ਪਿਛਲੇ ਦਿਨੀਂ ਵਿਸ਼ਵਕਰਮਾ ਦਿਨ ਮਨਾਇਆ ਗਿਆ। ਵੇਖਿਆ ਗਿਆ ਕਿ ਸਿੱਖਾਂ ਵਿਚੋਂ ਵੀ ਇਕ ਤਬਕੇ ਨੇ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਵਿਸ਼ਵਕਰਮਾ ਵੀ ਇਕ ਦੇਵਤਾ ਹੈ। ਉਸ ਬਾਰੇ ਮਿੱਥ ਇਹ ਹੈ ਕਿ ਉਸ ਨੇ ਬ੍ਰਹਮਾ ਦੀ ਆਗਿਆ ਅਨੁਸਾਰ ਸਾਰੀ ਦ੍ਰਿਸ਼ਟੀ ਦੇ ਉਸਾਰਨ ਦਾ ਕੰਮ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਉਹ ਦੇਵ ਲੋਕ ਦਾ ਕਾਰੀਗਰ ਸੀ। ਇਸ ਪਿਛੋਕੜ ਵਿਚ ਹਿੰਦੂ ਸਮਾਜ ਵਿਚ ਜਿਹੜੇ ਲੋਕੀਂ ਹੱਥ ਨਾਲ ਕੰਮ ਕਰਦੇ ਹਨ, ਕਾਰੀਗਰ ਹਨ, ਤਰਖਾਣ ਤੇ ਲੁਹਾਰ ਵਰਗੇ ਉਹ ਵਿਸ਼ਵਕਰਮਾ ਨੂੰ ਆਪਣਾ ਦੇਵਤਾ ਮੰਨਦੇ ਹਨ।
ਗੁਰੂ ਨਾਨਕ ਤੇ ਹੋਰ ਗੁਰੂ ਸਾਹਿਬਾਨ ਨੇ ਚਾਹਿਆ ਸੀ ਕਿ ਅਸੀਂ ਜਾਤੀ, ਵਰਣ ਤੇ ਬਰਾਦਰੀਆਂ ਦੀ ਵੰਡ ਤੋਂ ਮੁਕਤ ਹੋ ਕੇ ਬੰਦੇ ਦੇ ਅੰਦਰ ਦੀ ਜੇਤ ਨੂੰ ਪਛਾਣੀਏ ਪਰ ਸਾਡਾ ਸਭ ਦਾ ਵਿਡਾਣ ਇਹ ਹੈ ਕਿ ਅਸੀਂ ਅੱਜ ਵੀ ਜਾਤ ਪਾਤ ਨੂੰ ਉਂਜ ਹੀ ਤਰਜੀਹ ਦੇ ਰਹੇ ਹਾਂ ਜਿਵੇਂ ਸਦੀਆਂ ਪਹਿਲਾਂ ਪੁੱਛਦੇ ਸਾਂ। ਜਾਤ ਬਰਾਦਰੀ ਦਾ ਸ਼ਿਕੰਜਾ ਪਹਿਲਾਂ ਤੋਂ ਵਧੇਰੇ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਕੁਝ ਚਿਰ ਪਹਿਲਾਂ ਮੈਂ ਇੰਗਲੈਂਡ ਗਿਆ। ਉਥੇ ਦਲਿਤ ਸਾਹਿਤ ਨਾਲ ਜੁੜੇ ਲੇਖਕਾਂ ਦੀ ਇਕ ਕਾਨਫਰੰਸ ਸੀ। ਸਾਊਥਾਲ ਦੇ ਵਾਲਮੀਕ ਮੰਦਰ ਵਿਚ ਇਹੀ ਕਾਨਫਰੰਸ ਹੋਈ। ਉਥੇ ਹੀ ਲੋਕਾਂ ਦੀ ਰਿਹਾਇਸ਼ ਦਾ ਇੰਤਜ਼ਾਮ ਸੀ ਤੇ ਲੰਗਰ ਪਾਣੀ ਦਾ ਪ੍ਰਬੰਧ ਵੀ। ਜਿਵੇਂ ਇਸ ਵੇਲੇ ਦੇਸ਼ ਦੀਆਂ ਸਾਰੀਆਂ ਜਾਤੀਆਂ ਤੇ ਬਰਾਦਰੀਆਂ ਆਪਣੇ ਆਪ ਨੂੰ ਮੁੜ ਪਛਾਣ ਰਹੀਆਂ ਹਨ ਤੇ ਆਪਣੀ ਹੋਂਦ ਨੂੰ ਦਰਸਾਉਣ ਲਈ ਯਤਨਸ਼ੀਲ ਹਨ, ਵਾਲਮੀਕੀ ਬਰਾਦਰੀ ਵੀ ਜਾਗਰੂਕ ਤੇ ਚੇਤੰਨ ਹੋ ਰਹੀ ਹੈ। ਅੱਜ ਹਰ ਬਰਾਦਰੀ ਚਾਹੁੰਦੀ ਹੈ ਕਿ ਉਸ ਦਾ ਕੋਈ ਦੇਵਤਾ ਜਾਂ ਉਸ ਵਿਚ ਪੈਦਾ ਹੋਈ ਸ਼ਖਸੀਅਤ ਉਸ ਦੀ ਪ੍ਰੇਰਨਾ ਤੇ ਆਸਥਾ ਦਾ ਸੋਮਾ ਬਣੇ।
ਇੰਗਲੈਂਡ ਵਿਚ ਵਸੇ ਹੋਏ ਦਲਿਤ ਸਮਾਜ ਦੇ ਬਹੁਤੇ ਲੋਕੀਂ ਪੰਜਾਬੀ ਮੂਲ ਦੇ ਹਨ ਤੇ ਪੰਜਾਬੀ ਨੂੰ ਆਪਣੀ ਨਿੱਤ ਦੀ ਵਰਤੋਂ ਵਿਚ ਉਨ੍ਹਾਂ ਨੇ ਪੂਰੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ। ਇਹ ਵੀ ਇਕ ਵੱਡੀ ਸਚਾਈ ਹੈ ਕਿ ਇਨ੍ਹਾਂ ਲੋਕਾਂ ਉਤੇ ਸਿੱਖੀ ਦਾ ਡੂੰਘਾ ਅਸਰ ਹੈ। ਇਨ੍ਹਾਂ ਵਿਚੋਂ ਬਹੁਤੇ ਸਿੱਖ ਹਨ ਜਾਂ ਸਿੱਖ ਸੰਸਕਾਰਾਂ ਵਿਚ ਪਲੇ ਹਨ। ਸਾਊਥਾਲ ਦੇ ਵਾਲਮੀਕੀ ਸਥਾਨ ਦੇ ਸੰਸਥਾਪਕ ਬਜ਼ੁਰਗ ਰਾਮ ਸਿੰਘ ਮੈਨੂੰ ਉਥੇ ਮਿਲੇ ਤੇ ਇਸ ਵੇਲੇ ਦੇ ਪ੍ਰਧਾਨ ਗੁਰਪਾਲ ਸਿੰਘ ਗਿੱਲ ਨਾਲ ਵੀ ਮੇਰੀ ਮੁਲਾਕਾਤ ਹੋਈ। ਦੋਵੇਂ ਸੱਜਣ ਕੇਸਧਾਰੀ ਹਨ ਤੇ ਪਗੜੀ ਵੀ ਬੰਨਦੇ ਹਨ। ਜਿਸ ਦਿਨ ਮੈਂ ਉਥੇ ਸਾਂ, ਉਹ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੀ। ਸਾਰੀਆਂ ਸੂਚਨਾਵਾਂ ਪੰਜਾਬੀ ਵਿਚ ਲੱਖ ਲੱਖ ਵਧਾਈ ਦਿੰਦੇ ਹੋਏ, ਉਂਜ ਹੀ ਲਿਖੀਆਂ ਗਈਆਂ ਸਨ ਜਿਵੇਂ ਆਮ ਗੁਰਦੁਆਰਿਆਂ ਵਿਚ ਲਿਖਿਆ ਜਾਂਦਾ ਹੈ।
ਸੋਚਦਾ ਹਾਂ ਇਨ੍ਹਾਂ ਵਾਲਮੀਕੀ ਭਰਾਵਾਂ ਨੂੰ ਸਿੱਖੀ ਤੋਂ ਪਰ੍ਹਾਂ ਹਟ ਕੇ ਆਪਣੇ ਵਖਰੇ ਮੰਦਰ ਕਿਉਂ ਉਸਾਰਨੇ ਪਏ? ਇਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਛੱਡ ਕੇ ਇਕ ਪੁਰਾਣਕ ਪੁਰਸ਼ ਨੂੰ ਆਪਣੇ ਇਸ਼ਟਦੇਵ ਕਿਉਂ ਬਣਾਇਆ? ਮੈਨੂੰ ਇਸ ਗੱਲ ਵਿਚ ਸਿੱਧੀ ਸਿੱਧੀ ਘਾਟ ਸਿੱਖ ਪੰਥ ਦੀਆਂ ਧਾਰਮਿਕ ਸੰਸਥਾਵਾਂ, ਸਿੱਖ ਮਿਸ਼ਨਾਂ ਤੇ ਪ੍ਰਚਾਰਕਾਂ ਦੀ ਲਗਦੀ ਹੈ।
ਆਪਣੀ ਇਸ ਇੰਗਲੈਂਡ ਫੇਰੀ ਵਕਤ ਮੈਨੂੰ ਵੁਲਵਰਹੈਂਪਟਨ ਦੇ ਭਗਤ ਰਵਿਦਾਸ ਗੁਰਦੁਆਰੇ ਜਾਣ ਦਾ ਮੌਕਾ ਵੀ ਮਿਲਿਆ। ਉਥੇ ਵਸਣ ਵਾਲੇ ਰਵਿਦਾਸੀ ਸਮਾਜ ਨੇ ਆਪਣੀ ਮਾਲੀ ਹਾਲਤ ਬੜੀ ਸੁਧਾਰ ਲਈ ਹੈ। ਵੁਲਵਰਹੈਂਪਟਨ ਦਾ ਰਵਿਦਾਸੀ ਭਾਈਚਾਰੇ ਦਾ ਗੁਰਦੁਆਰਾ ਅਤੇ ਕਮਿਊਨਿਟੀ ਸੈਂਟਰ ਬੜਾ ਸੋਹਣਾ ਬਣਿਆ ਹੋਇਆ ਹੈ। ਜਦੋਂ ਮੈਂ ਗੁਰਦੁਆਰੇ ਪਹੁੰਚਿਆ ਉਥੇ ਕੀਰਤਨ ਹੋ ਰਿਹਾ ਸੀ। ਜਿਹੜੇ ਤਿੰਨ ਚਾਰ ਸਜਣ ਰਲ ਕੇ ਕੀਰਤਨ ਕਰ ਰਹੇ ਸਨ ਉਹ ਪੇਸ਼ੇਵਰ ਰਾਗੀ ਨਹੀਂ ਸਨ। ਉਹ ਸਾਰੇ ਆਪਣੇ ਕੰਮਾਂ ਕਾਜਾਂ ਵਿਚ ਰੁਝੇ ਹੋਏ ਸਥਾਨਕ ਲੋਕੀਂ ਸਨ ਪਰ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਕੀਰਤਨ ਬੜਾ ਸੋਹਣਾ ਤੇ ਰਸ ਭਿੰਨਾ ਸੀ।
ਭਗਤ ਰਵਿਦਾਸੀ ਗੁਰਦੁਆਰਾ ਕੁਝ ਗੱਲਾਂ ਨੂੰ ਛੱਡ ਕੇ ਆਮ ਗੁਰਦੁਆਰਿਆਂ ਵਾਂਗ ਸੀ। ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਗਿਆਨੀ ਜੀ ਪੂਰੇ ਗੁਰ ਸਿੱਖ ਨਜ਼ਰ ਆਉਂਦੇ ਸਨ। ਉਥੇ ਕੁਝ ਗੱਲਾਂ ਵਲ ਵਿਸੇਸ਼ ਧਿਆਨ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਭਗਤ ਰਵਿਦਾਸ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ। ਸ਼ਬਦਾਂ ਦਾ ਕੀਰਤਨ ਵੀ ਭਗਤ ਰਵੀਦਾਸ ਦੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਬਾਣੀ ਵਿਚੋਂ ਵਧੇਰੇ ਸੀ। ਸਭ ਤੋਂ ਵੱਖਰੀ ਗੱਲ ਮੈਨੂੰ ਇਹ ਜਾਪੀ ਕਿ ਸਿੱਖਾਂ ਦੇ ਆਮ ਜੈਕਾਰੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਿਚ ਇਸ ਗੁਰਦੁਆਰੇ ਵਿਚ ਕੁਝ ਤਬਦੀਲੀ ਕਰ ਲਈ ਗਈ ਸੀ।
ਵਾਲਮੀਕੀ ਭਾਈਚਾਰੇ ਦੇ ਕਿਸੇ ਸੰਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਪਰ ਜਿਨ੍ਹਾਂ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੀਆਂ ਜਾਤ ਬਰਾਦਰੀਆਂ ਦੇ ਲੋਕੀਂ ਸਿੱਖਾਂ ਵਿਚ, ਆਪਣੀ ਜਾਤੀ ਆਧਾਰਤ ਪਛਾਣ ਨੂੰ ਉਜਾਗਰ ਕਰਨ ਵਿਚ ਬੜੇ ਸਰਗਰਮ ਨਜ਼ਰ ਆਉਂਦੇ ਹਨ। ਭਗਤ ਰਵਿਦਾਸ ਜੀ ਦੀ ਬਰਾਦਰੀ ਦੇ ਲੋਕਾਂ ਨੇ ਵਖਰੇਵਾਂ ਲੈ ਕੇ ਆਪਣੇ ਗੁਰਦੁਆਰੇ ਬਣਾ ਲਏ ਹਨ।
ਭਗਤ ਨਾਮਦੇਵ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲਾ ਸਤਾਰਾ ਵਿਚ ਹੋਇਆ ਸੀ। ਉਮਰ ਦਾ ਵੱਡਾ ਹਿਸਾ ਪੰਡਰਪੁਰ ਵਿਚ ਲੰਘਿਆ ਸੀ। ਉਹ ਪੰਜਾਬ ਵਿਚ ਵੀ ਆਏ ਸਨ। ਗੁਰਦਾਸਪੁਰ ਦੇ ਘੁਮਾਣ ਪਿੰਡ ਵਿਚ ਉਨ੍ਹਾਂ ਦੀ ਯਾਦਗਾਰ ਕਾਇਮ ਹੈ। ਮੈਂ ਅਜੇ ਤਕ ਭਗਤ ਨਾਮਦੇਵ ਨਾਲ ਜੁੜੇ ਕਿਸੇ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ। ਪਰ ਅਜਕਲ੍ਹ ਜਿਹੜਾ ਰੁਝਾਨ ਹੈ, ਉਸ ਤੋਂ ਲਗਦਾ ਹੈ ਕਿ ਰਵਿਦਾਸੀਆਂ ਵਾਂਗ ਹੀ ਨਾਮਦੇਵੀ ਗੁਰਦੁਆਰੇ ਵੀ ਹੋਂਦ ਵਿਚ ਆ ਜਾਣਗੇ।
ਸਿੱਖੀ ਨੇ ਜਾਤ ਪਾਤ ਤੋੜੀ ਸੀ। ਅੱਜ ਮੁੜ ਉਹੋ ਆਪਣਾ ਰੰਗ ਰੂਪ ਬਦਲ ਕੇ ਸਿੱਖੀ ਵਿਚ ਬੜੀ ਤੇਜ਼ੀ ਨਾਲ ਵੜਦੀ ਜਾ ਰਹੀ ਹੈ। ਰਾਮਗੜ੍ਹੀਏ ਸਿਖਾਂ ਨੇ ਆਪਣੇ ਗੁਰਦੁਆਰੇ ਉਸਾਰ ਲਏ ਹਨ।
ਸਿੱਖਾਂ ਵਿਚ ਗੁਰੂ ਸਾਹਿਬਾਨ ਦੀ ਪੂਰਵ ਗੋਤ ਬੇਦੀ, ਤ੍ਰਿਹਣ, ਭਲੇ ਤੇ ਸੋਢੀ ਬਾਬਕੇ ਅਖਵਾਉਂਦੇ ਹਨ ਤੇ ਇਨ੍ਹਾਂ ਵਿਚ ਬੜੇ ਸਾਰੇ ਲੰਮੇ ਸਮੇਂ ਤਕ ਭੋਲੇ ਭਾਲੇ ਸਿੱਖਾਂ ਕੋਲੋਂ ਆਪਣੀ ਉਚੀ ਤੇ ਵਖਰੀ ਹੋਂਦ ਦਰਸਾਉਣ ਲਈ ਗੁਰੂ ਅੰਸ਼ ਐਸੋਸੀਏਸ਼ਨ ਬਣਾਈ ਹੋਈ ਹੈ। ਇਹ ਲੋਕੀਂ ਮੰਨਦੇ ਹਨ ਕਿ ਉਹ ਗੁਰੂ ਸਾਹਿਬਾਨ ਦੇ ਖਾਸ ਅੰਸ਼ ਹਨ ਕਿਉਂਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਦੀ ਜਾਤ ਗੋਤ ਵਿਚ ਜਨਮ ਲਿਆ ਸੀ। ਇਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਗੁਰੂ ਵਿਚ ਭਰੋਸਾ ਰਖਣ ਵਾਲਾ ਹਰ ਵਿਅਕਤੀ ਗੁਰੂ ਦਾ ਅੰਸ਼ ਹੈ, ਕਿਸੇ ਖਾਸ ਜਾਤ ਪਾਤ ਬਰਾਦਰੀ ਨੂੰ ਗੁਰੂ ਦੀਆਂ ਨਜ਼ਰਾਂ ਵਿਚ ਕੋਈ ਖਾਸ ਤਰਜੀਹ ਨਹੀਂ ਮਿਲੀ ਹੋਈ।
ਹੁਣ ਸਿੱਖਾਂ ਵਿਚ ਅਜਿਹੀਆਂ ਜਾਤ ਬਰਾਦਰੀ ਆਧਾਰਤ ਜਥੇਬੰਦੀਆਂ ਦੀ ਭਰਮਾਰ ਹੋ ਗਈ ਹੈ।
ਵਾਲਮੀਕੀਆਂ, ਰਵਿਦਾਸੀਆਂ, ਰਾਮਗੜ੍ਹੀਆਂ, ਟਾਂਕ ਕਸ਼ਤਰੀਆਂ ਤੇ ਅਖੌਤੀ ਗੁਰੂ ਅੰਸ਼ੀਆਂ ਦਾ ਜ਼ਿਕਰ ਮੈਂ ਕਰ ਹੀ ਚੁਕਾ ਹਾਂ। ਖੱਤਰੀ ਸਿੱਖ ਐਸੋਸੀਏਸ਼ਨ, ਜੱਟ ਸਿਖ ਐਸੋਸੀਏਸ਼ਨ, ਅਰੋੜ ਬੰਸ ਬਰਾਦਰੀ, ਸੈਣੀ ਬਰਾਦਰੀ, ਲੁਬਾਣਾ ਬਰਾਦਰੀ ਵਰਗੀਆਂ ਬੇਅੰਤ ਬਰਾਦਰੀਆਂ ਅੱਜ ਗੁਰੂ ਸਾਹਿਬਾਨ ਵਲੋਂ ਕਲਪਿਤ ਸਾਂਝੀ ਬਰਾਦਰੀ ਦੇ ਸੰਕਲਪ ਨੂੰ ਲਾਂਭੇ ਰਖ ਕੇ ਅੱਗੇ ਆ ਰਹੀਆਂ ਹਨ।
ਅਜਿਹੇ ਰੁਝਾਨ ਕੀ ਸਾਬਤ ਕਰਦੇ ਹਨ? ਸਾਰੇ ਦੇਸ਼ ਵਿਚ ਜਾਤ ਬਰਾਦਰੀ ਦੇ ਆਧਾਰ ਤੇ ਸੰਗਠਨ ਬਣਦੇ ਜਾ ਰਹੇ ਹਨ। ਲੋਕਤੰਤਰ ਦੇ ਵਿਚਾਰ ਨੇ ਇਕ ਗੱਲ ਲੋਕਾਂ ਦੇ ਮਨਾਂ ਵਿਚ ਬਿਠਾ ਦਿੱਤੀ ਹੈ- ਤੁਸੀਂ ਹੁਣ ਇਕ ਵਿਅਕਤੀ ਨਹੀਂ ਇਕ ਵੋਟ ਹੋ। ਜੇ ਕਿਸੇ ਵੀ ਆਧਾਰ ਤੇ ਕੁਝ ਲੋਕੀਂ ਇਕਠੇ ਹੋ ਜਾਣ ਤਾਂ ਉਹ ਵੋਟ ਬੈਂਕ ਬਣ ਜਾਂਦੇ ਹਨ ਤੇ ਰਾਜਨੀਤੀ ਤੇ ਘੁੜਸਾਲ ਵਿਚ ਆਪਣੀ ਚੰਗੀ ਕੀਮਤ ਪੁਆ ਸਕਦੇ ਹਨ। ਜਾਤ ਬਰਾਦਰੀ ਦੇ ਨਾਂ ਤੇ ਲੋਕਾਂ ਨੂੰ ਜਲਦੀ ਭਰਮਾਇਆ ਜਾ ਸਕਦਾ ਹੈ।
ਬਹੁਤੇ ਲੋਕੀਂ ਮਹਿਸੂਸ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਵਿਚ ਭਰੋਸਾ ਰਖਣ ਵਾਲੇ ਲੋਕਾਂ ਲਈ 1920 ਵਿਚ ਇਕ ਪਾਸੇ ਭ੍ਰਿਸ਼ਟ ਮਹੰਤਾਂ ਦੇ ਹਥੋਂ ਗੁਰਧਾਮਾਂ ਨੂੰ ਮੁਕਤ ਕਰਾਉਣ ਦੀ ਲੋੜ ਸੀ ਤੇ ਦੂਜੇ ਪਾਸੇ ਸਿੱਖਾਂ ਦੇ ਸਿਆਸੀ ਹਿੱਤਾਂ ਦੀ ਰਾਖੀ ਵੀ ਕੀਤੀ ਜਾਣੀ ਸੀ। ਇਸ ਲਈ ਉਸ ਵੇਲੇ ਦੀ ਅਕਾਲੀ ਲਹਿਰ ਨੂੰ ਇਹ ਦੋਵੇਂ ਕੰਮ ਇਕੋ ਵੇਲੇ ਕਰਨੇ ਪਏ ਸਨ।
ਪਰ ਹੁਣ ਹਾਲਾਤ ਬਦਲੇ ਹੋਏ ਹਨ। ਸ੍ਰੋਮਣੀ ਅਕਾਲੀ ਦਲ ਇਸ ਦੇਸ਼ ਦੀ ਰਾਜਨੀਤੀ ਵਿਚ ਆਪਣੀ ਵਿਸ਼ੇਸ਼ ਥਾਂ ਰਖਦਾ ਹੈ। ਉਹ ਆਪਣੀਆਂ ਸਿਆਸੀ ਜ਼ਿੰਮੇਵਾਰੀਆਂ ਜਿਵੇਂ ਕਿਵੇਂ ਨਿਭਾਅ ਰਿਹਾ ਹੈ। ਹੋਰ ਵੀ ਕਿੰਨੀਆਂ ਜਥੇਬੰਦੀਆਂ ਹਨ ਜਿਹੜਾ ਇਹ ਕੰਮ ਕਰ ਰਹੀਆਂ ਹਨ। ਪਰ ਸਿਖਾਂ ਵਿਚ ਜਿਹੜਾ ਜਾਤੀਵਾਦ ਤੇ ਬਰਾਦਰੀਵਾਦ ਵਧ ਰਿਹਾ ਹੈ, ਉਸ ਵਲ ਧਿਆਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਦੇਣਾ ਚਾਹੀਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸਾਰੇ ਭਗਤਾਂ, ਸੰਤਾਂ, ਭੱਟਾਂ ਲਈ ਸਾਡੇ ਮਨਾਂ ਵਿਚ ਉਨਾ ਹੀ ਸਤਿਕਾਰ ਹੈ, ਜਿੰਨਾ ਗੁਰੂ ਸਾਹਿਬਾਨ ਪ੍ਰਤੀ। ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਣ ਵੇਲੇ ਅਸੀਂ ਇਨ੍ਹਾਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਜਾਤ ਪਾਤ, ਉਚ ਨੀਚ, ਛੁਤ ਅਛੂਤ, ਮਰਦ ਔਰਤ ਦਾ ਵਿਤਕਰਾ ਨਹੀਂ ਕਰਦਾ। ਇਸ ਲਈ ਵਿਅਕਤੀ ਭਾਵੇਂ ਵਾਲਮੀਕੀ ਹੋਵੇ, ਰਵਿਦਾਸੀ ਹੋਵੇ, ਰਾਮਗੜ੍ਹੀਆ ਹੋਵੇ, ਨਾਮਦੇਵੀ ਹੋਵੇ, ਧੰਨੇ ਜੱਟ ਦੀ ਬਰਾਦਰੀ ਦਾ ਹੋਵੇ, ਸਦਨੇ ਕਸਾਈ ਦਾ ਗੋਤ ਹੋਵੇ ਜਾਂ ਸੈਣ ਨਾਈ ਜਾਤੀ ਦਾ, ਗੁਰੂਘਰ ਵਿਚ ਆ ਕੇ ਉਹ ਗੁਰੂ ਦਾ ਅੰਸ਼ ਬਣ ਜਾਂਦਾ ਹੈ। ਇਹ ਭਰੋਸਾ ਉਨ੍ਹਾਂ ਵਿਚ ਮੁੜ ਪੈਦਾ ਕਰਨ ਦੀ ਲੋੜ ਹੈ ਜਿਹੜੇ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਅਣਗਹਿਲੀ ਕਰਕੇ ਦੂਰ ਹੁੰਦੇ ਜਾ ਰਹੇ ਹਨ।