ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ,
ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ,
ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਧਰਮ ਕਹੇ ਜੇ ਧੀ ਕੋਈ ਮਾਰੇ, ਨਾ ਉਹਤੋਂ ਵੱਡਾ ਪਾਪੀ ਹੋਏਗਾ,
ਪੱਕੀ ਉਮਰੇ ਜਦ ਪੁੱਤਾਂ ਮੂੰਹ ਵੱਟਨਾ, ਬਹਿ ਮਰੀ ਧੀ ਨੂੰ ਰੋਏਗਾ,
ਫੇਰ ਲੱਖ ਵਹਾਵੇ ਹੰਝੂ ਪਛਤਾ ਕੇ, ਮੱਥਿਓਂ ਲਹਿਣਾ ਦਾਗ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਗੂੰਗੇ ਦੀ ਮਾਂ ਓਹਦੀ ਸਮਝੇ ਰਮਜਾਂ, ਪਰ ਮੇਰਾ ਕੀ ਜੋ ਜੰਮੀ ਨਹੀਂ,
ਮਾਂ ਮੇਰੀ ਹੈ ਮੇਰੇ ਵਾਂਗੂ ਔਰਤ, ਕਿਉਂ ਓਹ ਮੈਨੂੰ ਜਨਮ ਦੇਣ ਨੂੰ ਮੰਨੀ ਨਹੀਂ,
ਧੀ ਕਹੇ ਬਿਨ ਜੰਮੇ ਮੈਂ ਸਿੱਖ ਗਈ, ਕਲਯੁਗ ਵਿੱਚ ਧੀ ਦਾ ਲਿਹਾਜ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਜਦ ਪੁੱਤ ਕਪੁੱਤ ਨੇ ਹੋ ਜਾਂਦੇ, ਧੀ ਓਦੋਂ ਨਾਲ ਖੜੇ ਮਾਪਿਆਂ ਸੁੱਖ ਦੁੱਖ ਵਿੱਚ,
ਖੂਨ ਦੇ ਰਿਸ਼ਤੇ ਫਿਰ ਖੂਨ ਡੋਲਦੇ, ਜਮੀਨ, ਪੈਸੇ, ਘਰਾਂ ਦੀ ਭੁੱਖ ਵਿੱਚ,
ਵਿਹੜੇ ਵਿੱਚ ਜੋ ਉਗਦੀਆਂ ਕੰਧਾਂ, ਓਹਦੀ ਧਰੀ ਧੀਆਂ ਕਦੇ ਬੁਨਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....
__________________