ਪੰਜਾਬ ਦੀ ਤਕਦੀਰ ਅਤੇ ਇਸ ਦੇ ਭਵਿੱਖ ਬਾਰੇ ਗੰਭੀਰ, ਫਿ਼ਕਰਮੰਦ ਅਤੇ ਚੋਟੀ ਦੇ ਬੁੱਧੀਜੀਵੀ, ਕਾਨੂੰਨ ਦੇ ਮਾਹਿਰ, ਇਤਿਹਾਸਕਾਰ, ਸਾਹਿਤਕਾਰ ਅਤੇ ਰਾਜਨੀਤਿਕ ਵਿਗਿਆਨ ਦੇ ਮਾਹਿਰਾਂ ਵਿੱਚ ਇਸ ਗੱਲ ਬਾਰੇ ਸਰਬ-ਸਹਿਮਤੀ ਹੈ ਕਿ ਫਾਂਸੀ ਦਾ ਇੰਤਜ਼ਾਰ ਕਰ ਰਹੇ ਸ: ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਬਣੇਗੀ। ਇਹ ਵਿਦਵਾਨ ਭਾਵੇਂ ਸਿੱਖ ਇਤਿਹਾਸ ਵਿੱਚ ਵਾਪਰਨ ਜਾ ਰਹੇ ਇਸ ਨਿਵੇਕਲੇ ਵਰਤਾਰੇ ਬਾਰੇ ਵੱਖਰੇ-ਵੱਖਰੇ ਅੰਦਾਜ਼ ਵਿੱਚ ਗੱਲ ਕਰਦੇ ਹਨ ਪਰ ਉਹ ਸਾਰੇ ਇਸ ਗੱਲ ਬਾਰੇ ਸਹਿਮਤ ਹਨ ਕਿ ਰਾਜਨੀਤਿਕ, ਧਾਰਮਿਕ ਤੇ ਸੱਭਿਆਚਾਰਕ ਤੌਰ ਤੇ ਪੂਰੀ ਤਰ੍ਹਾਂ ਨਿੱਘਰ ਗਈ ਸਿੱਖ ਕੌਮ ਇਸ ਕੁਰਬਾਨੀ ਬਾਰੇ ਅੱਜ ਦੀ ਤਰੀਕ ਵਿੱਚ ਆਪਣੇ-ਆਪ ਨੂੰ ਕੇਵਲ ‘ਬੇਚੈਨ‘ ਹੀ ਮਹਿਸੂਸ ਕਰੇਗੀ ਜਦ ਕਿ ਆਉਣ ਵਾਲੇ ਕੱਲ੍ਹ ਨੂੰ ਇਹ ਕੁਰਬਾਨੀ ਸਿੱਖ ਹਿਰਦਿਆਂ ਵਿੱਚ ਸਦਾ ਸੱਜਰੀ ਸਵੇਰ ਵਾਂਗ ਚਮਕੇਗੀ ਅਤੇ ਨੌਜਵਾਨਾਂ ਦੀ ਸਿਧਾਂਤਿਕ ਅਗਵਾਈ ਕਰੇਗੀ।
ਦੂਜੇ ਪਾਸੇ ਮਨੋਵਿਗਿਆਨ ਦੇ ਮਾਹਿਰ ਇਸ ਘਟਨਾ ਨੂੰ ਚੰਗਿਆਈ ਜਾਂ ਬੁਰਿਆਈ ਦੇ ਮਾਪਦੰਡ ਨਾਲ ਪਰਖੇ ਤੋਂ ਬਿਨ੍ਹਾਂ ਹੀ ਆਪਣੀ ਹੀ ਸ਼ਬਦਾਵਲੀ ਵਿੱਚ ਇਹ ਵਿਚਾਰ ਰੱਖਦੇ ਹਨ ਕਿ ਸ: ਬਲਵੰਤ ਸਿੰਘ ਵਰਗੇ ਵਿਅਕਤੀ ਇੱਕ ਪਾਸੜ ਖਿਆਲਾਂ ਨੂੰ ਇਸ ਹੱਦ ਤੱਕ ਪਰਣਾਏ ਜਾਂਦੇ ਹਨ ਅਤੇ ਇਸ ਹੱਦ ਤੱਕ ਵਚਨਬੱਧ ਹੁੰਦੇ ਹਨ ਕਿ ਉਹਨਾਂ ਨੂੰ ਆਪਣਾ ਸੱਚ ਸਭ ਤੋਂ ਵੱਡੀ ਗੱਲ ਜਾਪਦਾ ਹੈ।
ਕੁਝ ਵਿਦਵਾਨ ਗੱਲਬਾਤ ਦੌਰਾਨ ਇਸ ਨੁਕਤੇ ਉਤੇ ਵੱਧ ਜ਼ੋਰ ਦੇ ਰਹੇ ਹਨ ਕਿ ਇਹ ਕੁਰਬਾਨੀ ਆਪਣੇ ਵਿਚਾਰ ਉਤੇ ਪੂਰੀ ਦ੍ਰਿੜਤਾ ਤੇ ਸਿਦਕਦਿਲੀ ਨਾਲ ਪਹਿਰਾ ਦੇਣ ਵਾਲੇ ਅਤੇ ਅੰਤ ਨੂੰ ਹੱਸ-ਹੱਸ ਕੇ ਮੌਤ ਨੂੰ ਗਲੇ ਲਗਾਉਣ ਵਾਲੀਆਂ ਹਸਤੀਆਂ ਦੇ ਵਰਗ ਵਿੱਚ ਆਉਂਦੀ ਹੈ। ਇਹ ਵਿਦਵਾਨ ਸ਼ਹੀਦ ਭਗਤ ਸਿੰਘ ਨੂੰ ਵੀ ਇਸੇ ਵਰਗ ਵਿੱਚ ਲੈ ਕੇ ਆਉਂਦੇ ਹਨ। ਇਸ ਸਬੰਧ ਵਿੱਚ ਇਕ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਦਾ ਹਵਾਲਾ ਦਿੰਦਾ ਹੋਇਆ ਇਹ ਕਹਿੰਦਾ ਹੈ ਕਿ ਜਦੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੀ ਇਹੋ ਜਿਹੀ ਸ਼ਹਾਦਤ ਸੰਪੂਰਨ ਰੂਪ ਵਿੱਚ ਅੱਗੇ ਵੱਲ ਵੱਧਦੀ ਹੈ ਤਾਂ ਉਦੋਂ ਇਹ ਸ਼ਹਾਦਤ ਸਾਰੀ ਕੌਮ ਨੂੰ ਜਗਾ ਦਿੰਦੀ ਹੈ। ਇਸ ਵਿਦਵਾਨ ਦਾ ਕਹਿਣਾ ਹੈ ਕਿ ਭਾਵੇਂ ਰਾਜਨੀਤਿਕ ਮਜ਼ਬੂਰੀਆਂ ਕਾਰਣ ਵਰਤਮਾਨ ਸਿਆਸਤਦਾਨ ਇਸ ਵਰਤਾਰੇ ਬਾਰੇ ਖੁੱਲ੍ਹ ਕੇ ਨਾ ਵੀ ਬੋਲਣ ਤਾਂ ਵੀ ਅੰਦਰੋਂ ਇਹ ਸ਼ਹਾਦਤ ਹਿਲਾਉਣ ਤੇ ਜਗਾਉਣ ਵਾਲੀ ਹੈ।
ਜਿੰਨ੍ਹਾਂ ਵਿਦਵਾਨਾਂ ਦੀ ਸ: ਬਲਵੰਤ ਸਿੰਘ ਰਾਜੋਆਣਾ ਦੀ ਸਖ਼ਸ਼ੀਅਤ ਬਾਰੇ ਰਾਵਾਂ ਤੇ ਟਿੱਪਣੀਆਂ ਲਈਆਂ ਗਈਆਂ ਹਨ, ਉਹਨਾਂ ਵਿੱਚ ਸਿੱਖ ਪੰਥ ਦੇ ਉੱਘੇ ਚਿੰਤਕ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਦੇ ਵਿਦਵਾਨ ਡਾ: ਗੁਰਭਗਤ ਸਿੰਘ, ਉੱਘੇ ਇਤਿਹਾਸਕਾਰ ਤੇ ਸਾਬਕਾ ਵਾਇਸ-ਚਾਂਸਲਰ ਡਾ: ਜੇ. ਐਸ. ਗਰੇਵਾਲ, ਡਾ: ਪ੍ਰਿਥੀਪਾਲ ਸਿੰਘ ਕਪੂਰ, ਰਾਜਨੀਤਿਕ ਵਿਗਿਆਨ ਦੇ ਮਾਹਿਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ: ਕੇਹਰ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਚੇਅਰਮੈਨ ਤੇ ਸਿੱਖ ਵਿਦਵਾਨ ਡਾ: ਬਲਕਾਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਹੀ ਵਰਤਮਾਨ ਚੇਅਰਮੈਨ ਡਾ: ਸਰਬਜਿੰਦਰ ਸਿੰਘ, ਅਪਰਾਧ ਦੇ ਖੇਤਰ ਦੇ ਉੱਘੇ ਕਾਨੂੰਨਦਾਨ ਤੇ ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਵਿਭਾਗ ਦੇ ਮੁਖੀ ਸ੍ਰੀਮਤੀ ਸੀਮਾ ਵਿਨਾਇਕ, ਸਰਕਾਰੀ ਕਾਲਿਜ ਫਾਰ ਵੁਮਿਨ ਚੰਡੀਗੜ੍ਹ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਡਾ: ਗੀਤਾ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਪ੍ਰੋ: ਬਾਵਾ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਰੀਲੀਜਸ ਸਟੱਡੀਜ਼ ਦੇ ਚੇਅਰਮੈਨ ਡਾ: ਹਰਪਾਲ ਸਿੰਘ ਪੰਨੂੰ, ਜੁਝਾਰੂ ਲਹਿਰ ਦੇ ਵਿਚਾਰਧਾਰਕ ਹਮਦਰਦ, ਉੱਘੇ ਸਿੱਖ ਚਿੰਤਕ, ਸੰਤ ਜਰਨੈਲ ਸਿੰਘ ਅਤੇ ਦਰਬਾਰ ਸਾਹਿਬ ਦੇ ਸਾਕੇ ਬਾਰੇ ਲਿਖੀਆਂ ਤਿੰਨ ਚਰਚਿਤ ਪੁਸਤਕਾਂ ਦੇ ਲੇਖਕ ਸ: ਅਜਮੇਰ ਸਿੰਘ, ਉੱਘੇ ਸਿੱਖ ਚਿੰਤਕ ਡਾ: ਗੁਰਤਰਨ ਸਿੰਘ, ਸਾਹਿਤ ਦੇ ਵਿਦਵਾਨ ਸ: ਨਿਰਮਲ ਸਿੰਘ ਲਾਂਬੜਾਂ, ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਅਤੇ ਕੋਮਲ ਤੇ ਮਹੀਣ ਜਜ਼ਬਿਆਂ ਦੇ ਸ਼ਾਇਰ ਤੇ ਦੂਰ-ਅੰਦੇਸ਼ ਚਿੰਤਕ ਸੁਰਜੀਤ ਪਾਤਰ ਸ਼ਾਮਿਲ ਹਨ। ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਤਸੱਲੀ ਹੋਵੇਗੀ ਕਿ ਇਹਨਾਂ ਟਿੱਪਣੀਆਂ ਵਿੱਚ ਰਾਜੀਨਿਤਕ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਦੂਰ ਹੀ ਰੱਖਿਆ ਗਿਆ ਹੈ ਕਿਉਂਕਿ ਉਹ ਅੱਜ-ਕੱਲ੍ਹ ਥੋੜ੍ਹੇ-ਬਹੁਤੇ ਫਰਕ ਨਾਲ ਸਾਰੇ ਦੇ ਸਾਰੇ ਸ: ਬਲਵੰਤ ਸਿੰਘ ਪ੍ਰਤੀ ਰਸਮੀ ਹਮਦਰਦੀ ਦੀਆਂ ਟਿੱਪਣੀਆਂ ਤੇ ਬਿਆਨਬਾਜ਼ੀ ਕਰ ਰਹੇ ਹਨ ਅਤੇ ਸਿੱਖ ਇਤਿਹਾਸ ਦੀਆਂ ਡੂੰਘੀਆਂ ਵਾਦੀਆਂ ਤੋਂ ਕੋਹਾਂ ਦੂਰ ਹਨ।
ਡਾ: ਜੇ.ਐਸ.ਗਰੇਵਾਲ ਦਾ ਵਿਚਾਰ ਹੈ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਸਿੱਖ ਵਿਸ਼ਵਾਸ਼ ਨਾਲ ਜੁੜੀ ਹੋਈ ਹੈ। ਅਸਲ ਵਿੱਚ ਉਸ ਦਾ ਰੋਸ ਜਾਗਦੇ ਹੋਏ ਵਿਅਕਤੀਆਂ ਵਾਲਾ ਰੋਸ ਹੈ। ਭਾਵੇਂ ਇਹ ਗੱਲ ਵੱਖਰੀ ਹੈ ਕਿ ਇਸ ਸਮੇਂ ਉਸ ਦੇ ਹਿਮਾਇਤੀਆਂ ਦੀ ਗਿੱਣਤੀ ਬਹੁਤੀ ਨਹੀਂ। ਜਿਹੜੇ ਥੋੜ੍ਹੇ ਬਹੁਤੇ ਸਮਰਥਕ ਹਨ, ਉਹ ਆਪਣੀ ਗੱਲ ਸੰਪੂਰਨ ਅਰਥਾਂ ਵਿੱਚ ਕਰ ਨਹੀਂ ਸਕੇ ਅਤੇ ਜਾਂ ਉਹਨਾਂ ਦੀ ਗੱਲ ਅਖਬਾਰਾਂ ਵਾਲੇ ਚੁੱਕਦੇ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਪ੍ਰਤੀ ਅਕਾਲੀ ਦਲ ਦੀ ਪਹੁੰਚ ਤੇ ਰਵੱਈਆ ਇੱਕ ਤਰ੍ਹਾਂ ਨਾਲ ਕਾਂਗਰਸ ਵਰਗਾ ਹੀ ਜਾਪਦਾ ਹੈ।
ਡਾ: ਗੁਰਭਗਤ ਸਿੰਘ ਦਾ ਕਹਿਣਾ ਹੈ ਕਿ ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ ਅਤੇ ਇਤਿਹਾਸ ਸੁਭਾਵਿਕ ਹੀ ਇਸ ਦੀ ਪ੍ਰਸ਼ੰਸਾ ਕਰੇਗਾ। ਇਸ ਸਿੱਖ ਚਿੰਤਕ ਨੇ ਇਹ ਦਿਲਚਸਪ ਟਿੱਪਣੀ ਕੀਤੀ ਕਿ ਇਸ ਸ਼ਹਾਦਤ ਨਾਲ ਭਾਰਤ ਵਿੱਚ ਕਨਫੈਡਰੇਸ਼ਨ ਦੇ ਸਿਧਾਂਤ ਨੂੰ ਅੱਗੇ ਵੱਲ ਲਿਜਾਣ ਵਿੱਚ ਮੱਦਦ ਮਿਲ ਸਕਦੀ ਹੈ। ਉਹਨਾਂ ਇਹ ਵੀ ਮੰਨਿਆ ਕਿ ਅੱਜ ਦਾ ਸਿੱਖ ਇਸ ਵਰਤਾਰੇ ਨੂੰ ਸਧਾਰਣ ਕਿਸਮ ਦੇ ਜੁਰਮ ਨਾਲ ਜੋੜ ਕੇ ਹੀ ਵੇਖਦਾ ਹੈ। ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਪੰਜਾਬ ਦੀ ਜਵਾਨੀ ਵਿੱਚ ਇਸ ਕੁਰਬਾਨੀ ਦਾ ਫਿਲਹਾਲ ਕੋਈ ਵੱਡਾ ਅਸਰ ਨਹੀਂ ਜਾਪਦਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਘੱਟ-ਗਿੱਣਤੀਆਂ ਨੂੰ ਆਪਣਾ ਬਣਦਾ ਸਥਾਨ ਨਹੀਂ ਮਿਲਦਾ ਉਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ।
ਉੱਘੇ ਸਿੱਖ ਚਿੰਤਕ ਸ: ਅਜਮੇਰ ਸਿੰਘ ਨੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਿੱਖਾਂ ਦੇ ਅਨਮੋਲ ਇਤਿਹਾਸਿਕ ਵਿਰਸੇ ਨਾਲ ਜੋੜਦਿਆਂ ਹੋਇਆਂ ਵੱਖਰੇ ਅੰਦਾਜ਼ ਵਿੱਚ ਵੇਖਿਆ ਹੈ ਅਤੇ ਟਿੱਪਣੀ ਕੀਤੀ ਹੈ ਕਿ ਸ਼ਹਾਦਤ ਸਿੱਖ ਲਈ ਇੱਕ ਸਧਾਰਣ ਕਰਮ ਹੈ ਪਰ ਇੱਕ ਖਾਸ ਸੰਦਰਭ ਨਾਲ ਜੁੜ ਕੇ ਕੋਈ ਸ਼ਹਾਦਤ ਆਪਣੀ ਨਿਰਾਲੀ ਵਿਲੱਖਣਤਾ ਸਿਰਜ ਦਿੰਦੀ ਹੈ। ਸ: ਬਲਵੰਤ ਸਿੰਘ ਦੀ ਸ਼ਹਾਦਤ ਉਹਨਾਂ ਰਾਜਸੀ ਹਾਲਤਾਂ ਵਿੱਚ ਹੋਣ ਜਾ ਰਹੀ ਹੈ ਜਦੋਂ ਸਮੇਂ ਦੀਆਂ ਕਰੂਰ ਰਾਜਸੀ ਤਾਕਤਾਂ ਵੱਲੋਂ ਖਾਲਸਾ ਪੰਥ ਦੀ ਮੌਲਿਕ ਹਸਤੀ ਨੂੰ ਆਪਣੇ ਸਵਾਰਥ ਦੇ ਮੁਤਾਬਿਕ ਢਾਲਣ ਲਈ ਮੱਧਯੁੱਗੀ ਜਬਰ ਤੇ ਕਲਯੁੱਗੀ ਸਾਜ਼ਿਸਾਂ ਦੀ ਨਿਸ਼ੰਗ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਦਾ ਸ਼ਹਾਦਤ ਦੇ ਕੰਢੇ ਤੱਕ ਪਹੁੰਚਣ ਦਾ ਸਫਰ ਤੇ ਉਸ ਦਾ ਅਮਲ ਸਿੱਖ ਪੰਥ ਲਈ ਇੱਕ ਚਮਕਦੀ ਮਿਸਾਲ ਬਣ ਗਿਆ ਹੈ, ਕਿ ਰਾਜਸੀ ਹਾਲਤਾਂ ਭਾਵੇਂ ਕਿੰਨੀਆਂ ਵੀ ਬੇਵਫ਼ਾ ਤੇ ਬੇਰਹਿਮ ਕਿਉਂ ਨਾ ਹੋ ਜਾਣ, ਖਾਲਸੇ ਦਾ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਪ੍ਰੇਮ ਤੇ ਲਗਾਉ ਸਦੀਵੀ ਬਣਿਆ ਰਹੇਗਾ ਅਤੇ ਉਹ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਿਤ ਕਰਨ ਲਈ ਸ਼ਹਾਦਤਾਂ ਦੀ ਸ਼ਮਾਂ ਨੂੰ ਹਮੇਸ਼ਾਂ ਬਲਦਾ ਰੱਖੇਗਾ। ਸ: ਬਲਵੰਤ ਸਿੰਘ ਇਹੋ ਜਿਹੀ ਹੀ ਇੱਕ ਸ਼ਮਾਂ ਹੈ। ਸ: ਬਲਵੰਤ ਸਿੰਘ ਨੇ ਆਪਣੇ ਨਿਰਭਉ ਅਮਲ ਰਾਹੀਂ ਦਰਸਾ ਦਿਤਾ ਹੈ ਕਿ ਸਿੱਖ ਧਰਮ ਦੀ ਸਦੀਵੀ ਸੁਤੰਤਰਤਾ ਤੋਂ ਘੱਟ ਕੋਈ ਵੀ ਸਮਝੌਤਾ ਖਾਲਸੇ ਦੀ ਜ਼ਮੀਰ ਤੇ ਆਤਮਾ ਨੂੰ ਪ੍ਰਵਾਨ ਨਹੀਂ ਹੋਵੇਗਾ। ਭਾਈ ਬਲਵੰਤ ਸਿੰਘ ਬਾਰੇ ਇੱਕ ਹੋਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਰਾਜਨੀਤਿਕ ਹਾਲਤਾਂ ਦੇ ਇਸ ਵਿਸ਼ੇਸ਼ ਪ੍ਰਸੰਗ ਵਿੱਚ ਬਲਵੰਤ ਸਿੰਘ ਕੇਵਲ ਇੱਕ ਵਿਅਕਤੀ ਹੀ ਨਹੀਂ ਰਿਹਾ ਸਗੋਂ ਪੰਥ ਦੀ ਨਿਆਰੀ ਹੋਂਦ ਦਾ ਅਤੇ ਇਸ ਨਿਆਰੀ ਹੋਂਦ ਨੂੰ ਸਦਾ ਬਚਾ ਕੇ ਰੱਖਣ ਬਾਰੇ ਖਾਲਸਾਈ ਇਰਾਦੇ ਦਾ ਪ੍ਰਤੀਕ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਜਾਗਦੀ ਜ਼ਮੀਰ ਵਾਲੇ ਹਰ ਸਿੱਖ ਦਾ ਸ: ਬਲਵੰਤ ਸਿੰਘ ਨਾਲ ਹੁਣ ਜ਼ਾਤੀ ਲਗਾਅ ਬਣ ਗਿਆ ਹੈ। ਉਹ ਸਭਨਾ ਨੂੰ ‘ਆਪਣਾ‘ ਲੱਗਣ ਲੱਗ ਪਿਆ ਹੈ ਤੇ ਸਾਰੇ ਉਸ ਦੇ ਆਪਣੇ ਹੋ ਗਏ ਹਨ। ਉਹਨਾਂ ਦੀ ਸ਼ਹਾਦਤ ਸਿੱਖਾਂ ਦੀਆਂ ਜ਼ਮੀਰਾਂ ਨੂੰ ਪੰਜ ਸਦੀਆਂ ਦੀਆਂ ਹੁਸੀਨ ਸਿੱਖ ਯਾਦਾਂ ਨਾਲ ਜੋੜ ਦੇਵੇਗੀ ਤੇ ਇੰਝ ਸਿੱਖ ਦੀ ਇਨਸਾਫ ਲੈਣ ਦੀ ਤਾਂਘ ਨੂੰ ਕੌਮਾਂਤਰੀ ਪੱਧਰ ਉੱਤੇ ਸਥਾਪਿਤ ਕਰਨ ਵਿੱਚ ਸਹਾਈ ਬਣੇਗੀ।
ਉੱਘੇ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਪੂਰਨ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ ਦੀਆਂ ਡੂੰਗੀਆਂ ਪਰਤਾਂ ਨੂੰ ਫਰੋਲਣ ਵਾਲੇ ਚਿੰਤਕ ਡਾ: ਗੁਰਤਰਨ ਸਿੰਘ ਦਾ ਕਹਿਣਾ ਹੈ ਕਿ ਸ: ਬਲਵੰਤ ਸਿੰਘ ਜਿਉਂ-ਜਿਉਂ ਮੌਤ ਦੇ ਨੇੜੇ ਜਾ ਰਿਹਾ ਹੈ ਉਸ ਦਾ ਚਿਹਰਾ ਸਿਖਰ ਰੂਪ ਵਿੱਚ ਖਿੜਦਾ ਜਾ ਰਿਹਾ ਹੈ। ਉਹ ਭੀੜੀਆਂ ਜਕੜਾਂ ਤੋਂ ਆਜ਼ਾਦ ਹੋਇਆ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਦੀ ਸ਼ਹਾਦਤ ਉੱਤੇ ਹੀ ਪਰਖ ਹੁੰਦੀ ਹੈ। ਸਧਾਰਣ ਜੀਵਨ ਵਿੱਚ ਇਸ ਦਾ ਪਤਾ ਨਹੀਂ ਲੱਗ ਸਕਦਾ ਕਿਉਂਕਿ ਦੇਖਣ ਵਾਲੀ ਪੂਰੀ ਨਿਗ੍ਹਾ ਹੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਿੱਖ ਦੇ ਸਾਰੇ ਰਾਹ ਮੌਤ ਵਿੱਚੋਂ ਦੀ ਹੋ ਕੇ ਜਾਂਦੇ ਹਨ। ਉਹਨਾਂ ਨੇ ਦਾਂਤੇ ਦੀ ਮਸ਼ਹੂਰ ਰਚਨਾ ‘‘ਡਿਵਾਇਨ ਕਾਮੇਡੀ‘‘ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਜਦੋਂ ਬੰਦਾ ਮੌਤ ਦੀਆਂ ਡੁੂੰਘੀਆਂ ਗੁਫਾਵਾਂ ਵਿੱਚੋਂ ਲੰਘਦਾ ਹੈ ਅਤੇ ਜਦੋਂ ਉਹ ਬੇਨੂਰ ਹੁੰਦਾ ਹੈ ਤਾਂ ਉਹਨਾਂ ਹਾਲਤਾਂ ਵਿੱਚ ਨੂਰ ਦਾ ਤੋਹਫਾ ਸ਼ਹਾਦਤ ਹੀ ਦਿੰਦੀ ਹੈ। ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਬੇਅੰਤ ਸਿੰਘ ਪਰਿਵਾਰ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਸੀ, ਜੋ ਵੀ ਉਸ ਸਮੇਂ ਸੱਤਾ ਵਿੱਚ ਹੁੰਦਾ ਅਤੇ ਜੇ ਉਹ ਇਸੇ ਤਰ੍ਹਾਂ ਹੀ ਕਰਦਾ ਤਾਂ ਉਸ ਦਾ ਹਾਲ ਵੀ ਬੇਅੰਤ ਸਿੰਘ ਵਰਗਾ ਹੀ ਹੋਣਾ ਸੀ। ਕਿਉਂਕਿ ਉਹ ਉਸ ਸਮੇਂ ਸੱਤਾ ਨਾਲ ਵਫਾਦਾਰੀ ਨਿਭਾ ਰਿਹਾ ਸੀ। ਉਹਨਾਂ ਕਿਹਾ ਕਿ ਸਾਰੀ ਕੌਮ ਨੂੰ ਧੜਿਆਂ ਤੋਂ ਉੱਪਰ ਉਠ ਕੇ ਸ: ਬਲਵੰਤ ਸਿੰਘ ਦੀ ਕੁਰਬਾਨੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਸ਼ਹਾਦਤ ਵਿਸ਼ਵ ਧਰਮਾਂ ਨੂੰ ਨੂਰ ਵੰਡਣ ਵਾਲੀ ਸਾਬਤ ਹੋਵੇਗੀ।
ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਡਾ: ਸਰਬਜਿੰਦਰ ਸਿੰਘ ਮੁਤਾਬਿਕ ਇਹ ਕੁਰਬਾਨੀ ‘‘ਜ਼ਮੀਰ ਦੀ ਸ਼ਹਾਦਤ‘‘ ਹੈ। ਉਹਨਾਂ ਕਿਹਾ ਕਿ ਜਿਹੜਾ ਬਲਵੰਤ ਸਿੰਘ ਚੇ ਗੁਵੇਰਾ ਨੂੰ ਪੜ੍ਹਦਾ ਹੈ ਉਸ ਨੂੰ ਯਕੀਨਨ ਜ਼ਿੰਦਗੀ ਬਾਰੇ ਡੂੰਘੀ ਸਮਝ ਹੋਵੇਗੀ। ਉਹਨਾਂ ਨੇ ਅਰਜਨਟੀਨਾ ਦੀ ਵਿਦਵਾਨ ਕੁੜੀ ਲਿੰਡਾ ਮਾਰਗੈਟ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਨੇ ਬਰਾਜ਼ੀਲ ਦੀ ਲਿਬਰੇਸ਼ਨ ਥਿਆਲੋਜੀ ਉਤੇ ਗੰਭੀਰ ਕੰਮ ਕੀਤਾ ਹੈ ਅਤੇ ਸਿੱਖ ਕੌਮ ਦੀ ਲਿਬਰੇਸ਼ਨ ਥਿਆਲੋਜੀ ਉਤੇ ਵੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਰਿਵਾਇਤੀ ਥਿਆਲੋਜੀ ਵਿੱਚ ਵਿਸ਼ਵਾਸ਼ ਨਹੀਂ ਕਰਦਾ।
ਸਾਬਕਾ ਐਡਵੋਕੇਟ ਜਨਰਲ ਸ: ਰਜਿੰਦਰ ਸਿੰਘ ਚੀਮਾ ਮੁਤਾਬਿਕ ਜੇ ਬਲਵੰਤ ਸਿੰਘ ਫਾਂਸੀ ਚੜ੍ਹਦਾ ਹੈ ਤਾਂ ਇਹ ਸ਼ਹਾਦਤ ਆਇਰਲੈਂਡ ਦੇ ਸ਼ਹੀਦ ਬਾਬੀ ਸੈਂਡ ਦੀ ਸ਼ਹਾਦਤ ਨਾਲ ਹੀ ਮਿਲਦੀ-ਜੁਲਦੀ ਸਮਝੀ ਜਾਵੇਗੀ। ਉਹਨਾਂ ਕਿਹਾ ਬਲਵੰਤ ਸਿੰਘ ਦੇ ਧੁਰ ਅੰਦਰ ਆਪਣੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਸੁਹਿਰਦਤਾ ਹੈ। ਸਿੱਖ ਇਤਿਹਾਸ ਵਿੱਚ ਸੁਭਾਵਿਕ ਹੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਪਰ ਨਾਲ ਹੀ ਉਹਨਾਂ ਨੇ ਸ਼ਹਾਦਤ ਦੀਆਂ ਦੋ ਵੰਨਗੀਆਂ ਪੇਸ਼ ਕੀਤੀਆਂ। ਉਹਨਾਂ ਮੁਤਾਬਿਕ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਹਿੰਸਾ ਦੀ ਸ਼ਾਨ ਦੀ ਸਿਖਰ ਹੈ। ਜਦ ਕਿ ਬਲਵੰਤ ਸਿੰਘ ਦੀ ਸ਼ਹਾਦਤ ‘‘ਡਾਈਸੈਂਟ‘‘ ਦੀ ਸ਼ਹਾਦਤ ਸਮਝੀ ਜਾਏਗੀ। ਇਕ ਹੋਰ ਵਿਦਵਾਨ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉਤੇ ਟਿੱਪਣੀ ਕੀਤੀ ਕਿ ਸ: ਬਲਵੰਤ ਸਿੰਘ ਦੀ ਕੁਰਬਾਨੀ ਉਸ ਰੁਝਾਨ ਨਾਲ ਜੁੜੀ ਹੋਈ ਹੈ ਜਿਸ ਨਾਲ ਜੁੜੇ ਵਿਦਵਾਨ ਆਊਟ-ਸਾਈਡਰ ਅਖਵਾਉਂਦੇ ਹਨ। ਉਹਨਾਂ ਨੇ ਕੋਲਿਨ ਵਿਲਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਊਟ-ਸਾਈਡਰ ਸਦਾ ਹੀ ਬਾਗੀ ਸੁਰ ਰੱਖਦਾ ਹੈ ਅਤੇ ਵਕਤ ਦੇ ਨਿਜ਼ਮ ਤੋਂ ਮੁਨਕਰ ਹੋਣ ਦੀ ਜੁਅਰਤ ਰੱਖਦਾ ਹੈ।
ਸਿੱਖ ਇਤਿਹਾਸਕਾਰ ਡਾ: ਪ੍ਰਿਥੀਪਾਲ ਸਿੰਘ ਕਪੂਰ ਮੁਤਾਬਿਕ ਬਲਵੰਤ ਸਿੰਘ ਦੀ ਸ਼ਹਾਦਤ ਵਿਸ਼ਵਾਸ਼ ਦੇ ਸਿਧਾਂਤ ਨਾਲ ਜੁੜੀ ਹੋਈ ਹੈ। ਇਸ ਵਿੱਚ ਉਸੇ ਤਰ੍ਹਾਂ ਦੀ ਬਦਲੇ ਵਾਲੀ ਭਾਵਨਾ ਹੈ ਜੋ ਭਾਈ ਮਨੀ ਸਿੰਘ ਦੀ ਸ਼ਹਾਦਤ ਪਿਛੋਂ ਸਿੱਖਾਂ ਵੱਲੋਂ ਗੁਸੇ ਵਿੱਚ ਆ ਕੇ ਲਾਹੌਰ ਉਤੇ ਬਦਲੇ ਵਜੋਂ ਹਮਲੇ ਦੇ ਰੂਪ ਵਿੱਚ ਕੀਤੀ ਸੀ। ਜਦੋਂ ਇਹ ਪੁੱਛਿਆ ਗਿਆ ਕਿ ਸ: ਬਲਵੰਤ ਸਿੰਘ ਮੁਕੱਦਮੇ ਦੌਰਾਨ ਸ਼ੁਰੂ ਤੋਂ ਹੀ ਅਪੀਲ ਤੇ ਦਲੀਲ ਦੇ ਸਿਧਾਂਤ ਨੂੰ ਮੂਲੋਂ ਰੱਦ ਕਰਦੇ ਰਹੇ ਹਨ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਡਾ: ਕਪੂਰ ਨੇ ਜਵਾਬ ਵਿੱਚ ਕਿਹਾ ਕਿ ਬੰਦਾ ਸਿੰਘ ਬਹਾਦਰ ਤੇ ਸਾਥੀਆਂ ਦੀ ਸ਼ਹਾਦਤ ਸਮੇਂ ਵੀ ਉਹ ਸਿੱਖ ਵਿਸ਼ਵਾਸ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਐਲਾਨੀਆਂ ਆਖਦੇ ਸਨ ਕਿ ਅਸੀਂ ਸਿੱਖ ਹਾਂ ਅਤੇ ਸਾਨੂੰ ਤੁਸੀਂ ਬੇਸ਼ੱਕ ਮਾਰ ਦਿਓ। ਇਹੋ ਜਿਹੀ ਗੱਲ ਵਿਸ਼ਵਾਸ਼ ਨਾਲ ਹੀ ਜੁੜੀ ਹੁੰਦੀ ਹੈ। ਉਹਨਾਂ ਕਿ ਸ: ਬਲਵੰਤ ਸਿੰਘ ਵੀ ਉਸੇ ਤਰ੍ਹਾਂ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨਾਲ ਕੰਮ ਕਰ ਰਿਹਾ ਹੈ। ਉਹਨਾਂ ਸਵੀਕਾਰ ਕੀਤਾ ਕਿ ਸਿੱਖ ਕੌਮ ਇਸ ਸਮੇਂ ਪਦਾਰਥਵਾਦੀ ਹੋ ਗਈ ਹੈ। ਇਹ ਕਿੰਨ੍ਹੇ ਵਿਅੰਗ ਦੀ ਗੱਲ ਹੈ ਕਿ ਅਕਾਲੀ ਬੇਇਨਾਸਫੀ ਦੀ ਰੱਟ ਵੀ ਲਾਈ ਜਾ ਰਹੇ ਹਨ, ਰਾਜ ਵੀ ਕਰ ਰਹੇ ਹਨ ਤੇ ਮੌਜਾਂ ਵੀ ਮਾਣ ਰਹੇ ਹਨ। ਇਸ ਲਈ ਹਾਲ ਦੀ ਘੜੀ ਇਸ ਕੁਰਬਾਨੀ ਦਾ ਬਹੁਤਾ ਅਸਰ ਨਹੀਂ ਹੋਏਗਾ ਪਰ ਇਸ ਦੇ ਦੂਰ-ਰਸ ਸਿੱਟੇ ਜ਼ਰੂਰ ਨਿਕਲਣਗੇ।
ਸੁਰਜੀਤ ਪਾਤਰ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਮੈਨੂੰ ਡੂੰਘੀ ਵੇਦਨਾ ਤੇ ਗਹਿਰੇ ਦੁੱਖ ਦਾ ਅਹਿਸਾਸ ਹੋ ਰਿਹਾ ਹੈ। ਉਹਨਾਂ ਨੇ ਸਪੱਸ਼ਟ ਰੂਪ ਵਿੱਚ ਇਹ ਕਿਹਾ ਕਿ ਭਾਵੇਂ ਮੇਰਾ ਇਹ ਰਾਹ ਨਹੀਂ ਅਤੇ ਹਿੰਸਾ ਵੀ ਮੇਰਾ ਮਾਰਗ ਨਹੀਂ ਪਰ ਮੈਂ ਇਨਸਾਫ ਤੇ ਬਰਾਬਰੀ ਦੇ ਸਿਧਾਂਤਾਂ ਦਾ ਪੈਰੋਕਾਰ ਹਾਂ। ਮੈਂ ਇਸ ਸਮੇਂ ਇਹਨਾਂ ਸਤਰ੍ਹਾਂ ਨਾਲ ਆਪਣੀ ਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ:
ਸੁਣ, ਹੇ ਝਨਾ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀ।
ਤੇਰੇ ਪਾਣੀਆਂ ਉਤੇ ਤਰਣੀ, ਸਾਡੀ ਦਰਦ ਕਹਾਣੀ।
ਪ੍ਰੋ: ਬਾਵਾ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਇਕ ਸੂਰਬੀਰ ਯੋਧਾ ਹੈ ਅਤੇ ਪੰਜਾਬ ਦੀ ਹਿਸਟਰੀ ਦਾ ਇੱਕ ਅਹਿਮ ਪਾਤਰ ਹੈ ਜਿਥੇ ਸ਼ਹਾਦਤ ਵਿੱਚ ਰੋਮਾਂਸ ਤੇ ‘‘ਥਰਿਲ‘‘ ਦੇ ਤੱਥ ਮੌਜੂਦ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਪਦਾਰਥਵਾਦ ਦਾ ਯੁੱਗ ਹੈ ਪਰ ਚੰਗੇ ਭਾਗਾਂ ਨੂੰ ਸਾਡੇ ਕੋਲ ਇਕ ਇਹੋ ਜਿਹਾ ਵਿਅਕਤੀ ਹੈ ਜਿਸ ਨੇ ਰਹਿਮ ਦੀ ਭੀਖ ਨਹੀਂ ਮੰਗੀ। ਇਹ ਉਸ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੈ ਇਸ ਬਾਰੇ ਅਜੇ ਕੁੱਝ ਨਹੀਂ ਕਹਿ ਸਕਦਾ ਕਿ ਸਿੱਖਾਂ ਦੇ ਸਮੂਹਿਕ ਦਰਦ ਦਾ ਥਾਹ ਪਾਉਣ ਲਈ ਸ: ਬਲਵੰਤ ਸਿੰਘ ਗਿਆਨ ਦੀ ਕਿਸ ਚੋਟੀ ਤੇ ਖੜ੍ਹੇ ਹਨ। ਉਹਨਾਂ ਕਿਹਾ ਕਿ ਹਾਲ ਦੀ ਘੜੀ ਤਾਂ ‘‘ਸੁਖਬੀਰ ਦਾ ਖਾਲਸਾ‘‘ ਹੀ ਚਲੇਗਾ ਪਰ ਉਹ ਵਕਤ ਵੀ ਆਏਗਾ ਜਦੋਂ ਬਲਵੰਤ ਸਿੰਘ ਬੀਜ਼ ਰੂਪ ਵਿੱਚ ਇਸ ਧਰਤੀ ਵਿੱਚ ਪੁੰਗਰੇਗਾ ਅਤੇ ਜਦੋਂ ਮੌਨਸੂਨ ਦੀ ਵਰਖਾ ਹੋਵੇਗੀ ਕਿਉਂਕਿ ਇਹੋ ਜਿਹੇ ਬੀਜ਼ ਪੁੰਗਰਣ ਦੀ ਅਵੱਸਥਾ ਵਿੱਚ ਬੜੀ ਦੇਰ ਤੱਕ ਪਿਆ ਰਹਿੰਦਾ ਹੈ। ਇਕ ਹੋਰ ਵਿਦਵਾਨ ਨੇ ਇਸੇ ਸਥਿਤੀ ਉਤੇ ਟਿੱਪਣੀ ਕਰਦਿਆਂ ਹੋਇਆਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਇਹ ਸਤਰ੍ਹਾਂ ਪੇਸ਼ ਕਰ ਦਿੱਤੀਆਂ:
ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰ੍ਹੇ।
ਗੁਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫਰ ਕਰੇ।
ਸ: ਨਿਰਮਲ ਸਿੰਘ ਲਾਂਬੜਾਂ ਮੁਤਾਬਿਕ ਇਹ ਕੁਰਬਾਨੀ ਬਹਾਦਰੀ ਦੇ ਸੰਕਲਪ ਨਾਲ ਜੁੜੀ ਹੋਈ ਹੈ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਗੁਰੂਆਂ ਨੇ ਸਾਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਵੱਲੋਂ ਆਪਣੇ ਅੰਗ ਦਾਨ ਕਰਨ ਵਾਲੀ ਘਟਨਾ ਵੀ ਆਪਣੇ ਆਪ ਵਿੱਚ ਮਹਾਨ ਘਟਨਾ ਹੈ ਅਤੇ ਸ਼ਾਇਦ ਪਹਿਲੀ ਮਿਸਾਲ ਹੈ। ਇਹ ਗੱਲ ਬਲਵੰਤ ਸਿੰਘ ਨੂੰ ਸਮੁੱਚੀ ਮਾਨਵਤਾ ਦੇ ਦਰਦ ਨਾਲ ਜੋੜਦੀ ਹੈ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨੇ ਮਨੁੱਖ ਦੀ ਆਜ਼ਦੀ ਦਾ ਝੰਡਾ ਬੁਲੰਦ ਕੀਤਾ ਹੈ। ਇਹ ਜ਼ੁਲਮੋਂ ਸਿਤਮ ਖਿਲਾਫ ਆਪਣੀਆਂ ਭਾਵਨਾਵਾਂ ਦਾ ਇੱਕ ਹੈਰਾਨਕੁੰਨ ਪ੍ਰਗਟਾਵਾ ਹੈ। ਇਹ ਪੁੱਛੇ ਜਾਣ ਤੇ ਕਿ ਖੱਬੇ-ਪੱਖੀ ਵੀਰ ਇਸ ਵਰਤਾਰੇ ਬਾਰੇ ਭੇਤਭਰੀ ਚੁੱਪ ਕਿਉਂ ਧਾਰੀ ਬੈਠੇ ਹਨ, ਉਹਨਾਂ ਕਿਹਾ ਖੱਬੇ-ਪੱਖੀ ਵੀ ਅਧੁਨਿਕਤਾ ਤੇ ਕਥਿਤ ਉਦਾਰਵਾਦ ਦੇ ਪੈਰੋਕਾਰ ਹੀ ਬਣ ਗਏ ਹਨ।
ਡਾ: ਕੇਹਰ ਸਿੰਘ ਮੁਤਾਬਕ ਜਦੋਂ ਲਹਿਰਾਂ ਅਸਫਲ ਹੋ ਜਾਂਦੀਆਂ ਹਨ ਤਾਂ ਉਸ ਪਿਛੋਂ ਕੌਮ ਮਾਯੂਸੀ ਦੀਆਂ ਹਾਲਤਾਂ ਵਿੱਚੋਂ ਲੰਘਦੀ ਹੈ। ਪਰ ਉਹਨਾਂ ਬੇਰਹਿਮ ਹਾਲਤਾਂ ਵਿੱਚ ਵੀ ਜਿਹੜਾ ਬੰਦਾ ਇਖਲਾਕ ਦੇ ਮੰਚ ਤੇ ਖੜ੍ਹੋ ਕੇ ਸਟੇਟ ਨੁੂੰ ਚੁਣੋਤੀ ਦਿੰਦਾ ਹੈ, ਉਹ ਇਤਿਹਾਸ ਦਾ ਸੁਨਹਿਰੀ ਕਾਂਡ ਹੋ ਨਿੱਬੜਦਾ ਹੈ। ਸ: ਬਲਵੰਤ ਸਿੰਘ ਵੀ ਇਕ ਤਰ੍ਹਾਂ ਨਾਲ ਮਨੁੱਖ ਦੀ ਸਦਾਚਾਰਕ ਅਵਾਜ਼ ਬੁਲੰਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਨੇੜ ਭਵਿੱਖ ਵਿੱਚ ਨਹੀਂ ਪਰ ਅੱਗੇ ਜਾ ਕੇ ਇਹ ਘਟਨਾ ਬਿਨ੍ਹਾਂ ਕਿਸੇ ਪੁੱਛੇ ਦੱਸੇ ਤੋਂ ਆਪਣੇ ਆਪ ਹੀ ਇਤਿਹਾਸ ਵਿਚ ਪ੍ਰਵੇਸ਼ ਕਰ ਜਾਵੇਗੀ ਕਿਉਂਕਿ ਕਨਵਿਕਸ਼ਨ ਨਾਲ ਜੁੜੀ ਂਿੲਹ ਕੋਈ ਵੱਡੀ ਗੱਲ ਹੈ।
ਸਿੱਖ ਵਿਦਵਾਨ ਡਾ: ਬਲਕਾਰ ਸਿੰਘ ਮੁਤਾਬਿਕ ਸ: ਬਲਵੰਤ ਸਿੰਘ ਵਲੰਟੀਅਰ ਰੂਪ ਵਿੱਚ ਸ਼ਹਾਦਤ ਨੂੰ ਗਲੇ ਲਗਾਉਣ ਲਈ ਜਾ ਰਿਹਾ ਹੈ। ਇਤਿਹਾਸ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਜਦੋਂ ਕੌਮ ਇਹੋ ਜਿਹੇ ਅਨੁਭਵ ਵਿੱਚ ਜਿਉੁਂਦੀ ਹੈ। ਕਈ ਵਾਰੀ ਜ਼ਿੰਦਗੀ ਨਾਲੋਂ ਕੁਝ ਹੋਰ ਗੱਲਾਂ ਵੱਡੀਆਂ ਹੁੰਦੀਆਂ ਹਨ। ਸ: ਬਲਵੰਤ ਸਿੰਘ ਇਹੋ ਜਿਹੀ ਹਾਲਤ ਵਿੱਚ ਪਹੁੰਚ ਗਏ ਹਨ ਜਦੋਂ ਮੌਤ ਨੂੰ ਗਲੇ ਲਗਾਉਣਾ ਜ਼ਿੰਦਗੀ ਨਾਲੋਂ ਵੱਡੀ ਗੱਲ ਬਣ ਗਈ ਹੈ। ਇਹੋ ਜਿਹੀ ਸ਼ਹਾਦਤ ਜਾਗਦੀਆਂ ਹੋਈਆਂ ਰੂਹਾਂ ਨੁੂੰ ਇੱਕ ਸੱਦਾ ਹੈ।
ਡਾ: ਹਰਪਾਲ ਸਿੰਘ ਪੰਨੂੰ ਮੁਤਾਬਿਕ ਇਹ ਘਟਨਾ ਇਤਿਹਾਸ ਦੀਆਂ ਹੱਦਾਂ ਨੂੰ ਤੋੜ ਕੇ ਕਿਸੇ ਅਗਲੇ ਪੜਾਅ ਵੱਲ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਕੋਈ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਤਾਂ ਉਸ ਹਾਲਤ ਵਿੱਚ ਸ: ਬਲਵੰਤ ਸਿੰਘ ਕਿਸੇ ਮਾਰੂਥਲ ਵਿੱਚ ਉੱਗਿਆ ਬੂਟਾ ਲੱਗਦਾ ਹੈ। ਆਉਣ ਵਾਲਾ ਕੱਲ੍ਹ ਇਹ ਤਾਂ ਕਹੇਗਾ ਹੀ ਕਿ ਬੀਤੇ ਵਿੱਚ ਕੋਈ ਇਹੋ ਜਿਹਾ ਹਰਿਆ ਬੂਟ ਬੇਰਹਿਮ ਹਾਲਤਾਂ ਵਿੱਚ ਵੀ ਆਪਣੀ ਛਾਂ ਦੇ ਰਿਹਾ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਤੋਂ ਪਿਛੋਂ ਹੁਣ ਮੈਨੂੰ ਇਹੋ ਹੀ ਵਿਅਕਤੀ ਨਜ਼ਰ ਆਉਂਦਾ ਹੈ।
ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਵਿਦਵਾਨ ਜਿਸ ਨੂੰ ਸਮਾਜ ਵਿਗਿਆਨ, ਫਿਲਾਸਫੀ, ਮਾਨਵਵਿਗਿਆਨ ਅਤੇ ਧਰਮ ਵਰਗੇ ਵਿਸ਼ਿਆਂ ਉਤੇ ਡੂੰਘੀ ਤੇ ਮੌਲਿਕ ਪਕੜ ਹੈ ਅਤੇ ਜੋ ਛੁਪੇ ਰਹਿਣ ਦੀ ਚਾਹ ਨਾਲ ਇਸ ਕੁਰਬਾਨੀ ਬਾਰੇ ਟਿੱਪਣੀਆਂ ਕਰਦੇ ਹੋਏ ਸ: ਬਲਵੰਤ ਸਿੰਘ ਨੂੰ ਨਾਇਕ ਸ਼ਹੀਦ ਦਾ ਦਰਜਾ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਮਾਰਦਾ ਨਹੀਂ ਹੈ ਅਤੇ ਨਾ ਹੀ ਲੜਦਾ ਹੈ। ਉਹ ਖੁਦ ਮਰਦਾ ਹੈ। ਉਹ ਹੀ ਕੁਰਬਾਨੀ ਕਰਦਾ ਹੈ ਬਿਨ੍ਹਾਂ ਕਿਸੇ ਡਰ ਤੋਂ। ਉਹ ਅਸਲ ਵਿੱਚ ਨਿਰਭਉ ਤੇ ਨਿਰਵੈਰ ਹੋ ਕੇ ਪ੍ਰਮਾਤਮਾ ਲਈ ਲੜਦਾ ਹੈ। ਉਹਨਾਂ ਕਿਹਾ ਕਿ ਨਾਇਕ ਜਦੋ-ਜਹਿਦ ਕਰਦਾ ਹੈ। ਉਹ ਲੜਦਾ ਹੈ ਤੇ ਇਸ ਅਮਲ ਵਿੱਚ ਮਰ ਵੀ ਜਾਂਦਾ ਹੈ। ਇਕ ਉਹ ਲੋਕ ਹੁੰਦੇ ਹਨ ਜਿਨ੍ਹਾਂ ਉਤੇ ਜ਼ੁਲਮ ਹੁੰਦਾ ਹੈ। ਨਾ ਉਹ ਮਰਦੇ ਹਨ ਨਾ ਮਾਰਦੇ ਹਨ ਪਰ ਦੁੱਖਾਂ ਤਕਲੀਫਾਂ ਨੂੰ ਹੰਢਾਉਦੇ ਹਨ। ਅਸਲ ਵਿੱਚ ਉਹ ਹਾਲਪਾਰਿਆ ਕਰਨ ਤੋਂ ਅੱਗੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਨਾਇਕ ਸ਼ਹੀਦ ਹੈ। ਉਹ ਲੜਦਾ ਵੀ ਹੈ ਤੇ ਮਰਦਾ ਵੀ ਹੈ। ਉਹਨਾਂ ਨੇ ਸਿੱਖ ਇਤਿਹਾਸ ਦੀ ਯਾਦ ਦਿਵਾਉਂਦਿਆਂ ਟਿੱਪਣੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਆਖੇ ਜਾਂਦੇ ਹਨ ਕਿਉਂਕਿ ਉਹ ਨਾ ਕਿਸੇ ਨੂੰ ਮਾਰਦੇ ਹਨ ਤੇ ਨਾ ਹੀ ਲੜਦੇ ਹਨ। ਪਰ ਦੂਜੇ ਪਾਸੇ ਵੱਡੇ ਸਾਹਿਬਜ਼ਾਦੇ ਤੇ ਬੰਦਾ ਸਿੰਘ ਬਹਾਦਰ ਵਰਗੀਆਂ ਹਸਤੀਆਂ ਲੜਦੀਆਂ ਵੀ ਹਨ ਤੇ ਮਰਦੀਆਂ ਵੀ ਹਨ। ਇਸ ਲਈ ਉਹ ਨਾਇਕ-ਸ਼ਹੀਦ ਦੇ ਰੁਤਬੇ ਨੂੰ ਹਾਸਲ ਕਰ ਲੈਂਦੇ ਹਨ। ਉਹਨਾਂ ਨੇ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸੱਤ ਸੋ ਤੋਂ ਉੱਪਰ ਸਾਥੀਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਅਕਤੀ ਸਨ ਜਿਹੜੇ ਅੱਗੇ ਅੱਗੇ ਹੋ ਕੇ ਕਹਿੰਦੇ ਸਨ ਕਿ ਪਹਿਲਾਂ ਮੈਨੁੂੰ ਮਾਰੋ, ਪਹਿਲਾਂ ਮੈਨੂੰ ਮਾਰੋ। ਸਾਡਾ ਇਤਿਹਾਸ ਇਹਨਾਂ ਮਿਸਾਲਾਂ ਨਾਲ ਭਰਿਆ ਪਿਆ ਹੈ।
ਜਦੋਂ ਸ: ਬਲਵੰਤ ਸਿੰਘ ਦੀ ਸ਼ਖਸ਼ੀਅਤ ਦੇ ਮਨੋਵਿਗਿਆਨਿਕ ਪੱਖਾਂ ਉਤੇ ਝਾਤ ਮਾਰੀ ਜਾਵੇ ਤਾਂ ਸਵਿਟਰਜ਼ਲੈਂਡ ਦੇ ਉਘੇ ਮਨੋਵਿਸ਼ਲੇਸ਼ਕ ਪਿਆਗੇਟ (1896-1980) ਇਹ ਯਾਦ ਕਰਾਉਂਦੇ ਹਨ ਕਿ ਇੱਕ ਮਨੋਵਿਗਿਆਨੀ ਦਾ ਮਕਸਦ ਬਹੁਤ ਜੁਰਅਤ ਤੇ ਹੌਸਲੇ ਵਾਲਾ ਹੁੰਦਾ ਹੈ। ਉਹ ਦੇਖਦਾ ਹੈ ਕਿ ਬੰਦੇ ਦੇ ਅਚੇਤ ਮਨ ਵਿੱਚ ਕਿਹੜੀ ਗੱਲ ਖੌਰੂ ਪਾ ਰਹੀ ਹੈ। ਉਹ ਕਿਹੜੇ ਗੁਪਤ ਰੁਝਾਨ ਹਨ ਤੇ ਕਿਹੜੀਆਂ ਗੁਪਤ ਬਿਰਤੀਆਂ ਹਨ ਜੋ ਉਸ ਨੂੰ ਕਿਸੇ ਮੰਜ਼ਿਲ ਵੱਲ ਲਿਜਾ ਰਹੀਆਂ ਹਨ ਅਤੇ ਜਿਨ੍ਹਾਂ ਦਾ ਉਸ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਅਤੇ ਜੋ ਚੇਤਨਾ ਉਤੇ ਅਸਰ ਅੰਦਾਜ਼ ਹੋ ਜਾਂਦੀਆਂ ਹਨ। ਇਸ ਸਬੰਧ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ: ਸੀਮਾ ਵਿਨਾਇਕ ਦਾ ਕਹਿਣਾ ਹੈ ਕਿ ਇਕ ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਬੰਦੇ ਦੇ ਮਨ ਵਿੱਚ ਹਰ ਵੇਲੇ ਕੇਵਲ ਤੇ ਕੇਵਲ ਮੌਤ ਦੀ ਗੱਲ ਹੀ ਭਾਰੂ ਰਹਿੰਦੀ ਹੈ। ਉਹ ਹਰ ਵੇਲੇ ਮੌਤ ਬਾਰੇ ਸੋਚਦਾ ਹੈ। ਉਹਨਾਂ ਕਿਹਾ ਕਿ ਸ: ਬਲਵੰਤ ਸਿੰਘ ਬਾਰੇ ਵੀ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਉੋਹਨਾਂ ਨੂੰ ਹਰ ਵੇਲੇ ਇਹ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਉੋਹਨਾਂ ਦਾ ਸਾਥੀ ਚਲਾ ਗਿਆ ਹੈ ਅਤੇ ਉਹ ਜਿਉਂਦਾ ਹੈ। ਉਹਨਾਂ ਕਿਹਾ ਇਹੋ ਜਿਹੀਆਂ ਹਾਲਤਾਂ ਵਿਚ ਬੰਦੇ ਅੰਦਰ ਆਪਣੇ ਆਪ ਨੂੰ ਸੈਂਸ ਆਫ ਹਿਊਮੀਲੇਸ਼ਨ ਮਹਿਸੂਸ ਹੁੰਦੀ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਮੌਤ ਹੀ ਅੰਤਿਮ ਹੱਲ ਹੈ। ਉਹ ਕਿਸੇ ਹੱਦ ਤੱਕ ਆਪਣੇ ਲੋਕਾਂ ਦੀ ਸਮੂਹਿਕ ਦਰਦ ਨੂੰ ਵੀ ਰਿਜ਼ੌਲਵ ਕਰ ਰਿਹਾ ਹੁੰਦਾ ਹੈ। ਕਈ ਵਾਰੀ ਇਹ ਦਰਦ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਜਾਂਦਾ ਹੈ। ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਨਸਾਫ ਨਹੀਂ ਹੋਇਆ ਤੇ ਜਾਣ ਵਾਲਾ ਚਲਾ ਗਿਆ ਹੈ ਤੇ ਮੈਂ ਇਕੱਲਾ ਰਹਿ ਗਿਆ ਹਾਂ।
(
http://www.sikhsiyasat.info/2012/03/sikh-scholors-on-bhai-balwant-singh-rajoana/)