Fun Shun Junction > Shayari

Sukhwinder Amrit Poetry

<< < (8/8)

ਰਾਜ ਔਲਖ:
               ਤੇਰੀ ਦਿਲਕਸ਼ੀ



ਤੇਰੀ ਦਿਲਕਸ਼ੀ ਦਾ ਦਰਿਆ ਜੇ ਨਾਂ ਬੇਲਿਬਾਸ ਹੋਵੇ
ਨਾਂ ਕਿਨਾਰਿਆਂ ਤੋਂ ਬਾਹਰ ਮੇਰੀ ਵੀ ਪਿਆਸ ਹੋਵੇ

ਕੀ ਨੇਰ੍ਹਿਆਂ ਦੇ ਓਹਲੇ ਉਸ ਨੂੰ ਛੁਪਾ ਕੇ ਰੱਖਣ
ਚੰਨ-ਤਾਰਿਆਂ ਦਾ ਪਾਇਆ ਜਿਸ ਨੇਂ ਲਿਬਾਸ ਹੋਵੇ

ਫੁੱਲਾਂ ਚ ਮਹਿਕ ਉਸਦੀ ਧੁੱਪਾਂ ਚ ਸੇਕ ਉਸਦਾ
ਕੋਈ ਵਿਯੋਗ ਵਿੱਚ ਵੀ ਜਿਓਂ ਆਸ-ਪਾਸ ਹੋਵੇ

ਆਵੇ ਖ਼ੁਦਾਇਆ ਐਸਾ ਵੀ ਮੁਕਾਮ ਪਿਆਰ ਅੰਦਰ
ਮੈਂ ਲਹਿਰ-ਲਹਿਰ ਹੋਵਾਂ ਓਹ ਪਿਆਸ-ਪਿਆਸ ਹੋਵੇ

ਮਨ ਤੇ ਉਮੀਦ ਦਾ ਵੀ ਬਚਿਆ ਨਾਂ ਕੋਈ ਓੜ੍ਹਨ
ਕੋਈ ਹਯਾਤ ਏਨੀਂ ਵੀ ਨਾਂ ਬੇਲਿਬਾਸ ਹੋਵੇ
_______________________

ਰਾਜ ਔਲਖ:
       ਸਦੀਆਂ ਤੋਂ ਮੁਹੱਬਤ ਦਾ



ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਣਨ ਦਾਨਸ਼ਵਰ ਕੀ ਸਮਝਣ
ਇਸ ਇਸ਼ਕ ਦੀ ਮੰਜਿ਼ਲ ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ ਫ਼ਰਿਆਦ ਹੀ ਸਮਝ ਸਕੇ
ਕਿਓਂ ਬਲ਼ਦੀਆਂ ਲਾਟਾਂ ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ ਦੀ ਸ਼ਾਨ ਅੱਲ੍ਹਾ ਇਹ ਇਸ਼ਕ ਸੁਭ੍ਹਾਨ ਅੱਲ੍ਹਾ
ਇਸ ਇਸ਼ਕ ਬਿਨਾ ਲੋਕੋ ਕਿਆ ਖ਼ਾਕ ਜ਼ਮਾਨਾ ਹੈ

ਇਸ ਇਸ਼ਕ ਦੀ ਹੱਟੀ ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ ਦੇ ਦਾਮਨ ਵਿਚ ਹਰ ਇਕ ਹੀ ਖ਼ਜਾ਼ਨਾ ਹੈ
____________________________

MyselF GhainT:
wooooooooooow kya baat hai

ਰਾਜ ਔਲਖ:
               ਮੇਰੇ ਸੂਰਜ


ਮੇਰੇ ਸੂਰਜ  ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ

ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ  ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

Navigation

[0] Message Index

[*] Previous page

Go to full version