ਰਾਖ ਹਰ ਅਰਮਾਨ ਬਣਦਾ ਜਾ ਰਿਹਾ ਹੈ,ਮੌਤ ਦਾ ਸਾਮਾਨ ਬਣਦਾ ਜਾ ਰਿਹਾ ਹੈ,
ਸੜ ਰਹੇ ਨੇ ਮੇਰੇ ਜਜ਼ਬੇ ਦਿਨ ਰਾਤ,ਦਿਲ ਮੇਰਾ ਸ਼ਮਸ਼ਾਨ ਬਣਦਾ ਜਾ ਰਿਹਾ ਹੈ,
ਉਂਝ ਤਾਂ ਵਾਕਿਫ ਹੈ ਉਹ ਮੇਰੇ ਹਾਲ ਤੋਂ,ਪਰ ਜਾਣ ਕੇ ਨਾਦਾਨ ਬਣਦਾ ਜਾ ਰਿਹਾ ਹੈ,
ਦੇ ਦੁਆਵਾਂ ਵਕਤ ਨੂੰ ਐ ਜ਼ਿੰਦਗੀ,ਦਰਦ ਵੀ ਵਰਦਾਨ ਬਣਦਾ ਜਾ ਰਿਹਾ ਹੈ,
ਗਮ ਬੜੇ ਹੰਝੂ ਬੜੇ ਸਦਮੇ ਬੜੇ,ਦਿਲ ਮੇਰਾ ਧਨਵਾਨ ਬਣਦਾ ਜਾ ਰਿਹਾ ਹੈ,
ਆਦਮੀ ਤਾਂ ਆਦਮੀ ਬਣਿਆ ਨਹੀਂ,ਹਾਂ ਮਗਰ ਭਗਵਾਨ ਬਣਦਾ ਜਾ ਰਿਹਾ ਹੈ,
ਉਡ ਗਈ ਇਨਸਾਨ ਚੋਂ ਇਨਸਾਨੀਅਤ,ਆਦਮੀ ਸ਼ੈਤਾਨ ਬਣਦਾ ਜਾ ਰਿਹਾ ਹੈ,
ਕਿਸ ਤਰਾਂ ਦਾ ਵਕਤ ਦੇਖੋ ਆ ਗਿਆ,ਫ਼ਰਜ਼ ਵੀ ਅਹਿਸਾਨ ਬਣਦਾ ਜਾ ਰਿਹਾ ਹੈ...