Fun Shun Junction > Shayari

ਬੁਲ੍ਹੇ ਸ਼ਾਹ - ਜੀਵਨੀ - ਰਚਨਾਵਾਂ

(1/3) > >>

ਰਾਜ ਔਲਖ:
ਬੁੱਲ੍ਹੇ ਸ਼ਾਹ,( ਸ਼ਾਹਮੁਖੀ:بلھے شاہ , ੧੬੮੦ -੧੭੫੮ ) ਇੱਕ ਪ੍ਰਸਿਧ ਸੂਫੀ ਸੰਤ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ।[੧] ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।

ਜਨਮ
ਬੁਲ੍ਹੇ ਸ਼ਾਹ ਦਾ ਜਨਮ 1680 ਈ. ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਬੁਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿਛੋ ਉਸਨੂੰ ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ (‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਉਸਦਾ ਅਸਲ ਨਾਮ ‘ਅਬਦੁੱਲਾ ਸ਼ਾਹ’ ਸੀ) ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਗੰਢ ਦੇ ਅੰਤ ਉੱਪਰ ਇਹ ਇਉਂ ਕਹਿੰਦਾ ਹੈ

ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ
ਪੀਆਂ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ

ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਂਮੀਂ ਪਿੰਡ ਵਿੱਚ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਹੀ ਸੀ ਕਿ ਉਸਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਹਿਲਾਂ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸੱਯਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। “ਮੌਲਾ ਬਖ਼ਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁਲ੍ਹੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਵੇਸ਼ ਉੱਚ ਸਰੀਫ਼ ਗੀਲਾਨੀਆਂ ਜੀਲਾਨੀ(ਬਹਾਵਲਪੁਰ) ਦੇ ਰਹਿਣ ਵਾਲੇ ਸਨ। ਇੱਕ ਰਵਾਇਤ ਮੁਤਾਬਿਕ ਬੁਲ੍ਹੇ ਸ਼ਾਹ ਦੀ ਪੈਦਾਇਸ਼ ਉੱਚ ਗੀਲਾਨੀਆਂ(ਜੀਲਾਨੀਆ) ਵਿੱਚ ਹੋਈ।

ਵਿੱਦਿਆ
ਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ।ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ।

ਕੇਵਲ ਉਸਦੀ ਭੈਣ ਨੇ ਉਸਨੂੰ ਸਹੀਂ ਅਰਥਾਂ ਵਿੱਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ।

ਆਤਮਿਕ ਗਿਆਨ
ਬੁਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਪ੍ਰਭੂ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਅਪਨੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ

ਬੁਲ੍ਹਿਆ ਰੱਬ ਦਾ ਕੀ ਪਾਉਣਾ
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ

ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ਼ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ

ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ ਹਾਦੀ ਪਕੜਿਆ ਹੋਗ ਹਦਾਇਤ
ਮੇਰਾ ਮੁਰਸ਼ਦ ਸ਼ਾਹ ਅਨਾਇਤ ਉਹ ਲੰਘਾਇ ਪਾਰ

ਹੁਣ ਬੁਲ੍ਹੇ ਸ਼ਾਹ ਮਸਤ ਫ਼ਕੀਰ ਬਣ ਚੁੱਕਾ ਸੀ। ਉਸਨੂੰ ਦੁਨੀਆਂ ਜਾਂ ਦੁਨੀਆਂ ਦੇ ਲੋਕਾਂ, ਸਾਕਾਂ ਸਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਅਨੇ-ਮੇਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ। ਬੁਲ੍ਹਾ ਇੱਕ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸਦੇ ਸਾਕ ਅੰਗਾਂ ਵਿੱਚ ਚਰਚਾ ਛਿੜ ਪਈ ਅਤੇ ਜਦ ਬੁਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸਦੀਆਂ ਚਾਚੀਆ ਤਾਈਆਂ ਤੇ ਭੈਣਾਂ- ਭਰਾਜਾਈਆਂ ਉਸਦੇ ਉਦਾਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ। ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।

ਬੁਲ੍ਹੇ ਨੂੰ ਸਮਝਣ ਆਈਆਂ ਭੈਣਾਂ ਤੇ ਭਰਜਾਈਆਂ
ਆਲ ਨਬੀ ਔਲਾਦ ਅਲੀ ਦੀ ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ?
ਮੰਨ ਲੈ ਬੁਲ੍ਹਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ।

ਪਰ ਬੁਲ੍ਹਾ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ।

ਜਿਹੜਾ ਸਾਨੂੰ ਸੱਯਦ ਆਖੇ ਦੋਜ਼ਖ ਮਿਲਣ ਸਾਈਆਂ
ਜਿਹੜਾ ਸਾਨੂੰ ਅਰਾਈਂ ਆਖੇ ਭਿਸ਼ਤੀ ਪੀਘਾਂ ਪਾਈਆ
ਜੇ ਤੂੰ ਲੋੜੇਂ ਬਾਗ਼ ਬਹਾਰਾਂ "ਬੁਲ੍ਹਿਆ"
ਤਾਲਬ ਹੋ ਜਾ ਰਾਈਆਂ

ਮੁਰਸ਼ਿਦ ਦਾ ਵਿਛੋੜਾ
ਬੁਲ੍ਹੇ ਸ਼ਾਹ ਦੇ ਮੁਰਸ਼ਿਦ ਸ਼ਾਹ ਅਨਾਇਤ ਨੇ ਨਾਰਾਜ਼ ਹੋ ਕੇ ਬੁਲ੍ਹੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ। ਇਹ ਵਿਛੋੜਾ ਭਾਵੇਂ ਬਹੁਤ ਲੰਮੇਰਾ ਨਹੀਂ ਸੀ, ਪਰ ਬੁਲ੍ਹਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ, ਬੁਲ੍ਹਾ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜਕੇ ਕੁੰਦਨ ਬਣ ਗਿਆ।

ਬਹੁੜੀ ਵੇਂ ਤਬੀਬਾ ਮੈਂਢੀ ਜਿੰਦ ਗਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ।

ਹੁਣ ਬੁਲ੍ਹੇ ਸ਼ਾਹ ਨੂੰ ਵਿਛੋੜੇ ਭਰੀਆਂ ਕਾਫ਼ੀਆਂ ਕਹਿਣੀਆਂ ਸ਼ੁਰੂ ਕੀਤੀਆਂ

ਮੈਂ ਨ੍ਹਾਤੀ ਧੋਤੀ ਰਹਿ ਗਈ
ਕਾਈ ਗੰਢ ਮਾਹੀ ਦਿਲ ਪੈ ਗਈ

ਮੁਰਸ਼ਿਦ ਦਾ ਪੁਨਰ-ਮਿਲਾਪ

ਬੁਲ੍ਹੇ ਨੇ ਜਨਾਨੇ ਕੱਪੜੇ ਪਾਏ ਹੋਏ ਸਨ, ਪੈਰੀ ਘੁੰਘਰੂ ਬੱਧੇ ਹੋਏ ਸਨ ਉਹ ਕਲੇਜਾ ਧੂਹ ਲੈਣ ਵਾਲੀ ਲੈ ਵਿੱਚ ਕਾਫ਼ੀ ਗਾ ਰਿਹਾ ਸੀ

ਆਓ ਸਈਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਝਾਂ ਮਾਹੀ

ਬੁਲ੍ਹੇ ਸ਼ਾਹ ਦੇ ਸਮਕਾਲੀ

ਬੁਲ੍ਹੇ ਸ਼ਾਹ ਦੇ ਸਮਕਾਲੀ ਕਵੀ ਸੁਲਤਾਨ ਬਾਹੂ, ਵਾਰਿਸ ਸ਼ਾਹ, ਸ਼ਾਹ ਸ਼ਰਫ਼, ਹਾਮਦ ਸ਼ਾਹ, ਅਤੇ ਅਲੀ ਹੈਦਰ ਆਦਿ।

ਰਚਨਾ
ਬੁਲ੍ਹੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਕੀਤੀ ਹੈ। ਬੁਲ੍ਹੇ ਸ਼ਾਹ ਦੀਆਂ ਕੁੱਲ ਮਿਲਾ ਕੇ 156 ਕਾਫ਼ੀਆਂ ਹਨ। ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਣਦੀ ਹੈ ਵੱਖ-ਵੱਖ ਸੰਗ੍ਰਹਿਆਂ ਵਿੱਚ ਇਨ੍ਹਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁਲ੍ਹੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਨ੍ਹਾਂ ਰਚਨਾਵਾਂ ਵਿੱਚ ਲੋਕਾਂ ਵੱਲੋਂ ਰਲਾ ਕਰ ਦਿੱਤਾ ਹੈ।

ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ

ਕਾਫ਼ੀਆਂ 156
ਅਠਵਾਰਾ 1
ਬਾਰਾਮਾਂਹ 1
ਸੀ-ਹਰਫ਼ੀਆਂ 3
ਦੋਹੜੇ 49
ਗੰਢਾ 40




         ਮੈਂ ਕਮਲੀ ਹਾਂ


ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਹਾਂ
ਮੈਂ ਤੇ ਮੰਗ ਰਾਂਝੇ ਦੀ ਹੋਈਆਂ
ਮੇਰਾ ਬਾਬਲ ਕਰਦਾ ਧੱਕਾ
ਨੀ ਮੈਂ ਕਮਲੀ ਹਾਂ

ਹਾਜੀ ਲੋਕ ਮੱਕੇ ਵੱਲ ਜਾਂਦੇ
ਮੇਰੇ ਘਰ ਵਿਚ ਨੌਸ਼ੋਹ ਮੱਕਾ
ਨੀ ਮੈਂ ਕਮਲੀ ਹਾਂ

ਵਿਚੇ ਹਾਜੀ ਵਿਚੇ ਗਾਜੀ
ਵਿਚੇ ਚੋਰ ਉਚੱਕਾ
ਨੀ ਮੈਂ ਕਮਲੀ ਹਾਂ

ਹਾਜੀ ਲੋਕ ਮੱਕੇ ਵੱਲ ਜਾਂਦੇ
ਅਸਾਂ ਜਾਣਾ ਤਖ਼ਤ ਹਜ਼ਾਰੇ
ਨੀ ਮੈਂ ਕਮਲੀ ਹਾਂ

ਜਿਤ ਵੱਲ ਯਾਰ ਉਤੇ ਵੱਲ ਕਅਬਾ
ਭਾਵੇਂ ਫੋਲ ਕਿਤਾਬਾਂ ਚਾਰੇ
ਨੀ ਮੈਂ ਕਮਲੀ ਹਾਂ
__________

ਦਰVesh:
dil bhaagh ho geya  =D> =D> 8-> 8->

ਰਾਜ ਔਲਖ:
ਬੁੱਲ੍ਹਾ ਕੀ ਜਾਣਾ ਮੈਂ ਕੌਣ



ਨਾ ਮੈਂ ਮੋਮਨ ਵਿਚ ਮਸੀਤਾਂ
ਨਾ ਮੈਂ ਵਿਚ ਕੁਫਰ ਦੀਆਂ ਰੀਤਾਂ
ਨਾ ਮੈਂ ਪਾਕਾਂ ਵਿਚ ਪਲੀਤਾਂ
ਨਾ ਮੈਂ ਮੂਸਾ ਨਾ ਫਰਔਨ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅੰਦਰ ਬੇਦ ਕਿਤਾਬਾਂ
ਨਾ ਵਿਚ ਭੰਗਾਂ ਨਾ ਸ਼ਰਾਬਾਂ
ਨਾ ਵਿਚ ਰਿੰਦਾਂ ਮਸਤ ਖਰਾਬਾਂ
ਨਾ ਵਿਚ ਜਾਗਣ ਨਾ ਵਿਚ ਸੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਵਿਚ ਸ਼ਾਦੀ ਨਾ ਗ਼ਮਨਾਕੀ
ਨਾ ਮੈਂ ਵਿਚ ਪਲੀਤੀ ਪਾਕੀ
ਨਾ ਮੈਂ ਆਬੀ ਨਾ ਮੈਂ ਖ਼ਾਕੀ
ਨਾ ਮੈਂ ਆਤਿਸ਼ ਨਾ ਮੈਂ ਪੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅਰਬੀ ਨਾ ਲਾਹੌਰੀ
ਨਾ ਮੈਂ ਹਿੰਦੀ ਸ਼ਹਿਰ ਨਗੌਰੀ
ਨਾ ਹਿੰਦੂ ਨਾ ਤੁਰਕ ਪਸ਼ੌਰੀ

ਨਾ ਮੈਂ ਰਹਿੰਦਾ ਵਿਚ ਨਦੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਭੇਤ ਮਜ਼ਹਬ ਦਾ ਪਾਇਆ
ਨਾ ਮੈਂ ਆਦਮ ਹਵਾ ਜਾਇਆ
ਨਾ ਮੈਂ ਆਪਣਾ ਨਾਮ ਧਰਾਇਆ
ਨਾ ਵਿਚ ਬੈਠਣ ਨਾ ਵਿਚ ਭੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਅੱਵਲ ਆਖਰ ਆਪ ਨੂੰ ਜਾਣਾਂ
ਨਾ ਕੋਈ ਦੂਜਾ ਹੋਰ ਪਛਾਣਾਂ
ਮੈਥੋਂ ਹੋਰ ਨਾ ਕੋਈ ਸਿਆਣਾ
ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ
____________

...
ਮੈਂ ਵਰ ਪਾਇਆ ਰਾਂਝਾ ਮਾਹੀ



ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ

ਅਜ ਤਾਂ ਰੋਜ਼ ਮੁਬਾਰਕ ਚੜ੍ਹਿਆ
ਰਾਂਝਾ ਸਾਡੇ ਵਿਹੜੇ ਵੜਿਆ
ਹੱਥ ਖੂੰਡੀ ਮੋਢੇ ਕੰਬਲ ਧਰਿਆ
ਚਾਕਾਂ ਵਾਲੀ ਸ਼ਕਲ ਬਣਾਈ
ਆਓ ਸਈਓ ਰਲ ਦਿਉ ਨੀ ਵਧਾਈ

ਮੁੱਕਟ ਗਊਆਂ ਦੇ ਵਿਚ ਰੁੱਲਦਾ
ਜੰਗਲ ਜੂਹਾਂ ਦੇ ਵਿਚ ਰੁੱਲਦਾ
ਹੈ ਕੋਈ ਅੱਲ੍ਹਾ ਦੇ ਵਲ ਭੁੱਲਦਾ
ਅਸਲ ਹਕੀਕਤ ਖ਼ਬਰ ਨਾ ਕਾਈ
ਆਓ ਸਈਓ ਰਲ ਦਿਉ ਨੀ ਵਧਾਈ

ਬੁਲ੍ਹੇ ਸ਼ਾਹ ਇਕ ਸੌਦਾ ਕੀਤਾ
ਪੀਤਾ ਜ਼ਹਿਰ ਪਿਆਲਾ ਪੀਤਾ
ਨਾ ਕੁਝ ਲਾਹਾ ਟੋਟਾ ਲੀਤਾ
ਦਰਦ ਦੁੱਖਾਂ ਦੀ ਗਠੜੀ ਚਾਈ
ਆਓ ਸਈਓ ਰਲ ਦਿਉ ਨੀ ਵਧਾਈ
ਮੈਂ ਵਰ ਪਾਇਆ ਰਾਂਝਾ ਮਾਹੀ
_______________

ਰਾਜ ਔਲਖ:
     ਹੁਣ ਬੱਸ ਕਰ ਜੀ



ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਦਿਲ ਵਿਚ ਮੇਰੇ ਵਸਦੇ ਹੋ
ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ
ਪਹਿਲਾਂ ਘਤ ਜਾਦੂ ਦਿਲ ਖਸਦੇ ਹੋ
ਹੁਣ ਕਿਤ ਵੱਲ ਜਾਸੋ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਮੋਇਆਂ ਨੂੰ ਮਾਰ ਮਕੇਂਦੇ ਸੀ
ਨਿੱਤ ਖਿੱਦੂ ਵਾਂਗ ਕੁਟੇਂਦੇ ਸੀ
ਗੱਲ ਕਰਦੀ ਤਾਂ ਗਲ ਘੁਟੇਂਦੇ ਸੀ
ਹੁਣ ਤੀਰ ਲਗਾਓ ਕੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਛਿਪਦੇ ਹੋ ਅਸਾਂ ਪਕੜੇ ਹੋ
ਅਸਾਂ ਜਿਗ਼ਰ ਦੇ ਜਕੜੇ ਹੋ
ਤੁਸੀਂ ਅਜੇ ਛਿਪਣ ਤੋਂ ਤਕੜੇ ਹੋ
ਹੁਣ ਜਾਣ ਨਾ ਦੇਸਾਂ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ

ਬੁਲ੍ਹਾ ਸ਼ੌਹ ਤੇਰੇ ਬਰਦੇ ਹਾਂ
ਤੇਰਾ ਮੁਖ ਵੇਖਣ ਨੂੰ ਮਰਦੇ ਹਾਂ
ਨਿੱਤ ਸੌ ਸੌ ਮਿੰਨਤਾਂ ਕਰਦੇ ਹਾਂ
ਹੁਣ ਬੈਠੋ ਪਿੰਜਰ ਮੇਂ ਧਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਕਾਈ ਬਾਤ ਅਸਾਂ ਨਾਲ ਹੱਸ ਕਰ ਜੀ
___________________

ਰਾਜ ਔਲਖ:
ਉਠ ਜਾਗ ਘੁਰਾਡ਼ੇ ਮਾਰ ਨਹੀਂ


ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀਡ਼ਿਆਂ ਖਾਣਾ ਹੈ
ਕਰ ਚੇਤਾ ਮ੍ਰਿਗ ਵਿਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ

ਤੇਰਾ ਸਾਹਾ ਨੇਡ਼ੇ ਆਇਆ ਹੈ
ਕੁਝ ਚੋਲੀ ਦਾਜ ਰੰਗਾਇਆ ਹੈ
ਕੀਹ ਅਪਨਾ ਆਪ ਵੰਜਾਇਆ ਹੈ
ਐ ਗ਼ਾਫਿਲ ਤੈਨੂੰ ਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ

ਤੂੰ ਸੁੱਤਿਆਂ ਉਮਰ ਵੰਜਾਈ ਏ
ਤੇਰੀ ਸਾਇਤ ਨੇਡ਼ੇ ਆਈ ਏ
ਤੂੰ ਚਰਖੇ ਤੰਦ ਨਾ ਪਾਈ ਏ
ਕੀਹ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ
________________

Navigation

[0] Message Index

[#] Next page

Go to full version