December 03, 2024, 02:16:12 PM
collapse

Author Topic: ਲਾਲਾ ਲਾਜਪਤ ਰਾਏ ਦਾ ਮੁਆਫ਼ੀਨਾਮਾ  (Read 932 times)

Offline ਮਾਂ ਦਾ "Engineer" ਪੁੱਤ

  • Ankheela/Ankheeli
  • ***
  • Like
  • -Given: 1
  • -Receive: 6
  • Posts: 509
  • Tohar: 1
  • Gender: Male
    • View Profile
ਮਾਂਡਲੇ ਜੇਲ੍ਹ ਤੋਂ ਲਿਖੇ ਦੋ ਪੱਤਰ
(ਜੇ ਇਹਨਾਂ ਇਹ ਖ਼ਤ ਪੜ੍ਹਣ ਤੋਂ ਬਾਦ ਵੀ ਕੋਈ ਸ਼ੱਕ ਰਹਿ ਜਾਵੇ ਤਾਂ ਗਦਰੀ ਬਾਬਾ ਹਰਜਾਪ ਸਿੰਘ ਦੀ ਡਾਇਰੀ ਦੇ ਪਹਿਲੇ 15 ਕੁ ਸਫ਼ੇ ਹੀ ਪੜ੍ਹ ਲਇਓ - ਸੰਪਾਦਕ- ਚਰਚਾ ਪੰਜਾਬ)
ਇਹ ਦੋਵੇਂ ਪੱਤਰ ਪ੍ਰਸਿੱਧ ਖੋਜੀ (ਮਰਹੂਮ) ਭਾਈ ਨਾਹਰ ਸਿੰਘ ਐਮ. ਏ. ਨੇ ਲੱਭੇ ਸਨ ਤੇ
ਦਿੱਲੀ ਤੋਂ ਛੱਪਦੇ ਰਹੇ 'ਆਰਸੀ' ਨਾਂ ਦੇ ਪ੍ਰਸਿੱਧ ਮਾਸਕ ਰਸਾਲੇ ਨੇ ਆਪਣੇ ਫਰਵਰੀ 1969
ਦੇ ਅੰਕ ਵਿਚ ਛਾਪੇ ਸਨ। ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੱਤਿਆ ਐਮ ਰਾਏ
ਨੇ ਇਨ੍ਹਾਂ ਪੱਤਰਾਂ ਬਾਰੇ ਪ੍ਰਸਿੱਧ ਗ਼ਦਰੀ ਬਾਬੇ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ
ਉਨ੍ਹਾਂ ਨੇ ਇਸਨੂੰ ਲਹਿਰ ਨਾਲ ਗ਼ਦਾਰੀ ਅਤੇ ਨੰਗਾ ਚਿੱਟਾ ਮੁਆਫ਼ੀਨਾਮਾ ਕਰਾਰ ਦਿੱਤਾ ਸੀ।
ਸ੍ਰ: ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਨੇ ਵੀ ਲਾਲਾ ਲਾਜਪਤ ਰਾਏ ਵੱਲੋਂ ਲਿਖੇ ਗਏ
ਇਨ੍ਹਾਂ ਪੱਤਰਾਂ ਦਾ ਬਹੁਤ ਬੁਰਾ ਮਨਾਇਆ ਸੀ। ਇਨ੍ਹਾਂ ਪੱਤਰਾਂ ਦੀ ਪੂਰੀ ਇਬਾਰਤ ਇਸ
ਤਰ੍ਹਾਂ ਹੈ:
ਚਿੱਠੀ 1.
ਸੇਵਾ ਵਿਖੇ,.
ਹਿਜ਼ ਐਕਸੀਲੈਂਸੀ ਵਾਇਸਰਾਏ.
ਤੇ ਗਵਰਨਰ ਜਨਰਲ ਆਫ਼ ਇੰਡੀਆ
ਤੇ ਅਧੀਨ ਦੇਸ
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ - ਤੁਹਾਡਾ ਨਿਮਾਨਾ ਫਰਿਆਦੀ ਇਕ ਸਰਕਾਰੀ ਕੈਦੀ ਹੈ, ਜੋ
ਮਾਂਡਲੇ (ਅਪਰ ਬਰਮਾ) ਦੇ ਕਿਲ੍ਹੇ ਵਿਚ ਬੰਦੀ ਹੈ, ਜਿਸ ਨੂੰ ਲਾਹੌਰ ਵਿਚ ਗ੍ਰਿਫ਼ਤਾਰ
ਕੀਤਾ ਗਿਆ ਸੀ ਤੇ ਤੁਹਾਡੇ ਹੁਕਮ ਨਾਲ ਜਲਾਵਤਨ ਕਰ ਕੇ ਇਸ ਥਾਂ ਭੇਜਿਆ ਗਿਆ। ਇਹ ਹੁਕਮ
ਹਜ਼ੂਰ ਦੇ ਅਧਿਕਾਰ ਹੇਠ 7 ਮਈ 1907 ਨੂੰ ਕੱਢਿਆ ਗਿਆ।
ਤੁਹਾਡੇ ਇਸ ਫਰਿਆਦੀ ਨੂੰ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਤੱਕ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ, ਜਿਨ੍ਹਾਂ ਨੂੰ ਆਧਾਰ
ਬਣਾ ਕੇ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਵੱਲੋਂ ਕਾਰਵਾਈ ਕੀਤੀ ਗਈ, ਦੇ ਸੁਭਾਵ ਤੇ
ਵੇਰਵੇ ਬਾਰੇ ਦੱਸਿਆ ਗਿਆ।
ਤੁਹਾਡਾ ਇਹ ਫਰਿਆਦੀ ਕਦੇ ਵੀ ਅਜਿਹਾ ਕੁਝ ਕਰਨ ਲਈ ਤਾਂਘ ਨਹੀਂ ਸੀ ਰੱਖਦਾ, ਜਿਸ ਦਾ ਉਦੇਸ਼ ਭਾਰਤ ਦੇ ਸ਼ਹਿਨਸ਼ਾਹ ਦੀ ਸਲਤਨਤ ਦੇ ਕਿਸੇ ਹਿੱਸੇ ਦੇ
ਵਿਰੁੱਧ ਹੁੱਲੜ ਮਚਾਣਾ ਹੋਵੇ। ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ, ਪਰ ਜ਼ੋਰ ਨਾਲ ਤਰਦੀਦ
ਕਰਦਾ ਹੈ ਕਿ ਉਸ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਸਦਕਾ ਇਹ ਧਾਰਾ ਉਸ
ਵਿਰੁੱਧ ਲਾਗੂ ਹੋ ਸਕਦੀ ਹੋਵੇ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਤਰਦੀਦ ਕਰਦਾ ਹੈ ਕਿ ਉਸ ਦੇ ਗ੍ਰਿਫਤਾਰ ਕਰਨ ਦੇ ਸਮੇਂ ਜਾਂ ਉਸ ਤੋਂ ਕੁਝ ਪਹਿਲਾਂ ਜਾਂ ਫਿਰ ਕੁਝ
ਪਿੱਛੋਂ, ਕਦੇ ਵੀ, ਬਾਦਸ਼ਾਹ ਸਲਾਮਤ ਦੀ ਹਿੰਦੁਸਤਾਨ ਦੇ ਸਲਤਨਤ ਦੇ ਕਿਸੇ ਹਿੱਸੇ ਵਿਚ
ਕਿਸੇ ਭਾਂਤ ਦਾ ਉਚਿਤ ਸੰਸਾ ਨਹੀਂ ਸੀ, ਜਿਸ ਤੋਂ ਬਚਾਓ ਲਈ ਤੁਹਾਡੇ ਇਸ ਫਰਿਆਦੀ ਦੀ
ਗ੍ਰਿਫਤਾਰੀ ਤੇ ਜਲਾਵਤਨੀ ਜ਼ਰੂਰੀ ਜਾਂ ਦਲੀਲ ਪੂਰਬਕ ਹੋਵੇ।
ਤੁਹਾਡੇ ਇਸ ਫਰਿਆਦੀ ਦਾ ਯਕੀਨ ਹੈ ਕਿ ਉਹ ਦੁਸ਼ਮਣਾਂ ਵੱਲੋਂ ਪਹੁੰਚਾਈ ਗਈ ਝੂਠੀ ਤੇ ਮੰਦਭਾਵਨਾ ਵਾਲੀ ਜਾਣਕਾਰੀ ਦਾ
ਸ਼ਿਕਾਰ ਬਣਿਆ ਰਿਹਾ ਹੈ ਤੇ ਬਣਿਆ ਹੋਇਆ ਹੈ। ਜਾਂ ਫਿਰ ਉਸ ਵਿਰੁੱਧ ਰਿਪੋਰਟਾਂ ਪੱਖਪਾਤੀ
ਜਾਂ ਗ਼ਲਤਫਹਿਮੀ ਵਿਚ ਪਏ ਅਧਿਕਾਰੀਆਂ ਦੇ ਕਿਸੇ ਭੁਲੇਖੇ ਜਾਂ ਸੰਸੇ 'ਤੇ ਆਧਾਰਤ ਹਨ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਅਰਜ਼ ਕਰਦਾ ਹੈ ਕਿ ਇਨਸਾਫ਼ ਤੇ ਹਕ-ਨਿਆਂ ਦੇ ਨਾਂ
ਉੱਤੇ ਉਸ ਨੂੰ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਹਜ਼ੂਰ
ਦੇ ਵਿਚਾਰ ਗੋਚਰੇ ਆਪਣਾ ਪੱਖ ਰੱਖ ਸਕੇ।
ਤੁਹਾਡਾ ਇਹ ਫਰਿਆਦੀ ਹਮੇਸ਼ਾ ਹੀ ਆਪਣੇ ਨਿਮਾਣੇ ਜਿਹੇ ਢੰਗ ਨਾਲ ਸਦਾ ਸ਼ਾਂਤਮਈ ਕੰਮਾਂ ਵਿਚ ਰੁਝਿਆ ਰਿਹਾ ਹੈ ਅਤੇ ਆਪਣੇ ਵਸੀਲਿਆਂ
ਤੇ ਗਿਆਨ ਅਨੁਸਾਰ ਵਿਭਿੰਨ ਢੰਗਾਂ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਦਾ ਰਿਹਾ ਹੈ,
ਜਿਹਾ ਕਿ ਸਿਖ਼ਸ਼ਾ ਨੂੰ ਫੈਲਾਣ ਦਾ ਕੰਮ, ਯਤੀਮਾਂ ਜਾਂ ਵਿਧਵਾਵਾਂ ਦੀ ਸਹਾਇਤਾ ਲਈ ਦਾਨ
ਇਕੱਤਰ ਕਰਨਾ, ਕਾਲ ਦੇ ਸਮੇਂ ਕਾਲ ਪੀੜਤਾਂ ਲਈ ਦਾਨ ਇਕੱਠਾ ਕਰਨਾ ਤੇ ਵੰਡਣਾ ਅਤੇ 1905
ਦੇ ਭੂਚਾਲ ਸਮੇਂ ਬਣੀ ਵੱਡੀ ਭੀੜ ਵੇਲੇ ਲੋਕਾਂ ਨੂੰ ਸਹਾਇਤਾ ਦੇਣੀ। ਤਿੰਨ ਸਾਲਾਂ ਦੇ
ਸਮੇਂ ਤੱਕ ਉਹ ਪੰਜਾਬ ਦੇ ਇਕ ਨਗਰ ਵਿਚ ਮਿਊਂਸਪਲ ਕਮਿਸ਼ਨਰ ਰਿਹਾ। ਪਿਛਲੇ 25 ਸਾਲਾਂ ਦੇ
ਲੰਮੇ ਸਮੇਂ ਵਿਚ ਉਸ 'ਤੇ ਕਦੇ ਵੀ ਹਿਜ਼ ਮੈਜਸਟੀ ਦੀ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੇ
ਕੋਈ ਵੀ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਸੰਦੇਹ ਨਹੀਂ ਕੀਤਾ ਗਿਆ। ਤੁਹਾਡੇ ਇਸ
ਫਰਿਆਦੀ ਵਰਗੀ ਨਿਮਾਣੀ ਥਾਂ-ਥਿਤ ਵਾਲੇ ਸ਼ਖਸ ਲਈ ਇਸ ਤਰ੍ਰਾਂ ਇਕ ਦਮ ਆਪਣੇ ਪ੍ਰਵਾਰ ਤੋਂ
ਵੱਖ ਹੋ ਜਾਣ ਅਤੇ ਆਪਣੇ ਰੁਜ਼ਗਾਰ ਦੇ ਵਸੀਲਿਆਂ ਤੋਂ ਵਾਂਝੇ ਜਾਣ ਨਾਲ ਬੜੀ ਦੁਖਦਾਈ ਅਵਸਥਾ
ਵਿਚੋਂ ਲੰਘਣਾ ਪੈ ਰਿਹਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ
ਨਾਲ ਕਿਉਂ ਇਉਂ ਹੋਇਆ ਤੇ ਫਿਰ ਉਸ ਨੂੰ ਜਵਾਬ ਦੇਹੀ ਦਾ ਮੌਕਾ ਨਹੀਂ ਦਿੱਤਾ ਗਿਆ। ਤੁਹਾਡਾ
ਇਹ ਫਰਿਆਦੀ ਤਾਂ ਅਸਾਧ ਅਪਚ ਦਾ ਰੋਗੀ ਹੈ, ਉਸ ਦਾ ਜਿਗਰ ਅਤੇ ਮੇਹਦਾ ਖਰਾਬ ਰਹਿੰਦਾ ਹੈ,
ਤਿਲੀ ਵਧੀ ਹੋਈ ਹੈ ਅਤੇ ਉਸ ਨੂੰ ਯਰਕਾਨ ਵੀ ਹੋ ਜਾਂਦਾ ਹੈ ਤੇ ਉਹ ਕਈ ਕਈ ਮਹੀਨੇ
ਨਿਸੱਤਾ ਹੋ ਕੇ ਪਿਆ ਰਹਿੰਦਾ ਹੈ, ਇਹ ਇਕ ਅਜਿਹੀ ਸਚਾਈ ਹੈ ਜਿਸ ਦੀ ਤਸੱਲੀ ਲਾਹੌਰ ਵਿਚ
ਉਸ ਦੇ ਇਲਾਜ ਕਰਦੇ ਡਾਕਟਰਾਂ ਤੋਂ ਕੀਤੀ ਜਾ ਸਕਦੀ ਹੈ। ਤੁਹਾਡਾ ਇਹ ਫਰਿਆਦੀ ਇਸ ਸਮੇਂ
ਉਨੀਂਦਰੇ ਦੀ ਬੀਮਾਰੀ ਦਾ ਸ਼ਿਕਾਰ ਹੈ। ਇਕ ਓਪਰੇ ਦੇਸ਼ ਵਿਚ ਲੰਮੇ ਸਮੇਂ ਤੱਕ ਦੀ ਕੈਦ, ਤੇ
ਇਕ ਅਜਿਹੇ ਜਲਵਾਯੂ ਵਿਚ ਜੋ ਉਸ ਲਈ ਓਪਰੀ ਹੈ ਤੇ ਜਿਥੇ ਕਸਰਤ ਲਈ ਚੋਖੇ ਮੌਕੇ ਨਹੀਂ,
ਜਿਥੇ ਘਰ ਦੀਆਂ ਸਹੂਲਤਾਂ ਨਹੀਂ, ਅਜਿਹੇ ਜੀਵਨ ਦੀ ਸੁੰਞ ਤੇ ਅਕਾ ਦੇਣ ਵਾਲੀ ਇਕਸਾਰਤਾ
ਸੇਹਤ 'ਤੇ ਕਾਫ਼ੀ ਬੁਰਾ ਅਸਰ ਪਾ ਰਹੀ ਹੈ। ਤੁਹਾਡਾ ਇਹ ਫਰਿਆਦੀ ਅਰਜ਼ ਗੁਜ਼ਾਰਦਾ ਹੈ ਕਿ ਹਿਜ਼
ਐਕਸੀਲੈਂਸੀ ਇਨ ਕੌਂਸਲ ਉਸ ਦੀ ਰਿਹਾਈ ਦਾ ਹੁਕਮ ਦੇਣ, ਜਾਂ ਉਸ ਵਿਰੁੱਧ ਲਗਾਏ ਗਏ ਦੂਸ਼ਣ
ਜਾਂ ਦੂਸ਼ਣਾਂ ਤੋਂ ਉਸ ਨੂੰ ਜਾਣੂ ਕਰਾਣ, ਜੇ ਕਿਸੇ ਕਾਰਨ ਹਜ਼ੂਰ ਮੇਰੀ ਇਹ ਨਿਮਾਣੀ ਅਰਜ਼
ਪ੍ਰਵਾਨ ਨਾ ਕਰ ਸਕਦੇ ਹੋਣ, ਤਾਂ ਹਜੂਰ ਕ੍ਰਿਪਾ ਕਰਕੇ ਇਸ ਨਿਮਾਣੀ ਫਰਿਆਦ ਨੂੰ ਭਾਰਤ ਦੇ
ਸ਼ਹਿਨਸ਼ਾਹ ਮੁਹਤਮਿਮ ਦੇ ਵਿਚਾਰ ਗੋਚਰਾ ਰੱਖਣ। ਜਦੋਂ ਤੱਕ ਇਸ ਫਰਿਆਦ 'ਤੇ ਵਿਚਾਰ ਨਹੀਂ ਹੋ
ਜਾਂਦੀ, ਉਦੋਂ ਤੱਕ ਹਜ਼ੂਰ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਇਨ੍ਹਾਂ ਗੱਲਾਂ
ਦੀ ਆਗਿਆ ਦੇਣ।
(ੳ) ਇਥੋਂ ਦੇ ਰਹਿਣ ਵਾਲੇ ਨਿੱਜੀ ਨੌਕਰ ਦੀ ਸੇਵਾ ਤੇ ਸਾਥ ਦੀ ਸਹੂਲਤ
(ਅ) ਅੰਗਰੇਜ਼ੀ ਤੇ ਹਿੰਦੁਸਤਾਨੀ ਅਖ਼ਬਾਰ ਪੜ੍ਹਨ ਦੀ ਆਗਿਆ ਜਿਨ੍ਹਾਂ ਬਿਨ੍ਹਾਂ ਇਹ ਫਰਿਆਦੀ
ਬਹੁਤ ਇਕੱਲਤਾ ਜਿਹੀ ਮਹਿਸੂਸ ਕਰਦਾ ਹੈ। ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ
ਹੋਇਆਂ ਇਹ ਵੀ ਦੱਸਣ ਦੀ ਮਿਹਰਬਾਨੀ ਕਰਨੀ ਕਿ ਉਸ ਨੂੰ ਕਦੋਂ ਤੱਕ ਇਥੇ ਕੈਦ ਰੱਖਿਆ
ਜਾਵੇਗਾ। ਇਹ ਮਿਹਰਬਾਨੀ ਤੇ ਹੱਕ-ਨਿਆਂ ਦੇ ਬਦਲੇ ਤੁਹਾਡਾ ਇਹ ਫਰਿਆਦੀ ਹਜ਼ੂਰ ਦੀ ਦੀਰਘ
ਆਯੂ ਲਈ ਪ੍ਰਾਰਥਨਾ ਕਰਨਾ ਆਦਿ, ਆਦਿ, ਆਪਣਾ ਫਰਜ਼ ਸਮਝੇਗਾ।
ਮਾਂਡਲੇ ਫ਼ੋਰਟ ਡਫ਼ਰਿਨ
ਹਜ਼ੂਰ ਦਾ ਨਿਮਾਣਾ ਫਰਿਆਦੀ
29 ਜੂਨ 1907 ਲਾਜਪਤ ਰਾਏ ਆਫ਼ ਲਾਹੌਰ
ਚਿੱਠੀ 2.
ਮੇਜਰਨਾਮਾ
ਸੇਵਾ ਵਿਖੇ, ਆਦਰਯੋਗ
ਇੰਡੀਅਨ ਰਾਜ ਪ੍ਰਬੰਧ ਸਬੰਧੀ ਸਕੱਤਰ
ਬ੍ਰਿਟਿਸ਼ ਪਾਰਲੀਮੈਂਟ, ਲੰਡਨ।
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ
1. ਤੁਹਾਡਾ ਇਹ ਫਰਿਆਦੀ ਸਰਕਾਰੀ ਕੈਦੀ ਹੈ ਅਤੇ ਮਾਂਡਲੇ (ਬਰਮਾ) ਦੇ ਕਿਲ੍ਹੇ ਵਿਚ ਬੰਦ
ਹੈ। ਇਸ ਨੂੰ ਲਾਹੌਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ 'ਵਰੰਟ ਆਫ਼ ਕਮਿਟਮੈਂਟ' ਦੀ
ਤਹਿਮੀਲ ਵਿਚ ਇਸ ਥਾਂ ਜਲਾਵਤਨ ਕਰਕੇ ਭੇਜਿਆ ਗਿਆ। ਸੁਣਵਾਈ ਦੀ ਮਿਤੀ 7 ਮਈ 1907 ਸੀ, ਤੇ
ਇਹ ਵਰੰਟ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਗਵਰਨਰ ਜਨਰਲ ਆਫ਼ ਇੰਡੀਆ ਇਨ ਕੌਂਸਲ ਦੇ
ਅਧਿਕਾਰ ਹੇਠ ਜਾਰੀ ਕੀਤੇ ਗਏ।
2 ਇਸ ਫਰਿਆਦੀ ਨੂੰ ਨਾ ਤਾਂ ਗ੍ਰਿਫਤਾਰੀ ਸਮੇਂ ਅਤੇ ਨਾ ਹੀ ਪਿੱਛੋਂ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਆਧਾਰ
'ਤੇ ਉਪਰੋਕਤ ਧਾਰਾ ਦੇ ਅਧੀਨ ਉਸ ਵਿਰੁਧ ਕਾਰਵਾਈ ਕੀਤੀ ਗਈ।
3. ਤੁਹਾਡੇ ਇਸ ਫਰਿਆਦੀ ਨੇ ਅੱਗੇ ਇਕ ਬਿਨੈਪੱਤਰ ਵਿਚ, ਜੋ ਹਜ਼ੂਰ ਵਾਇਸਰਾਏ ਤੇ ਗਵਰਨਰ ਜਨਰਲ ਆਫ਼ ਇੰਡੀਆ ਨੂੰ
ਘਲਿਆ ਗਿਆ, ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਪਰੋਕਤ ਧਾਰਾ
ਨਿਆਂ-ਪੂਰਵਕ ਉਸ ਉੱਤੇ ਲਾਗੂ ਹੋ ਸਕੇ, ਉਸ ਨੇ ਕਦੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ
ਜਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਹਜ਼ੂਰ ਦੀ ਭਾਰਤ ਦੀ ਸਲਤਨਤ ਦੇ ਕਿਸੇ ਹਿੱਸੇ
ਵਿਚ 'ਹੁੱਲੜ' ਮਚਿਆ ਹੋਵੇ ਜਾਂ ਮਚਣ ਦੀ ਸੰਭਾਵਨਾ ਹੋਵੇ। ਹਕੀਕਤ ਤਾਂ ਇਹ ਹੈ ਕਿ ਫਰਿਆਦੀ
ਦੀ ਗ੍ਰਿਫ਼ਤਾਰੀ ਸਮੇਂ ਅਜਿਹੇ ਕਿਸੇ 'ਹੁੱਲੜ' ਮਚਣ ਦਾ ਕੋਈ ਡਰ ਨਹੀਂ ਸੀ। ਤੁਹਾਡਾ ਇਹ
ਫਰਿਆਦੀ ਝੂਠੀ ਸੂਹ ਦਾ ਸ਼ਿਕਾਰ ਬਣਿਆ ਹੈ, ਜੋ ਉਸ ਦੇ ਵਿਰੁਧ ਉਸ ਦੇ ਦੁਸ਼ਮਣਾਂ ਜਾਂ
ਪੱਖਪਾਤੀ ਸਰਕਾਰੀ ਅਧਿਕਾਰੀਆਂ ਨੇ, ਆਪਣਾ ਪੱਖ ਪੂਰਨ ਲਈ ਦਿੱਤੀ ਅਤੇ ਕਿ ਜੇ ਉਸ ਨੂੰ ਦੇਸ਼
ਨਿਕਾਲੇ ਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਤਾਂ ਉਨ੍ਹਾਂ ਬਾਰੇ ਆਪਣੀ ਜਵਾਬਦੇਹੀ ਹਜ਼ੂਰ ਤੇ
ਕੌਂਸਲ ਦੀ ਤਸੱਲੀ ਲਈ ਦੇਂਦਾ।
4. ਫਰਿਆਦੀ ਨੂੰ ਉਸ ਵਿਰੁੱਧ ਲਗਾਏ ਗਏ ਦੂਸ਼ਣਾਂ ਤੋਂ ਬਿਲਕੁਲ ਅਗਿਆਤ ਰੱਖਿਆ ਗਿਆ ਹੈ ਤੇ ਉਹ ਕੋਈ ਨਿਸਚਿਤ ਬਿਆਨ ਦੇਣ ਤੇ ਆਪਣੀ ਨਿਰਦੋਸ਼ਤਾ ਦੇ
ਸਬੂਤ ਦੇਣ ਦੀ ਸਥਿਤੀ ਵਿਚ ਨਹੀਂ ਹੈ। ਕਿਉਂ ਜੋ ਅਖ਼ਬਾਰ ਪੜ੍ਹਨ ਦੀ ਆਗਿਆ ਨਹੀਂ ਦਿੱਤੀ
ਗਈ। ਇਸ ਲਈ ਤੁਹਾਡਾ ਫਰਿਆਦੀ ਗਵਰਨਮੈਂਟ ਆਫ਼ ਇੰਡੀਆ ਦੇ 'ਕਿਆਸੇ ਆਧਾਰਾਂ' ਦੀ ਖੰਡਨਾ ਜਾਂ
ਜਵਾਬਦੇਹੀ ਦੀ ਸਥਿਤੀ ਵਿਚ ਨਹੀਂ। ਪ੍ਰੰਤੂ ਉਹ ਆਦਰ ਨਾਲ ਇਹ ਦੁਹਰਾਣ ਦੀ ਖੁੱਲ੍ਹ ਲੈਂਦਾ
ਹੈ ਕਿ ਗਵਰਨਮੈਂਟ ਆਫ਼ ਇੰਡੀਆ ਦੀ ਕਾਰਵਾਈ, ਜੋ 1818 ਦੀ ਧਾਰਾ 3 ਦੇ ਅਧਾਰ 'ਤੇ ਉਸ
ਵਿਰੁਧ ਕੀਤੀ ਗਈ, ਉਹ ਅਨਿਆਂ ਪੂਰਬਕ ਤੇ ਬੇਲੋੜੀ ਹੈ, ਅਜਿਹੀ ਕਾਰਵਾਈ ਲਈ ਅਵਸਰ ਬਣਿਆ ਹੀ
ਨਹੀਂ ਸੀ ਅਤੇ ਇਹ ਧਾਰਾ ਟਿਕਵੇਂ ਰਾਜ ਪ੍ਰਬੰਧ ਦੇ ਦਿਨਾਂ ਲਈ ਅਤੇ ਤੁਹਾਡੇ ਇਸ ਫਰਿਆਦੀ
ਜਿਹੇ ਸ਼ਖਸ ਲਈ ਜੋ ਜੀਵਨ ਵਿਚ ਨਿਮਾਣੀ ਥਾਂ ਰੱਖਦਾ ਹੈ, ਨਹੀਂ ਮੰਨੀ ਗਈ ਸੀ।
5. ਤੁਹਾਡਾ ਇਹ ਫਰਿਆਦੀ ਇਹ ਵੀ ਬਿਨੈ ਕਰਦਾ ਹੈ ਕਿ ਉਸ ਨੇ ਲਾਹੌਰ ਜਾਂ ਰਾਵਲਪਿੰਡੀ ਦੇ
ਫਸਾਦਾਂ ਵਿਚ ਕੋਈ ਭਾਗ ਨਹੀਂ ਲਿਆ, ਉਸ ਨੇ ਸਿੱਧੇ ਜਾਂ ਪਰੋਖੇ ਢੰਗ ਨਾਲ ਕਿਸੇ ਸ਼ਖਸ ਨੂੰ
ਗੜਬੜ ਮਚਾਣ ਲਈ ਉਤਸ਼ਾਹ ਨਹੀਂ ਦਿੱਤਾ, ਉਸ ਨੇ ਕੋਈ ਰਾਜ ਧਰੋਹ ਵਾਲਾ ਭਾਸ਼ਣ ਨਹੀਂ ਦਿੱਤਾ,
ਅਤੇ ਸਰਕਾਰ ਵੱਲੋਂ ਚੁੱਕੇ ਕੁਝ ਕਦਮਾਂ, ਜੋ ਉਸ ਦੀ ਗ੍ਰਿਫਤਾਰੀ ਦੇ ਝਟ ਕੁ ਪਹਿਲਾਂ ਦੇ
ਸਮੇਂ ਜਾਂ ਉਨ੍ਹੀਂ ਦਿਨੀਂ ਲੋਕਾਂ ਦੇ ਦਿਲ ਮੱਲੀ ਬੈਠੇ ਸਨ, ਦਾ ਖੰਡਨ ਕਰਦਿਆਂ ਉਸ ਨੇ
ਕਾਨੂੰਨ ਤੇ ਵਿਧਾਨ ਦੀਆਂ ਹੱਦਾਂ ਨਹੀਂ ਉਲੰਘੀਆਂ, ਉਸ ਨੇ ਕਦੇ ਵੀ ਨਵਿਰਤੀ ਲਈ ਅਹਿੰਸਕ
ਜਾਂ ਗੈਰਕਾਨੂੰਨੀ ਵਿਧੀਆਂ ਅਪਨਾਣ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਸ ਨੇ ਕਦੇ ਅਜਿਹੇ
ਸ਼ਖਸ ਨਾਲ ਸਬੰਧ ਰੱਖੇ ਹਨ, ਜੋ ਉਸ ਦੀ ਸਮਝ ਅਨੁਸਾਰ ਅਜਿਹੀਆਂ ਵਿਧੀਆਂ ਦਾ ਪ੍ਰਚਾਰ ਕਰਦਾ
ਹੋਵੇ। ਉਸ ਵਿਰੁਧ ਜੋ ਇਹ ਸੰਦੇਹ ਕੀਤਾ ਜਾਂਦਾ ਹੈ ਕਿ ਉਸ ਹਜ਼ੂਰ ਦੀ ਭਾਰਤੀ ਫੌਜ ਦੇ
ਸਿਪਾਹੀਆਂ ਨੂੰ ਹਜ਼ੂਰ ਦਾ ਵਫ਼ਾਦਾਰ ਨਾ ਰਹਿਣ ਲਈ ਵਰਗਲਾਇਆ ਹੈ, ਇਹ ਬਿਲਕੁਲ ਨਿਰਮੂਲ ਹੈ,
ਤੁਹਾਡੇ ਫਰਿਆਦੀ ਨੂੰ ਤੇ ਉਨ੍ਹਾਂ ਨਾਲ ਸੰਚਾਰ ਰੱਖਣ ਦਾ ਕਦੇ ਕਿਸੇ ਤਰ੍ਹਾਂ ਦਾ ਅਵਸਰ ਹੀ
ਨਹੀਂ ਬਣਿਆ।
6. ਫਰਿਆਦੀ ਬੜੇ ਆਦਰ ਨਾਲ ਇਹ ਬਿਨੈ ਕਰਦਾ ਹੈ ਕਿ ਉਸ ਨੂੰ ਸ਼ਖਸੀ ਆਜ਼ਾਦੀ ਤੋਂ ਵਾਂਝਿਆ ਰੱਖ ਕੇ, ਅਜਿਹੀ ਕਾਰਵਾਈ ਦੇ ਆਧਾਰ ਕਾਰਨ ਨੂੰ ਦੱਸੇ ਬਿਨਾਂ, ਉਸ
ਨੂੰ ਸੁਣੇ ਬਿਨਾਂ ਤੇ ਆਪਣੀ ਰੱਖਿਆ ਵਿਚ ਕੁਝ ਕਹਿਣ ਦਾ ਕੋਈ ਹੱਕ ਦਿੱਤੇ ਬਿਨਾਂ, ਉਸ ਨੂੰ
ਰੱਦ ਕੇ, ਉਸ ਜਾਣਕਾਰੀ ਉੱਤੇ ਕਾਰਵਾਈ ਕਰਨੀ ਜੋ ਉਸ ਦੀ ਪਿੱਠ ਪਿੱਛੇ ਕੀਤੀ ਗਈ ਹੈ ਅਤੇ
ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਸਹੂਲਤਾਂ ਨਾ ਦੇ ਕੇ ਗਵਰਨਮੈਂਟ ਆਫ਼ ਇੰਡੀਆ, ਇਸ ਅਵਸਰ
ਉੱਤੇ, ਇਨਸਾਫ਼ ਤੇ ਹੱਕ-ਨਿਆਂ ਦੇ ਉਨ੍ਹਾਂ ਪ੍ਰਚੱਲਤ ਅਸੂਲਾਂ ਅਨੁਸਾਰ ਕਾਰਵਾਈ ਕਰਨੋਂ
ਅਸਮਰਥ ਰਹੀ ਹੈ, ਜਿਹੜੇ ਬਰਤਾਨਵੀ ਰਾਜ ਪ੍ਰਬੰਧ ਦੇ ਸਾਧਾਰਨ ਗੁਣ ਮੰਨੇ ਜਾਂਦੇ ਹਨ। ਇਹ
ਫਰਿਆਦੀ ਇਹ ਸੋਚਣ ਲਈ ਸਮਰੱਥ ਹੈ ਕਿ ਜਿਹੜੀ ਧਾਰਾ ਉਸ ਵਿਰੁਧ ਲਗਾਈ ਗਈ ਹੈ ਉਹ ਹੁਣ ਖਤਮ
ਹੋ ਚੁੱਕੀ ਈਸਟ ਇੰਡੀਆ ਕੰਪਨੀ ਦਾ ਇਕ ਗੈਰ ਸੰਵਿਧਾਨਕ ਕਾਨੂੰਨ ਸੀ, ਅਤੇ ਚਾਰਟਰ ਅਨੁਸਾਰ
ਮਿਲੀ ਸ਼ਕਤੀ ਤੋਂ ਬਾਹਰਾ ਸੀ, ਅਤੇ ਬਰਤਾਨਵੀ ਵਿਧਾਨ ਤੇ ਬਰਤਾਨਵੀ ਕਾਨੂੰਨਾਂ ਦੀ ਭਾਵਨਾ
ਅਨੁਸਾਰ 'ਅਧਿਕਾਰੋਂ ਬਾਹਰਾ' ਸੀ ਅਤੇ ਬਰਤਾਨਵੀ ਲੋਕ ਸਭਾ ਵੱਲੋਂ ਕਦੇ ਵੀ ਸਵੀਕਾਰ ਜਾਂ
ਪ੍ਰਵਾਨ ਨਹੀਂ ਕੀਤਾ ਗਿਆ ਸੀ, ਉਪਰੋਕਤ ਧਾਰਾ ਅਨੁਸਾਰ ਐਗਜ਼ੈਕਟਿਵ ਸਰਕਾਰ ਨੂੰ ਹਮੇਸ਼ਾ ਲਈ
ਇਹ ਸਦੀਵੀ ਸ਼ਕਤੀ ਪ੍ਰਦਾਨ ਕਰ ਦੇਣੀ ਕਿ ਉਹ ਬਰਤਾਨਵੀ ਪਰਜਾ ਨੂੰ ਅਦਾਲਤ ਵਿਚ ਬਿਨਾਂ ਯੋਗ
ਢੰਗ ਨਾਲ ਮੁਕੱਦਮਾ ਚਲਾਏ ਦੇ, ਸ਼ਖਸੀ ਆਜ਼ਾਦੀ ਤੋਂ ਵਾਂਝਿਆਂ ਕਰ ਦੇਵੇ, ਸੁਭਾਵਕ ਨਿਆਂ ਤੇ
ਕਾਨੂੰਨ ਅਨੁਸਾਰ ਚੱਲ ਰਹੀ ਸਰਕਾਰ ਦੇ ਸਭ ਸੰਕਲਪਾਂ ਦੇ ਵਿਰੁੱਧ ਹੈ।
7. ਇਹ ਫਰਿਆਦੀ ਬੜੇ ਆਦਰ ਨਾਲ ਬਿਨੈ ਕਰਦਾ ਹੈ ਕਿ ਉਪਰੋਕਤ ਧਾਰਾ ਅਨੁਸਾਰ ਜਿਹੜੇ ਸ਼ਖਸੀ ਬੰਧੇਜ ਵਰਨਣ
ਕੀਤੇ ਗਏ ਹਨ, ਉਹ ਪ੍ਰਸਤਾਵਨਾ ਵਿਚ ਦਿੱਤੇ ਗਏ ਮੰਤਵਾਂ ਨੂੰ ਧਿਆਨ ਵਿਚ ਰੱਖ ਕੇ, ਉਸ ਤੋਂ
ਬਾਹਰ ਨਹੀਂ ਸੋਚੇ ਜਾ ਸਕਦੇ, ਅਤੇ ਉਪਰੋਕਤ ਧਾਰਾ ਜ਼ਾਹਿਰੀ ਤੌਰ 'ਤੇ ਸਿਰਫ਼ ਨਿਰੋਧ ਲਈ ਹੈ
ਨਾ ਕਿ ਉਸ ਸ਼ਖ਼ਸ ਨੂੰ ਸਜ਼ਾ ਦੇਣ ਲਈ ਜਿਸ ਉੱਤੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ। ਇਸ
ਰੌਸ਼ਨੀ ਵਿਚ ਵੇਖਿਆ ਗਵਰਨਮੈਂਟ ਆਫ਼ ਇੰਡੀਆ ਦਾ ਇਹ ਫੈਸਲਾ ਕਿ ਫਰਿਆਦੀ ਨੂੰ ਅਖਬਾਰਾਂ ਨਾ
ਪਹੁੰਚਾਈਆਂ ਜਾਣ ਅਤੇ ਉਸ ਨੂੰ ਇਕ ਆਪਣਾ ਨਿੱਜੀ ਨੌਕਰ ਜਾਂ ਆਪਣੀ ਕੌਮੀਅਤ ਦਾ ਇਕ ਬਾਵਰਚੀ
ਰੱਖਣ ਦੀ ਆਗਿਆ ਨਾ ਦਿੱਤੀ ਜਾਵੇ, ਨਿਆਂਪੂਰਬਕ ਤੇ ਲੋੜੀਂਦਾ ਨਹੀਂ ਕਿਹਾ ਜਾ ਸਕਦਾ, ਇਹ
ਗੱਲ ਵੀ ਨਿਆਂ ਪੂਰਵਕ ਨਹੀਂ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਬਿਲਕੁਲ ਹੀ ਨਾ ਮਿਲਣ
ਦਿੱਤਾ ਜਾਵੇ ਤੇ ਇਹ ਗੱਲ ਕਰ ਦਿੱਤੀ ਜਾਵੇ ਕਿ ਸਿਰਫ਼ ਉਹੀ ਸਬੰਧੀ ਉਸ ਨੂੰ ਮਿਲ ਸਕਦਾ ਹੈ
ਜਿਸਨੇ ਪਹਿਲਾਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਆਗਿਆ ਲੈ ਲਈ ਹੋਵੇ, ਤੇ ਉਹ ਸਿਰਫ਼
ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ, ਨਿਕਟ ਬਹਿ ਕੇ ਮਿਲੇ। ਇਹ ਬੰਦਸ਼ਾਂ ਬਰਤਾਨੀਆ ਵਿਚ
ਰਾਜਸੀ ਕੈਦੀ, ਜਾਂ ਲੋਕ ਸਭਾ ਦੇ ਕਿਸੇ ਵਿਸ਼ੇਸ਼ ਕਾਨੂੰਨ ਅਧੀਨ, ਬਿਨਾਂ ਮੁਕੱਦਮਾ ਚਲਾਏ
ਬੰਦੀ ਵਿਚ ਪਾਏ ਗਏ ਬੰਦੀਵਾਨਾਂ ਨਾਲ ਕੀਤੇ ਜਾਂਦੇ ਸਲੂਕਾਂ ਦੇ ਵਿਰੁੱਧ ਹੈ। ਤੁਹਾਡੇ ਇਸ
ਫਰਿਆਦੀ ਦੀ ਇਕ ਪਤਨੀ ਤੋਂ ਕਈ ਬੱਚੇ ਹਨ (ਜਿਨ੍ਹਾਂ ਵਿਚ ਇਕ ਜਵਾਨ ਵਿਧਵਾ ਲੜਕੀ ਤੇ ਉਸ
ਦੀ ਬੱਚੀ ਵੀ ਸ਼ਾਮਲ ਹੈ) ਉਸ ਦੀ ਸੰਭਾਲ, ਸਿਖਸ਼ਾ ਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਤੇ
ਕਿਸੇ ਹਾਲਤ ਵਿਚ ਵੀ ਫਰਿਆਦੀ ਨੂੰ ਬੰਦੀ 'ਚ ਰੱਖੀ ਰੱਖਣਾ ਨਿਆਂ ਪੂਰਵਕ ਨਹੀਂ, ਜਦੋਂ ਕਿ
ਕਿਆਸ ਕੀਤੇ ਜਾਂਦੇ ਹੁੱਲੜ ਦਾ ਡਰ ਹੁਣ ਖਤਮ ਹੋ ਗਿਆ ਹੈ।
8. ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੇ ਪ੍ਰਤਾਪ
ਵਾਲੀ ਸਰਕਾਰ ਉਸ ਇਨਸਾਫ਼ ਤੇ ਨਿਆਂ ਹੱਕ ਤੋਂ ਫਰਿਆਦੀ ਨੂੰ ਵਾਂਝਿਆਂ ਨਹੀਂ ਰੱਖੇਗੀ ਜਿਸ
ਲਈ ਬਰਤਾਨਵੀ ਕੌਮ ਤੇ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਹੈ ਅਤੇ ਉਹ ਫਰਿਆਦੀ ਨੂੰ ਰਿਹਾਅ ਕਰਨ
ਦਾ ਹੁਕਮ ਦੇਵੇਗੀ ਅਤੇ ਆਪਣੇ ਘਰ ਵਾਪਸ ਜਾਣ ਅਤੇ ਜਿੰਦਗੀ ਵਿਚ ਆਪਣਾ ਸਾਧਾਰਨ ਪੇਸ਼ਾ ਕਰਨ
ਦੀ ਆਗਿਆ ਦੇਵੇਗੀ।
9. ਅਖ਼ੀਰ ਵਿਚ ਜੇ ਹਜ਼ੂਰ ਦੀ ਸਰਕਾਰ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ
ਕ੍ਰਿਪਾ ਦ੍ਰਿਸ਼ਟੀ ਕਰਦਿਆਂ ਉਸ ਨੂੰ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ।
ਜਿਹੜਾ ਸਰਕਾਰ ਉਸ ਬਦਲੇ ਵਿਚ ਨੀਯਤ ਕਰਨਾ ਠੀਕ ਸਮਝਦੀ ਹੋਵੇ, ਅਤੇ ਉਸ ਨੂੰ ਗਰੇਟ
ਬ੍ਰਿਟੇਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ
ਦੇਵੇ। ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿਚ ਬੱਝਿਆ ਹੋਇਆ ਹਜ਼ੂਰ ਤੇ
ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ।
ਮਾਂਡਲੇ, ਫੋਰਟ ਡਫ਼ਰਿਨ ਤੁਹਾਡਾ ਫਰਿਆਦੀ
22 ਸਤੰਬਰ 1907 ਹਜ਼ੂਰ ਦਾ ਨਿਮਾਣਾ ਦਾਸ
ਲਾਜਪਤ ਰਾਏ ਆਫ਼ ਲਾਹੌਰ
ਚਿੱਠੀ 3.
ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵੱਲੋਂ
ਲਾਲਾ ਲਾਜਪਤ ਰਾਏ ਜੀ ਦੇ ਨਾਉਂ ਖੁੱਲ੍ਹੀ ਚਿੱਠੀ
ਲਾਲਾ ਲਾਜਪਤ ਰਾਏ ਨੂੰ ਦੇਸ਼ ਦਾ ਇਕ ਬਜ਼ੁਰਗ ਨੇਤਾ ਮੰਨਦੇ ਹੋਏ ਵੀ, ਇਨਕਲਾਬੀ ਉਨ੍ਹਾਂ ਦੇ ਕੁਝ
ਵਿਚਾਰਾਂ ਨਾਲ ਅਸਹਿਮਤੀ ਰੱਖਦੇ ਸਨ। ਲਾਲਾ ਜੀ ਅਤੇ ਭਗਤ ਸਿੰਘ ਦੇ ਸਾਥੀਆਂ ਵਿਚ ਇਕ ਬਹਿਸ
ਚੱਲ ਪਈ ਸੀ। ਨਵੰਬਰ 1927 ਵਿਚ ਲਾਲਾ ਲਾਜਪਤ ਰਾਏ ਜੀ ਦੇ ਨਾਂ ਇਕ ਖੁੱਲ੍ਹੀ ਚਿੱਠੀ
ਛਾਪੀ ਗਈ ਸੀ। ਇਸ ਚਿੱਠੀ 'ਤੇ ਦਸਤਖਤ ਕਰਨ ਵਾਲਿਆਂ ਨਾਲ ਸ਼ਹੀਦ ਭਗਤ ਸਿੰਘ ਦਾ ਨਜ਼ਦੀਕੀ
ਸਬੰਧ ਸੀ। 22 ਸੱਜਣਾਂ ਵੱਲੋਂ ਜਾਰੀ ਕੀਤੀ ਗਈ ਇਸ ਚਿੱਠੀ ਦਾ ਅਨੁਵਾਦ ਹੇਠਾਂ ਪੇਸ਼ ਕੀਤਾ
ਜਾਂਦਾ ਹੈ।
ਲਾਹੌਰ, 18 ਸਤੰਬਰ, 1927
ਪਿਆਰੇ ਲਾਲਾ ਲਾਜਪਤ ਰਾਏ ਜੀ!
ਜਦੋਂ ਅਸੈਂਬਲੀ ਦੀ ਚੋਣ ਲਈ ਜਲਸੇ ਕੀਤੇ ਜਾਂਦੇ ਸਨ ਤਾਂ ਆਪ ਨੇ ਇਕ ਵਾਰੀ ਦਸ ਹਜ਼ਾਰ
ਹਿੰਦੂਆਂ ਦੇ ਜਲਸੇ ਦੇ ਸਾਹਮਣੇ ਆਪਣੇ ਆਪ ਨੂੰ ਸਿਪਾਹੀ ਹੋਣ ਦਾ ਐਲਾਨ ਕੀਤਾ ਸੀ। ਇਕ
ਦੂਸ਼ਣ ਦੇ ਉਤਰ ਵਿਚ ਕਿ ਆਪ ਇਕ ਮਰ ਚੁੱਕੇ ਲੀਡਰ ਹੋ, ਆਪ ਨੇ ਕਿਹਾ ਸੀ ਕਿ ਬੇਸ਼ੱਕ
ਹਿੰਦੂਆਂ ਦੇ ਹੱਥੋਂ ਇਕ ਲੀਡਰ ਜਾਂਦਾ ਰਿਹਾ ਹੈ ਪਰ ਲੀਡਰ ਦੀ ਥਾਂ ਉਨ੍ਹਾਂ ਨੂੰ ਇਕ
ਸਿਪਾਹੀ ਮਿਲ ਗਿਆ ਹੈ। ਆਪ ਜੀ ਦੇ ਇਸ ਐਲਾਨ ਨੂੰ ਸੁਣ ਕੇ ਅਸੀਂ ਵੀ ਬੜੇ ਪ੍ਰਸੰਨ ਹੋਏ
ਸਾਂ ਕਿਉਂਕਿ ਅਸੀਂ ਵੀ ਅਜਿਹੇ ਲੀਡਰਾਂ ਪਾਸੋਂ, ਜੋ ਕਿ ਰਾਜਸੀ ਮਸਲਿਆਂ ਸਬੰਧੀ ਬੜੀਆਂ
ਸੌਖੀਆਂ ਸੌਖੀਆਂ ਗੱਲਾਂ ਕਰਿਆ ਕਰਦੇ ਸਨ, ਤੰਗ ਆਏ ਹੋਏ ਸਾਂ। ਪਿਛਲੇ ਭਲੇ ਦਿਨਾਂ ਵਿਚ
ਜਦੋਂ ਆਪ ਬਾਦਲੀਲ ਲੈਕਚਰਾਂ ਵਿਚ ਇਹੋ ਆਖਦੇ ਨਹੀਂ ਥੱਕਦੇ ਸੋ ਕਿ 'ਮੈਂ ਤਾਂ ਤਖਤ ਲਵਾਂਗਾ
ਜਾਂ ਤਖ਼ਤਾ' ਲਾਹੌਰ ਦੇ 16 ਨੌਜਵਾਨਾਂ ਨੇ ਜੋ ਐਲਾਨ 'ਨੌਜਵਾਨ ਪੰਜਾਬ ਅੱਗੇ ਅਪੀਲ' ਦੇ
ਸਿਰਲੇਖ ਹੇਠਾਂ ਕੀਤਾ ਸੀ, ਉਸ ਦੇ ਜਵਾਬ ਵਿਚ ਆਪ ਨੇ ਉਨ੍ਹਾਂ ਪਰ ਇਹ ਦੋਸ਼ ਲਾਇਆ ਸੀ ਕਿ
ਉਨ੍ਹਾਂ ਨੇ ਆਪ ਪਰ ਇਕ ਗ਼ਲਤ ਧੱਬਾ ਲਾ ਕੇ ਆਪ ਨੂੰ ਇਕ ਰਾਜਸੀ ਮੈਦਾਨ ਵਿਚੋਂ ਕੱਢਣ ਦਾ
ਯਤਨ ਕੀਤਾ ਹੈ।
ਇਹ ਦੂਸ਼ਣ ਵੇਖਣ ਤੋਂ ਵੀ ਕੋਝਾ ਜਾਪਦਾ ਸੀ। ਅਸੀਂ ਆਪ ਨੂੰ ਮੁੜ ਮੈਦਾਨ-ਏ-ਜੰਗ ਵਿਚ ਲਿਆਉਣਾ ਚਾਹੁੰਦੇ ਹਾਂ ਅਤੇ ਆਪ ਵਿਚ ਇਹ ਸ਼ਤਰੰਜੀ ਚਾਲਾਂ ਖੇਡਣ ਦੀ ਜੋ
ਚਾਅ ਪੈਦਾ ਹੋ ਗਈ ਹੈ, ਇਸ ਨੂੰ ਤਬਾਹ ਕਰਨਾ ਚਾਹੁੰਦੇ ਹਾਂ। ਆਪ ਨੇ ਕਿਹਾ ਸੀ ਕਿ ਇਹ
ਤਾਂ ਬਲਾਸ਼ਵਿਕ ਹਨ ਅਤੇ ਆਪਣਾ ਆਗੂ ਲੈਨਿਨ ਮੰਨਦੇ ਹਨ।
ਬਾਲਸ਼ਵਿਕ ਹੋਣਾ ਕੋਈ ਗੁਨਾਹ ਨਹੀਂ ਹੈ ਅਤੇ ਅੱਜ ਹਿੰਦੁਸਤਾਨ ਨੂੰ ਲੈਨਿਨ ਦੀ ਸਭ ਤੋਂ ਵੱਧ ਲੋੜ ਹੈ। ਕੀ ਆਪ ਨੇ
ਇਨ੍ਹਾਂ ਨੌਜਵਾਨਾਂ ਨੂੰ ਸੀ ਆਈ ਡੀ ਦੀਆਂ ਮਿਹਰ ਦੀਆਂ ਨਜ਼ਰਾਂ ਵਿਚ ਲਿਆਉਣ ਦੀ ਕਮੀਨੀ
ਕੋਸ਼ਿਸ਼ ਨਹੀਂ ਕੀਤੀ ਆਪ ਦੀ ਇਸ ਬੁਰੀ ਇੱਛਾ ਨੂੰ ਫ਼ਲ ਲੱਗ ਗਿਆ ਅਤੇ ਆਪ ਆਪਣੇ ਆਪ ਨੂੰ ਇਸ
ਸਫ਼ਲਤਾ ਦੀ ਵਧਾਈ ਦੇ ਸਕਦੇ ਹੋ। ਆਪ ਨੇ ਲੰਗੇ ਮੰਡੀ ਵਿਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ
ਉਪਰ ਕੇਵਲ ਇਸ ਲਈ ਚਿੱਕੜ ਸੁੱਟਿਆ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਅਸਲੀ-ਅਸਲੀ ਹਾਲਾਤ
ਦੱਸਣ ਦਾ ਹੌਂਸਲਾ ਕੀਤਾ। ਇਸ ਦਿਨ ਆਪ ਦੀ ਚੋਣ ਸਬੰਧੀ ਲੜਾਈ ਦਾ ਆਰੰਭਿਕ ਦਿਨ ਸੀ, ਪੰਡਿਤ
ਮਾਲਵੀਆ ਜੀ ਨੂੰ ਸ਼ੁਭ ਆਰੰਭਿਕ ਕਾਰਵਾਈ ਕਰਨ ਲਈ ਸੱਦਿਆ ਗਿਆ ਸੀ ਅਤੇ ਆਪ ਨੇ ਕੁਝ ਥੋੜੇ
ਜਿਹੇ ਪ੍ਰਧਾਨਗੀ ਸ਼ਬਦ ਹੀ ਉਚਾਰਨੇ ਸਨ। ਆਪਣੇ ਬੁਰੇ ਕਾਰਨਾਮਿਆਂ ਨੂੰ ਦੇਖ ਕੇ ਆਪ ਆਪਣਾ
ਆਪ ਭੁੱਲ ਗਏ। ਪੰਡਿਤ ਮਾਲਵੀਆ ਨੂੰ ਆਪਣੀ ਸੁਭਾਵਿਕ ਲੰਬੀ ਤਕਰੀਰ ਕਰਨ ਦਾ, ਜਿਸ ਲਈ ਕਿ
ਉਹ ਤਿਆਰ ਹੋ ਕੇ ਆਇਆ ਸੀ, ਸਮਾਂ ਨਾ ਮਿਲਿਆ। ਆਪ ਨੇ ਦੋ ਘੰਟੇ, ਸਗੋਂ ਇਸ ਤੋਂ ਵੀ ਵੱਧ
ਚੋਖੇ ਸਮੇਂ ਵਿਚ 'ਨੌਜਵਾਨ ਪੰਜਾਬ ਅੱਗੇ ਅਪੀਲ' ਦੀ ਕੜਕਵੀਂ ਆਵਾਜ਼ ਵਿਚ ਵਿਰੋਧਤਾ ਕੀਤੀ।
ਆਪ ਨੇ ਇਨ੍ਹਾਂ ਨੌਜਵਾਨਾਂ ਪਰ ਦਿਲ ਖੋਲ੍ਹ ਕੇ ਦੂਸ਼ਣ ਲਾਏ ਅਤੇ ਇਨ੍ਹਾਂ ਨੂੰ ਤਬਾਹ ਕਰਨ
ਦੀ ਕੋਸ਼ਿਸ਼ ਕੀਤੀ। ਆਪਣੀ ਸਾਰੀ ਤਕਰੀਰ ਵਿਚ ਹੀ ਆਪ ਨੇ ਦਲੀਲਬਾਜ਼ੀ ਨੂੰ ਉੱਕਾ ਹੀ ਲਾਂਭੇ
ਛੱਡ ਛੱਡਿਆ। ਅਸੀਂ ਆਪ ਪਰ ਹੇਠ ਲਿਖੇ ਦੂਸ਼ਣ ਲਾਉਂਦੇ ਹਾਂ
1. ਰਾਜਸੀ ਥਿੜਕੇਵਾਂ।
2. ਕੌਮੀ ਵਿੱਦਿਆ ਨਾਲ ਗ਼ਦਾਰੀ।
3. ਸਵਰਾਜ ਪਾਰਟੀ ਨਾਲ ਗ਼ਦਾਰੀ।
4. ਹਿੰਦੂ ਮੁਸਲਿਮ ਖਿੱਚੋਤਾਣ ਦਾ ਵਧਾਉਣਾ।
5. ਮੋਡਰੇਟ ਬਣ ਜਾਣਾ।
ਇਨ੍ਹਾਂ ਦੂਸ਼ਣਾਂ ਵਿਚੋਂ ਇਕ ਦੀ ਵੀ ਆਪ ਨੇ ਬਾਦਲੀਲ ਤਰਦੀਦ ਅੱਜ ਤੱਕ ਨਹੀਂ ਕੀਤੀ।
ਜਦੋਂ ਚੋਣ ਦਾ ਜੋਸ਼ ਮੱਠਾ ਪੈ ਗਿਆ ਅਤੇ ਅਸੈਂਬਲੀ ਦਾ ਸਮਾਗਮ ਖ਼ਤਮ ਹੋ ਗਿਆ ਤਾਂ ਅਸੀਂ ਬੜੀ
ਚਿੰਤਾ ਨਾਲ ਫਿਰ ਇਹ ਸੁਣਿਆ ਕਿ ਆਪ ਦੇ ਜਿਸਮ ਨੂੰ ਫਿਰ ਕੋਈ ਨਾ ਕੋਈ ਬੀਮਾਰੀ ਹੋ ਗਈ
ਹੈ।
ਅਫ਼ਸੋਸ ! ਭੈੜੀ ਸਿਹਤ ਸਾਡੇ ਲੀਡਰਾਂ ਦਾ ਇਕ ਆਮ ਅੰਗ ਹੈ। ਉਹ ਭੈੜੀ ਸਿਹਤ ਹੋਣ ਦੀ ਉਸ ਸਮੇਂ ਸ਼ਿਕਾਇਤ ਕਰਨ ਲੱਗ ਜਾਂਦੇ ਹਨ, ਜਦੋਂ ਕਿ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ
ਕਿ ਕੋਈ ਨਾ ਕੋਈ ਹੁਣ ਅਸਾਥੋਂ ਪਿੰਡਾਂ ਦੇ ਉਸਾਰੂ ਅਤੇ ਜਥੇਬੰਦੀ ਦੇ ਇਕਰਾਰਾਂ ਨੂੰ
ਪੂਰਾ ਕਰਨ ਸਬੰਧੀ ਪੁੱਛਣਾ ਕਰੇਗਾ। ਇਹ ਇਕਰਾਰ ਅਜਿਹੇ ਹਨ, ਜੋ ਕਿ ਹਜ਼ਾਰਾਂ ਵਾਰੀ ਕੀਤੇ
ਗਏ, ਪ੍ਰੰਤੂ ਪੂਰੇ ਕਦੇ ਨਹੀਂ ਕੀਤੇ।
ਹਿੱਕਮਤ ਵਿੱਦਿਆ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭੈੜੀ ਸਿਹਤ ਦੀ ਬੀਮਾਰੀ ਕੇਵਲ ਯੂਰਪ ਦੇ ਸਿਹਤਗਾਹਾਂ ਪਰ ਹੀ ਠੀਕ ਹੁੰਦੀ ਹੈ, ਕੀ ਇਹ
ਗੱਲ ਸੱਚੀ ਨਹੀਂ ਬੀਮਾਰੀ ਦੇ ਰੋਕਣ ਲਈ ਜੋ ਰਾਏ ਡਾਕਟਰ ਦੇਣ ਉਸ ਨੂੰ ਮੰਨਣੋਂ ਕੌਣ
ਇਨਕਾਰੀ ਹੋ ਸਕਦਾ ਹੈ। ਹਿੰਦੁਸਤਾਨ ਇਕ ਬੱਦਖ਼ਤ ਦੇਸ਼ ਹੈ ਅਤੇ ਜੰਗਲਾਂ ਅਤੇ ਦਲਦਲਾਂ ਨਾਲ
ਭਰਪੂਰ ਹੈ। ਇਥੇ ਕੋਈ ਪਹਾੜੀ ਸਥਾਨ ਨਹੀਂ ਹਨ ਅਤੇ ਨਾ ਕੋਈ ਸਿਹਤਗਾਹ ਹੈ। ਇਨ੍ਹਾਂ
ਲੀਡਰਾਂ ਦਾ ਕਸ਼ਮੀਰ ਕੇਵਲ ਇਟਲੀ ਦੇ ਉਤਰ ਵਿਚ ਹੀ ਹੈ। ਮਰੀ, ਮਸੂਰੀ ਅਤੇ ਨੈਨੀਤਾਲ ਵੀ
ਯੂਰਪ ਵਿਚ ਹੀ ਮਿਲਦੇ ਹਨ, ਆਪ ਜਾਣਦੇ ਹੋ ਕਿ ਆਪਣੇ ਦੇਸ਼ ਦੀ ਸੇਵਾ ਲਈ ਜ਼ਰੂਰੀ ਜਿਊਣਾ
ਚਾਹੀਦਾ ਹੈ। ਜਿੰਦਗੀ ਕੀਮਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿਪਾਹੀ ਲਈ ਕੋਈ ਆਰਾਮ ਨਹੀਂ
ਹੈ। ਉਹ ਮਰਨ ਖ਼ਾਤਰ ਹੀ ਜਿਊਂਦਾ ਹੈ ਤਾਂ ਕਿ ਉਹ ਹਮੇਸ਼ਾ ਦੁੱਖ ਝੱਲ ਰਹੀ ਕੌਮ ਦੀ ਸੇਵਾ
ਵਿਚ ਰਹਿੰਦਾ ਹੋਇਆ ਹੀ ਮਰੇ ਅਤੇ ਦੁਖੀ ਕੌਮ ਦੇ ਵਾਸਤੇ ਮਰਨ ਖ਼ਾਤਰ ਕਮਰਕੱਸੇ ਹੋਏ ਹੀ ਜੰਗ
ਵਿਚ ਮਰਨਾ ਉਸ ਦੀ ਭਾਰੀ ਇੱਛਾ ਹੁੰਦੀ ਹੈ।
ਪ੍ਰੰਤੂ ਯੂਰਪ ਨੂੰ ਤੁਰਨ ਤੋਂ ਪਹਿਲਾਂ ਜਦੋਂ ਕਿ ਆਪ ਅਜੇ ਹਿੰਦੁਸਤਾਨ ਦੀ ਹਵਾ ਹੀ ਖਾ ਰਹੇ ਸੀ ਅਤੇ ਹਿੰਦੁਸਤਾਨ ਦੀ ਧਰਤੀ ਪਰ
ਚੱਲ ਫਿਰ ਰਹੇ ਸੀ, ਤਾਂ ਆਪ ਦੇ ਅਤੇ ਆਪ ਦੇ ਸਾਥੀਆਂ ਦੇ ਬੀਜੇ ਹੋਏ ਕੰਡੇ ਉਗ ਪਏ। ਆਪ ਨੇ
'ਹਿੰਦੂਓ, ਮਾਰੋ।' ਦਾ ਪ੍ਰਚਾਰ ਕੀਤਾ ਸੀ ਅਤੇ ਹਿੰਦੂ ਹੀ ਮਾਰੇ ਗਏ।
ਆਪ ਜੈਸੇ ਹੀ ਹੋਰ ਸੱਜਣਾਂ ਨੇ 'ਮੁਸਲਮਾਨੋਂ, ਮਾਰੋ!' ਦਾ ਪ੍ਰਚਾਰ ਕੀਤਾ, ਜਦੋਂ ਮੁਸਲਮਾਨਾਂ ਦੇ ਮਾਰੇ
ਜਾਣ ਦਾ ਸਮਾਂ ਆਇਆ ਤੇ ਉਨ੍ਹਾਂ ਦੇ ਲੀਡਰਾਂ ਨੇ ਵੀ ਇਹ ਬੁਜਦਿਲੀ ਦਿਖਾਈ ਕਿ ਉਹ
ਸਿਪਾਹੀਆਂ ਵਾਲਾ ਕੰਮ ਨਾ ਕਰ ਸਕੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਕਾਫ਼ੀ ਮਾਰ ਪਈ।
ਪ੍ਰੰਤੂ ਅਸਾਡਾ ਸਿਪਾਹੀ ਉਸ ਵੇਲੇ ਬੁਜ਼ਦਿਲੀ ਦਿਖਾਉਣ ਵਿਚ ਬਹਾਦਰ ਨਿਕਲਿਆ। ਜਦੋਂ ਹਿੰਦੂ
ਮਾਰੇ ਜਾਣ ਦਾ ਆਪਣਾ ਹਿੱਸਾ, ਸਗੋਂ ਹਿੱਸੇ ਤੋਂ ਵੱਧ ਲੈਣ ਲੱਗੇ ਤਾਂ ਆਪ ਨੇ ਫਸਟ ਕਲਾਸ
ਦੇ ਗਦੈਲਿਆਂ ਪਰ ਬੈਠ ਕੇ ਯੂਰਪ ਨੂੰ ਤੁਰ ਜਾਣਾ ਹੀ ਚੰਗਾ ਸਮਝਿਆ। ਆਪ ਨੇ ਲਾਹੌਰ ਦੇ
ਹਿੰਦੂਆਂ ਦੀ ਇਸ ਮੁਸੀਬਤ ਸਮੇਂ ਸਹਾਇਤਾ ਕਰਨੋਂ ਅਸਮਰੱਥਤਾ ਪ੍ਰਗਟ ਕੀਤੀ। ਚੋਣ ਦੇ ਦਿਨਾਂ
ਵਿਚ ਆਮ ਤੌਰ 'ਤੇ ਹਿੰਦੂਆਂ ਦੀ ਮੁਸਲਮਾਨਾਂ ਹੱਥੋਂ ਰੱਖਿਆ ਕਰਨ ਦੀਆਂ ਡੀਂਗਾਂ ਮਾਰਿਆ
ਕਰਦੇ ਸਨ।
ਪ੍ਰੰਤੂ ਅਫ਼ਸੋਸ ਹੈ ਕਿ ਇਹ ਸਭ ਕੁਝ ਆਪ ਦਾ ਚੋਣ ਦੀ ਸਫ਼ਲਤਾ ਤੱਕ ਹੀ ਮਹਿਦੂਦ ਸੀ। ਇਸ ਦੇ ਸਬੂਤ ਵਿਚ ਅਸੀਂ ਕੇਵਲ ਇੰਨਾ ਕਹਿਣਾ ਹੀ ਕਾਫ਼ੀ ਸਮਝਦੇ ਹਾਂ ਕਿ ਆਪ
ਨੇ ਯੂਰਪ ਤੋਂ ਵਾਪਸ ਆ ਕੇ ਵੀ ਲਾਹੌਰ ਦੇ ਗਰੀਬ ਅਤੇ ਦੁਖੀ ਹਿੰਦੂਆਂ ਦੀ ਮਦਦ ਲਈ ਲਾਹੌਰ
ਪੁੱਜਣ ਦੀ ਵੀ ਖੇਚਲ ਨਹੀਂ ਕੀਤੀ ਅਤੇ ਸਾਨੂੰ ਪਤਾ ਨਹੀਂ ਕਿ ਆਪ ਨੇ ਸਰਹੱਦ ਤੋਂ ਪਾਗ਼ਲ
ਪਠਾਣਾਂ ਦੇ ਕੱਢੇ ਹੋਏ ਹਿੰਦੂਆਂ ਦੀ ਰੱਖਿਆ ਲਈ ਕੀ ਤਰੀਕੇ ਵਰਤੇ ਹਨ। ਇਸ ਦੇ ਉਲਟ ਆਪ
ਸਿੱਧੇ ਹੀ ਸ਼ਿਮਲੇ ਨੂੰ ਅਸੈਂਬਲੀ ਵਿਚ ਹਿੱਸਾ ਲੈਣ ਲੲੀ ਅਤੇ ਆਪਣੇ ਸਾਥੀਆਂ ਪਰ ਤਕਰੀਰਾਂ
ਦਾ ਅਸਰ ਪਾਉਣ ਲਈ ਚਲੇ ਗਏ। ਬਿਪਤਾ ਸਮੇਂ ਅੱਡਾ ਰਹਿਣਾ ਆਪਦੀ ਬਹਾਦਰੀ ਦਾ ਵੱਡਾ ਹਿੱਸਾ
ਹੈ।
ਕਈ ਨੌਜਵਾਨ ਇਸਤਰੀਆਂ ਦੇ ਸਿਰਾਂ ਦੇ ਸਾਈਂ ਮਰ ਜਾਣ ਨਾਲ ਉਨ੍ਹਾਂ ਦੀ ਸਾਰੀ ਉਮਰ ਦੁੱਖ ਭਰੀ ਅਤੇ ਇਕੱਲੀ ਹੋ ਗਈ, ਕਈ ਕਵਾਰੀਆਂ ਦੇ ਸਤਿ ਭੰਗ ਕੀਤੇ ਜਾਣ ਕਰਕੇ ਉਹ
ਆਪਣੇ ਅੰਦਰ ਹੰਝੂਆਂ ਨਾਲ ਰੋ ਰਹੀਆਂ ਹਨ। ਕਈ ਮਾਸੂਮਾਂ ਦਾ ਕਤਲ ਕੀਤਾ ਗਿਆ, ਤੀਹ ਲੱਖ
ਜਾਨਾਂ ਭਿਆਨਕ ਨਰਕ ਵਿਚ ਦੀ ਲੰਘ ਰਹੀਆਂ ਹਨ। ਲਾਟ ਪੰਜਾਬ ਵੀ ਆਪਣੀ ਪਹਾੜੀ ਅਰਾਮਗਾਹ ਛੱਡ
ਕੇ ਇਨ੍ਹਾਂ ਲੋਕਾਂ ਦੇ ਬੀਜੇ ਹੋਏ ਕੰਡਿਆਂ ਨੂੰ ਵਢਾਉਣ ਲਈ ਲਾਹੌਰ ਪੁੱਜਦਾ ਹੈ, ਪ੍ਰੰਤੂ
ਸਾਡਾ ਸਿਪਾਹੀ (ਲਾਲਾ ਲਾਜਪਤ ਰਾਏ) ਇੰਨਾ ਬੀਮਾਰ ਹੈ ਕਿ ਆਪਣੀ ਡਿਊਟੀ ਪਰ ਨਹੀਂ ਪੁੱਜ
ਸਕਦਾ ਅਤੇ ਕਹਿ ਛੱਡਦਾ ਹੈ ਲਾਹੌਰ ਜਾਣ ਲਈ ਗਰਮੀ ਬਹੁਤ ਹੈ ਅਤੇ ਰੇਲ ਦੀਆਂ ਸੀਟਾਂ
ਪਹਿਲਾਂ ਹੀ ਰੋਕੀਆਂ ਜਾ ਚੁੱਕੀਆਂ ਹਨ, ਰੋਣ ਦਿਓ ਇਨ੍ਹਾਂ ਵਿਧਵਾ ਹੋ ਚੁੱਕੀਆਂ ਇਸਤਰੀਆਂ
ਨੂੰ ਅਤੇ ਯਤੀਮ ਹੋ ਚੁੱਕੇ ਬੱਚਿਆਂ ਨੂੰ, ਸਾਨੂੰ ਇਨ੍ਹਾਂ ਨਾਲ ਕੀ ਹੈ। ਤੰਗੀ ਅਜੀਬ-ਅਜੀਬ
ਆਦਮੀਆਂ ਨੂੰ ਇਕੱਠੇ ਕਰ ਦਿੰਦੀ ਹੈ। ਖ਼ਲਕਤ ਸਾਹਮਣੇ, ਜਿਨ੍ਹਾਂ ਪਰ ਆਪ ਇਹ ਦੂਸ਼ਣ ਲਾਉਂਦੇ
ਸੀ ਕਿ ਇਹ ਲੋਕੀਂ ਆਮ ਜਨਤਾ ਦੇ ਇਤਬਾਰਯੋਗ ਨਹੀਂ ਹਨ, ਕੀ ਹੁਣ ਉਨ੍ਹਾਂ ਦੇ ਦਰ ਤੋਂ
ਮੰਗਣਾ ਬਹੁਤ ਨਿੱਘ ਦਿੰਦਾ ਹੈ ਹੁਸ਼ਿਆਰ ਰਹੋ ਕਿ ਆਦਮੀ ਆਪਣੇ ਸਾਥੀਆਂ ਤੋਂ ਹੀ ਜਾਣਿਆ
ਜਾਂਦਾ ਹੈ। ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਆਪ ਇਕ ਮੌਡਰੇਟ ਗਿਣੇ ਜਾਣ ਲੱਗ ਪਏ ਹੋ
ਜਦੋਂ ਕਿ ਆਪ ਜੀ ਹਜ਼ੂਰੀਆਂ ਅਤੇ ਝੋਲੀਚੁੱਕਾਂ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰਦੇ ਹੋ।
1. ਕੇਦਾਰ ਨਾਥ ਸਹਿਗਲ (ਮੈਂਬਰ ਸਰਬ ਹਿੰਦ ਕਾਂਗਰਸ ਕਮੇਟੀ, ਪ੍ਰਧਾਨ ਪੰਜਾਬ ਪੁਲੀਟੀਕਲ ਸਫ਼ਰਰਜ਼ ਕਾਨਫਰੰਸ)
2. ਮੇਲਾ ਰਾਮ ਵਫ਼ਾ (ਐਡੀਟਰ), ਬੰਦੇ ਮਾਤਰਮ ਅਤੇ ਨੈਸ਼ਨਲ ਕਾਲਜ ਦਾ ਪੁਰਾਣਾ ਪ੍ਰੋਫੈਸਰ।
3. ਪ੍ਰੇਮ ਪ੍ਰਕਾਸ਼ ਦੇਵੀਸ਼ਵਰ, ਜਨਰਲ ਸਕੱਤਰ ਪੰਜਾਬ ਸਨਾਤਨ ਧਰਮ ਪੁਲੀਟੀਕਲ ਕਾਨਫਰੰਸ।
4. ਅਬਦਲ ਮਜੀਦ ਸਕੱਤਰ, ਪੰਜਾਬ ਪ੍ਰੈਸ ਵਰਕਰਜ਼ ਯੂਨੀਅਨ।
5. ਭਗਵਾਨ ਚਰਨ ਕੌਮੀ ਬੀ.ਏ., ਸਕੱਤਰ, ਕੌਮੀ ਗਰੈਜੂਏਟਸ ਯੂਨੀਅਨ।
6. ਨਰਿੰਦਰਾ ਨਾਥ, ਕੌਮੀ ਬੀ.ਏ. ਲੇਟ ਜੁਆਇੰਟ ਐਡੀਟਰ, ਭੀਸ਼ਮ।
7. ਧਰਮ ਚੰਦ ਕੌਮੀ, ਬੀ।ਏ।
8. ਗਨਪਤ ਰਾਏ ਕੌਮੀ, ਬੀ.ਏ.
9. ਬਾਬੂ ਸਿੰਘ ਕੌਮੀ, ਬੀ.ਏ.
10. ਜੀ।ਆਰ। ਦਰਵੇਸ਼ੀ, ਐਡੀਟਰ ਮਿਹਨਤਕਸ਼
11. ਕਰਮ ਚੰਦ ਐਡੀਟਰ, ਲਾਹੌਰ
12. ਮੁਹੰਮਦ ਯੂਸਫ਼ ਕੌਮੀ, ਬੀ.ਏ. ਜੁਆਇੰਟ ਐਡੀਟਰ, ਅਕਾਲੀ
13. ਸੀਤਾ ਰਾਮ ਮਾਸਟਰ, ਪੁਲੀਟੀਕਲ ਵਰਕਰ ਪੰਜਾਬ
14. ਹਰਦਿਆਲ ਹਿੰਦੀ, ਸਾਹਿਤਆ ਭਵਨ
15. ਧਰਮਿੰਦਰਾ ਕੌਮੀ, ਬੀ.ਏ.
16. ਸਰਿੰਦਰਾ ਨਾਥ
17. ਐਨ. ਕਾਲਮ ਉੱਲਾ
18. ਪਿੰਡੀਦਾਸ ਸੋਢੀ, ਲੇਟ ਮੈਨੇਜਰ ਭੀਸ਼ਮ ਲਾਹੌਰ
19. ਧਰਮਿੰਦਰਾ ਠਾਕਰ, ਲੇਟ ਉਪਦੇਸ਼ਕ ਹਿੰਦੂ ਸਭਾ
20. ਡਾਕਟਰ ਇੰਦਰ ਲਾਲ ਕਪੂਰ
21. ਲੱਧਾ ਰਾਮ ਲੇਟ, ਐਡੀਟਰ ਸਵਰਾਜੀਆ ਅਲਾਹਾਬਾਦ
22. ਵੇਦ ਰਾਜ ਭੱਲਾ, ਕੌਮੀ ਬੀ.ਏ
ਚਰਚਾ ਪੰਜਾਬ ਤੋਂ ਧੰਨਵਾਦ ਸਾਹਿਤ

Database Error

Please try again. If you come back to this error screen, report the error to an administrator.

* Who's Online

  • Dot Guests: 3096
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]