ਸਾਨੂੰ ਤੱਪਦੀ ਦੁਪਹਿਰ ਹੀ ਚੰਗੀ
ਜੋ ਸਵੇਰ ਸ਼ਾਮ ਦਾ ਮੇਲ ਕਰਾਏ
ਚੜਿਆ ਜੋ ਉਸ ਢਲਣਾ ਵੀ ਹੈ
ਇਸ ਗਲ ਦਾ ਅਹਿਸਾਸ ਕਰਾਏ
ਸਾਨੂੰ ਤਾਂ ਬਸ ਵੈਰੀ ਚੰਗਾ
ਜੋ ਹਰਦਮ ਸਚਾ ਵੈਰ ਕਮਾਏ
ਈਮਾਨ ਵੀ ਬੇਈਮਾਨ ਹੋ ਸਕਦਾ
ਇਸ ਗਲ ਦਾ ਭਰਮ ਮਿਟਾਏ
ਸਾਨੂੰ ਤਾਂ ਬਸ ਵਿਛੋੜਾ ਚੰਗਾ
ਜੋ ਮਿਲਣ ਦੀ ਆਸ ਜਗਾਏ
ਮਿਲ ਕੇ ਕਿਤੇ ਵਿਛੜ ਨਾ ਜਾਈਏ
ਇਸ ਡਰ ਨੂੰ ਦੂਰ ਭਜਾਏ
ਸਾਨੂੰ ਤਾਂ ਬਸ ਹਨੇਰਾ ਚੰਗਾ
ਜੋ ਸਭ ਕੁਛ ਵਿੱਚ ਛੁਪਾਏ
ਕੀ ਊਚ ਨੀਚ ਤੇ ਭੈੜਾ ਚੰਗਾ
ਇਸ ਗਲ ਦਾ ਫਰਕ ਮਿਟਾਏ
ਸਾਨੂੰ ਤਾਂ ਬਸ ਝੂਠ ਹੀ ਚੰਗਾ
ਜੋ ਸਚ ਨੂੰ ਵੀ ਜੀਵਾਏ
ਸਚ ਨੂੰ ਜੇਕਰ ਸਚ ਨਾ ਮਿਲੇ
ਬਿਨ ਜੀਵਿਆਂ ਮਰ ਜਾਏ