ਨਾ ਹਸਦਿਆਂ ਦੇ ਨਾਲ, ਐਵੇਂ ਮੂੰਹ ਬਣਾਇਆ ਕਰ।
ਜੇ ਸਾਡੇ ਬੋਲ ਚੁਭਦੇ ਨੇ, ਤਾਂ ਸਾਨੂੰ ਨਾ ਬੁਲਾਇਆ ਕਰ।
ਅਸਾਡੇ ਕੋਲ ਬਹਿ ਕੇ ਵੀ, ਪਤਾ ਨਹੀਂ ਕਿਧਰ ਫਿਰਦਾ ਰਹਿੰ,
ਜੇ ਸਾਡੀ ਲੋੜ ਨਹੀਂ, ਏਨਾਂ ਤੂੰ ਨੇੜੇ ਨਾ ਬਿਠਾਇਆ ਕਰ।
ਨਾ ਸਾਥੋਂ ਦੂਰ ਹੀ ਜਾਵੇਂ, ਨਾ ਸਾਡੇ ਕੋਲ ਬਹਿ ਰਾਜੀ,
ਜੇ ਟੱਸ ਤੋਂ ਮੱਸ ਨਹੀਂ ਹੋਣਾ,ਕਿੱਸੇ ਨਾ ਦੁਹਰਾਇਆ ਕਰ।
ਤੇਰਾ ਨ੍ਹੋਰਾ, ਕਿ ਸਾਡੇ ਦਿਲ’ਚ ਕੀ ਹੈ ਕੀ ਪਤਾ ਤੈਨੂੰ,
ਤੂੰ ਸਭ ਕੁਝ ਜਾਣਦਾ, ਐਵੇਂ ਬਹਾਨੇ ਨਾ ਬਣਾਇਆ ਕਰ।
ਜੇ ਆਪਣੀ ਨਜ਼ਮ ਵਿਚ ਕਰਨਾ ਰਤਾ ਵੀ ਜ਼ਿਕਰ ਨਹੀਂ ਸਾਡਾ,
ਤੂੰ ਬਾਤਾਂ ਰਹਿਣ ਦੇ ਬਾਤਾਂ, ਬੁਤੰਗੜ ਨਾਂ ਬਣਾਇਆ ਕਰ।
ਜੇ ਸੱਚੀ ਗੱਲ ਸੁਨਣਾ - ਆਖਣਾ, ਫਿਤਰਤ ਨਹੀਂ ਤੇਰੀ,
ਗੱਲਾਂ ਧੀ ਨੂੰ ਕਹਿ ਕੇ, ਨੂੰਹਾਂ ਨੂੰ ਨਾ ਸੁਣਾਇਆ ਕਰ।
ਅਸੀਂ ਤੇ ਦਿਲੋਂ ਹਾਂ ਤੇਰੇ , ਤੇਰੇ ਹੀ ਦਿਲੋਂ ਰਹਿਣਾ,
ਮੱਥੇ ਦੀ ਤੀਊੜੀ ਛੱਡ, ਆ ਜਾ ਮੁਸਕਰਾਇਆ ਕਰ।[/i] [/font]