ਇਹਦੇ ਸਿਰ ਹਨੇਰੀ ਦੁੱਖਾਂ ਦੀ,
ਸਦੀਆਂ ਤੋਂ ਪਈ ਝੁੱਲਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਕੁੱਲ ਦੁਨੀਆਂ ਨੂੰ ਇਹਨੇ ਜੱਗ ਦਿਖਾਇਆ,
ਫੇਰ ਵੀ ਜਾਏ ਦੁਤਕਾਰੀ।
ਸਾਇੰਸ ਦੇ ਆਧੁਨਿਕ ਹਥਿਆਰਾਂ ਸੰਗ,
ਜਾਏ ਕੁੱਖਾਂ ਵਿੱਚ ਮਾਰੀ।
ਕੂੜੇ ਕਚਰੇ ਦੇ ਢੇਰਾਂ ਵਿੱਚ,
ਪਈ ਲੋਥ ਨਿੱਕੇ ਜਿਹੇ ਫੁੱਲ ਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਇਹਦੀ ਕੁੱਖ ਨੇ ਹੀ ਉਪਜੇ ਸੀ,
ਨਾਨਕ, ਈਸਾ, ਰਾਮ।
ਪਾਕ ਪਵਿੱਤਰ ਹੈ ਸੀਤਾ ਵਾਂਗ,
ਫਿਰ ਵੀ ਕਰਨ ਬਦਨਾਮ।
ਕੱਲੀ ਕਹਿਰੀ ਜਬਰ ਜੁਲਮ ਸੰਗ,
ਪਈ ਚਿਰਾਂ ਤੋਂ ਘੁਲਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਟੁਕੜੇ-ਟੁਕੜੇ ਕਰ ਕੇ,
ਵਿੱਚ ਤੰਦੂਰਾਂ ਜਾਂਦੀ ਸਾੜੀ।
ਡੰਗਰਾਂ ਵਾਂਗੂੰ ਜਿਸਮ ਦੀ ਮੰਡੀ,
ਵਿੱਚ ਹੈ ਜਾਂਦੀ ਤਾੜੀੰ।
ਦੁਰਗਾ ਦਾ ਰੂਪ ਕਹਾਉਣੇ ਵਾਲੀ,
ਦੇਖੋ ਵੇਚੀ ਕਿਹੜੇ ਮੁੱਲ ਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।
ਮਾਂ, ਭੈਣ, ਦਾਦੀ, ਨਾਨੀ ਬਣ ਕੇ,
ਕਿੰਨੇ ਕਿਰਦਾਰ ਨਿਭਾਉਂਦੀ ਹੈ।
ਕੁਰਬਾਨੀ ਦੀ ਮੂਰਤ ਇਹ,
ਜੁੱਤੀ ਮਰਦਾਂ ਦੀ ਕਹਿਲਾਂਉਦੀ ਹੈ।
ਮੋਹ, ਮਮਤਾ, ਹਲੀਮੀ ਇਹਦੇ,
ਅੰਗ-ਅੰਗ ਚੋਂ ਪਈ ਡੁੱਲ੍ਹਦੀ ਹੈ।
ਔਰਤ ਕੱਲ ਵੀ ਰੁੱਲਦੀ ਸੀ,
ਔਰਤ ਅੱਜ ਵੀ ਰੁੱਲਦੀ ਹੈ।