ਪੁਰਾਣੇ ਵੇਲਿਆਂ 'ਚ ਧੀ ਦੇ ਸਾਕ ਵੇਲੇ ਸਹੁਰਿਆਂ ਦਾ ਟੱਬਰ ਜਦੋਂ ਕੁੜੀ ਨੂੰ ਦੇਖਣ ਆਉਂਦਾ ਤਾਂ ਲਾੜੀ ਦੀ ਮਾਂ ਹੁੱਬ-ਹੁੱਬ ਦੱਸਿਆ ਕਰਦੀ ਸੀ, 'ਦੇਖੋ ਭੈਣ ਜੀ, ਧੀ ਮੇਰੀ ਪੂਰੀ ਸਚਿਆਰੀ ਐ। ਚੌਕੇ ਚੁੱਲ੍ਹੇ, ਸਿਲਾਈ ਕਢਾਈ, ਸੀਣਾ ਪਰੋਣਾ ਸਾਰੇ ਕੰਮ ਜਾਣਦੀ ਐ। ਸਾਡੀ ਬੀਬੋ ਤਾਂ ਜਿਹੜੇ ਘਰ ਵੀ ਜਾਊ, ਉਸ ਨੂੰ ਸੁਰਗ ਬਣਾ ਦੂ। ਨੂੰਹਾਂ ਧੀਆਂ ਵਾਲੇ ਸਾਰੇ ਚੱਜ ਆਚਾਰ ਜਾਣਦੀ ਐ। ਐਡਾ ਸਾਡਾ ਮੰਨਿਆ ਪ੍ਰਮੰਨਿਆ ਟੱਬਰ ਐ ਜੀ, ਪੂਰੇ ਸੰਸਕਾਰ ਦਿੱਤੇ ਐ ਬੀਬੋ ਨੂੰ।'
ਅੱਜਕਲ੍ਹ ਇਹ ਦ੍ਰਿਸ਼ ਕੁਝ ਇਸ ਤਰ੍ਹਾਂ ਪੇਸ਼ ਹੁੰਦਾ ਹੈ। ਧੀ ਦੀ ਮਾਂ ਦੇ ਡਾਇਲਾਗ ਸੁਣਨ ਵਾਲੇ ਹੁੰਦੇ ਹਨ, 'ਦੇਖੋ ਜੀ, ਲੜਕੀ ਸਾਡੀ ਪੜ੍ਹੀ-ਲਿਖੀ ਐ। ਸਰਕਾਰੀ ਨੌਕਰੀ ਕਰਦੀ ਐ। ਚੜ੍ਹੇ ਮਹੀਨੇ ਵੀਹ ਹਜ਼ਾਰ ਲਿਆਉਂਦੀ ਐ। ਹੁਸ਼ਿਆਰ ਐ।'
'ਘਰ ਦਾ ਕੰਮਕਾਰ ਯਾਨਿ ਰੋਟੀ ਪਾਣੀ ਬਣਾਉਣ ਜਾਣਦੀ ਐ ਕੁਸ਼?' ਅਗਲੇ ਗਲਤੀ ਨਾਲ ਪੁੱਛ ਲੈਣ ਤਾਂ ਮਾਵਾਂ-ਧੀਆਂ ਡਿਊਟ ਗਾਉਣ ਵਾਲੀਆਂ ਵਾਂਗ ਇਕੋ ਸੁਰ 'ਚ ਕਹਿ ਦਿੰਦੀਆਂ ਹਨ, 'ਸਾਰਾ ਟੈਮ ਤਾਂ ਕੁੜੀ ਦਾ ਪੜ੍ਹਾਈ 'ਚ ਨਿਕਲ ਗਿਆ ਜੀ। ਖਾਣਾ-ਵਾਣਾ ਬਣਾਉਣਾ ਕਿੱਥੋਂ ਸਿੱਖਣਾ ਸੀ। ਬੱਸ ਮਾੜਾ ਮੋਟਾ ਢਾਅ ਭੰਨ ਕਰ ਲੈਂਦੀ ਐ। ਸਰਕਾਰੀ ਨੌਕਰੀ ਲੱਗੀ ਹੋਈ ਐ। ਚੜ੍ਹੇ ਮਹੀਨੇ ਵੀਹ ਹਜ਼ਾਰ...।'
ਮਾਂ ਦੀ ਗੱਲ ਵਿਚੇ ਕੱਟਦੀ ਹੋਈ ਸੁਸ਼ੀਲ ਕੰਨਿਆ ਵੀ ਆਪਣਾ ਡਾਇਲਾਗ ਮਾਰਨਾ ਨਹੀਂ ਭੁੱਲਦੀ, 'ਮੰਮੀ ਮੇਰੇ ਕੋਲੋਂ ਨੀ ਰੋਟੀਆਂ-ਸ਼ੋਟੀਆਂ ਦਾ ਖ਼ਲਜਗਣ ਹੋਣਾ, ਨਾਲੇ ਨੌਕਰੀ ਕਰੋ, ਨਾਲੇ ਅੰਨ ਥੱਪੋ। ਮਰ ਖਪ ਕੇ ਆਈਦੈ ਨੌਕਰੀ ਤੋਂ, ਆਉਂਦੇ ਈ ਰਸੋਈ 'ਚ ਤੜ ਜੋ। ਵਾਹ ਜੀ ਵਾਹ!'
ਸਿਆਣੇ ਕਹਿੰਦੇ ਵੀ ਤਾਂ ਹਨ ਕਿ ਇਸ ਦੁਨੀਆ 'ਚ ਕਿਸੇ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ। ਇਹੋ ਜਿਹੀਆਂ ਸੁਸ਼ੀਲ ਕੰਨਿਆਵਾਂ ਨੂੰ ਵੀ ਚੰਗੇ ਵਰ ਘਰ ਮਿਲ ਹੀ ਜਾਂਦੇ ਹਨ।
ਫੇਰ ਮਾਵਾਂ ਧੀਆਂ ਦੀਆਂ ਗੱਲੜੀਆਂ ਦਾ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਲਗਦਾ ਹੈ। ਤੁਸੀਂ ਕਿਸੇ ਪੁਰਾਣੀ ਫ਼ਿਲਮ ਦਾ ਇਹ ਗਾਣਾ ਜ਼ਰੂਰ ਸੁਣਿਆ ਹੋਵੇਗਾ, 'ਦੂਰ ਦੂਰ ਬੈਠੇ ਹੋ, ਜ਼ਰੂਰ ਕੋਈ ਬਾਤ ਹੈ ਜੀ, ਜ਼ਰੂਰ ਕੋਈ ਬਾਤ ਹੈ, ਮਾਂ ਬੇਟੀ ਕੀ ਮੁਲਾਕਾਤ ਹੈ ਜੀ, ਮਾਂ ਬੇਟੀ ਕੀ...।'
ਮੰਨ ਲਓ ਸੁਸ਼ੀਲ ਕੰਨਿਆ ਨੇ ਕੜਾਹ ਪ੍ਰਸ਼ਾਦ ਬਣਾਉਣਾ ਹੈ। ਉਹ ਝੱਟ ਆਪਣੀ ਮਾਤਾ-ਸ੍ਰੀ ਨੂੰ ਮੋਬਾਈਲ ਦਾ ਬਟਨ ਦੱਬ ਕੇ ਪੁੱਛਦੀ ਹੈ, 'ਮੰਮੀ, ਮੰਮੀ ਇਹ ਸੜਿਆ ਕੜਾਹ ਕਿਵੇਂ ਬਣਾਈਦਾ? ਘਰ ਵਾਲੇ ਐਵੇਂ ਪੰਗੇ ਜਿਹੇ ਪਾਈ ਰੱਖਦੇ ਐ ਮੇਰੀ ਜਾਨ ਨੂੰ।' ਮਾਤਾ-ਸ੍ਰੀ ਇਹੋ ਜਿਹੇ ਵੇਲੇ ਆਪਣੀ ਧੀ ਦੀ ਨਿਸ਼ਠਾ ਡਿੱਗਣ ਨਹੀਂ ਦਿੰਦੀ। ਝੱਟ ਪਟ ਸਾਰੇ ਕੰਮ ਛੱਡ ਕੇ ਬੇਟੀ ਨੂੰ ਕੜਾਹ ਬਣਾਉਣ ਦੇ ਤੌਰ-ਤਰੀਕੇ ਸਮਝਾਉਣ ਲਗਦੀ ਹੈ, 'ਇਉਂ ਕਰ ਪਹਿਲਾਂ ਤੇਲ ਕੜਾਹੀ 'ਚ ਪਾ ਕੇ ਚੁੱਲ੍ਹੇ 'ਤੇ ਧਰ ਦੇ। ਜਦੋਂ ਥੋੜ੍ਹਾ ਗਰਮ ਹੋ ਜੇ ਤਾਂ ਉਸ ਵਿਚ ਸੂਜੀ ਪਾ ਕੇ ਭੁੰਨਣ ਲੱਗ ਜੀਂ। ਜਦੋਂ ਇਹ ਗੁਲਾਬੀ ਭੂਰੀ ਜਿਹੀ ਹੋਣ ਲੱਗ ਜੇ ਤਾਂ ਹਿਸਾਬ ਸਿਰ ਖੰਡ ਪਾ ਦੀਂ। ਨਾਲ ਨਾਲ, ਖੁਰਚਣੇ ਨਾਲ, ਹਿਲਾਈ ਜਾਈਂ।'
ਬੇਟੀ ਮਾਂ ਦੇ ਦੱਸੇ ਅਨੁਸਾਰ ਕਰਦੀ ਰਹੀ। ਏਨੇ ਨੂੰ ਉਸ ਦੇ ਸੀਰੀਅਲ ਦਾ ਟਾਈਮ ਹੋ ਗਿਆ। ਕੜਾਹ ਦਾ ਢਾਂਡਸ ਕਰਦੇ ਕਰਦੇ ਇਕ ਅੱਧ ਸੀਨ ਲੰਘ ਵੀ ਗਿਆ ਸੀ। ਕੜਾਹ ਚੁੱਲ੍ਹੇ 'ਤੇ ਹੀ ਛੱਡ ਉਹ ਟੀ. ਵੀ. ਆਨ ਕਰਨ ਲਈ ਨੱਸ ਗਈ। ਸੀਰੀਅਲ ਦੀ ਨੋਕ-ਝੋਕ 'ਚ ਕੜਾਹ ਭੁੱਲ ਹੀ ਗਿਆ। ਜਦੋਂ ਕੌੜੀ ਜਿਹੀ ਵਾਸ਼ਨਾ ਨੱਕ ਨੂੰ ਚੜ੍ਹੀ ਤਾਂ ਭੱਜ ਕੇ ਕੜਾਹ ਕੋਲ ਪਹੁੰਚੀ। ਮੰਮੀ-ਸ੍ਰੀ ਨੂੰ ਫੋਨ 'ਤੇ ਦੱਸਿਆ, 'ਮੰਮੀ ਲੇਈ ਭੂਰੀ ਹੋਣ ਦੀ ਥਾਂ ਕਾਲੀ ਹੋਗੀ ਐ। ਹੁਣ ਕੀ ਕਰਾਂ?'
'ਥੋੜ੍ਹਾ ਪਾਣੀ ਪਾ ਕੇ ਹਿਲਾ ਦੇ, ਬੱਸ ਲੈ ਕੜਾਹ ਤਿਆਰ ਹੋ ਗਿਆ।'
ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਸੁਸ਼ੀਲ ਕੰਨਿਆ ਤਾਂ ਪਹਿਲਾਂ ਹੀ ਸੜਿਆ ਕੜਾਹ ਬਣਾਉਣਾ ਚਾਹੁੰਦੀ ਸੀ। ਸੋ, ਉਸ ਦੀ ਇੱਛਾ ਪੂਰਨ ਹੋ ਗਈ। ਹੁਣ ਸੜਿਆ ਕੜਾਹ ਤਿਆਰ-ਬਰ-ਤਿਆਰ ਸੀ। ਚੱਕੋ ਪਲੇਟਾਂ ਤੇ ਭਾਵੇਂ ਚਮਚਿਆਂ ਦੀ ਥਾਂ ਉਂਗਲਾਂ ਨਾਲ ਹੀ ਚੱਟ ਕਰ ਜਾਓ।
ਘਰਦਿਆਂ ਦੀ ਅਗਲੀ ਫਰਮਾਇਸ਼ ਖੀਰ ਖਾਣ ਦੀ ਸੀ। ਸੁਸ਼ੀਲ ਕੰਨਿਆ ਦੀ ਤਾਰ ਫੇਰ ਮਾਤਾ-ਸ੍ਰੀ ਨਾਲ ਮਿਲਦੀ ਹੈ।
'ਮੰਮੀ ਮੰਮੀ, ਇਹ ਤਾਂ ਸਾਰੇ ਖਾਊ ਪੀਊ ਯਾਰ ਨੇ। ਹਰ ਵੇਲੇ ਇਨ੍ਹਾਂ ਦੀ ਜੀਭ ਮੂਤਦੀ ਰਹਿੰਦੀ ਐ। ਲੈ ਹੁਣ ਖੀਰ ਬਣਾਉਣ ਦਾ ਪੁਆੜਾ ਪਾ 'ਤਾ। ਨਾਲੇ ਪਤੈ ਬਈ ਮੈਥੋਂ ਇਹੋ ਜੇ ਦੁਕੰਮਣ ਨਹੀਂ ਹੁੰਦੇ। ਐਵੇਂ ਮੈਨੂੰ ਟੈਸਟ ਜੇ 'ਚ ਪਾਈ ਰੱਖਦੇ ਐ।'
ਬੇਟੀ ਦੀ ਮਾਤਾ ਸਹਿਜ ਸੁਭਾਓ ਆਪਣੀ ਬੇਟੀ ਦੀ ਗੱਲ ਸੁਣਦੀ ਹੋਈ, ਉਸ ਨੂੰ ਖੀਰ ਬਣਾਉਣ ਦੀ ਤਰਕੀਬ ਦੱਸਦੀ ਐ। 'ਤੂੰ ਇਉਂ ਕਰ, ਪਹਿਲਾਂ ਚੌਲ ਭਿਉਂ ਲੈ। ਦੁੱਧ ਚੁੱਲ੍ਹੇ 'ਤੇ ਉਬਲਣਾ ਧਰ ਦੇ। ਜਦ ਚੌਲ ਚੰਗੀ ਤਰ੍ਹਾਂ ਭਿੱਜ ਜਾਣ, ਦੁੱਧ ਉਬਲਣ ਲੱਗ 'ਜੇ, ਚੌਲ ਦੁੱਧ 'ਚ ਪਾ ਦੀਂ। ਕੜਛੀ ਨਾਲ ਹਿਲਾਈ ਜਾਈਂ। ਫਿਰ ਵਿਉਂਤ ਮੁਤਾਬਿਕ ਚੀਨੀ, ਦਾਖਾਂ ਤੇ ਬਦਾਮ ਪਾ ਦੀਂ। ਲੈ ਖੀਰ ਬਣਾਉਣੀ ਕਿਹੜੀ ਔਖੀ ਐ।'
ਹੁਣ ਸੁਸ਼ੀਲ ਕੰਨਿਆ ਤਾਂ ਇਹ ਵੀ ਨਹੀਂ ਜਾਣਦੀ ਕਿ ਕਿੰਨੇ ਦੁੱਧ 'ਚ ਕਿੰਨੇ ਚਾਵਲ ਪਾਉਣੇ ਨੇ, ਕਿੰਨੀ ਚੀਨੀ ਰਲਾਉਣੀ ਐ। ਕਿਲੋ ਦੁੱਧ 'ਚ ਕਿਲੋ ਚਾਵਲ ਪਾ 'ਤੇ। ਅੱਧ ਕਿਲੋ ਚੀਨੀ ਡੋਕਤੀ। ਟੱਬਰ ਦੇ ਜੀਅ ਖੀਰ ਖਾਣ ਲੱਗੇ ਇਕ ਦੂਸਰੇ ਦੇ ਮੂੰਹ ਵੱਲ ਦੇਖ-ਦੇਖ ਆਖੀ ਜਾਣ, 'ਗੁਤਾਵਾ ਬਹੁਤ ਸੁਆਦ ਬਣਿਐ। ਇਕ ਵਾਰੀ ਖਾਣ ਨਾਲ ਹੀ ਸ਼ੂਗਰ ਤਾਂ ਵੱਟ 'ਤੇ ਹੀ ਹੋਈ ਪਈ ਆ। ਗੁਤਾਵੇ ਦੇ ਕਿਆ ਕਹਿਣੇ...।'
ਹੁਣ ਸੁਸ਼ੀਲ ਕੰਨਿਆ ਕੋਲ ਇਹ ਡਾਇਲਾਗ ਬੋਲਣ ਤੋਂ ਸਿਵਾਇ ਚਾਰਾ ਹੀ ਕੀ ਰਹਿ ਜਾਂਦਾ, 'ਖਾਣੀ ਐ ਤਾਂ ਚੁੱਪ ਕਰਕੇ ਖਾ ਲੋ, ਨਹੀਂ ਬਹਿ ਜੋ ਪਰ੍ਹਾਂ ਹੋ ਕੇ। ਮੈਂ ਕਿਹੜਾ ਤਾਜ ਹੋਟਲ 'ਚ ਕੁੱਕ ਰਹੀ ਆਂ, ਬਈ ਤੁਹਾਡੇ ਲਈ ਬਣਾ ਕੇ ਰੱਖ ਦੂੰ ਭਾਂਤ-ਭਾਂਤ ਦੇ ਪਕਵਾਨ।' :D:
ਮਾਤਾ-ਸ੍ਰੀ ਦਾ ਫੋਨ ਆਉਂਦਾ ਹੈ, 'ਧੀਏ ਕਿੱਥੇ ਐਂ, ਇਸ ਵੇਲੇ?'
'ਮੰਮੀ, ਰਸੋਈ 'ਚ', ਧੀ ਦਾ ਜਵਾਬ ਹੁੰਦਾ ਹੈ।
'ਮਾਤਾ-ਸ੍ਰੀ ਖਿਝ ਕੇ ਆਖਦੀ ਹੈ, 'ਤੂੰ ਹਰ ਵੇਲੇ ਰਸੋਈ 'ਚ ਈ ਤੜੀ ਰਹਿੰਨੀ ਐਂ। ਤੇਰੇ ਬਹਿਣ ਨੂੰ ਘਰ 'ਚ ਹੋਰ ਕੋਈ ਕਮਰਾ ਈ ਨੀ ਲੱਭਦਾ। ਕਿੱਡਾ ਵਧੀਆ ਸੀਰੀਅਲ ਆ ਰਿਹੈ ਤੇ ਤੂੰ ਕੁਕੜੀ ਵਾਂਗ ਰਸੋਈ 'ਚ ਈ ਤੜੀ ਬੈਠੀ ਐਂ।'
:
ਹੁਣ ਤੁਸੀਂ ਆਪ ਹੀ ਦੱਸੋ ਮਾਂ ਧੀ ਦੀ ਇਹ ਗੱਲੜੀ ਧੀ ਦੇ ਸਹੁਰੇ ਟੱਬਰ 'ਚ ਕੀ ਗੁਲ ਖਿਲਾਏਗੀ। ਸੱਸ ਝੱਟ ਆਪਣਾ ਬਾਣ ਛੱਡਦੀ ਹੈ, 'ਕੁੜੀਏ, ਤੇਰੀ ਮਾਂ ਨੂੰ ਆਪਣੇ ਘਰ ਕੋਈ ਕੰਮ ਨੀਂ। ਸਾਰਾ ਦਿਨ ਮੋਬੈਲ ਨੂੰ ਈ ਚਿੰਬੜੀ ਰਹਿੰਦੀ ਐ। ਕਦੇ ਸਾਹ ਵੀ ਲੈਂਦੀ ਐ ਕਿ ਨਹੀਂ? ਉਹਨੂੰ ਕਹਿ ਦੀਂ ਧੀ ਨੂੰ ਵਸਣ ਦੇਵੇ। ਐਵੇਂ ਫੋਨ ਦੀ ਈ ਜਾਨ ਨਾ ਕੱਢਦੀ ਰਵ੍ਹੇ ਹਰ ਵੇਲੇ।'
ਮਾਤਾ-ਸ੍ਰੀ ਦਾ ਪ੍ਰਤੀਕਰਮ ਝੱਟ ਆ ਪਹੁੰਚਦਾ ਹੈ, 'ਉਸ ਰੰਡੀ ਨੂੰ ਦੱਸਦੀਂ ਅਸੀਂ ਕੁੜੀ ਉਨ੍ਹਾਂ ਦੇ ਘਰ ਵਿਆਹੀ ਐ, ਵੇਚੀ ਨੀਂ।' ਸਾਨੂੰ ਆਪਣੀ ਧੀ ਨੂੰ ਫੋਨ ਕਰਨੋਂ ਕਿਹੜੀ ਪ੍ਰਧਾਨ ਮੰਤਰੀ ਰੋਕ ਲੂ... ਕਮਾਲ ਹੋਗੀ... ਹੈਂਅ।' :laugh:
ਤੇ ਜਨਾਬ ਇਹ ਰਸਤਾ ਹੁਣ ਸਿੱਧਾ ਤਲਾਕ ਵੱਲ ਜਾਂਦਾ ਹੈ। ਵਸਦੇ ਰਸਦੇ ਘਰ ਉਜਾੜ ਵੱਲ ਜਾਂਦੇ ਹਨ। ਆਪਾਂ ਕੁਝ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ।
ਕੇ. ਐਲ.ਗਰਗ