ਕਿਤਨੀ ਹੈ ਮਹਿੰਗਾਈ, ਦੇਸ਼ ਦੇ ਨੇਤਾ ਜੀ,
ਲੋਕੀਂ ਦੇਣ ਦੁਹਾਈ, ਦੇਸ਼ ਦੇ ਨੇਤਾ ਜੀ।
ਜਾਗ ਪਏ ਹੁਣ ਲੋਕੀਂ ਘਪਲੇ ਬੰਦ ਕਰੋ,
ਕਰਲੀ ਬਹੁਤ ਕਮਾਈ, ਦੇਸ਼ ਦੇ ਨੇਤਾ ਜੀ।
ਤਕੜੇ ਹੋ ਕੇ ਫੜ ਲਓ, ਰਿਸ਼ਵਤਖੋਰਾਂ ਨੂੰ,
ਜਿਨ੍ਹਾਂ ਲੁੱਟ ਮਚਾਈ, ਦੇਸ਼ ਦੇ ਨੇਤਾ ਜੀ।
ਖੇਤ ਦੇ ਵਿਚੋਂ ਦੱਸੋ ਪੱਲੇ ਪੈਣਾ ਕੀ,
ਵਾੜ ਜੇ ਜਾਵੇ ਖਾਈ, ਦੇਸ਼ ਦੇ ਨੇਤਾ ਜੀ।
ਜਿਸ ਥਾਲੀ ਵਿਚ ਖਾਵੋਂ, ਉਸ ਵਿਚ ਛੇਕ ਕਰੋ,
ਕਿੱਡੇ ਹੋ ਹਰਜਾਈ, ਦੇਸ਼ ਦੇ ਨੇਤਾ ਜੀ।
ਥੋਨੂੰ ਵੇਖ ਕੇ ਥੋਡੇ ਵਰਗੇ ਹੋਗੇ ਉਹ,
ਪੰਡਿਤ, ਮੁੱਲਾਂ, ਭਾਈ, ਦੇਸ਼ ਦੇ ਨੇਤਾ ਜੀ।
ਸਭ ਦੇ ਮਨ ਵਿਚ ਗੁੱਸੇ ਦੀ ਅੱਗ ਭੜਕ ਰਹੀ,
ਐਪਰ ਫਿਰਨ ਦਬਾਈ, ਦੇਸ਼ ਦੇ ਨੇਤਾ ਜੀ।
ਤੁਹਾਨੂੰ ਸੱਪ ਸੁੰਘ ਜਾਵੇ, ਆਪਣਾ ਕਰਦਾ ਜਦ,
ਬਾਰਾਂ ਤੀਆ ਸਤਾਈ, ਦੇਸ਼ ਦੇ ਨੇਤਾ ਜੀ।
ਬੈਂਕਾਂ ਭਰ ਲਓ ਮਾਇਆ ਨਾਲ ਨਹੀਂ ਜਾਣੀ,
ਜਾਊ ਨਾਲ ਸਚਾਈ, ਦੇਸ਼ ਦੇ ਨੇਤਾ ਜੀ।
ਬੀਬੇ ਬਣ ਕੇ ਮੰਨੋ ਗੱਲ ਹਜ਼ਾਰੇ ਦੀ,
ਛੱਡੋ ਹੁਣ ਅੜਵਾਈ, ਦੇਸ਼ ਦੇ ਨੇਤਾ ਜੀ।
-ਹਰਕੋਮਲ ਬਰਿਆਰ