ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ,
ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ।
ਵੇਚ ਕੇ ਆਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ।
ਲਹੂ ਦਾ ਹੋਵੇ, ਭਾਂਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਿਲ ਦੇ ਲਈ ਤਰਨਾ ਪੈਂਦਾ ਏ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।
ਜਿਹਨਾਂ ਦੇ ਘਰ ਬੇਰੀ, ਸੱਜਣਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਵੀ ਜ਼ਰਨਾ ਪੈਂਦਾ ਏ,
ਵਿੱਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ।