Punjabi Janta Forums - Janta Di Pasand
Lounge / Jail Pinjra => News Khabran => Topic started by: Er. Sardar Singh on November 08, 2012, 12:32:45 AM
-
ਚੰਡੀਗੜ੍ਹ, 7 ਨਵੰਬਰ : ਬਰਾਕ ਓਬਾਮਾ ਦੀ ਜਿੱਤ ਤੋਂ ਸਿੱਖ ਭਾਈਚਾਰਾ ਬਾਗੋ-ਬਾਗ ਹੈ। ਅਮਰੀਕਾ ਵਿਚ ਰਹਿ ਰਿਹਾ ਸਿੱਖ ਭਾਈਚਾਰਾ ਜਿੱਥੇ ਓਬਾਮਾ ਦੀ ਜਿੱਤ ’ਤੇ ਖੁਸ਼ ਅਤੇ ਮਹਿਫੂਜ਼ ਨਜ਼ਰ ਆ ਰਿਹਾ ਹੈ, ਉਥੇ ਭਾਰਤੀ ਸਿੱਖ ਭਾਈਚਾਰੇ ਨੇ ਵੀ ਓਬਾਮਾ ਦੀ ਜਿੱਤ ’ਤੇ ਵਧਾਈਆਂ ਦਿੱਤੀਆਂ ਹਨ। ਜਦੋਂ ਅਮਰੀਕਾ ਦੇ ਗੁਰਦੁਆਰਾ ਓਕ ਕਰੀਕ ਵਿਚ ਦੁਖਾਂਤ ਵਾਪਰਿਆ ਸੀ, ਤਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਖੁੱਲ੍ਹ ਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਡਟ ਗਏ ਸਨ। ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਜਿੱਥੇ ਪੀੜਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਦੁੱਖ ਵੰਡਾਇਆ, ਉਥੇ ਓਬਾਮਾ ਅਤੇ ਅਮਰੀਕਾ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੇ ਡਟ ਕੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ। ਦਸ ਦਿਨ ਪੂਰੇ ਅਮਰੀਕਾ ਵਿਚ ਅਮਰੀਕੀ ਝੰਡੇ ਝੁਕਾਈ ਰੱਖੇ ਅਤੇ ਬਰਾਕ ਓਬਾਮਾ ਹੀ ਸਨ, ਜਿਨ੍ਹਾਂ ਓਕ ਕਰੀਕ ਗੁਰਦੁਆਰੇ ’ਤੇ ਹੋਏ ਹਮਲੇ ਨੂੰ ਅਮਰੀਕਾ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੱਤਾ ਸੀ। ਸਿੱਖ ਭਾਈਚਾਰੇ ਨਾਲ ਵੰਡਾਏ ਇਸ ਦਰਦ ਦੇ ਚੱਲਦਿਆਂ ਅਮਰੀਕਾ ਦਾ ਸਮੁੱਚਾ ਭਾਈਚਾਰਾ ਚੋਣਾਂ ਦੌਰਾਨ ਖੁੱਲ੍ਹ ਕੇ ਓਬਾਮਾ ਨਾਲ ਆ ਖੜ੍ਹਾ ਹੋਇਆ ਤੇ ਉਸੇ ਦਾ ਨਤੀਜਾ ਹੈ ਕਿ ਬਰਾਕ ਓਬਾਮਾ ਨੇ ਇਤਿਹਾਸ ਸਿਰਜਦਿਆਂ ਦੂਜੀ ਵਾਰ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖੋ-ਵੱਖ ਗੁਰਦੁਆਰਿਆਂ ਦੀ ਕਮੇਟੀਆਂ ਵਲੋਂ ਓਬਾਮਾ ਨੂੰ ਜਿੱਥੇ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਉਥੇ ਭਾਰਤ ਖਾਸ ਕਰ ਪੰਜਾਬ ਦੀਆਂ ਕੁਝ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਵਧਾਈਆਂ ਦੇ ਰਹੀਆਂ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਡਾ. ਪ੍ਰਿਤਪਾਲ ਸਿੰਘ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਓਬਾਮਾ ਹਮੇਸ਼ਾ ਸਿੱਖਾਂ ਦੀ ਲੋੜ ਨੂੰ ਜਿੱਥੇ ਸਮਝਦੇ ਹਨ, ਉਥੇ ਉਹਨਾਂ ਦੀ ਚਿੰਤਾਵਾਂ ਤੋਂ ਵੀ ਜਾਣੂ ਹਨ। ਡਾ. ਪ੍ਰਿਤਪਾਲ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਦੇ ਦਰਦ ਅਤੇ ਡਰ ’ਚੋਂ ਭਾਈਚਾਰੇ ਨੂੰ ਬਾਹਰ ਕੱਢਣ ਵਿਚ ਓਬਾਮਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇੰਝ ਹੀ ਅਮਰੀਕਾ ਅਤੇ ਕੈਨੇਡਾ ਆਦਿ ਦੀਆਂ ਵੱਖੋ-ਵੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੇ ਓਬਾਮਾ ਦੀ ਮੁੜ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਿੱਖ ਭਾਈਚਾਰਾ ਉਹਨਾਂ ਦੀ ਜਿੱਤ ਦੀ ਜੋ ਅਰਦਾਸ ਕਰ ਰਿਹਾ ਸੀ, ਉਹ ਪੂਰੀ ਹੋ ਗਈ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਬਰਾਕ ਓਬਾਮਾ ਦੀ ਜਿੱਤ ’ਤੇ ਵਧਾਈ ਸੰਦੇਸ਼ ਭੇਜਿਆ ਹੈ। ਆਲ ਇੰਡੀਆ ਸਿੱਖ ਸਟੁਡੈਂਟ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਓਬਾਮਾ ਦੀ ਮੁੜ ਹੋਈ ਜਿੱਤ ਨਾਲ ਅਮਰੀਕਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਚੰਗਾ ਲਾਭ ਹੋਵੇਗਾ ਕਿਉਂਕਿ ਓਬਾਮਾ ਸਿੱਖ ਕੌਮ ਪ੍ਰਤੀ ਨੇਕ ਅਤੇ ਉਸਾਰੂ ਸੋਚ ਰੱਖਦੇ ਹਨ। । ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਫ਼ੋਨ ’ਤੇ ਦਸਿਆ ਕਿ ਏ.ਜੀ.ਪੀ.ਸੀ. ਨੇ ਅਮਰੀਕੀ ਰਾਸ਼ਟਰਪਤੀ ਨੂੰ ਵਧਾਈ ਸੰਦੇਸ਼ ਭੇਜੇ ਹਨ। ਉਨ੍ਹਾਂ ਕਿਹਾ ਕਿ ਓਬਾਮਾ ਹੀ ਹੈ ਜਿਹੜਾ ਅਮਰੀਕਾ ’ਚ ਸਿੱਖਾਂ ਅਤੇ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਸਮਝਦਾ ਹੈ। ਕਮੇਟੀ ਦੇ ਪ੍ਰਧਾਨ ਜੇ.ਐਸ. ਹੋਠੀ ਨੇ ਕਿਹਾ ਕਿ ਬਰਾਕ ਓਬਾਮਾ ਸਿੱਖਾਂ ਦਾ ਦੋਸਤ ਹੈ। ਉਨ੍ਹਾਂ ਕਿਹਾ ਕਿ ਜਦ ਦੋ ਮਹੀਨੇ ਪਹਿਲਾਂ ਓਕ ਕਰੀਕ ਗੁਰਦਵਾਰੇ ਵਾਲੀ ਘਟਨਾ ਵਾਪਰੀ ਸੀ ਤਾਂ ਓਬਾਮਾ ਨੇ ਸਿਆਸਤ ਤੋਂ ਉਪਰ ਉਠ ਕੇ ਸਿੱਖਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸ਼ਲਾਘਾਯੋਗ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਓਬਾਮਾ ਨੇ ਇਸ ਘਟਨਾ ਦੀ ਨਿਖੇਧੀ ਹੀ ਨਹੀਂ ਕੀਤੀ ਸਗੋਂ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਦੇ ਰੋਲ ਨੂੰ ਬਾਖੂਬੀ ਸਮਝਦਿਆਂ ਸਿੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ। ਸ. ਹੋਠੀ ਨੇ ਕਿਹਾ ਕਿ ਓਬਾਮਾ ਦੀ ਅਗਵਾਈ ਹੇਠ ਅਮਰੀਕਾ ਸੁਰੱਖਿਅਤ ਹੈ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸਿੱਖਾਂ ਨਾਲ ਸਬੰਧਤ ਮਸਲੇ ਜਦ ਵੀ ਉਠਾਏ ਤਾਂ ਦੇਖਿਆ ਕਿ ਓਬਾਮਾ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵਲ ਉਚੇਚਾ ਧਿਆਨ ਦਿਤਾ।
ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਓਬਾਮਾ ਨੂੰ ਦਿੱਤੀ ਵਧਾਈ
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੱਤੀ। ਸ੍ਰੀ ਬਾਦਲ ਨੇ ਓਬਾਮਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਂਦੇ ਚਾਰ ਵਰ੍ਹਿਆਂ ਵਿਚ ਵਿਸ਼ਵ ਹੋਰ ਤਰੱਕੀ ਕਰੇਗਾ ਅਤੇ ਮਨੁੱਖੀ ਜੀਵਨ ਹੋਰ ਬਿਹਤਰ ਬਣ ਸਕੇਗਾ। ਉਹਨਾਂ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਅਪਣੱਤ ਅਤੇ ਹਮਦਰਦੀ ਪ੍ਰਗਟਾਉਣ ਸਦਕਾ ਖਾਸਕਰ ਓਕ ਕਰੀਕ ਗੋਲੀ ਕਾਂਡ ਮੌਕੇ ਭਾਈਚਾਰੇ ਦਾ ਸਾਥ ਦੇਣ ’ਤੇ ਓਬਾਮਾ ਨੇ ਪੰਜਾਬੀ ਭਾਈਚਾਰੇ ਦੇ ਦਿਲ ’ਚ ਖਾਸ ਥਾਂ ਬਣਾ ਲਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਓਬਾਮਾ ਨੂੰ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਦੁਨੀਆ ਭਰ ਦੇ ਲੋਕ ਖਾਸਕਰ ਨੌਜਵਾਨ ਪੀੜ੍ਹੀ ਇਕ ਉਮੀਦ ਨਾਲ ਵੇਖਦੀ ਹੈ।
-
I lyk it