ਜੋ ਕੁਝ ਵਿਚ ਰਜ਼ਾ ਦੇ ਲਿਖ ਦਿੱਤਾ,
ਮੂੰਹੋਂ ਬੱਸ ਨਾ ਆਖੀਏ, ਭੈੜੀਏ ਨੀ ।
ਸੁੰਞਾ ਸੱਖਣਾ ਚਾਕ ਨੂੰ ਰੱਖਿਆ ਸੀ,
ਮਥੇ-ਭੌਰੀਏ, ਚੰਦਰੀਏ, ਚੈੜੀਏ ਨੀ ।
ਮੰਤਰ ਕੀਲ ਨਾ ਜਾਣੀਏ ਡੂਮਣੇ ਦਾ,
ਕਾਲੇ ਸੁੱਤੜੇ ਨਾਗ ਨਾ, ਛੇੜੀਏ ਨੀ ।
ਇੱਕੋ ਯਾਰ ਦੇ ਨਾਮ ਤੋਂ ਫਿਦਾ ਹੋਈਏ,
ਮਹੁਰਾ ਦੇਇ ਕੇ ਇੱਕੇ, ਨਿਬੇੜੀਏ ਨੀ ।
ਜੇ ਨਾ ਉੱਤਰੇ ਯਾਰ ਦੇ ਨਾਲ ਪੂਰੀ,
ਐਡੇ ਪਿੱਟਣੇ ਨਾਂਹ, ਸਹੇੜੀਏ ਨੀ ।
ਵਾਰਿਸ਼ ਸ਼ਾਹ, ਪਿਆਸ ਨਾ ਹੋਏ ਅੰਦਰ,
ਸ਼ੀਸ਼ੇ ਸ਼ਰਬਤਾਂ ਦੇ ਨਾਹੀਂ, ਛੇੜੀਏ ਨੀ ।