ਜਦ ਵੀ ਮੈਂ ਖਾਲਸੇ ਨੂੰ, ਸਾਕਾਰ ਦੇਖਦਾ ਹਾਂ ।
ਤੇਰਾ ਹੀ ਰੂਪ ਸੁਹਣਾ, ਦਾਤਾਰ ਦੇਖਦਾ ਹਾਂ ।
ਕਲਗੀ ਦੀ ਸ਼ਾਨ ਦੇਖਾਂ, ਉਡਦਾ ਹੈ ਬਾਜ ਅੱਗੇ,
ਨੀਲੇ ਤੇ ਨੂਰ ਤੇਰਾ, ਅਸਵਾਰ ਦੇਖਦਾ ਹਾਂ ।
ਸਿਰ ਤੇ ਮਨੁੱਖਤਾ ਦੇ, ਧਰਿਆ ਮੈਂ ਤਾਜ ਦੇਖਾਂ
ਤੇਰਾ ਜਾਂ ਕੇਸਗੜ੍ਹ 'ਚ, ਦਰਬਾਰ ਦੇਖਦਾ ਹਾਂ ।
ਪੰਜਾਂ ਤੋਂ ਸੀਸ ਲੈ ਕੇ, ਲੱਖਾਂ ਨੂੰ ਅਮਰ ਕੀਤਾ,
ਤਲਵਾਰ ਦਾ ਉਹ ਤੇਰਾ, ਸ਼ਾਹਕਾਰ ਦੇਖਦਾ ਹਾਂ ।
ਖਾਲਿਸ ਹਯਾਤ ਬਖਸ਼ੀ, ਬਖਸ਼ੇ ਤੈਂ ਪੰਜ ਕੱਕੇ,
ਪੰਜਾਂ ਦੀ ਸ਼ਾਨ ਸਿਰ ਤੇ, ਦਸਤਾਰ ਦੇਖਦਾ ਹਾਂ ।
ਨੀਵੇਂ ਨਿਮਾਣਿਆਂ ਨੂੰ, ਬਖਸ਼ੀ ਤੈਂ ਸ਼ਹਿਨਸ਼ਾਹੀ,
ਹਰ ਥਾਂ ਦਾਤਾਰ ਤੇਰਾ, ਉਪਕਾਰ ਦੇਖਦਾਂ ਹਾਂ ।
'ਅਜੀਤ' ਟੁਰ ਗਿਆ ਹੈ, 'ਜੁਝਾਰ' ਵੀ ਟੁਰੇਗਾ,
ਚਮਕੌਰ ਦਾ ਉਹ ਸਾਕਾ, ਖੂੰਨਖਾਰ ਦੇਖਦਾ ਹਾਂ ।
ਤੇਰੇ ਦੋ ਜਿਗਰ ਟੋਟੇ, ਖਾ ਗਈ ਜੋ ਡੈਣ ਬਣ ਕੇ,
ਸਰਹੰਦ ਦੀ ਉਹ ਖੂਨੀ, ਦੀਵਾਰ ਦੇਖਦਾ ਹਾਂ ।
ਜੰਜੂ ਤਿਲਕ ਦੀ ਖਾਤਿਰ, ਇਸ ਦੇਸ਼ ਕੌਮ ਖਾਤਿਰ,
ਤੇਰਾ ਤੀਲ੍ਹ ਤੀਲ੍ਹ ਹੋਇਆ, ਘਰਬਾਰ ਦੇਖਦਾ ਹਾਂ ।
ਜ਼ਿੰਦਗੀ ਨੂੰ ਵਾਰ ਜੰਮੇ, ਜਿੰਦਗੀ ਨੂੰ ਪਾਉਣ ਵਾਲੇ,
ਤੇਰੇ ਖਾਲਸੇ ਨੂੰ ਹਰ ਥਾਂ, ਸਰਦਾਰ ਦੇਖਦਾ ਹਾਂ ।
ਉਰ ਵਾਰ ਦੇਖਦਾ ਹਾਂ, ਜਾਂ ਪਾਰ ਦੇਖਦਾ ਹਾਂ ,
ਤੇਰਾ ਹੀ ਨੂਰ ਅਰਸ਼ੀ, ਹਰ ਵਾਰ ਦੇਖ ਦਾ ਹਾਂ