ਰਾਤ ਹਨੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ।
ਅੱਖਾਂ ਵਿਚੋਂ ਖ੍ਵਾ ਗੁਆ ਕੇ, ਹੁਣ ਇਹ ਕਿਸ ਨੂੰ ਟੋਲਦੀਆਂ।
ਜਿਹੜੀ ਥਾਂ ਤੋਂ ਮੇਰੀ ਮੂਰਤ ਲਾਹ ਕੇ ਤੂੰ ਖੁਸ਼ ਹੋਈ ਏਂ,
ਓਸੇ ਥਾਂ ਤੋਂ ਖ਼ਾਲੀ ਕੰਧਾਂ, ਸੁਣ ਤੂੰ ਕੀ ਕੁਝ ਬੋਲਦੀਆਂ।
ਜਿਸਮ ਗੁਆਚਾ, ਰੂਹ ਵੀ ਦਾਗ਼ੀ, ਨਜ਼ਰਾਂ ਅੰਦਰ ਖੋਟ ਭਰੀ,
ਕਿੱਦਾਂ ਚੁੱਕੀ ਫਿਰਦੀ ਏਂ, ਤਸਵੀਰਾਂ ਆਪਣੇ ਢੋਲ ਦੀਆਂ।
ਫੁੱਲ ਮੋਤੀਆਂ, ਚਿੱਟੇ ਵਸਤਰ, ਰੂਹ ਤੇਰੀ ਬੇਚੈਨ ਕਿਉਂ,
ਜਿਉਂ ਆਵਾਜ਼ਾਂ ਢੋਲ ਦੇ ਅੰਦਰੋਂ, ਆਵਣ ਉਸ ਦੇ ਪੋਲ ਦੀਆਂ।
ਜ਼ਰਦ ਵਿਸਾਰ ਜਿਹਾ ਰੰਗ ਤੇਰਾ, ਦੱਸਦੈ ਅੰਦਰੋਂ ਸੱਖਣੀ ਏਂ,
ਰੂਹ ਦਾ ਭਾਰ ਕਦੇ ਵੀ ਬੀਬਾ, ਤੱਕੜੀਆਂ ਨਹੀਂ ਤੋਲਦੀਆਂ।
ਆਪਣੀ ਬੁੱਕਲ ਅੰਦਰ ਝਾਕੀਂ, ਵੇਖੀਂ ਮਨ ਦੇ ਸ਼ੀਸ਼ੇ ਨੂੰ,
ਚਿੰਤਾ ਚਿਖ਼ਾ ਬਰਾਬਰ ਬਹਿ ਕੇ, 'ਕੱਠੀਆਂ ਦੁਖ-ਸੁਖ ਫੋਲਦੀਆਂ।
ਤੇਜ਼ ਤੁਰਨ ਦੀ ਆਦਤ ਤੇਰੀ, ਰੂਹ ਨੂੰ ਅਕਸਰ ਡੰਗ ਜਾਵੇ,
ਤੂੰ ਕਾਹਲੀ ਵਿਚ ਕਦੇ ਨਾ ਵੇਖੇਂ, ਵਸਤਾਂ ਆਪਣੇ ਕੋਲ ਦੀਆਂ।
ਤੇਜ਼ ਧੜਕਣਾਂ ਤੇਰੇ ਦਿਲ ਦੀ, ਇੱਚੀ-ਬਿੱਚੀ ਜਾਣਦੀਆਂ,
ਸਮਝੀਂ ਨਾ ਅਣਜਾਣ ਇਨ੍ਹਾਂ ਨੂੰ, ਜੇ ਨਹੀਂ ਮੂੰਹੋਂ ਬੋਲਦੀਆਂ।
ਭਰ ਵਗਦੇ ਦਰਿਆ ਦੇ ਕੰਢੇ, ਬੈਠ ਕਦੇ ਤੂੰ ਸਹਿਜ ਮਤੇ,
ਵੇਖੀਂ ਕਲਵਲ ਜਲ ਦੀਆਂ ਲਹਿਰਾਂ, ਸਾਹੀਂ ਸੰਦਲ ਘੋਲਦੀਆਂ।
- ਗੁਰਭਜਨ ਗਿੱਲ