ਜੋ ਹੁੰਦੈ ਸੋ ਹੋਣ ਦੇ ਹੋਈ ਜਾਵੇ ਲੱਖ।
ਜੋ ਕੁਝ ਤੇਰੇ ਕੋਲ ਹੈ, ਆਪਣੇ ਕੋਲ ਈ ਰੱਖ।
ਖ਼ਿਆਲਾਂ ਵਿਚ ਪੌੜ੍ਹਤਾ, ਤਰਕ ਜਿਨ੍ਹਾਂ ਦਾ ਨਾਪ,
ਉਹ ਜੰਗਲ ਦੀ ਭੀੜ 'ਚੋਂ, ਰਹਿਣ ਹਮੇਸ਼ਾ ਵੱਖ।
ਆਪਣੇ ਕਰਮੀਂ ਮਰ ਗਈ, ਨਾਂਹ-ਪੱਖੀਆਂ ਦੀ ਸੋਚ,
ਹਿੱਲਣ ਖੜੇ ਬਾਜ਼ਾਰ ਵਿਚ, ਪੱਲੇ ਰਿਹਾ ਨਾ ਕੱਖ।
ਵੰਗਾਂ ਫਿਰਦੇ ਵੇਚ ਦੇ ਵਣਜਾਰੇ ਅਣਜਾਣ,
ਉਹ ਕੀ ਜਾਨਣ ਵਣਜ ਦੇ ਨੁਕਤੇ ਵੱਖੋ-ਵੱਖ।
ਰੱਦੀ ਵਿਚੋਂ ਮਿਲ ਗਈ, ਦੋ ਸਦੀਆਂ ਤੋਂ ਬਾਅਦ,
ਅਮਰ ਕਵੀ ਦੀ ਸਿਮ੍ਰਤੀ ਜਾਗ ਪਈ ਪ੍ਰਤੱਖ।
ਨੂਰ ਨੂਰ ਕਰ ਹੰਭ ਗਏ, ਨੂਰ ਨਾ ਲੋਕਾ ਦੂਰ,
ਢੂੰਡ ਟਿਕਾਣਾ ਲੈ ਗਈ, ਖ਼ੋਜੀ ਕਾਫ਼ਿਰ ਅੱਖ।
ਹੁਣ ਤਾਂ ਜੌਹਰੀ ਪਾਰਖੂ ਬਣ ਗਏ ਸੌਦੇਬਾਜ਼,
ਹੱਟੀ ਹੱਟੀ ਫਿਰ ਗਈ, ਨਾਗਮਣੀ ਦੀ ਦੱਖ।
ਇੱਟ ਚੁੱਕੋ ਤਾਂ ਚੌਧਰੀ, ਅਠਮੂੰਹਿਆਂ ਦੀ ਡਾਰ,
ਚੜ੍ਹ ਜਾਂਦੀ ਜਿਉਂ ਅੰਬਰੀਂ, ਜੇਠ-ਹਾੜ੍ਹ ਵਿਚ ਖੱਖ।
ਦਾਦਾਗਿਰੀ ਪ੍ਰਧਾਨ ਹੈ ਹਰ ਥਾਂ 'ਤੋਤਾ ਰਾਮ',
ਮਾਰ ਤੂੰ ਚੱਕੀ ਰਾਹਿਆ, ਵਿਚ ਮੇਲੇ ਦੇ ਝੱਖ।
ੲ ਤੋਤਾ ਰਾਮ ਚੀਮਾ ੲ