਬੜਿਆ ਸੰਗਤਰੀ ਪੰਜਾ ਦਿੱਸਿਆ ਸੀ। ਡਰਦੀ ਨੇ ਚਾਕੂ ਛੱਡ ਦਿੱਤਾ ਜੋ ਭੂੰਜੇ ਡਿੱਗ ਪਿਆ। ਪਹਿਲਾਂ ਤਾਂ ਡਰਦੀ ਸੀ, ਫਿਰ ਉਸ ਹੀ ਡਰ ਨੇ ਉਸਨੂੰ ਥੱਲਿਓਂ ਚਾਕੂ ਚੁੱਕਣ ਲਈ ਹਿੱਮਤ ਦੇ ਦਿੱਤੀ। ਪਰ ਉਸ ਹੀ ਵੇਲੇ ਬੂਹਾ ਖੁਲ੍ਹ ਗਿਆ॥
...
5abi.com (ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ) shared a link
.
Saturday
ਕਾਂਡ ਜ਼ -
http://www.5abi.com/dharavahak/urra-onkar/40-jaja-bindi-onkar-dhillon-271212.htm5abi.com - ਓਂਕਾਰ, ਰੂਪ ਢਿੱਲੋਂ The Punjabi Language Portal
www.5abi.comਜ਼ਿੰਦਗੀ ਕਿੱਥੇ ਤੋਂ ਕਿੱਥੇ ਲੈ ਜਾਂਦੀ ਐ। ਗਿਆਨ ਇੱਕ ਖੈਮੇ'ਚ ਬੈਠਾ ਸੀ, ਦੋ ਟਰਾਇੱਦਾਂ ਨਾਲ਼। ਪਰੇਸ਼ਾਨ ਹੋ ਰਿਹਾ ਸੀ ਕਿਉਂਕਿ ਅਰਜਣ ਹੁਣ ਤਿੰਨ ਘੰਟਿਆਂ ਉੱਪਰ ਦਾ ਗਿਆ ਸੀ ਸ਼ੇਂਜ਼ੇਨ ਸ਼ਹਿਰ'ਚ। ਗਿਆਨ ਦੇ ਹੱਥ'ਚ ਸਿੱਕਾ ਸੀ, ਜਿਸ ਨੂੰ ਉਂਗਲਾਂ'ਚ ਘੁੰਮਾਈ ਜਾ ਰਿਹਾ ਸੀ। ਦਿਮਾਗ਼'ਚ ਕਈ ਸੋਚਾਂ ਨੱਸ ਰਹੀਆਂ ਸਨ। ਇੱਕ ਪਾਸੇ ਫਿਕਰ ਸੀ ਕਿ ਅਰਜਣ ਦੇ ਗਾਈਡ ਨੇ ਉਹਨੂੰ ਦਗਾ ਦੇ ...
Like · Comment · Share