ਮੇਰੇ ਖ਼ੁਦਾ ਜੋ ਮੰਗਾਂ, ਤੂੰ ਬੇ-ਹਿਸਾਬ ਦੇਵੀਂ।
ਨੈਣਾਂ ਨੂੰ ਨੀਂਦ ਦੇਵੀਂ, ਨੀਦਾਂ ਨੂੰ ਖ਼ਵਾਬ ਦੇਵੀਂ।
ਇਸ਼ਕਾਂ ਦੇ ਖੇਲ ਤਾਈਂ, ਰੂਹਾਂ ਦੇ ਮੇਲ ਤਾਈਂ,
ਸਫ਼ਲਾ ਮੁਕਾਮ ਦੇਵੀਂ, ਉੱਚਾ ਖ਼ਿਤਾਬ ਦੇਵੀਂ।
ਸੇਵਕ ਹਾਂ ਤੇਰੇ ਦਰ ਦੇ, ਹਰ ਆਸ ਪੂਰੀ ਕਰਦੇ,
ਹਰ ਇਕ ਚਮਨ ਦੇ ਤਾਈਂ, ਖਿੜਿਆ ਗੁਲਾਬ ਦੇਵੀਂ।
ਪੱਤ ਸਾਰਿਆਂ ਦੀ ਰੱਖੀਂ, ਲੱਭੇ ਨਾ ਮੁੜ ਕੇ ਲੱਖੀਂ,
ਦੇਵੀਂ ਸਿਰਾਂ ਨੂੰ ਚੁੰਨੀਆਂ, ਇੱਜ਼ਤ-ਅਦਾਬ ਦੇਵੀਂ।
ਕਰ ਦੂਰ ਤੂੰ ਬੁਲਾਵਾਂ, ਕਾਵਾਂ ਨੂੰ ਦੇ ਦੁਆਵਾਂ,
ਨ੍ਹਾ-ਨ੍ਹਾ ਕੇ ਹੋਣ ਚਿੱਟੇ, ਪਾਵਨ ਤਲਾਬ ਦੇਵੀਂ।
ਬੇਸ਼ੱਕ ਮੈਂ ਦੂਰ ਜਾਵਾਂ, ਮਿੱਟੀ ਨਾ ਮੈਂ ਭੁਲਾਵਾਂ,
ਵਤਨਾਂ ਨੂੰ ਜਦ ਮੈਂ ਆਵਾਂ, ਹੱਸਦਾ ਪੰਜਾਬ ਦੇਵੀਂ।
-ਬਲਜਿੰਦਰ ਮਾਂਗਟ